ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ…!
ਪੰਜਾਬੀ ਯੂਨੀਵਰਸਿਟੀ ਦੇ ਗੇਟ ਦੇ ਸਾਹਮਣੇ ਬੱਸ ਲੈਣ ਲਈ ਖੜ੍ਹੀ ਵਿਦਿਆਰਥੀਆਂ ਦੀ ਭੀੜ ‘ਚ ਮੈਂ ਵੀ ਉਸ ਭੀੜ ਨੂੰ ਹੋਰ ਵਧਾਉਣ ਲਈ ਸ਼ਾਮਲ ਹੋ ਗਈ ਸਾਂ। ਵਿਦਿਆਰਥੀਆਂ ਦਾ ਸ਼ੋਰ ਪੈ ਰਿਹਾ ਸੀ। ਟੈਂਪੂ ਵਾਲੇ ਅਵਾਜਾਂ ਦੇ-ਦੇ ਕੇ ਸਵਾਰੀਆਂ ‘ਕੱਠੀਆਂ ਕਰ ਰਹੇ ਸਨ। ਗੱਡੀਆਂ, ਕਾਰਾਂ, ਮੋਟਰਸਾਈਕਲਾਂ ਦੇ ਹਾਰਨਾਂ ਦਾ ਬਹੁਤ ਗਾਹ ਪੈ ਰਿਹਾ ਸੀ। ਪਰ ਫਿਰ ਵੀ ਕਿਤੋਂ ਹਲਕੀ-ਹਲਕੀ ਅਵਾਜ਼ ਆ ਰਹੀ ਸੀ, ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ…! ਇਹ ਗੀਤ ਸ਼ਾਇਦ ਕਿਸੇ ਦੇ ਮੋਬਾਇਲ ‘ਤੇ ਵੱਜ ਰਿਹਾ ਸੀ ਜੋ ਇਸ ਸ਼ੋਰ ਵਿੱਚ ਬਹੁਤ ਸਕੂਨ ਦੇ ਰਿਹਾ ਸੀ। ਸਾਰੀ ਦੁਨੀਆ ਦੇ ਗਾਹ ਨੂੰ ਪਾਸੇ ਰੱਖ ਕੇ ਮੈਂ ਉਸ ਗੀਤ ਦੇ ਬੋਲਾਂ ‘ਤੇ ਕੇਂਦ੍ਰਿਤ ਹੋ ਰਹੀ ਸਾਂ। ਇਹ ਗੀਤ ਮੈਨੂੰ ਕਿੰਨਾ ਸਕੂਨ ਦੇ ਰਿਹਾ ਸੀ ਤੇ ਮਾਣ ਨਾਲ ਭਰ ਰਿਹਾ ਸੀ।
ਭੀੜ ਅੱਗੇ ਵਧੀ, ਚੰਡੀਗੜ੍ਹ ਵਾਲੀ ਬੱਸ ਆ ਗਈ ਸੀ ਹੁਣ ਭਾਵੇਂ ਭੀੜ ਘੱਟ ਗਈ ਸੀ ਪਰ ਸ਼ੋਰ ਵਧ ਗਿਆ ਸੀ। ਯੂਨੀਵਰਸਿਟੀ ਤੋਂ ਪਿੰਡਾਂ ਵਾਲੀ ਬੱਸ ਆਮ ਮਿਲ ਜਾਂਦੀ ਹੈ। ਪਰ ਅੱਜ ਹੋਰ ਬੱਸਾਂ ਜ਼ਿਆਦਾ ਆ ਰਹੀਆਂ ਸਨ। ਉਸ ਕਵਿਤਾ ਦੀ ਖਿੱਚ ਕਰਕੇ ਪਹਿਲੀ ਵਾਰ ਮੈਂ ਸਕੂਨ ਨਾਲ ਖੜ੍ਹੀ ਸੀ। ਅਚਾਨਕ ਕੰਡਕਟਰ ਦੀ ਅਵਾਜ਼ ਕੰਨਾਂ ਵਿਚ ਪਈ ਤਾਂ ਧਿਆਨ ਆਇਆ, ਇਹ ਤਾਂ ਮੇਰੀ ਬੱਸ ਸੀ। ਮੈਂ ਭੀੜ ਨੂੰ ਚੀਰ ਕੇ ਤਾਕੀ ਨੂੰ ਹੱਥ ਪਾਇਆ ਤੇ ਬੜੀ ਮੁਸ਼ਕਲ ਨਾਲ ਬੱਸ ਵਿੱਚ ਚੜ੍ਹੀ, ਸੱਚਮੁੱਚ ਬਹੁਤ ਭੀੜ ਸੀ। ਬੱਸ ਵਿੱਚ ਜਿਵੇਂ ਹੜ੍ਹ ਆਇਆ ਪਿਆ ਸੀ। ਜਦੋਂ ਬੱਸ ਤੁਰਦੀ ਤਾਂ ਸਵਾਰੀਆਂ ਸਮੁੰਦਰ ਵਿਚਲੀ ਬੇੜੀ ਵਾਂਗ ਗੋਤੇ ਖਾਂਦੀਆਂ ਇੱਕ-ਦੂਜੀ ਵਿੱਚ ਵੱਜਦੀਆਂ ।
ਮੈਂ ਤਾਕੀ ਦੇ ਨਾਲ ਵਾਲੀ ਸੀਟ ਦਾ ਸਹਾਰਾ ਲੈ ਕੇ ਖੜ੍ਹੀ ਹੋ ਗਈ ਸਾਂ। ਮੇਰੇ ਨਾਲ ਹੀ ਇੱਕ ਹੋਰ ਮੇਰੇ ਹਾਣ ਦੀ ਕੁੜੀ ਖੜ੍ਹੀ ਸੀ। ਕਾਲੀ ਜੀਨ, ਸਪੋਰਟਸ ਜੁੱਤੇ, ਸਟਰੇਟ ਕਰਵਾਏ ਵਾਲਾਂ ਨਾਲ ਕੀਤੀ ਉੱਚੀ ਪੋਨੀ ਤੇ ਆਪਣੀਆਂ ਛੋਟੀਆਂ-ਛੋਟੀਆਂ ਅੱਖਾਂ ‘ਤੇ ਲਾਏ ਮੋਟੇ ਆਈਲਾਈਨਰ ਵਾਲੀ ਉਹ ਕੁੜੀ ਮੋਬਾਈਲ ਨੂੰ ਵਾਰ-ਵਾਰ ਜੇਬ੍ਹ ਵਿਚੋਂ ਕੱਢਦੀ ਤੇ ਫੇਰ ਰੱਖ ਲੈਂਦੀ ।
ਹਰ ਵਾਰ ਜਦੋਂ ਉਹ ਐਂਵੇਂ ਕਰਦੀ ਤਾਂ ਉਹਦੀ ਕੂਹਣੀ ਮੇਰੇ ਵੱਜਦੀ ਤੇ ਮੱਲੋ-ਮੱਲੀ ਮੇਰਾ ਧਿਆਨ ਓਹਦੇ ਵੱਲ ਚਲਾ ਜਾਂਦਾ। ਮੈਂ ਵੀ ਆਪਣਾ ਫੋਨ ਕੱਢ ਕੇ ਘਰਦਿਆਂ ਨੂੰ ਸੂਚਿਤ ਕੀਤਾ ਕਿ ਮੈਨੂੰ ਬੱਸ ਮਿਲ ਗਈ ਹੈ ਤੇ ਦੁਬਾਰਾ ਬੈਗ ਵਿਚ ਪਾਉਣ ਲਈ ਜਦੋਂ ਝੁਕੀ ਤਾਂ ਇੱਕ ਆਵਾਜ਼ ਮੇਰੇ ਕੰਨਾਂ ਵਿਚ ਪਈ, ਸਾਮਾਨ ਮੰਗਵਾਉਣਾ ਸੀ… ਨਹੀਂ ਕੋਈ ਨਹੀਂ ਮੈਂ ਆਪ ਹੀ ਐਡਜਸਟਮੈਂਟ ਕਰ ਲਵਾਂਗੀ… ਪਹਿਲੇ ਪੈਸੇ ਵੀ ਤਾਂ ਦੇਣੇ ਨੇ ਓਹਦੇ, ਮੈਂ ਬਾਅਦ ਵਿੱਚ ਆਪੇ ਦੇ ਦਵਾਂਗੀ…।
