ਕਾਂਗਰਸ ’ਚ ਪਟਿਆਲਾ ਜ਼ਿਲ੍ਹੇ ਦੀ ਸਰਦਾਰੀ, ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨਗੀ ਅਹੁਦਿਆਂ ’ਤੇ ਕਬਜ਼ਾ

Patiala Sachkahoon

ਕੈਬਨਿਟ ’ਚ ਵੀ ਪਟਿਆਲਾ ਜ਼ਿਲ੍ਹਾ ਭਾਰੂ, ਪਟਿਆਲਾ ’ਚ ਦੋ ਸਿਆਸਤ ਦੇ ਕੇਂਦਰ ਵੀ ਬਣੇ

ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਕਾਰ ਸਿਆਸੀ ਉੁਠਕ ਬੈਠਕ ਵੀ ਚਰਚਾ ਬਣੀ

ਖੁਸ਼ਵੀਰ ਸਿੰਘ ਤੂਰ । ਕਾਂਗਰਸ ਪਾਰਟੀ ’ਚ ਜ਼ਿਲ੍ਹਾ ਪਟਿਆਲਾ ਪੂਰੀ ਤਰ੍ਹਾਂ ਭਾਰੂ ਹੋ ਗਿਆ ਹੈ। ਮੁੱਖ ਮੰਤਰੀ ਦੀ ਕੁਰਸੀ ਤੋਂ ਲੈ ਕੇ ਪਾਰਟੀ ਪ੍ਰਧਾਨ ਦੀ ਕੁਰਸੀ ਤੱਕ ਸ਼ਾਹੀ ਸ਼ਹਿਰ ਦਾ ਜਲਵਾ ਹੈ। ਉਂਜ ਕੈਬਨਿਟ ’ਚ ਵੀ ਪਟਿਆਲਾ ਦੀ ਹੀ ਸਰਦਾਰੀ ਹੈ। ਵੱਖਰੀ ਗੱਲ ਇਹ ਹੈ ਕਿ ਸਿਆਸੀ ਉਠਕ-ਬੈਠਕ ਵੀ ਪਟਿਆਲਾ ਦੇ ਦੋ ਦਿੱਗਜ਼ ਆਗੂਆਂ ’ਚ ਹੀ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਦੱਸਣਯੋਗ ਹੈ ਕਿ ਰਿਆਸਤੀ ਸ਼ਹਿਰ ਪਟਿਆਲਾ ਕਾਂਗਰਸ ਵੱਲੋਂ ਨਵੇਂ ਬਣਾਏ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰਕੇ ਸਿਆਸਤ ਦੇ ਗਲਿਆਰਿਆਂ ’ਚ ਉੱਭਰਿਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਜੋ ਕਿ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹਨ, ਪਟਿਆਲਾ ਦੇ ਰਾਜਿਆਂ ਦੇ ਪਰਿਵਾਰ ’ਚੋਂ ਹਨ। ਉਹ ਦੂਜੀ ਵਾਰ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹਨ ਅਤੇ ਪਟਿਆਲਾ ਸ਼ਹਿਰੀ ਤੋਂ ਜਿੱਤੇ ਹੋਏ ਹਨ। ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਨਵੇਂ ਬਣਾਏ ਪ੍ਰਧਾਨ ਨਜਵੋਤ ਸਿੰਘ ਸਿੱਧੂ ਵੀ ਪਟਿਆਲਾ ਸ਼ਹਿਰ ਦੇ ਹੀ ਜੰਮਪਲ ਹਨ ਅਤੇ ਰਾਜਨੀਤਿਕ ਤੌਰ ’ਤੇ ਉਹ ਅੰਮ੍ਰਿਤਸਰ ਨਾਲ ਜੁੜੇ ਹੋਏ ਹਨ ਅਤੇ ਉਥੋਂ ਜਿੱਤਦੇ ਆ ਰਹੇ ਹਨ। ਕਾਂਗਰਸ ਅੰਦਰ ਦੋ ਪ੍ਰਮੁੱਖ ਅਹੁਦਿਆਂ ’ਤੇ ਪਟਿਆਲਾ ਨੇ ਕਬਜਾ ਜਮਾਇਆ ਹੈ।

ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਦੇ ਵੱਕਾਰੀ ਅਹੁਦਿਆਂ ਤੋਂ ਬਾਅਦ ਕੈਬਨਿਟ ਵਿੱਚ ਹੀ ਪਟਿਆਲਾ ਦੀ ਸਰਦਾਰੀ ਹੈ। ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਕੈਬਨਿਟ ਵਿੱਚ ਮੁੱਖ ਮੰਤਰੀ ਤੋਂ ਬਾਅਦ ਦੂਜੇ ਨੰਬਰ ’ਤੇ ਹਨ। ਸ੍ਰੀ ਬ੍ਰਹਮ ਮਹਿੰਦਰਾ ਪਟਿਆਲਾ ਦਿਹਾਤੀ ਤੋਂ ਜਿੱਤੇ ਹੋਏ ਹਨ। ਇਸ ਤੋਂ ਬਾਅਦ ਕੈਪਟਨ ਦੇ ਕਰੀਬੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਪਟਿਆਲਾ ਜ਼ਿਲ੍ਹੇ ਦੇ ਹਨ ਅਤੇ ਉਹ ਰਿਜ਼ਰਵ ਸੀਟ ਨਾਭਾ ਤੋਂ ਜਿੱਤੇ ਹੋਏ ਹਨ। ਪੀਡਬਲਯੂਡੀ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੀ ਪਟਿਆਲਾ ਦੇ ਹੀ ਜੰਮਪਲ ਹਨ।

ਉਂਜ ਭਾਵੇਂ ਕਿ ਉਹ ਆਪਣੀ ਸਿਆਸੀ ਪਾਰੀ ਸੰਗਰੂਰ ਤੋਂ ਖੇਡ ਰਹੇ ਹਨ ਅਤੇ ਉਥੋਂ ਵਿਧਾਇਕ ਹਨ। ਕਾਂਗਰਸ ਹਾਈਕਮਾਨ ਵੱਲੋਂ ਨਵਜੋਤ ਸਿੱਧੂ ਨੂੰ ਪ੍ਰਧਾਨ ਥਾਪਣ ਤੋਂ ਬਾਅਦ ਪਟਿਆਲਾ ਅੰਦਰ ਦੋ ਕੇਂਦਰ ਸਿਆਸਤ ਦਾ ਧੁਰਾ ਬਣ ਗਏ ਹਨ। ਨਵਜੋਤ ਸਿੰਘ ਸਿੱਧੂ ਪਿਛਲੇ ਕਈ ਮਹੀਨਿਆਂ ਤੋਂ ਪਟਿਆਲਾ ਵਿਖੇ ਯਾਦਵਿੰਦਰ ਕਲੋਨੀ ਵਿਖੇ ਆਪਣੀ ਜੱਦੀ ਰਿਹਾਇਸ਼ ’ਤੇ ਹੀ ਟਿਕੇ ਹੋਏ ਹਨ ਅਤੇ ਇੱਥੋਂ ਹੀ ਪ੍ਰੈਸ ਕਾਨਫਰੰਸਾਂ ਸਮੇਤ ਟਵੀਟਾਂ ਜਰੀਏ ਆਪਣੀ ਹੀ ਸਰਕਾਰ ’ਤੇ ਹਮਲੇ ਕਰਨ ਲੱਗੇ ਹੋਏ ਸਨ। ਇਸੇ ਕਾਰਨ ਹੀ ਕਾਂਗਰਸ ਦੀ ਕਮਾਂਡ ਸਿੱਧੂ ਹਵਾਲੇ ਆਉਣ ਤੋਂ ਪਹਿਲਾਂ ਅਤੇ ਹੁਣ ਅਮਰਿੰਦਰ ਸਿੰਘ ਸਿਆਸੀ ਗਰਾਰੀ ਅੜਕਾਈ ਬੈਠੇ ਹਨ।

ਸਿਆਸੀ ਪੰਡਤਾਂ ਦਾ ਆਖਣਾ ਹੈ ਕਿ ਭਾਵੇਂ ਕਿ ਨਵਜੋਤ ਸਿੰਘ ਸਿੱਧੂ ਦੀ ਤਾਜਪੋਸੀ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪੈਰ ਧਰਾਈ ਹੋਣੀ ਤੈਅ ਹੈ, ਪਰ ਇਨ੍ਹਾਂ ਦੀ ਸਿਆਸੀ ਤਲਖੀ ਇਸੇ ਤਰ੍ਹਾਂ ਹੀ ਜਾਰੀ ਰਹਿਣ ਦੀਆਂ ਚਰਚਾਵਾਂ ਹਨ। ਇੱਧਰ ਨਵਜੋਤ ਸਿੰਘ ਸਿੱਧੂ ਦੇ ਆਪਣੀ ਅਗਲੀ ਚੋਣ ਪਟਿਆਲਾ ਜ਼ਿਲ੍ਹੇ ਦੀ ਇੱਕ ਸੀਟ ਤੋਂ ਲੜਨ ਦੀ ਚਰਚਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।