ਔਰਤ ਨੂੰ ਮਿਲੇ ਸਮਾਜ ਵਿੱਚ ਬਣਦਾ ਮਾਣ-ਸਤਿਕਾਰ

ਔਰਤ ਨੂੰ ਮਿਲੇ ਸਮਾਜ ਵਿੱਚ ਬਣਦਾ ਮਾਣ-ਸਤਿਕਾਰ

ਜਿਵੇਂ ਕਿ ਅੰਮਿ੍ਰਤਾ ਪ੍ਰੀਤਮ ਨੇ ਲਿਖਿਆ ਹੈ ਕਿ-‘ਕੱਚਿਆਂ ਰਾਹਾਂ ਤੋਂ ਉੱਡ ਕੇ ਏਨੀ ਧੂੜ ਵੀ ਕਿਸੇ ’ਤੇ ਨਹੀਂ ਪੈਂਦੀ, ਜਿੰਨੇ ਇਲਜ਼ਾਮ ਉੱਡ ਕੇ ਔਰਤ ਦੀ ਜ਼ਿੰਦਗੀ ’ਤੇ ਪੈਂਦੇ ਹਨ’। ਇਸ ਵਿੱਚ ਕੋਈ ਦੋ ਰਾਏ ਨਹੀਂ, ਇਹ ਸੱਚਾਈ ਹੈ। ਇਸ ਸੱਚਾਈ ਨੂੰ ਹਰ ਕੋਈ ਵੇਖਦਾ, ਸੁਣਦਾ ਤੇ ਸਮਝਦਾ ਹੈ ਪਰ ਕੌੜੀ ਹੋਣ ਕਰਕੇ ਸਾਰੇ ਥੁੱਕ ਦਿੰਦੇ ਹਨ। ਇੱਕ ਔਰਤ ਮਿਹਣਿਆਂ ਨਾਲ ਜਨਮ ਲੈਂਦੀ ਹੈ, ਇਲਜ਼ਾਮਾਂ ਤੋਂ ਆਪਣੀ ਜ਼ਿੰਦਗੀ ਦਾ ਦਾਮਨ ਬਚਾਉਂਦੀ ਹੋਈ ਆਪਣੀ ਸਾਰੀ ਉਮਰ ਗੁਜ਼ਾਰਦੀ ਹੈ।

‘ਕੱਚ’ ਹਲਕੀ ਜਿਹੀ ਸੱਟ ਨਾਲ ਟੁੱਟ ਕੇ ਬਿਖਰ ਜਾਂਦਾ ਹੈ। ਔਰਤ ਵੀ ਇਸੇ ਕੱਚ ਦੀ ਤਰ੍ਹਾਂ ਹੈ ਜੋ ਇਲਜ਼ਾਮ ਦੀ ਹਲਕੀ ਜਿਹੀ ਸੱਟ ਨਾਲ ਟੁੱਟ ਕੇ ਬਿਖਰ ਜਾਂਦੀ ਹੈ। ਟੁੱਟਿਆ ਕੱਚ ਕਿਸੇ ਨੂੰ ਜਖ਼ਮ ਤੋਂ ਸਿਵਾ ਕੁਝ ਨਹੀਂ ਦੇ ਸਕਦਾ। ਔਰਤ ਵੀ ਜਦੋਂ ਟੁੱਟ ਜਾਂਦੀ ਹੈ ਤਾਂ ਉਸ ਵਿੱਚ ਵੀ ਕੱਚ ਵਾਲੀ ਚੁਭਨ ਹੁੰਦੀ ਹੈ। ਪਹਿਲਾਂ ਔਰਤ ਨੂੰ ਤੁਹਮਤਾਂ ਦੀ ਸੱਟ ਮਾਰ ਕੇ, ਉਸਨੂੰ ਬਿਖੇਰ ਕੇ ਫਿਰ ਉਸ ਟੁੱਟੇ ਕੱਚ ਤੋਂ ਅਸੀਂ ਆਪਣਾ-ਆਪ ਬਚਾਉਣਾ ਚਾਹੁੰਦੇ ਹਾਂ। ਪਰ ਜੋ ਇਲਜ਼ਾਮ ਔਰਤ ’ਤੇ ਲਾਏ ਜਾਂਦੇ ਹਨ, ਉਹ ਔਰਤ ਦੇ ਸੀਨੇ ’ਚ ਜਵਾਲਾਮੁਖੀ ਪੈਦਾ ਕਰ ਦਿੰਦੇ ਹਨ, ਜਿਸਦਾ ਲਾਵਾ ਕਿਸੇ ਨੂੰ ਵੀ ਤਬਾਹ ਕਰ ਸਕਦਾ ਹੈ।