ਏਨਾ ਕਹਿ ਕੇ ਅਵਾਜ਼ ਚੁੱਪ ਹੋ ਗਈ ਮੈਂ ਵੇਖਿਆ ਤਾਂ ਇਹ ਉਹੀ ਕੁੜੀ ਸੀ ਜੋ ਮੇਰੇ ਕੋਲ ਖੜ੍ਹੀ ਸੀ ਮੇਰੇ ਦਿਮਾਗ ਵਿਚ ਸ਼ੱਕ ਦੀਆਂ ਲਹਿਰਾਂ ਦੌੜ ਪਈਆਂ। ਉਸਦਾ ਫੋਨ ਫੇਰ ਵੱਜਿਆ, ਹੁਣ ਮੈਂ ਜ਼ਰਾ ਗੌਰ ਨਾਲ ਸੁਣਨ ਲੱਗੀ, ਮੈਂ ਦੇ ਦਵਾਂਗੀ ਪੈਸੇ ਬਾਅਦ ‘ਚ.. ਮੈਂ ਕਰੂੰਗੀ ਮੈਂ ਕਰੂੰਗੀ.. ਨਹੀਂ ਮੈਂ ਕਰੂੰਗੀ.. ਮੈਂ ਪੇਪਰ ਵੀ ਲਾਊਂ.. ਮੈਂ ਚਿੱਟਾ ਵੀ ਪੀਊਂ! ਫੋਨ ਕੱਟਿਆ ਗਿਆ ਅਵਾਜ਼ ਚੁੱਪ ਹੋ ਗਈ।
ਮੇਰਾ ਖੂਨ ਪਾਣੀ ਬਣ ਰਿਹਾ ਸੀ। ਕੀ ਸੁਣਿਆ ਮੈਂ? ਨਹੀਂ.. ਨਹੀਂ ਸ਼ਾਇਦ ਮੈਂ ਗਲਤ ਸੁਣਿਆ! ਮੈਂ ਉਸ ਕੁੜੀ ਦੇ ਚਿਹਰੇ ਵੱਲ ਵੇਖਿਆ, ਉਸਦੇ ਬੁੱਲ੍ਹ ਸੁੱਕੇ ਤੇ ਕਾਲੇ ਪਏ ਹੋਏ ਸਨ। ਉਸਦੇ ਰੰਗ ਦੇ ਹਿਸਾਬ ਤੋਂ ਇਹ ਕਾਲਸ ਥੋੜ੍ਹੀ ਜ਼ਿਆਦਾ ਸੀ। ਮੈਂ ਕਿਤੇ ਪੜ੍ਹਿਆ ਸੀ ਕਿ ਨਸ਼ਾ ਕਰਨ ਵਾਲਿਆਂ ਦੇ ਬੁੱਲ੍ਹ ਸੁੱਕ ਜਾਂਦੇ ਹਨ ਤੇ ਕਾਲੇ ਪੈ ਜਾਂਦੇ ਹਨ। ਇਹ ਕੁੜੀ ਨਸ਼ੇ ਕਰਦੀ ਹੈ? ਕੁੜੀ, ਨਹੀਂ-ਨਹੀਂ ਕੁੜੀ ਕਿਵੇਂ ਕਰ ਸਕਦੀ ਹੈ? ਪਰ ਉਹ ਕਹਿ ਰਹੀ ਸੀ। ਮੇਰੇ ਅੰਦਰ ਸਵਾਲ-ਜਵਾਬ ਅਵਾਜ਼ਾਂ ਸਭ ਟਕਰਾਅ ਰਹੇ ਸਨ। ਕੰਡਕਟਰ ਆਇਆ ਤੇ ਮੈਂ ਟਿਕਟ ਕਟਵਾਈ। ਫੋਨ ਫੇਰ ਵੱਜਿਆ ਓਹਨੇ ਚੁੱਕਿਆ, ਫੇਰ ਕੱਲ੍ਹ ਦੁਪਹਿਰ ਤੱਕ ਮੈਨੂੰ ਦੱਸ ਦੇਵੀਂ ।
ਕੋਲ ਸੁੰਨ ਜਿਹੀ ਖੜੀ ਸੀ। ਮੈਨੂੰ ਉਹਦੀ ਅਵਾਜ਼ ਵਿਚੋਂ ਨਸ਼ਾ ਬੋਲਦਾ ਲੱਗ ਰਿਹਾ ਸੀ। ਨਹੀਂ ਯਰ ਥੋੜਾ ਜਿਹਾ ਲਿਆ ਸੀ.. ਮੈ ਬੱਸ ਵਿੱਚ ਹਾਂ.. ਨਹੀਂ ਹੋਰ ਨਹੀਂ ਹੈ.. ਨਹੀਂ ਮੇਰੇ ਕੋਲ ਨਹੀਂ ਹੈ। ਫੋਨ ਕੱਟ ਗਿਆ। ਮੈਂ ਕੰਬ ਰਹੀ ਸੀ ਭਾਵੇਂ ਜਨਵਰੀ ਮਹੀਨੇ ਵਿੱਚ ਠੰਢ ਬਹੁਤ ਹੁੰਦੀ ਹੈ ਪਰ ਇਹ ਕਾਂਬਾ ਠੰਢ ਦਾ ਨਹੀਂ ਸੀ ਇਹ ਅੰਦਰੂਨੀ ਕਾਂਬਾ ਸੀ ਜੋ ਮੇਰੇ ਅੰਦਰ ਛਿੜ ਰਿਹਾ ਸੀ। ਮੇਰੇ ਦਿਲ ਨੂੰ ਹਿਲਾ ਕੇ ਰੱਖ ਰਿਹਾ ਸੀ। ਕੀ ਸੁਣ ਰਹੇ ਸਨ ਮੇਰੇ ਕੰਨ? ਇਹਨੇ ਨਸ਼ਾ ਕੀਤਾ ਹੋਇਆ ਉਹ ਵੀ ਕੁੜੀ ਹੋ ਕੇ! ਸੁਣਿਆ ਸੀ, ਪੜ੍ਹਿਆ ਸੀ ਪਰ ਵੇਖਿਆ ਨਹੀਂ ਸੀ।
ਮੈਂ ਅੱਖਾਂ ਚੁੱਕ ਕੁੜੀ ਵੱਲ ਫੇਰ ਵੇਖਿਆ ਉਹ ਸੀਟ ਦਾ ਸਹਾਰਾ ਲਈ ਇਵੇਂ ਖੜ੍ਹੀ ਸੀ ਜਿਵੇਂ ਆਪਣੇ-ਆਪ ਵਿੱਚ ਜਾਨ ਹੀ ਨਾ ਹੋਵੇ ਤੇ ਮੈਂ ਸੋਚ ਰਹੀ ਸੀ ਕਿ ਮੇਰੇ ਵਾਂਗ ਭੀੜ ਤੋਂ ਬਚਣ ਲਈ ਏਵੇਂ ਕੀਤਾ ਹੋਣਾ। ਪਰ ਨਹੀਂ ਓਹਦੇ ਤਾਂ ਇਰਾਦੇ ਹੋਰ ਸਨ। ਓਹਦੀਆਂ ਅੱਖਾਂ ਦੀ ਲਾਲੀ ਪਹਿਲੀ ਵਾਰ ਪਏ ਕੱਜਲ ਨਾਲ ਹੋਣ ਵਾਲੀ ਲਾਲੀ ਨਹੀਂ ਸੀ ਇਹ ਤਾਂ ਨਸ਼ਾ ਸੀ ਜੋ ਉਹਦੀਆਂ ਅੱਖਾਂ ਨੂੰ ਚੜ੍ਹ ਆਇਆ ਸੀ।
ਉਹ ਫੇਰ ਫੋਨ ਦੇਖ ਰਹੀ ਸੀ, ਕੱਟ ਰਹੀ ਸੀ। ਹੁਣ ਮੈਂ ਸੁਣ ਨਹੀਂ ਰਹੀ ਸਾਂ। ਲੋਕ ਆਪੋ-ਆਪਣੀ ਮਸਤੀ ਵਿਚ ਖੜ੍ਹੇ ਸੀ ਤੇ ਮੈਂ ਪਹਿਲੀ ਵਾਰ ਕਿਸੇ ਗਲਤੀ ਦੇ ਫੜੇ ਜਾਣ ‘ਤੇ ਜਿਵੇਂ ਬੱਚਾ ਡਰਦਾ ਹੈ, ਉਵੇਂ ਡਰ ਰਹੀ ਸਾਂ। ਅੰਦਰੋਂ-ਅੰਦਰੀ ਰੋ ਰਹੀ ਸਾਂ ਅਵਾਜ਼ਾਂ ਗੂੰਜ ਰਹੀਆਂ ਸਨ ਮੈਂ ਕਰੂੰਗੀ.. ਮੈਂ ਕਰੂੰਗੀ..। ਇਹ ਕੁੜੀ ਕੌਣ ਸੀ? ਕਿਉਂ ਕਰਦੀ ਸੀ? ਕੀਹਨੇ ਲਾਈ ਸੀ? ਮਾਪੇ ਕੌਣ ਸੀ ਇਹਦੇ? ਧੀਆਂ ਏਵੇਂ ਨਹੀਂ ਕਰਦੀਆਂ। ਸਿਰਜਣਹਾਰੀਆਂ…
