ਦਰਬਾਰਾ ਸਿੰਘ ਕਾਹਲੋਂ
ਅੱਜ ਇਸ ਗਲੋਬ ‘ਤੇ ਵਪਦੀ ਸਮੁੱਚੀ ਮਾਨਵਤਾ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਉਹ ਵਾਤਾਵਰਨ ਅਤੇ ਇਸ ਦੇ ਮਿਜਾਜ਼ ਨੂੰ ਭਲੀ-ਭਾਂਤ ਸਮਝੇ। ਅੱਜ ‘ਵਾਤਾਵਰਨ ਤਬਦੀਲੀ’ ‘ਮਾਰੂ ਵਾਤਾਵਰਨ ਸੰਕਟ’ ਦਾ ਵਿਨਾਸ਼ਕਾਰੀ ਰੂਪ ਧਾਰਨ ਕਰੀ ਬੈਠੀ ਸਾਡੇ ਸਾਹਮਣੇ ਖੜ੍ਹੀ ਹੈ। ਆਲਮੀ ਤਪਸ਼ ਆਲਮੀ ਲੂਅ ਦਾ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਸਾਡਾ ਜੰਗਲੀ ਜੀਵਨ ਤੇਜ਼ੀ ਲਾਲ ਖ਼ਤਮ ਹੋ ਰਿਹਾ ਹੈ। ਕਰੀਬ 0.1 ਪ੍ਰਤੀਸ਼ਤ ਜੀਵ-ਜੰਤੂ ਅਤੇ ਪੌਦੇ ਭਾਵ ਇੱਕ ਲੱਖ ਜੀਵ-ਜੰਤੂ ਅਤੇ ਪੌਦੇ ਖ਼ਤਮ ਹੋ ਰਹੇ ਹਨ। ਹਰ ਪਲ ਕਾਰਬਨ ਡਾਈਆਕਸਾਈਡ ਨਿਕਾਸ ਵਧ ਰਿਹਾ ਹੈ। ਇਸ ਨਾਲ ਵਾਤਾਵਰਨ ਤੇਜ਼ੀ ਨਾਲ ਗੜਬੜਾ ਰਿਹਾ ਹੈ। ਵਾਤਾਵਰਨ ਗਰਮ ਨਹੀਂ ਸਗੋਂ ਵੱਧ ਗਰਮ ਹੋ ਰਿਹਾ ਹੈ। ਵਿਸ਼ਵ ਅੰਦਰ ਇਸ ਸਮੇਂ 50 ਪ੍ਰਤੀਸ਼ਤ ਅਬਾਦੀ ਸ਼ਹਿਰਾਂ ਵਿਚ ਵੱਸੀ ਹੋਈ ਹੈ। ਸੰਨ 2050 ਵਿਚ ਜਿੱਥੇ ਇਹ ਅਬਾਦੀ ਵਧ ਕੇ 12 ਬਿਲੀਅਨ ਹੋ ਜਾਵੇਗੀ, Àੁੱਥੇ ਸ਼ਹਿਰਾਂ ਵਿਚ ਵੱਸਣ ਵਾਲੀ ਅਬਾਦੀ ਵਧ ਕੇ 70 ਪ੍ਰਤੀਸ਼ਤ ਹੋ ਜਾਵੇਗੀ। ਉਸ ਸਮੇਂ ਗਰੀਨ ਹਾਊਸ ਗੈਸਾਂ ਦੇ ਨਿਕਾਸ ਵਿਚ ਇਹ ਵਧਦੀ ਅਬਾਦੀ ‘ਟਾਈਮ ਬੰਬ’ ਦਾ ਕੰਮ ਕਰੇਗੀ। ਵਾਤਾਵਰਨ ਵਿਗਿਆਨੀਆਂ ਅਨੁਸਾਰ ਅਜਿਹੀ ਸਥਿਤੀ ਵਿਚ ਵੱਡੇ-ਵੱਡੇ ਤੂਫ਼ਾਨ ਆਉਣਗੇ ਜੋ ਪਿੰਡਾਂ ਸ਼ਹਿਰਾਂ, ਨਦੀਆਂ- ਨਾਲਿਆਂ, ਜੰਗਲਾਂ ਅਤੇ ਖੇਤੀ ਨੂੰ ਬਰਬਾਦ ਕਰ ਦੇਣਾ ਸ਼ੁਰੂ ਕਰਨਗੇ।