ਔਰਤ ਨੂੰ ਕੋਮਲਤਾ, ਮਾਸੂਮੀਅਤ, ਮਮਤਾ ਦੀ ਮੂਰਤ ਕਿਹਾ ਜਾਂਦਾ ਹੈ। ਪਰ ਜ਼ਿਆਦਾਤਰ ਔਰਤ ਨੂੰ ਕਾਮਕੁਤਾ ਨਾਲ ਜੋੜ ਕੇ ਵੇਖਦੇ ਹਨ। ਮਰਦ ਕਦੇ ਵੀ ਔਰਤ ਦੇ ਮਾਨਸਿਕ ਪੱਖ ਨੂੰ ਵੇਖਣਾ ਜਾਂ ਸਮਝਣਾ ਨਹੀਂ ਚਾਹੁੰਦੇ। ਔਰਤ ਲੱਖਾਂ ਹੀ ਪੀੜਾਂ ਨੂੰ ਸਹਿਣ ਕਰਦੀ ਹੈ। ਇਸ ਸਮਾਜ ਵਿੱਚ ਨੀਵਾਂ ਪਾਤਰ ਬਣਦੀ ਹੈ। ਹਰ ਕਦਮ ’ਤੇ ਡਰ, ਤਕਲੀਫ਼ਾਂ, ਚਿੰਤਾਵਾਂ ਔਰਤ ਦੇ ਨਾਲ ਚੱਲਦੀਆਂ ਹਨ। ਇੱਕ ਮਰਦ ਲਈ ਔਰਤ ਤੋਂ ਜ਼ਬਰੀ ਗੱਲ ਮਨਵਾਉਣ, ਉਸ ’ਤੇ ਜ਼ੁਲਮ ਕਰਨ, ਵਿਆਹ ਤੋਂ ਬਾਅਦ ਬਾਹਰ ਨਾਜਾਇਜ਼ ਰਿਸ਼ਤੇ ਬਣਾਉਣ ਵਿੱਚ ਮਰਦਾਨਗੀ ਹੈ। ਪਰ ਜੇਕਰ ਔਰਤ ਇਸ ਸਭ ਤੋਂ ਮਨ੍ਹਾ ਕਰਦੀ ਹੈ ਜਾਂ ਉਹ ਆਪਣੇ ਲਈ ਆਪ ਕੁੱਝ ਕਰਨਾ ਚਾਹੁੰਦੀ ਹੈ ਤਾਂ ਉਸਨੂੰ ਸਮਾਜ ਵਿੱਚ ਘਟੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ। ਇੱਕ ਘਟੀਆ ਤੇ ਦੰਡ ਦੀ ਪਾਤਰ ਸਮਝਿਆ ਜਾਂਦਾ ਹੈ।

ਪੂਰਨ ਅਜ਼ਾਦੀ ਹਾਲੇ ਵੀ ਔਰਤ ਨੂੰ ਨਸੀਬ ਨਹੀਂ ਹੋਈ। ਉਸਨੂੰ ਅਜ਼ਾਦ ਘੁੰਮਣ ਬਾਰੇ ਸੋਚਣ ਤੋਂ ਵੀ ਡਰ ਲੱਗਦਾ ਹੈ। ਕਿਉਂਕਿ ਥਾਂ-ਥਾਂ ਉਸਨੂੰ ਨੋਚਣ ਲਈ ਦਰਿੰਦੇ ਖੜ੍ਹੇ ਹਨ। ਜੋ ਉਸਦੇ ਜਿਸਮ ਨੂੰ ਖਿਡੌਣਾ ਸਮਝਦੇ ਹਨ ਤੇ ਸਾਡਾ ਕਾਨੂੰਨ ਵੀ ਇਸ ਦੇ ਨਿਆਂ ਬਾਰੇ ਅੱਖਾਂ ਦੇ ਨਾਲ-ਨਾਲ ਕੰਨਾਂ ’ਤੇ ਵੀ ਪੱਟੀ ਬੰਨ੍ਹੀ ਬੈਠਾ ਹੈ। ਡਰ ਔਰਤ ਦੇ ਨਾਲ-ਨਾਲ ਚੱਲਦਾ ਹੈ। ਇੱਕ ਔਰਤ ਅਖ਼ਬਾਰ ਵਿੱਚ ਆਪਣੀ ਰਚਨਾ ਦੇ ਨਾਲ ਆਪਣਾ ਸੰਪਰਕ ਨੰਬਰ ਲਿਖਣ ਤੋਂ ਵੀ ਘਬਰਾਉਂਦੀ ਹੈ ਜੇਕਰ ਔਰਤ ਸੰਪਰਕ ਨੰਬਰ ਨਹੀਂ ਲਿਖਦੀ ਤਾਂ ਇਹੀ ਮਰਦ ਉਸਨੂੰ ਕਮਜ਼ੋਰ ਕਹਿੰਦੇ ਹਨ, ਛੋਟੀ ਸੋਚ ਦੀ ਕਹਿੰਦੇ ਹਨ ਪਰ ਉਸਨੂੰ ਕਮਜ਼ੋਰ ਤੇ ਛੋਟੀ ਸੋਚ ਦਾ ਕੌਣ ਬਣਾ ਰਿਹਾ ਹੈ?

ਔਰਤ ਨੂੰ ਹਮੇਸ਼ਾ ਜ਼ੁਲਮ ਖਿਲਾਫ਼ ਲੜਨ ਲਈ ਕਿਹਾ ਜਾਂਦਾ ਹੈ। ਹਾਂ! ਔਰਤ ਲੜ ਸਕਦੀ ਹੈ। ਪਰ ਜ਼ੁਲਮ ਨੂੰ ਖ਼ਤਮ ਕਿਉਂ ਨਹੀਂ ਕੀਤਾ ਜਾਂਦਾ? ਕਦੋਂ ਤੱਕ ਇੱਕ ਔਰਤ ਲੜਦੀ ਹੀ ਰਹੇਗੀ? ਕਿਉਂ ਉਸਨੂੰ ਸੁਰੱਖਿਅਤ ਜ਼ਿੰਦਗੀ ਨਹੀਂ ਮਿਲਦੀ? ਜਿਸ ਵਿੱਚ ਉਹ ਬਿਨਾਂ ਕਿਸੇ ਡਰ, ਘਬਰਾਹਟ ਦੇ ਆਪਣਾ ਹੌਂਸਲਾ ਬੁਲੰਦ ਕਰ ਸਕੇ ਤੇ ਦੁਨੀਆਂ ਦੇ ਸਾਹਮਣੇ ਆਪਣਾ ਅਜ਼ਾਦੀ ਦੇ ਨੂਰ ਨਾਲ ਚਮਕਦਾ ਚਿਹਰਾ ਲਿਆ ਸਕੇ।
ਰਿਸ਼ਤੇ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਔਰਤ ’ਤੇ ਹੀ ਹੁੰਦੀ ਹੈ। ਪਰ ਰਿਸ਼ਤਿਆਂ ਦੇ ਅਰਥ ਬਦਲ ਗਏ ਹਨ। ਰਿਸ਼ਤਿਆਂ ਵਿੱਚੋਂ ਪਵਿੱਤਰਤਾ ਖ਼ਤਮ ਹੁੰਦੀ ਜਾ ਰਹੀ ਹੈ। ਰਿਸ਼ਤਿਆਂ ਦੀਆਂ ਮਰਿਆਦਾਵਾਂ ਤਬਾਹ ਹੋ ਚੁੱਕੀਆਂ ਹਨ। ਰਿਸ਼ਤਿਆਂ ਦੀਆਂ ਤਬਾਹ ਹੋਈਆਂ ਮਰਿਆਦਾਵਾਂ ਲਈ

ਮੈਂ ਇਹ ਸਤਰਾਂ ਲਿਖ ਰਹੀਂ ਹਾਂ:-
ਹਰ ਰਿਸ਼ਤੇ ਨੂੰ ਢੱਕ ਰੱਖੋ ਮਰਿਆਦਾ ਵਿੱਚ,
ਖੁੱਲ੍ਹਾ ਛੱਡਣ ’ਤੇ ਇਹ ਸਭ ਕੁੱਝ ਢਾਹ ਜਾਂਦੇ।

ਅੱਜ-ਕੱਲ੍ਹ ਲੋਕ ਰਿਸ਼ਤਿਆਂ ਪ੍ਰਤੀ ਬਿਲਕੁਲ ਵੀ ਸੰਵੇਦਨਸ਼ੀਲ ਨਹੀਂ ਰਹੇ। ਹਰ ਰਿਸ਼ਤੇ ਨੂੰ ਬਿਖੇਰਨ ਲਈ ਤਿਆਰ ਰਹਿੰਦੇ ਹਨ। ਦੋਸਤੀ ਵੀ ਅੱਜ-ਕੱਲ੍ਹ ਮਤਲਬ ਦੇ ਕਾਰਨ ਹੀ ਕੀਤੀ ਜਾ ਰਹੀ ਹੈ। ਦੋਸਤੀ ਦਾ ਮਿਆਰ ਇੰਨਾ ਜ਼ਿਆਦਾ ਡਿੱਗ ਚੁੱਕਾ ਹੈ ਕਿ ਇਹ ਵੀ ਤੁਹਮਤ ਬਣ ਕੇ ਹੀ ਰਹਿ ਗਈ ਹੈ। ਹਰ ਮਰਦ ਬੁਰਾ ਨਹੀਂ ਹੁੰਦਾ ਪਰ ਉਹ ਆਪਣੇ ਅੰਦਰਲੇ ਸ਼ੈਤਾਨ ਨੂੰ ਕਾਬੂ ਵਿੱਚ ਨਹੀਂ ਰੱਖ ਸਕਦਾ ਤੇ ਔਰਤ ਦੀਆਂ ਕੋਮਲ ਭਾਵਨਾਵਾਂ ਦੀਆਂ ਫੁੱਟਦੀਆਂ ਕਰੂੰਬਲਾਂ ਨੂੰ ਆਪਣੇ ਪੈਰਾਂ ਹੇਠ ਲਿਤਾੜ ਦਿੰਦਾ ਹੈ।

