ਪੱਕੇ ਹੋਏ 5178 ਅਧਿਆਪਕ ਤੇ 650 ਨਰਸਾਂ

Ripe, Teachers, Nurses

ਬਾਕੀਆਂ ਨੂੰ ਮਿਲੀ ‘ਮਿੱਠੀ ਗੋਲੀ’, ਕੈਬਨਿਟ ‘ਚ ਨਹੀਂ ਹੋਇਆ ਬਾਕੀ ਕੈਟਾਗਿਰੀ ਬਾਰੇ ਕੋਈ ਫੈਸਲਾ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਸੰਘਰਸ਼ ਕਰ ਰਹੇ 5178 ਅਧਿਆਪਕਾਂ ਅਤੇ 650 ਨਰਸਾਂ ਨੂੰ ਸ਼ਰਤਾਂ ਤਹਿਤ ਪੂਰੀ ਤਨਖਾਹ ‘ਤੇ ਪੱਕੇ ਕਰ ਦਿੱਤਾ ਹੈ ਇਹ ਫੈਸਲਾ ਇੱਕ ਅਕਤੂਬਰ 2019 ਤੋਂ  ਲਾਗੂ ਹੋਵੇਗਾ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ‘ਚ ਇਨ੍ਹਾਂ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ ਬਾਕੀ ਕੈਟਾਗਿਰੀ ਬਾਰੇ ਕੈਬਨਿਟ ‘ਚ ਕੋਈ ਫੈਸਲਾ ਨਹੀਂ ਹੋਇਆ ਰਮਸਾ ਤੇ ਐਸਐਸਏ ਅਧਿਆਪਕਾਂ ਦਾ ਮਸਲਾ ਵਿਚਾਰਨ ਲਈ ਇੱਕ ਹੋਰ ਕਮੇਟੀ ਬਣਾਉਣ ਦਾ ਫੈਸਲਾ ਕਰਕੇ ਸਰਕਾਰ ਨੇ ਸੰਘਰਸ਼ਸ਼ੀਲ ਅਧਿਆਪਕਾਂ ਨੂੰ ‘ਮਿੱਠੀ ਗੋਲੀ’ ਦਿੰਦੇ ਹੋਏ ਵਾਪਸ ਭੇਜ ਦਿੱਤਾ ਹੈ। ਹਾਲਾਂਕਿ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਤੋਂ ਹੀ 5178 ਅਧਿਆਪਕਾਂ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ ਪਰ ਸਰਕਾਰ ਨੇ ਇਸ ਕੰਮ ਨੂੰ ਅਧਿਆਪਕ ਯੂਨੀਅਨਾਂ ਦੀ ਝੋਲੀ ਵਿੱਚ ਪਾਉਂਦੇ ਹੋਏ ਉਨ੍ਹਾਂ ਨੂੰ ਖੁਸ਼ ਕੀਤਾ ਗਿਆ ਹੈ।
ਇਨ੍ਹਾਂ 5178 ਅਧਿਆਪਕਾਂ ਸਣੇ ਪਟਿਆਲਾ ਵਿਖੇ ਧਰਨਾ ਪ੍ਰਦਰਸ਼ਨ ਕਰਨ ਵਾਲੀ

650 ਨਰਸਾਂ ਨੂੰ ਵੀ ਪੱਕਾ ਕੀਤਾ ਗਿਆ ਹੈ ਪਰ ਇਹ ਸਾਰੇ ਸ਼ਰਤਾਂ ਤਹਿਤ ਪੱਕੇ ਹੋਣਗੇ। ਜਿਸ ਕਾਰਨ ਅਜੇ ਇਨ੍ਹਾਂ ਦੋਵੇਂ ਕੈਟਾਗਿਰੀਆਂ ਵਿੱਚੋਂ ਕਿਸੇ ਇੱਕ ਨੂੰ ਵੀ ਪੂਰੀ ਤਨਖ਼ਾਹ ਦਾ ਲਾਹਾ ਨਹੀਂ ਮਿਲੇਗਾ।
ਸਿਹਤ ਵਿਭਾਗ ਦੇ ਪਰਖਕਾਲ ਨਿਯਮਾਂ ਮੁਤਾਬਕ ਵਿਭਾਗ ਦੀਆਂ 650 ਨਰਸਾਂ ਦੀਆਂ ਸੇਵਾਵਾਂ ਵੀ ਰੈਗੂਲਰ ਕਰ ਦਿੱਤੀਆਂ ਹਨ ਪਰ ਇਨਾਂ ਨੂੰ ਪੂਰੀ ਤਨਖ਼ਾਹ ਅਗਲੇ 2 ਸਾਲ ਬਾਅਦ ਹੀ ਮਿਲੇਗੀ। ਜਦੋਂ ਕਿ ਸਾਲ 2014, 2015 ਅਤੇ 2016 ਵਿੱਚ ਸਿੱਖਿਆ ਵਿਭਾਗ ਵੱਲੋਂ ਭਰਤੀ ਕੀਤੇ 5178 ਅਧਿਆਪਕਾਂ ਵਿੱਚੋਂ 5078 ਅਧਿਆਪਕ ਮਾਸਟਰ ਕਾਡਰ ਅਤੇ 100 ਕਲਾਸੀਕਲ ਐਂਡ ਵਰਨੈਕੂਲਰ (ਸੀ ਤੇ ਵੀ) ਅਧਿਆਪਕਾਂ ਨੂੰ ਪਰਖਕਾਲ ਅਨੁਸਾਰ ਪੱਕਾ ਕੀਤਾ ਜਾ ਰਿਹਾ ਹੈ।

5178 ਅਧਿਆਪਕਾਂ ਦੀਆਂ ਸੇਵਾਵਾਂ ਦੋ ਸਾਲਾਂ ਦਾ ਪਰਖਕਾਲ ਸਮਾਂ ਪੂਰਾ ਹੋਣ ‘ਤੇ ਪੂਰੇ ਤਨਖਾਹ ਸਕੇਲ ਨਾਲ ਰੈਗੂਲਰ ਹੋ ਜਾਣਗੀਆਂ। ਮੰਤਰੀ ਮੰਡਲ ਨੇ ਪਰਖਕਾਲ ਸਮਾਂ ਤਿੰਨ ਸਾਲ ਤੋਂ ਘਟਾ ਕੇ ਦੋ ਸਾਲ ਕਰ ਦਿੱਤਾ ਹੈ। ਅਧਿਆਪਕਾਂ ਦੀ ਸੀਨੀਆਰਤਾ ਪਰਖਕਾਲ ਸਮਾਂ ਮੁਕੰਮਲ ਹੋਣ ਦੀ ਤਰੀਕ ਤੋਂ ਮਿੱਥੀ ਜਾਵੇਗੀ।

ਇਨਾਂ ਅਧਿਆਪਕਾਂ ਦੀ ਮੌਜੂਦਾ ਸਮੇਂ ਤਨਖਾਹ 7500 ਰੁਪਏ ਪ੍ਰਤੀ ਮਹੀਨਾ ਹੈ ਅਤੇ ਹੁਣ ਉਨਾਂ ਦੀ ਤਨਖਾਹ ਪੇਅ ਸਕੇਲ ਦਾ ਘੱਟੋ-ਘੱਟ ਜੋ 15,300 ਰੁਪਏ ਪ੍ਰਤੀ ਮਹੀਨਾ ਬਣਦਾ ਹੈ, ਮੁਤਾਬਕ ਤੈਅ ਹੋਵੇਗੀ ਜੋ ਪੂਰਾ ਸਕੇਲ ਮਿਲਣ ਤੱਕ ਮਿਲਦੀ ਰਹੇਗੀ।

ਇਸ ਨਾਲ ਹੀ ਰਮਸਾ ਅਤੇ ਐਸ.ਐਸ.ਏ. ਅਧਿਆਪਕਾਂ ਬਾਰੇ ਕੈਬਨਿਟ ਮੀਟਿੰਗ ਵਿੱਚ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਇੱਕ 8 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਏਗੀ, ਜਿਹੜੀ ਕਿ ਅਗਲੇ 3 ਮਹੀਨੇ ਵਿੱਚ ਆਪਣੀ ਰਿਪੋਰਟ ਦੇਵੇਗੀ। ਜਿਸ ਤੋਂ ਬਾਅਦ ਹੀ ਬਾਕੀ ਅਧਿਆਪਕਾਂ ਦੀਆਂ ਮੰਗਾਂ ਬਾਰੇ ਵਿਚਾਰ ਕੀਤਾ ਜਾਏਗਾ। ਹਾਲਾਂਕਿ ਰਮਸਾ ਅਤੇ ਐਸ.ਐਸ.ਏ. ਅਧਿਆਪਕਾਂ ਦਾ ਪਰਖਕਾਲ 3 ਸਾਲ ਤੋਂ ਘਟਾ ਕੇ 2 ਸਾਲ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।