ਪੀਣ ਵਾਲੇ ਪਾਣੀ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਕਮੀ ਪੈਦਾ ਹੋਣ ਕਰਕੇ ਵੱਡੀ ਪੱਧਰ ‘ਤੇ ਲੋਕ ਇਨ੍ਹਾਂ ਨੂੰ ਤਰਸਣਗੇ। ਅੱਜ ਜੇ ਵਾਤਾਵਰਨ ਸੰਭਾਲ ਲਈ ਸਰਕਾਰਾਂ ਟੈਕਸ ਲਾਉਂਦੀਆਂ ਹਨ ਤਾਂ ਲੋਕ ਵਿਰੋਧ ਕਰਦੇ ਹਨ। ਫਿਰ ਇਹੀ ਲੋਕ ਲੇਲ੍ਹੜੀਆਂ ਕੱਢਦੇ ਸਰਕਾਰਾਂ ਨੂੰ ਵਾਤਾਰਵਨ ਸੰਭਾਲ ਟੈਕਸ ਲਾਉਣ ਲਈ ਨਾਅਰੇ ਲਾਉਣਗੇ ਸੰਨ 1992 ਵਿਚ ਰੀਓ ਡੀ ਜਨੇਰੀਓ ਵਿਖੇ ਯੂ. ਐਨ. ਪੱਧਰ ‘ਤੇ ਇੱਕ ਜਲਵਾਯੂ ਸੰਧੀ ਹੋਂਦ ਵਿਚ ਆਈ ਸੀ। ਇਸ ਉਪਰੰਤ ਹਰ ਸੰਮੇਲਨ ਅੰਦਰ ਸਮੇਤ ਪੈਰਿਸ ਜਲਵਾਯੂ ਐਲਾਨਨਾਮੇ ਦੇ ਜਲਵਾਯੂ ਸੰਧੀ ‘ਤੇ ਵਚਨਬੱਧਤਾ ਨਾਲ ਅਮਲ ਕਰਨ ਦੀ ਉੱਚੀ ਸੁਰ ਵਿਚ ਗੱਲ ਕੀਤੀ ਪਰ ਜਿੱਥੇ ਅਮਰੀਕਾ ਦਾ ਪ੍ਰਧਾਨ ਬਣਨ ਬਾਅਦ ਡੋਨਾਡਲ ਟਰੰਪ ਨੇ ਆਪਣੇ ਦੇਸ਼ ਨੂੰ ਪੈਰਿਸ ਐਲਾਨਨਾਮੇ ਤੋਂ ਵੱਖ ਕਰ ਲਿਆ, Àੁੱਥੇ ਬਹੁਤ ਸਾਰੇ ਦੇਸ਼ ਅਜੇ ਤੱਕ ਗੱਲਾਂ ਤੱਕ ਸੀਮਤ ਰਹੇ ਹਨ। ਨਤੀਜੇ ਵਜੋਂ ਪਿਛਲੇ ਸਾਲ ਗਲੋਬਲ ਵਾਤਾਵਰਨ ਵਿਚ ਕਾਰਬਨ ਦਾ ਨਿਕਾਸ ਰਿਕਾਰਡ 37.1 ਬਿਲੀਅਨ ਟਨ ਤੱਕ ਪਹੁੰਚ ਗਿਆ। ਹਰ ਹਫ਼ਤੇ ਵਿਸ਼ਵ ਅੰਦਰ ਇੱਕ ਆਫਤ ਦਸਤਕ ਦੇ ਰਹੀ ਹੈ। ਇਨ੍ਹਾਂ ਨਾਲ ਨਜਿੱਠਣ ਲਈ ਸਾਲਾਨਾ 520 ਬਿਲੀਅਨ ਡਾਲਰ ਖਰਚਾ ਆ ਰਿਹਾ ਹੈ। ਅਕਤੂਬਰ, 2018 ਵਿਚ ਯੂ. ਐਨ. ਸੰਸਥਾ ਸਬੰਧੀ ਸਾਇੰਸਦਾਨਾਂ ਨੇ ਪੂਰੇ ਵਿਸ਼ਵ ਦੇ ਦੇਸ਼ਾਂ ਅਤੇ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਆਉਣ ਵਾਲੇ 12 ਸਾਲਾਂ ਵਿਚ ਜੇ ਇਹੀ ਹਾਲ ਰਿਹਾ ਤਾਂ 1.5 ਦਰਜੇ ਸੈਂਟੀਗ੍ਰੇਡ ਤਾਪਮਾਨ ਵਧ ਜਾਏਗਾ। ਇਸਦੇ ਨਤੀਜੇ ਵਜੋਂ ਪੂਰੇ ਗਲੋਬ ‘ਤੇ ਵੱਡੀ ਪੱਧਰ ‘ਤੇ ਅਫਰਾ-ਤਫਰੀ ਫੈਲ ਜਾਵੇਗੀ।
ਉੱਤਰੀ ਅਤੇ ਦੱਖਣੀ ਧਰੁਵਾਂ, ਹਿਮਾਲੀਆ, ਐਲਪਸ ਪਰਬਤਾਂ ਤੇ ਹੋਰ ਥਾਵਾਂ ਤੋਂ ਗਲੇਸ਼ੀਅਰ ਅਤੇ ਬਰਫ਼ਾਂ ਪਿਘਲਣ ਕਰਕੇ ਸਮੁੰਦਰਾਂ ਦਾ ਪਾਣੀ ਉੱਪਰ ਉੱਠਣ ਕਰਕੇ ਇੱਕ ਕਰੋੜ ਲੋਕਾਂ ਨੂੰ ਸਮੁੰਦਰੀ ਕੰਢੇ ਸ਼ਹਿਰਾਂ-ਪਿੰਡਾਂ ਵਿੱਚੋਂ ਉਠਾ ਕੇ ਉਨ੍ਹਾਂ ਦਾ ਨਵੇਂ ਸੁਰੱਖਿਅਤ ਥਾਵਾਂ ‘ਤੇ ਮੁੜ-ਵਸੇਬਾ ਕਰਨਾ ਪਵੇਗਾ। ਸੋਕੇ ਅਤੇ ਪਾਣੀ ਦੀ ਘਾਟ, ਅੱਗਾਂ ਲੱਗਣ ਦੀਆਂ ਘਟਨਾਵਾਂ ਵਧਣ ਕਰਕੇ ਵੱਡੀ ਪੱਧਰ ‘ਤੇ ਲੋਕ ਇੱਕ ਥਾਂ ਤੋਂ ਦੂਸਰੀ ਥਾਂ ਵਸਾਉਣੇ ਪੈਣਗੇ। ਕੀੜੇ, ਮਕੌੜੇ, ਜਾਨਵਰ ਅਤੇ ਇਨਸਾਨ ਵਾਤਾਵਰਨ ਦੇ ਮਾਰੂ ਪ੍ਰਭਾਵ ਦੇ ਸ਼ਿਕਾਰ ਬਣਨਗੇ। ਖੇਤੀ ਹੀ ਨਹੀਂ ਸਗੋਂ ਦੂਸਰੇ ਹੋਰ ਧੰਦਿਆਂ ‘ਤੇ ਮਾੜਾ ਅਸਰ ਪੈਣ ਕਰਕੇ ਤਬਦੀਲੀ ਵੇਖਣ ਨੂੰ ਮਿਲੇਗੀ। ਸੰਨ 2018 ਵਿਚ ਹੀ ਇੱਕ ਹੈਰਾਨਕੁੰਨ ਰਿਪੋਰਟ ਦਰਸਾਉਂਦੀ ਹੈ ਕਿ ਸੰਨ 2020 ਵਿਚ ਭਾਰਤ ਦੇ ਦਿੱਲੀ, ਬੈਂਗਲੁਰੂ, ਚੇਨੱਈ ਅਤੇ ਹੈਦਰਾਬਾਦ ਸਮੇਤ 21 ਸ਼ਹਿਰਾਂ ਹੇਠਲਾ ਪਾਣੀ ਖਤਮ ਹੋ ਜਾਵੇਗਾ। ਸੰਨ 2030 ਤੱਕ ਭਾਰਤ ਦੀ 40 ਪ੍ਰਤੀਸ਼ਤ ਅਬਾਦੀ ਪੀਣ ਵਾਲੇ ਪਾਣੀ ਤੋਂ ਮਹਿਰੂਮ ਹੋ ਜਾਵੇਗੀ। ਇਜ਼ਰਾਈਲ ਜਿਸ ਦੀ ਤਰੱਕੀ, ਵਿਕਸਿਤ ਤਕਨੀਕ , ਫ਼ੌਜੀ ਅਤੇ ਪਾਣੀ ਸੰਭਾਲ ਸਬੰਧੀ ਪ੍ਰਾਪਤੀਆਂ ਬਾਰੇ ਵੱਡੇ ਪੱਧਰ ‘ਤੇ ਪ੍ਰਚਾਰ ਹੁੰਦਾ ਹੈ, ਬਾਰੇ ਤਾਜ਼ਾ ਰਿਪੋਰਟ ਵਿਚ ਤੇਲ ਅਵੀਵ ਤੇ ਬੈਨ ਗੋਰੀਅਨ ਯੂਨੀਵਰਸਿਟੀਆਂ ਦੇ ਖੋਜੀ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ਅੰਦਰ ਪਿਛਲੇ 20 ਸਾਲਾਂ ਤੋਂ ਕਰੀਬ 20 ਲੱਖ ਲੋਕ ਗੁਲਾਮਾਂ ਵਾਂਗ ਤੂੜੇ ਹੋਏ ਹਨ। ਉਨ੍ਹਾਂ ਲਈ ਕਿਧਰੇ ਵੀ ਵਧੀਆ ਰਹਿਣ ਵਾਲੇ ਕਮਰਿਆਂ, ਟਾਇਲਟਾਂ, ਸੀਵਰੇਜ਼, ਖਾਣ-ਪੀਣ, ਸਿਹਤ ਤੇ ਵਿੱਦਿਅਕ ਸੇਵਾਵਾਂ ਦਾ ਕੋਈ ਪ੍ਰਬੰਧ ਨਹੀਂ। ਇਸ ਵਿਵਸਥਾ ਕਰਕੇ ਸੰਨ 2020 ਤੱਕ ਇਹ ਸਮੁੱਚਾ ਇਲਾਕਾ ਮਨੁੱਖੀ ਬਸੇਰੇ ਦੇ ਕਾਬਲ ਹੀ ਨਹੀਂ ਰਹੇਗਾ। ਇਸ ਇਲਾਕੇ ਵਿਚ ਫੈਲੇ ਪ੍ਰਦੂਸ਼ਣ, ਗੰਦਗੀ ਤੇ ਕਾਰਬਨ ਸਮੇਤ ਮਾਰੂ ਗੈਸਾਂ ਨੇ ਇਜ਼ਰਾਈਲ ਦੀ ਆਬੋ-ਹਵਾ, ਧਰਤੀ ਹੇਠਲਾ ਪਾਣੀ, ਸਮੁੰਦਰੀ ਕੱਢਿਆਂ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਧਰਤੀ ਹੇਠਲੇ ਪਾਣੀ ਨੂੰ ਖਾਰੇਪਣ ਨਾਲ ਜ਼ਹਿਰੀਲਾ ਬਣਾ ਦਿੱਤਾ ਹੈ। ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਚੀਨ ਅਤੇ ਅਫਰੀਕੀ ਦੇਸ਼ਾਂ ਦੇ ਵੱਡੇ-ਵੱਡੇ ਸ਼ਹਿਰਾਂ ਨੇ ਵੀ ਇਸੇ ਤਰ੍ਹਾਂ ਮਾਨਵ, ਜੀਵ-ਜੰਤੂ ਅਤੇ ਬਨਸਪਤੀ ਮਾਰੂ ਪ੍ਰਦੂਸ਼ਣ ਫੈਲਾ ਰੱਖਿਆ ਹੈ।
