ਸਿਫਾਰਸ਼ੀ ਤਬਾਦਲੇ ਬੰਦ, ਨਵੀਂ ਨੀਤੀ ਲਾਗੂ

Recommended, Transfer Closing, New Policy On

ਹੁਣ 2 ਜੁਲਾਈ ਤੋਂ 31 ਜੁਲਾਈ ਤੱਕ ਹੀ ਹੋਣਗੇ ਅਧਿਆਪਕਾਂ ਦੇ ਤਬਾਦਲੇ

ਮੈਰਿਟ ਦੇ ਆਧਾਰ ‘ਤੇ ਹੋਣਗੇ ਤਬਾਦਲੇ

ਅਸ਼ਵਨੀ ਚਾਵਲਾ, ਚੰਡੀਗੜ੍ਹ

ਸਿੱਖਿਆ ਵਿਭਾਗ ਨੇ ਆਪਣੀ ਉਸ ਤਬਾਦਲਾ ਨੀਤੀ ਨੂੰ ਲਾਗੂ ਕਰ ਦਿੱਤਾ  ਹੈ, ਜਿਹੜੀ ਕਿ ਸਾਲ 2017 ਤੋਂ ਹੀ ਲਟਕਦੀ ਆ ਰਹੀ ਹੈ। ਹਾਲਾਂਕਿ ਇਸ ਤਬਾਦਲਾ ਨੀਤੀ ਨੂੰ ਲਾਗੂ ਕਰਨ ਲਈ ਪਿਛਲੇ ਸਿੱਖਿਆ ਮੰਤਰੀਆਂ ਨੇ ਵੀ ਆਪਣੀ ਕੋਸ਼ਿਸ਼ ਕੀਤੀ ਪਰ ਸਿਆਸੀ ਦਾਅ ਪੇਚ ਦੀ ਬਲੀ ਚੜ੍ਹਦੀ ਰਹੀ ਪਰ ਹੁਣ ਕੁਝ ਦਿਨਾਂ ਪਹਿਲਾਂ ਹੀ ਸਿੱਖਿਆ ਮੰਤਰੀ ਬਣੇ ਸ੍ਰੀ ਵਿਜੈਇੰਦਰ ਸਿੰਗਲਾ ਨੇ ਤਬਾਦਲਾ ਨੀਤੀ ਨੂੰ ਲਾਗੂ ਕਰਦੇ ਹੋਏ ਸਪੱਸ਼ਟ ਕਰ ਦਿੱਤਾ ਹੈ ਕਿ ਸਿੱਖਿਆ ਵਿਭਾਗ ਵਿੱਚ ਹੁਣ ਤੋਂ ਬਾਅਦ ਵਿਭਾਗੀ ਨੀਤੀਆਂ ਨੂੰ ਲੈ ਕੇ ਕੋਈ ਵੀ ਦੇਰੀ ਨਹੀਂ ਕੀਤੀ ਜਾਏਗੀ, ਸਗੋਂ ਇਸ ਨੂੰ ਤੁਰੰਤ ਲਾਗੂ ਕੀਤਾ ਜਾਏਗਾ।

ਸਿੱਖਿਆ ਵਿਭਾਗ ਵੱਲੋਂ ਸਕੂਲੀ ਅਧਿਆਪਕਾਂ ਲਈ ਤਬਾਦਲਾ ਨੀਤੀ ਦਾ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਅਧਿਆਪਕਾਂ ਨੂੰ ਇੱਕ ਹਫ਼ਤੇ ਦਾ ਸਮਾਂ ਦੇ ਦਿੱਤਾ ਹੈ, ਜਿਸ ਵਿੱਚ ਸਿੱਖਿਆ ਵਿਭਾਗ ਵੱਲੋਂ ਬਣਾਏ ਗਏ 5 ਜ਼ੋਨ ਨੂੰ ਲੈ ਕੇ ਹੀ ਇਤਰਾਜ਼ ਮੰਗੇ ਗਏ ਹਨ, ਜਿਸ ਤੋਂ ਬਾਅਦ ਇਸ ਨੀਤੀ ਨੂੰ ਲਾਗੂ ਕਰ ਦਿੱਤਾ ਜਾਏਗਾ।

