ਸੜਕ ਹਾਦਸਿਆਂ ‘ਚ ਅੱਠ ਜਣਿਆਂ ਦੀ ਮੌਤ, ਦੋ ਦਰਜ਼ਨ ਜ਼ਖ਼ਮੀ

Road Accidents, Eight killed, Two Darjan Injured

ਟਰੱਕ ਵੱਲੋਂ ਫੇਟ ਮਾਰਨ ਤੋਂ ਬਾਅਦ ਟਰਾਲੀ ਪਲਟੀ, ਤਿੰਨ ਜਣਿਆਂ ਦੀ ਮੌਤ

ਪੀਆਰਟੀਸੀ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਾਂ-ਪੁੱਤ ਦੀ ਮੌਤ

ਕੈਂਟਰ ਨੇ ਮਾਰੀ ਐਬੂਲੈਂਸ ਨੂੰ ਟੱਕਰ, ਇੱਕ ਪਰਿਵਾਰ ਦੇ ਤਿੰੰਨ ਜੀਆਂ ਦੀ ਮੌਤ

ਅਜਯ ਕਮਲ, ਰਾਜਪੁਰਾ

ਰਾਜਪੁਰਾ-ਸਰਹੰਦ ਜੀਟੀ ਰੋਡ ‘ਤੇ ਹੋਏ ਦੋ ਸੜਕ ਹਾਦਸਿਆਂ ਵਿੱਚ ਪੰਜ ਜਣਿਆਂ ਦੀ ਮੌਤ ਹੋ ਗਈ ਜਦਕਿ 25 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪਹਿਲੇ ਹਾਦਸੇ ਇੱਕ ਟਰਾਲੀ ਵਿੱਚ ਜਾ ਰਹੇ ਵਿਅਕਤੀਆਂ ਨੂੰ ਟਰੱਕ ਨੇ ਫੇਟ ਮਾਰ ਦਿੱਤੀ, ਜਿਸ ਵਿੱਚ ਤਿੰਨ ਵਿਅਕਤੀ ਮਾਰੇ ਗਏ। ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਵਿਕਰਾਂਤ ਨੇ ਦੱਸਿਆ ਕਿ ਉਹ 27 ਜਣੇ ਇੱਕ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕਿ ਮੁਜੱਫਰਨਗਰ ਤੋਂ ਹੁਸ਼ਿਆਰਪੁਰ ਲੱਕੜਾਂ ਕੱਟਣ ਲਈ ਜਾ ਰਹੇ ਸਨ। ਅੱਜ ਸਵੇਰੇ ਲਗਭਗ 4 ਵਜੇ ਦੇ ਕਰੀਬ ਉਹਨਾਂ ਦੀ ਟਰਾਲੀ ਇੱਥੋਂ ਦੇ ਨੌਗਜਾਂ ਪੀਰ ਕੋਲ ਪਹੁੰਚੀ ਤਾਂ ਇੱਕ ਟਰੱਕ ਨੇ ਉਨ੍ਹਾਂ ਦੀ ਟਰਾਲੀ ਨੂੰ ਫੇਟ ਮਾਰ ਦਿੱਤੀ। ਉਸ ਨੇ ਦੱਸਿਆ ਕਿ ਜਦੋਂ ਫੇਟ ਮਾਰੀ ਤਾਂ ਉਸ ਸਮੇਂ ਟਰਾਲੀ ਵਿੱਚ ਸਾਰੇ ਸੁੱਤੇ ਪਏ ਸਨ ਅਤੇ ਟਰਾਲੀ ਰੋਡ ‘ਤੇ ਹੀ ਪਲਟ ਗਈ। ਇਸ ਤੋਂ ਬਾਅਦ ਸਾਰਿਆਂ ਵਿੱਚ ਚੀਕ ਚਿਹਾੜਾ ਮੱਚ ਗਿਆ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਉਨ੍ਹਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ।

ਇਸ ਹਾਦਸੇ ਵਿੱਚ ਉਨ੍ਹਾਂ ਦੇ ਤਿੰਨ ਸਾਥੀ ਜੁਨੇਦ ਸਹਾਰਨਪੁਰ, ਸੁਨੀਲ ਕੁਮਾਰ ਸੇਦਪੁਰ, ਮੋਹਨ ਲਾਲ ਮੁਜੱਫਰਨਗਰ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਪੰਕਜ, ਮੀਟੂ, ਹਰਿੰਦਰ, ਰਾਜਕ, ਵਿਕਾਸ, ਸੋਨੂੰ, ਵਿਜੈ ਪਾਲ, ਮੰਗਾ, ਸਚਿਨ, ਰਾਮ ਕ੍ਰਿਸ਼ਨ, ਸਲਿੰਦਰ, ਬਲਿੰਦਰ ਸਮੇਤ 24 ਜਣੇ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਕੁਝ ਠੀਕ ਹੈ।ਇਸੇ ਤਰ੍ਹਾਂ ਹੀ ਦੂਜਾ ਹਾਦਸਾ ਰਾਜਪੁਰਾ-ਦਿੱਲੀ ਜੀਟੀ ਰੋਡ ‘ਤੇ ਪੈਂਦੇ ਸਿਮਰਨ ਢਾਬੇ ਦੇ ਸਾਹਮਣੇ ਪੀਆਰਟੀਸੀ ਦੀ ਬੱਸ ਤੇ ਇੱਕ ਮੋਟਰਸਾਈਕਲ ਵਿਚਕਾਰ ਵਾਪਰਿਆ। ਪੀਆਰਟੀਸੀ ਦੀ ਬੱਸ ਨੇ ਮੋਟਰਸਾਈਕਲ ‘ਤੇ ਸਵਾਰ ਮਾਂ-ਪੁੱਤ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਹੇਠਾਂ ਡਿੱਗ ਗਏ ਅਤੇ ਗੰਭੀਰ ਜਖ਼ਮੀ ਹੋ ਗਏ। ਜਖ਼ਮੀ ਮਾਂ ਜਸਵੀਰ ਕੌਰ ਤੇ ਉਸ ਦੇ ਨੌਜਵਾਨ ਪੁੱਤ ਗੁਰਜੰਟ ਸਿੰਘ ਵਾਸੀ ਗੁਰੂ ਨਾਨਕ ਨਗਰ ਰਾਜਪੁਰਾ ਨੂੰ ਕਿਸੇ ਰਾਹਗੀਰ ਨੇ ਚੁੱਕ ਕੇ ਆਪਣੀ ਕਾਰ ਰਾਹੀਂ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਗੁਰਜੰਟ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਕੁਝ ਸਮੇਂ ਬਾਅਦ ਦੀ ਉਸਦੀ ਮਾਂ ਜਸਵੀਰ ਕੌਰ ਦੀ ਵੀ ਮੌਤ ਹੋ ਗਈ। ਇਸ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਇਸੇ ਤਰ੍ਹਾਂ ਤੀਜੇ ਹਾਦਸੇ ‘ਚ ਰਾਜਪੁਰਾ ਚੰਡੀਗੜ੍ਹ ਜੀ ਟੀ ਰੋਡ ‘ਤੇ ਹੋਏ ਇੱਕ ਐਬੂਲੈਂਸ ਤੇ ਕੈਂਟਰ ਦੀ ਟੱਕਰ ਵਿੱਚ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਤੇ ਡਰਾਈਵਰ ਸਮੇਤ ਇੱਕ ਪਰਿਵਾਰ ਦਾ ਮੈਂਬਰ ਜ਼ਖਮੀ ਹੋ ਗਿਆ। ਸਦਰ ਪੁਲਿਸ ਅਨੁਸਾਰ ਜਸਬੀਰ ਸਿੰਘ ਵਾਸੀ ਭੀਖੀ ਜੋ ਕਿ ਆਪਣੇ ਭਰਾ ਜਗਸੀਰ ਸਿੰਘ ਨੂੰ ਦਿਖਾਉਣ ਲਈ ਆਪਣੀ ਮਾਤਾ ਕਿਰਨਾ ਤੇ ਪਿਤਾ ਹਰਬੰਸ ਸਿੰਘ ਨਾਲ ਐਬੂਲੈਂਸ ‘ਚ ਹਸਪਤਾਲ ਜਾ ਰਹੀਆਂ ਸੀ ਤਾਂ ਜਦੋਂ ਉਹ ਰਾਜਪੁਰਾ ਦੇ ਪਰਾਈਮ ਸਿਨੇਮਾ ਕੋਲ ਪਹੁੰਚੇ ਤਾਂ ਇੱਕ ਕੈਂਟਰ ਨੇ ਉਨ੍ਹਾਂ ਦੀ ਐਬੂਲੈਂਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੇ ਮਰੀਜ ਭਰਾ ਜਗਸੀਰ ਸਿੰਘ ਅਤੇ ਮਾਤਾ ਪਿਤਾ ਦੀ ਮੌਤ ਹੋ ਗਈ। ਹਾਦਸੇ ‘ਚ ਉਹ ਅਤੇ ਐਂਬੂਲੈਂਸ ਦਾ ਡਰਾਈਵਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਉਕਤ ਮਾਮਲੇ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।