ਅਮਰੀਕਾ ਆਪਣੇ ਆਰਥਿਕ ਪੱਖੋਂ ਲਾਹੇਵੰਦ ਕੰਢੀ ਸ਼ਹਿਰਾਂ ਨੂੰ ਸਮੁੰਦਰ ਦਾ ਪਾਣੀ, ਜੋ ਸੰਨ 2100 ਤੱਕ ਦੋ ਮੀਟਰ ਉੱਚਾਈ ‘ਤੇ ਪਹੁੰਚ ਜਾਣ ਦਾ ਡਰ ਹੈ, ਤੋਂ ਬਚਾਉਣ ਲਈ ਸਮੁੰਦਰ ਦੇ ਕੰਢੇ ‘ਤੇ ਉੱਚੀਆਂ ਕੰਧਾਂ ਕੱਢਣ ਦੀ ਯੋਜਨਾ ਬਣਾ ਰਿਹਾ ਹੈ। ਜਲਵਾਯੂ ਮਾਮਲਿਆਂ ਬਾਰੇ ਮਸ਼ਹੂਰ ਅਮਰੀਕੀ ਪੱਤਰਕਾਰ ਡੇਵਿਡ ਵੈਲਸ ਦਾ ਕਹਿਣਾ ਹੈ ਕਿ ਆਲਮੀ ਤਪਸ਼ ਬਾਰੇ ਮਾਨਵ ਜਾਤੀ ਦੇ ਲੋਕ ਪੂਰੇ ਗਲੋਬ ਵਿਚ ਤਿੰਨ ਭਰਮ ਪਾਲੀ ਬੈਠੇ ਹਨ। ਪਹਿਲਾ ਇਹ ਕਿ ਆਲਮੀ ਤਪਸ਼ ਹੌਲੀ-ਹੌਲੀ ਵਧੇਗੀ। ਇਸ ਸਮੇਂ ਦੌਰਾਨ ਇਸ ਨਾਲ ਨਜਿੱਠਣ ਵਾਲੇ ਉਪਾਅ ਇਜ਼ਾਦ ਕਰ ਲਏ ਜਾਣਗੇ। ਦੂਸਰਾ ਆਲਮੀ ਤਪਸ਼ ਸਾਡੀ ਧਰਤੀ ਦੇ ਕੁਝ ਇੱਕ ਹਿੱਸਿਆਂ ਨੂੰ ਪ੍ਰਭਾਵਿਤ ਕਰੇਗੀ, ਨਾ ਕਿ ਸਾਰੇ ਗਲੋਬ ਨੂੰ ਆਪਣੀ ਲਪੇਟ ‘ਚ ਲਵੇਗੀ। ਤੀਸਰਾ, ਇਹ ਆਲਮੀ ਤਪਸ਼ ਏਨੀ ਸ਼ਦੀਦ ਨਹੀਂ ਹੋਵੇਗੀ ਕਿ ਝੱਲੀ ਨਾ ਜਾ ਸਕੇ। ਪਰ ਮਾਨਵ ਜਾਤੀ ਨੂੰ ਇੰਨਾ ਭਰਮ-ਭੁਲੇਖਿਆਂ ਤੋਂ ਬਚਣ ਦੀ ਲੋੜ ਹੈ ਕਿਉਂਕਿ ਹੁਣ ਸਮਾਂ ਬਹੁਤ ਹੀ ਥੋੜ੍ਹਾ ਹੈ। ਬਹੁਤ ਸਾਰੇ ਜਲਵਾਯੂ ਵਿਗਿਆਨੀ ਇਸ ਆਲਮੀ ਲੂਅ ਭਰੀ ਤਪਸ਼ ਤੋਂ ਇਸ ਗਲੋਬ ਨੂੰ ਬਚਾਉਣ ਦਾ ਤੁਰੰਤ ਤੋੜ ਵੱਡੇ ਪੱਧਰ ‘ਤੇ ਵਚਨਬੱਧਤਾ ਤੇ ਜਿੰਮੇਵਾਰੀ ਨਾਲ ਦਰੱਖ਼ਤ ਲਾਉਣਾ ਮੰਨਦੇ ਹਨ। ਇਸ ਸਮੇਂ ਇਸ ਕਾਰਜ ਲਈ ਇੱਕ ਟ੍ਰਿਲੀਅਨ ਦਰੱਖ਼ਤ ਲਾਉਣ ਦੀ ਲੋੜ ਹੈ। ਜਿਸ ਨਾਲ ਪੂਰਾ ਚੀਨ ਤੇ ਅਮਰੀਕਾ ਕੱਜੇ ਜਾ ਸਕਦੇ ਹਨ। ਇਸ ਯੋਜਨਾ ‘ਤੇ 300 ਬਿਲੀਅਨ ਡਾਲਰ ਖ਼ਰਚਾ ਆਵੇਗਾ। ਪ੍ਰਾਚੀਨ ਭਾਰਤ ਵਿਚ ਇਹ ਯੋਜਨਾ ਸਾਡੇ ਸਮਾਜ ਅਤੇ ਸ਼ਾਸਨ ਦਾ ਅੰਗ ਹੁੰਦੀ ਸੀ। ਪੰਜਾਬ ਦਾ ਵਿਸ਼ਵ ਪ੍ਰਸਿੱਧ ਸਫ਼ਲ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਇਸ ਯੋਜਨਾ ਸਬੰਧੀ ਵਿਆਪਕ ਦੂਰ ਅੰਦੇਸ਼ੀ ਰੱਖਦਾ ਸੀ। ਉਹ ਗਰਮੀਆਂ ਵਿਚ ਸ੍ਰੀਨਗਰ ਜਾਂ ਹੋਰ ਪਹਾੜੀ ਰਿਹਾਇਸ਼ਗਾਹਾਂ ਦੀ ਥਾਂ ਹਰ ਸਾਲ ਦੋ-ਤਿੰਨ ਮਹੀਨੇ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਠਹਿਰਦਾ ਸੀ। ਕਾਰਨ ਇੱਥੇ ਅੰਬਾਂ, ਸ਼ਹਿਤੂਤਾਂ ਤੇ ਜਾਮਨਾਂ ਦੇ ਸੈਂਕੜੇ ਬਾਗ-ਬਗੀਚੇ ਅਤੇ ਹੋਰ ਘਣੀ ਬਨਸਪਤੀ ਪਹਾੜੀ ਸਥਾਨਾਂ ਨਾਲੋਂ ਵੀ ਜ਼ਿਆਦਾ ਠੰਢਕ ਰੱਖਦੀ ਸੀ। ਪਰ ਅਸੀਂ ਅੱਜ ਇਸ ਯੋਜਨਾ ਤੋਂ ਦੂਰ ਹੋ ਚੁੱਕੇ ਹਾਂ ਅਤੇ ਨਾ ਹੀ ਇਸ ਪ੍ਰਤੀ ਸੰਜ਼ੀਦਾ ਹਾਂ।
ਮਿਸਾਲ ਵਜੋਂ ਦੁਨੀਆ ਦੇ ਵਿਕਸਿਤ ਦੇਸ਼ ਇੰਗਲੈਂਡ ਨੇ ਸੰਨ 2018-19 ਵਿਚ 3509 ਹੈਕਟੇਅਰ ਧਰਤੀ ‘ਤੇ ਦਰੱਖ਼ਤ ਲਾਉਣ ਦੀ ਯੋਜਨਾ ਬਣਾਈ ਸੀ ਪਰ ਮਾਰਚ, 2019 ਤੱਕ 1320 ਹੈਕਟੇਅਰ ਧਰਤੀ ‘ਤੇ ਦਰੱਖ਼ਤ ਲਾਏ ਜਾ ਸਕੇ ਭਾਵ ਨਿਸ਼ਾਨੇ ਤੋਂ 70 ਪ੍ਰਤੀਸ਼ਤ ਘੱਟ। ਵਿਸ਼ਵ ਦੀ ਸਭ ਤੋਂ ਜ਼ਰਖੇਜ਼ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਭਾਰਤ ਅੰਦਰਲਾ ਹਿੱਸਾ ਅੱਜ ਪਾਣੀ ਦੀ ਕਿੱਲਤ ਤੇ ਅੱਤ ਦੀ ਤਪਸ਼ ਭਰੀ ਅਸਹਿਣਸ਼ੀਲ ਗਰਮੀ ਦਾ ਸ਼ਿਕਾਰ ਬਣਿਆ ਪਿਆ ਹੈ। ਧਰਤੀ ਹੇਠਲਾ ਪਾਣੀ 100 ਤੋਂ 600 ਫੁੱਟ ਥੱਲੇ ਚਲਾ ਗਿਆ ਹੈ। ਇਹ ਪਾਣੀ ਪੀਣਯੋਗ ਵੀ ਨਹੀਂ ਰਿਹਾ। ਵਿਸ਼ਵ ਪ੍ਰਸਿੱਧ ਆਰਥਿਕ ਮਾਹਿਰ ਡਾ. ਸਰਦਾਰਾ ਸਿੰਘ ਜੌਹਲ ਨੇ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਾਉਣ ਤੋਂ ਤੌਬਾ ਕਰਨ ਦੀ ਤੰਬੀਹ ਕੀਤੀ ਹੈ। ਜਦੋਂ ਕਿਸਾਨਾਂ ਦੇ ਇੱਕ ਗਰੁੱਪ ਨੇ ਉਨ੍ਹਾਂ ‘ਤੇ ਸਵਾਲ ਕੀਤਾ ਕਿ ਫਿਰ ਉਨ੍ਹਾਂ ਨੂੰ ਇਸ ਫ਼ਸਲ ਦਾ ਬਦਲ ਦੱਸਿਆ ਜਾਵੇ ਕਿ ਉਹ ਇਸ ਦੀ ਥਾਂ ਹੋਰ ਕਿਹੜੀ ਫ਼ਸਲ ਬੀਜਣ। ਡਾ. ਜੌਹਲ ਦਾ ਅਤਿ ਸੂਝ ਭਰਿਆ ਉੱਤਰ ਸੀ ਕਿ ਉਹ ਉਹੀ ਫਸਲ ਬੀਜਣ ਜੋ ਪਾਣੀ ਖ਼ਤਮ ਹੋਣ ਬਾਅਦ ਬੀਜਣਗੇ ਮੋਨਾਸ਼ ਯੂਨੀਵਰਸਿਟੀ, ਅਮਰੀਕਾ ਦੇ ਪ੍ਰੋ. ਯੂਸਿੰਗ ਦੀ ਖ਼ੋਜ ਦਰਸਾਉਂਦੀ ਹੈ ਕਿ ਜੇ ਮਨੁੱਖ ਨੇ ਵਾਤਾਵਰਨ ਸੰਭਾਲ ਲਈ ਸੰਜੀਦਾ ਉਪਰਾਲੇ ਨਾ ਕੀਤੇ ਤਾਂ ਭਵਿੱਖ ਵਿਚ ਗਰਮ ਹਵਾਵਾਂ ਦਾ ਪ੍ਰਕੋਪ 471 ਪ੍ਰਤੀਸ਼ਤ ਵਧ ਜਾਵੇਗਾ। ਭਾਰਤ, ਚੀਨ, ਅਮਰੀਕਾ (ਵੱਡੀ ਅਬਾਦੀ ਵਾਲੇ ਦੇਸ਼) ਯੂਨਾਨ, ਜਪਾਨ, ਅਸਟਰੇਲੀਆ, ਕੈਨੇਡਾ ਆਦਿ ਇਸ ਦੇ ਸ਼ਿਕਾਰ ਬਣਨਗੇ।
ਇਸ ਤੋਂ ਬਚਣ ਲਈ ਅਮਰੀਕਾ ਅਤੇ ਕੈਨੇਡਾ ਵਿਚ ਬਿਨਾਂ ਨਫਾ-ਨੁਕਸਾਨ ਵਾਲੀ ‘ਗਲੋਬਲ ਕੂਲ ਸਿਟੀ ਅਲਾਇੰਸ ਸੰਸਥਾ’ ਨੇ ਠੰਢੀ ਛੱਤ ਵਾਲੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਬ੍ਰਿਟਿਸ਼ ਸਰਕਾਰ ਨੇ ਸੰਨ 2050 ਤੱਕ ਦੇਸ਼ ਵਿਚ ਜ਼ੀਰੋ ਪ੍ਰਤੀਸ਼ਤ ਕਾਰਬਨ ਧੂੰਆਂ ਵਿਵਸਥਾ ਦਾ ਨਿਸ਼ਾਨਾ ਰੱਖਿਆ ਹੈ ਜਿਸ ਤਹਿਤ ਤਿੰਨ ਬਿਲੀਅਨ ਦਰੱਖ਼ਤ ਲਾਏ ਜਾਣਗੇ। ਖੱਬੇਪੱਖੀ ਡੈਮੋਕ੍ਰੇਟਾਂ ਨੇ ਅਮਰੀਕਾ ਵਿਚ ‘ਨਵੀਂ ਹਰੀ ਡੀਲ’ ਨੂੰ ਅਪਣਾਇਆ ਹੈ। ਆਰਥਿਕ ਮਾਹਿਰ ਜੋਸਿਫ ਸਟਿਗਲਿਟਜ਼ ਲਿਖਦੇ ਹਨ ਕਿ ਸਾਨੂੰ ਵਾਤਾਵਰਨ ਤਬਦੀਲੀ ਨੂੰ ਤੀਸਰੀ ਵਿਸ਼ਵ ਜੰਗ ਵਜੋਂ ਕਬੂਲ ਕਰਨਾ ਚਾਹੀਦਾ ਹੈ। ਮਾਨਵ ਸੱਭਿਅਤਾ ਖ਼ਤਰੇ ਵਿਚ ਹੈ। ਜਿਨ੍ਹਾਂ ਹਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਪਹਿਲਾਂ ਕਦੇ ਵੀ ਨਹੀਂ ਸਨ। ਥਨਬਰਗ ਨੇ ਵਾਤਾਵਰਨ ਸੰਕਟ ਨੂੰ ‘ਮਾਨਵ ਹੋਂਦ ਦਾ ਸੰਕਟ’ ਦਰਸਾਇਆ ਹੈ। ਯੂ. ਐਨ. ਵਿਗਿਆਨੀ ਇਮਲੀ ਜਹਨਸਨ ਸਮੁੰਦਰੀ ਹਲਚਲ ਤੇ ਪ੍ਰਦੂਸ਼ਣ ਤੋਂ ਦੁਖੀ ਹੈ। ਉਸ ਨੇ ਖੇਤੀ ਅਤੇ ਜੰਗਲ ਸੈਕਟਰਾਂ ਵਿਚ ਵੱਡੀਆਂ ਤਬਦੀਲੀਆਂ ‘ਤੇ ਜ਼ੋਰ ਦਿੱਤਾ ਹੈ। ਥਨਬਰਗ ਨੇ ਤਾਂ 20 ਸਤੰਬਰ, 2019 ਨੂੰ ਵਾਤਾਵਰਨ ਸੰਭਾਲ ਨੂੰ ਲੈ ਕੇ ਵਿਸ਼ਵ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਇਵੇਂ ਹੀ ਹੋਰ ਪੱਛਮੀ ਦੇਸ਼ਾਂ ਵਿਚ ਗਰੀਨ ਹਮਾਇਤੀ ਤਕੜੇ ਹੋ ਰਹੇ ਹਨ। ਭਾਰਤ ਦੀ ਲੇਖਕਾ ਅਰੁੰਧਤੀ ਰਾਏ ਦਾ ਮੱਤ ਹੈ ਕਿ ਹੁਣ ਕਿਆਫੇ ਲਾਉਣੇ ਬੰਦ ਕਰ ਦੇਣੇ ਚਾਹੀਦੇ ਹਨ ਤੇ ਵਾਤਾਵਰਨ ਸੰਭਾਲ ਦੇ ਪਵਿੱਤਰ ਕਾਰਜ ਲਈ ਜੁੱਟ ਜਾਣਾ ਚਾਹੀਦਾ ਹੈ। ਸੋ ਮਾਨਵ ਹੋਂਦ ਅਤੇ ਸੱਭਿਅਤਾ ਨੂੰ ਵਾਤਾਵਰਨ ਸੰਕਟ ਤੋਂ ਬਚਾਉਣ ਲਈ ਸਾਨੂੰ ਸਭ ਨੂੰ ਮਿਲ-ਜੁਲ ਕੇ ਹੁਣ ਤੋਂ ਹੀ ਜੁੱਟ ਜਾਣਾ ਚਾਹੀਦਾ ਹੈ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।