ਬਰਸੀਨ, ਸਰ੍ਹੋਂ, ਸਬਜ਼ੀਆਂ ਆਦਿ ਦੇ ਬੀਜ਼ਾਂ ਦੀ ਵੀ ਰਹੀ ਮੰਗ | Kisan Mela
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਰੌਣੀ ਵਿਖੇ ਲੱਗੇ ਕਿਸਾਨ ਮੇਲੇ ਦੌਰਾਨ ਕਿਸਾਨਾਂ ਵੱਲੋਂ ਵੱਡਾ ਉਤਸ਼ਾਹ ਦਿਖਾਉਂਦਿਆਂ ਰੱਜ ਕੇ ਖਰੀਦਦਾਰੀ ਕੀਤੀ ਗਈ। ਇਸ ਮੇਲੇ ਦੌਰਾਨ ਕਣਕ ਦੇ ਵੱਖ-ਵੱਖ ਬੀਜਾਂ, ਦਾਲਾਂ, ਸਬਜ਼ੀਆਂ, ਬਰਸੀਨ ਆਦਿ ਦੇ 22 ਲੱਖ ਤੋਂ ਵੱਧ ਰਾਸ਼ੀ ਦੇ ਬੀਜ ਖਰੀਦ ਕੇ ਲੈ ਕੇ ਗਏ। ਇਸ ਦੌਰਾਨ ਦੇਖਿਆ ਗਿਆ ਕਿ ਸਭ ਤੋਂ ਵੱਧ ਮੰਗ ਕਣਕ ਦੇ ਨਵੇਂ ਬੀਜ ਪੀਬੀਡਬਲਯੂ 826 ਦੀ ਰਹੀ ਅਤੇ ਕਿਸਾਨ ਇਹ ਬੀਜ ਪ੍ਰਾਪਤ ਕਰਨ ਲਈ ਲੰਮੀਆਂ-ਲੰਮੀਆਂ ਲਾਈਨਾਂ ’ਚ ਕਈ-ਕਈ ਘੰਟੇ ਖੜ੍ਹੇ ਰਹੇ। (Kisan Mela)
ਕਿਸਾਨ ਮੇਲੇ ਦੌਰਾਨ ਵੱਡੀ ਗਿਣਤੀ ਕਿਸਾਨਾਂ ਵੱਲੋਂ ਵੱਖ-ਵੱਖ ਫਸਲਾਂ ਸਬੰਧੀ ਮਾਹਿਰਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ ਗਈ। ਇਸ ਦੌਰਾਨ ਹਾੜ੍ਹੀ ਦੇ ਸੀਜ਼ਨ ਨੂੰ ਦੇਖਦਿਆਂ ਕਿਸਾਨਾਂ ਵੱਲੋਂ ਕਣਕ ਦੇ ਬੀਜਾਂ ਦੀ ਖੂਬ ਖਰੀਦਦਾਰੀ ਕੀਤੀ ਗਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਥੇ ਲਿਆਂਦੇ ਗਏ ਕਣਕ ਦੇ ਬੀਜਾਂ ਵਿੱਚੋਂ ਪੀਬੀਡਬਲਯੂ 826 ਦੀ ਸਭ ਤੋਂ ਵੱਧ ਮੰਗ ਦੇਖੀ ਗਈ। ਉਕਤ ਬੀਜਾਂ ਨੂੰ ਪ੍ਰਾਪਤ ਕਰਨ ਲਈ ਪਹਿਲਾਂ ਕਿਸਾਨ ਨੂੰ ਆਪਣਾ ਫਾਰਮ ਭਰ ਕੇ ਰਜ਼ਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਸੀ।
ਕਣਕ ਦੇ ਬੀਜ ਪੀਬੀਡਬਲਯੂ 826 ਦੀ ਰਹੀ ਸਭ ਤੋਂ ਵੱਧ ਮੰਗ, 11 ਲੱਖ ਤੋਂ ਵੱਧ ਦਾ ਵਿਕਿਆ
ਇਕੱਲਾ ਕਣਕ ਦਾ 826 ਬੀਜ ਹੀ 11 ਲੱਖ 26 ਹਜ਼ਾਰ ਦਾ ਕਿਸਾਨਾਂ ਵੱਲੋਂ ਖਰੀਦ ਕੀਤਾ ਗਿਆ ਹੈ। ਇਹ ਬੀਜ ਕਿਸਾਨਾਂ ਨੂੰ 20-20 ਕਿੱਲੋ ਦਿੱਤਾ ਗਿਆ ਅਤੇ ਇਹ 225.20 ਕੁਇੰਟਲ ਬੀਜ ਵਿਕਿਆ ਹੈ। ਕਈ ਕਿਸਾਨ ਲੰਮੀਆਂ ਲਾਈਨਾਂ ਕਾਰਨ ਇਹ ਬੀਜ ਲੈਣ ਤੋਂ ਖੁੰਝ ਵੀ ਗਏ। ਇਸ ਤੋਂ ਇਲਾਵਾ ਕਣਕ ਦੇ ਬਾਕੀ ਬੀਜਾਂ ’ਚ ਪੀਬੀਡਬਲਯੂ ਜੈੱਡਐਨ2 94500 ਦਾ ਵਿਕਿਆ ਜਦਕਿ ਪੀਬੀਡਬਲਯੂ 869 56000 ਹਜ਼ਾਰ ਦਾ ਵਿਕਿਆ। ਇਸ ਤੋਂ ਇਲਾਵਾ ਪੀਬੀਡਬਲਯੂ 824, 803, 343, 550, 725 ਆਦਿ ਬੀਜਾਂ ਦੀ ਵੀ ਵਿਕਰੀ ਹੋਈ।
ਇਕੱਲੇ ਕਣਕ ਦੇ ਵੱਖ-ਵੱਖ ਬੀਜ ਹੀ 15 ਲੱਖ 24 ਹਜ਼ਾਰ 250 ਰੁਪਏ ਦੇ ਵਿਕੇ ਹਨ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਪਸ਼ੂਆਂ ਲਈ ਬਰਸੀਨ 1 ਲੱਖ 91 ਹਜ਼ਾਰ ਤੋਂ ਵੱਧ ਦਾ ਖਰੀਦਿਆ ਗਿਆ ਜਦਕਿ ਤੋਰੀਆ ਤੇ ਸਰੋਂ੍ਹ ਦੇ ਬੀਜ਼ ਵੀ 71 ਹਜ਼ਾਰ ਤੋਂ ਵੱਧ ਦੇ ਖਰੀਦੇ ਗਏ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਪਿਆਜ਼, ਗਾਜਰਾਂ, ਸ਼ਲਗਮ, ਬੈਂਗਣ, ਗੋਭੀ, ਮੇਥੀ ਆਦਿ ਦੇ ਬੀਜਾਂ ਦੀ ਵੀ ਰੱਜ ਕੇ ਖਰੀਦਦਾਰੀ ਕੀਤੀ ਗਈ। ਇਸ ਤਰ੍ਹਾਂ ਕਿਸਾਨ ਮੇਲੇ ਅੰਦਰ ਕੁੱਲ 22 ਲੱਖ 32 ਹਜ਼ਾਰ 300 ਰੁਪਏ ਕਿਸਾਨਾਂ ਤੇ ਆਮ ਲੋਕਾਂ ਵੱਲੋਂ ਖਰਚੇ ਗਏ।
3 ਲੱਖ ਦੀਆਂ ਸਬਜ਼ੀ ਦੀਆਂ ਕਿੱਟਾਂ ਵਿਕੀਆਂ | Kisan Mela
ਇਸ ਦੇ ਨਾਲ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਬਜ਼ੀਆਂ ਦੀਆਂ ਵਿਸ਼ੇਸ਼ ਕਿੱਟਾਂ ਵੀ ਤਿਆਰ ਕੀਤੀਆਂ ਹੋਈਆਂ ਸਨ ਤੇ ਇਹ ਕਿੱਟਾਂ 3 ਲੱਖ ਰੁਪਏ ਦੀਆਂ ਵਿਕੀਆਂ ਹਨ। ਕਿਸਾਨਾਂ ਤੋਂ ਇਲਾਵਾ ਆਮ ਸ਼ਹਿਰੀ ਲੋਕ ਵੀ ਆਪਣੇ ਘਰਾਂ ’ਚ ਸਬਜ਼ੀਆਂ ਤਿਆਰ ਕਰਦੇ ਹਨ ਅਤੇ ਇਸ ਲਈ ਇਨ੍ਹਾਂ ਕਿੱਟਾਂ ਦੀ ਵਧੇਰੇ ਮੰਗ ਰਹੀ। ਯੂਨੀਵਰਸਿਟੀ ਵੱਲੋਂ 3000 ਕਿੱਟਾਂ ਲਿਆਂਦੀਆਂ ਗਈਆਂ ਸਨ ਜੋ ਕਿ ਸਾਰੀਆਂ ਹੀ ਵਿਕ ਗਈਆਂ।
ਕਿਸਾਨਾਂ ਨੇ ਮੇਲੇ ਦਾ ਪੂਰਨ ਲਾਭ ਉਠਾਇਆ: ਡਾ. ਗੁਰਉਪਦੇਸ਼ ਕੌਰ
ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਦੇ ਇੰਚਾਰਜ਼ ਡਾ. ਗੁਰਉਪਦੇਸ਼ ਕੌਰ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਹਰ ਵਾਰ ਹੀ ਕਿਸਾਨਾਂ ਵੱਲੋਂ ਇੱਥੇ ਲੱਗਣ ਵਾਲੇ ਮੇਲੇ ’ਚ ਵਿਸ਼ੇਸ਼ ਉਤਸ਼ਾਹ ਦਿਖਾਇਆ ਜਾਂਦਾ ਹੈ ਅਤੇ ਇਸ ਵਾਰ ਕਿਸਾਨਾਂ ਦੀ ਗਿਣਤੀ ਕਿਤੇ ਵੱਧ ਸੀ। ਉਨ੍ਹਾਂ ਦੱਸਿਆ ਕਿ ਇੱਥੇ ਮਾਲਵਾ ਖਿੱਤੇ ਦੇ ਕਿਸਾਨਾਂ ਤੋਂ ਇਲਾਵਾ ਨਾਲ ਲੱਗਦੇ ਹਰਿਆਣਾ ਖੇਤਰ ਦੇ ਕਿਸਾਨ ਵੀ ਪੁੱਜੇ ਸਨ। ਉਨ੍ਹਾਂ ਕਿਹਾ ਕਿ ਕਿਸਾਨ ਮੇਲੇ ’ਤੇ ਪੁੱਜੇ ਵੱਖ-ਵੱਖ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਆਧੁਨਿਕ ਢੰਗ ਨਾਲ ਖੇਤੀ ਕਰਨ ਦੇ ਤਰੀਕੇ ਦੱਸੇ ਗਏ ਅਤੇ ਵੱਖ-ਵੱਖ ਲੱਗੀਆਂ ਪ੍ਰਦਰਸ਼ਨੀਆਂ ਕਿਸਾਨਾਂ ਲਈ ਖਿੱਚ ਦਾ ਕੇਂਦਰ ਰਹੀਆਂ।