ਸਿਰਜਣਹਾਰੀਆਂ ਹੁੰਦੀਆਂ ਕੁੜੀਆਂ ਤਾਂ ਫੇਰ ਇਹ ਕਿਸ ਕੁਰਾਹੇ ਤੁਰ ਪਈਆਂ ਜੋ ਆਪਣੀ ਕੁੱਖ ਨਸ਼ੇ ਦੀ ਅੱਗ ਨਾਲ ਸਾੜ ਰਹੀਆਂ ਨੇ, ਇਨ੍ਹਾਂ ਨੂੰ ਕੋਈ ਰੋਕਦਾ ਕਿਉਂ ਨਹੀਂ? ਕਿੱਥੇ ਨੇ ਸਾਰੇ, ਪੁਲਿਸ ਕਿੱਥੇ ਹੈ? ਸਰਕਾਰ ਕਿੱਥੇ ਹੈ? ਕਿੱਥੇ ਨੇ ਓਹਦੇ ਮਾਪੇ ਕੀ ਓਹਨਾਂ ਨੂੰ ਪਤਾ ਨਹੀਂ ਕਿ ਨੌਂ ਮਹੀਨੇ ਜਿਹਦਾ ਭਾਰ ਉਹਦੀ ਮਾਂ ਨੇ ਆਪਣੀ ਕੁੱਖ ਵਿਚ ਚੁੱਕਿਆ ਅੱਜ ਉਹ ਆਪਣਾ ਭਾਰ ਵੀ ਨਹੀਂ ਸੀ ਚੁੱਕ ਸਕਦੀ।
ਚੜ੍ਹੀ ਜਵਾਨੀ ਜੋਸ਼ ਦੀ ਬਜਾਏ ਓਹਦੀਆਂ ਰਗਾਂ ਵਿਚ ਨਸ਼ਾ ਦੌੜ ਰਿਹਾ ਸੀ, ਨਹੀਂ ਸਿਰਫ ਓਹਦੀਆਂ ਨਹੀਂ ਇਹ ਤਾਂ ਪੰਜਾਬ ਦੀਆਂ ਰਗਾਂ ਵਿਚ ਦੌੜ ਰਿਹਾ ਸੀ। ਖਿਆਲ ਹਨ੍ਹੇਰੀਆਂ ਲਿਆ ਰਹੇ ਸੀ। ਮੇਰਾ ਮਾਣ ਟੁੱਟ ਰਿਹਾ ਸੀ। ਅੱਖਾਂ ਪੰਜਾਬ ਵਿਚ ਫੈਲ ਰਹੇ ਹਨ੍ਹੇਰ ਨੂੰ ਦੇਖ ਰਹੀਆਂ ਸਨ। ਸਰੀਰ ਕੰਬ ਰਿਹਾ ਸੀ ਤੇ ਹੱਥ-ਪੈਰ ਸਾਥ ਦੇਣ ਤੋਂ ਮਨ੍ਹਾ ਕਰ ਰਹੇ ਸਨ ਅਤੇ ‘ਆਸਾ ਸਿੰਘ ਮਸਤਾਨਾ’ ਦੀ ਸਕੂਨ ਦੇਣ ਵਾਲੀ ਕਵਿਤਾ ਦੇ ਬੋਲ ਹਊਆ ਬਣ-ਬਣ ਕੇ ਮੈਨੂੰ ਡਰਾ ਰਹੇ ਸਨ ਅਤੇ ਗੂੰਜ-ਗੂੰਜ ਪੰਜਾਬ ਦੀ ਦੁਹਾਈ ਦੇ ਰਹੇ ਸਨ…. ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ…. ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ…
ਮੋ. 98141-68716
ਗੁਰਜੀਤ ਕੌਰ ਬਡਾਲੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.