ਜ਼ੁਲਮ ਕਰਨ ਅਤੇ ਸਹਿਣ ਦੀ ਇੱਕ ਹੱਦ ਹੁੰਦੀ ਹੈ। ਔਰਤ ਵੀ ਇੱਕ ਹੱਦ ਤੱਕ ਹੀ ਜ਼ੁਲਮ ਸਹਿਣ ਕਰ ਸਕਦੀ ਹੈ ਪਰ ਹੱਦ ਲੰਘਣ ਤੋਂ ਬਾਅਦ ਉਹ ਸੀਤਲ ਨਦੀ ਤੋਂ ਸੁਨਾਮੀ ਬਣ ਜਾਂਦੀ ਹੈ ਤੇ ਜ਼ੁਲਮ ਦੇ ਰੁੱਖਾਂ ਨੂੰ ਜੜ੍ਹੋਂ ਉਖਾੜ ਦਿੰਦੀ ਹੈ। ਔਰਤ ਹਾਲੇ ਵੀ ਕਾਫ਼ੀ ਹੱਦ ਤੱਕ ਮਾਨਸਿਕ ਗ਼ੁਲਾਮੀ ਦਾ ਸ਼ਿਕਾਰ ਹੈ। ਉਹ ਸ਼ਰਮ-ਹਯਾ, ਡਰ ਆਦਿ ਦੀਆਂ ਜੰਜ਼ੀਰਾਂ ਨਾਲ ਜਕੜੀ ਪਈ ਹੈ। ਔਰਤ ਵੀ ਇਹਨਾਂ ਜੰਜ਼ੀਰਾਂ ਤੋਂ ਮੁਕਤ ਹੋ ਕੇ ਰਹੇਗੀ ਤੇ ਆਪਣੀ ਪੂਰਨ ਅਜ਼ਾਦੀ ਦਾ ਨਿੱਘ ਮਾਣੇਗੀ।

ਔਰਤ ਨੂੰ ਗੁਰੂਆਂ-ਪੀਰਾਂ ਨੇ ਵਡਿਆਇਆ ਹੈ, ਇਸ ਲਈ ਉਸਦਾ ਸਤਿਕਾਰ ਕਰਨਾ ਚਾਹੀਦਾ ਹੈ। ਕਦੇ ਵੀ ਰਿਸ਼ਤਿਆਂ ਦੀ ਵਾੜ ਨੂੰ ਟੱਪ ਕੇ ਨਾ ਲੰਘੋ। ਮਰਿਆਦਾ ਵਿੱਚ ਰਹਿ ਕੇ ਹਰ ਔਰਤ ਦਾ ਸਤਿਕਾਰ ਕਰੋ। ਔਰਤ ਨੂੰ ਗ਼ਲਤ ਠਹਿਰਾਉਣ ਤੋਂ ਪਹਿਲਾਂ ਉਸਦਾ ਹਰ ਇੱਕ ਪੱਖ ਵਾਚੋ। ਉਸਦੀਆਂ ਮਜ਼ਬੂਰੀਆਂ, ਕਮਜ਼ੋਰੀਆਂ ਦਾ ਫਾਇਦਾ ਨਾ ਉਠਾਓ ਸਗੋਂ ਉਸਨੂੰ ਆਪਣੇ ਜੀਵਨ ਵਿੱਚ ਉੱਚਾ ਉੱਡਣ ਲਈ ਮਜ਼ਬੂਤ ਖੰਭ ਦਿਓ। ਕਿਉਂਕਿ ਔਰਤ ਨਾਲ ਹੀ ਸਮਾਜ ਦੀ ਹੋਂਦ ਹੈ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ
ਮੋ. 98768-71849
ਅਮਨਦੀਪ ਕੌਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.