ਇਹ ਨੀਤੀ ਸੇਵਾ ਮੁਕਤੀ ਦੀ ਉਮਰ ਤੋਂ ਬਾਅਦ ਸੇਵਾ ਕਾਲ ਵਿੱਚ ਵਾਧਾ ਲੈਣ ਵਾਲੇ ਕਰਮਚਾਰੀਆਂ ਨੂੰ ਛੱਡ ਕੇ ਟੀਚਿੰਗ ਕਾਡਰ ਦੀਆਂ ਸਾਰੀਆਂ ਅਸਾਮੀਆਂ ਈ.ਟੀ.ਟੀ., ਐਚ.ਟੀ., ਸੀ.ਐਚ.ਟੀ., ਮਾਸਟਰ, ਸੀ ਐਂਡ ਵੀ, ਲੈਕਚਰਾਰ ਅਤੇ ਵੋਕੇਸ਼ਨਲ ਮਾਸਟਰ ‘ਤੇ ਲਾਗੂ ਹੋਵੇਗੀ। ਦਜੋਂਕਿ ਮਨਿਸਟਰੀਅਲ ਕਾਡਰ, ਬਲਾਕ ਅਫ਼ਸਰਾਂ, ਜ਼ਿਲ੍ਹਾ ਸਿਖਿਆਂ ਅਧਿਕਾਰੀਆਂ, ਪ੍ਰਿੰਸੀਪਲ ਡਾਈਟ, ਸਕੂਲ ਹੈਡ ਮਾਸਟਰ ਅਤੇ ਸਕੂਲ ਪਿੰ੍ਰਸੀਪਲ ਨੂੰ ਇਸ ਪਾਲਿਸੀ ਅਧੀਨ ਕਵਰ ਨਹੀਂ ਕੀਤਾ ਜਾਵੇਗਾ।

ਇਸ ਤਬਾਦਲਾ ਨੀਤੀ ਤਹਿਤ ਕੋਈ ਵੀ ਅਧਿਆਪਕ 2 ਸਾਲ ਵਿੱਚ ਇੱਕ ਵਾਰ ਆਪਣਾ ਤਬਾਦਲਾ ਕਰਵਾ ਸਕੇਗਾ। ਜਿਸ ਦਾ ਤਬਾਦਲਾ ਹੋ ਜਾਏਗਾ, ਉਸ ਨੂੰ ਅਗਲੇ ਦੋ ਸਾਲ ਬਾਅਦ ਹੀ ਤਬਾਦਲੇ ਲਈ ਮੌਕਾ ਮਿਲੇਗਾ। ਸ੍ਰੀ ਸਿੰਗਲਾ ਨੇ ਦੱਸਿਆ ਕਿ ਤਬਾਦਲਾ ਨੀਤੀ ਤਹਿਤ ਰੋਜ਼ਾਨਾ ਤਬਾਦਲੇ ਹੁੰਦੇ ਰਹਿਣਗੇ ਅਤੇ ਖਾਲੀ ਹੋਏ ਸਟੇਸ਼ਨਾਂ ‘ਤੇ ਕੋਈ ਵੀ ਅਧਿਆਪਕ ਮੁੜ ਤੋਂ ਅਪਲਾਈ ਕਰ ਸਕੇਗਾ, ਜਿਹੜਾ ਕਿ ਪਿਛਲਾ ਸਟੇਸ਼ਨ ਲੈਣ ਵਿੱਚ ਅਸਫ਼ਲ ਹੋਇਆ ਹੈ। ਇਸ ਸਾਲ 2 ਜੁਲਾਈ ਤੋਂ ਬਾਅਦ ਤਬਾਦਲੇ ਦਾ ਕੰਮ ਸ਼ੁਰੂ ਹੋਏਗਾ, ਜਿਹੜਾ ਕਿ 31 ਜੁਲਾਈ ਤੱਕ ਚਲਦਾ ਰਹੇਗਾ।

ਤਬਾਦਲਿਆਂ ਦੀ ਪ੍ਰਕਿਰਿਆ ਲਈ ਨੀਤੀ ਵਿੱਚ ਸੂਚੀਬੱਧ ਟਾਈਮ ਟੇਬਲ ਸਬੰਧੀ ਵੇਰਵੇ ਦਿੰਦਿਆਂ ਸਿੰਗਲਾ ਨੇ ਕਿਹਾ ਕਿ ਨਵੇਂ ਸਕੂਲ, ਸਕੂਲਾਂ/ਸੈਕਸ਼ਨਾਂ ਦੀ ਅਪਗ੍ਰੇਡੇਸ਼ਨ, ਨਵੇਂ ਵਿਸ਼ੇ/ਸਟਰੀਮ ਨੂੰ ਸ਼ਾਮਿਲ ਕਰਨਾ ਅਤੇ  ਟੀਚਿੰਗ ਅਸਾਮੀਆਂ ਦੀ ਰੀਡਿਸਟ੍ਰੀਬਿਊਸ਼ਨ/ਰੈਸ਼ਨੇਲਾਈਜੇਸ਼ਨ ਸਬੰਧੀ ਫੈਸਲਾ ਹਰੇਕ ਸਾਲ 1 ਦਸੰਬਰ ਤੋਂ 31 ਦਸੰਬਰ ਤੱਕ ਲਿਆ ਜਾਵੇਗਾ।

ਤਬਾਦਲਿਆਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਦੀ ਮਿਤੀ ਤੋਂ ਲੈ ਕੇ 1 ਮਹੀਨੇ ਵਿੱਚ ਸਾਰੀ ਪ੍ਰਕਿਰਿਆ ਮੁਕੰਮਲ ਕਰਨ ਦੀ ਸ਼ਰਤ ‘ਤੇ ਤਬਾਦਲਾ ਪ੍ਰਕਿਰਿਆ ਦੇ ਕਿੰਨੇ ਵੀ ਪੜਾਅ ਹੋ ਸਕਦੇ ਹਨ। ਅਸਲ ਖਾਲੀ ਅਸਾਮੀਆਂ ਲਈ ਕੁਆਲੀਫਾਇੰਗ ਮਿਤੀ, ਪੁਆਇੰਟ ਕੈਲਕੂਲੇਸ਼ਨ, ਕਾਉਂਟ ਆਫ਼ ਸਟੇਅ ਦੀ ਤਾਰੀਖ਼ ਹਰੇਕ ਸਾਲ 31 ਮਾਰਚ ਹੋਵੇਗੀ।

ਅਸਾਮੀ ਵਿਰੁੱਧ ਕਲੇਮ ਦੇ ਫੈਸਲੇ ਲਈ ਅਪਣਾਏ ਗਏ ਪੁਆਇੰਟ ਕੈਲਕੂਲੇਸ਼ਨ ਸਿਸਟਮ ਬਾਰੇ ਜਾਣਕਾਰੀ ਦਿੰਦਿਆਂ, ਸਿੱÎਖਿਆ ਮੰਤਰੀ ਨੇ ਕਿਹਾ ਕਿ ਅਸਾਮੀ ਲਈ ਅਲਾਟਮੈਂਟ ਦਾ ਫੈਸਲਾ ਅਧਿਆਪਕ ਦੁਆਰਾ 250 ਪੁਆਇੰਟਾਂ ਵਿੱਚੋਂ ਹਾਸਲ ਕੀਤੇ ਪੁਆਇੰਟਾਂ ਦੇ ਕੁੱਲ ਸੰਯੁਕਤ ਸਕੋਰ ‘ਤੇ ਅਧਾਰਤ ਹੋਵੇਗਾ।

ਕੱਲ੍ਹ ਤੋਂ ਹੀ ਪੈ ਰਿਹਾ ਸੀ ਦਬਾਅ, ਫੋਨ ਹੀ ਚੁੱਕਣਾ ਕਰ ਦਿੱਤਾ ਸੀ ਬੰਦ : ਸਿੰਗਲਾ

ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਉਹ ਤਬਾਦਲਾ ਨੀਤੀ ਨੂੰ ਲਾਗੂ ਕਰਨ ਬਾਰੇ ਪਹਿਲਾਂ ਤੋਂ ਹੀ ਉਨ੍ਹਾਂ ਨੇ ਫੈਸਲਾ ਲੈ ਲਿਆ ਸੀ ਅਤੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਹੈ। ਇਸੇ ਦੇ ਚਲਦੇ ਉਹ ਨੀਤੀ ਨੂੰ ਲਾਗੂ ਕਰਨ ਮੌਕੇ ਡਗਮਗਾਏ ਨਹੀਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਦਿਨ ਤੋਂ ਉਨ੍ਹਾਂ ਕੋਲ ਕਾਫ਼ੀ ਜਿਆਦਾ ਫੋਨ ਆ ਰਹੇ ਹਨ, ਜਿਹੜੇ ਕਿ ਨੀਤੀ ਨੂੰ ਲਾਗੂ ਨਾ ਕਰਨ ਨੂੰ ਲੈ ਕੇ ਦਬਾਅ ਬਣਾ ਸਕਦੇ ਹਨ ਪਰ ਉਨ੍ਹਾਂ ਨੇ ਕਿਸੇ ਦਾ ਵੀ ਫੋਨ ਨਹੀਂ ਚੁੱਕਿਆ ਹੈ। ਹੁਣ ਨੀਤੀ ਨੂੰ ਲਾਗੂ ਕਰ ਦਿੱਤਾ ਹੈ ਅਤੇ ਹੁਣ ਤੋਂ ਬਾਅਦ ਉਹ ਸਾਰਿਆ ਦਾ ਫੋਨ ਚੁੱਕਣਗੇ।

ਨਹੀਂ ਮੰਨਦਾ ਸਿਆਸੀ ਦਬਾਅ ਦੀ ਪਰਵਾਹ, ਮੁੱਖ ਮੰਤਰੀ ਹਨ ਨਾਲ

ਵਿਜੇਇੰਦਰ ਸਿੰਗਲਾ ਨੇ ਦਾਅਵਾ ਕੀਤਾ ਕਿ ਇਹ ਤਬਾਦਲਾ ਨੀਤੀ ਨਾ ਸਿਰਫ਼ ਲਾਗੂ ਕੀਤੀ ਗਈ ਹੈ, ਸਗੋਂ ਇਸ ਨੂੰ ਸਫ਼ਲਤਾ ਤਰੀਕੇ ਨਾਲ ਅੱਗੇ ਵੀ ਲੈ ਕੇ ਜਾਇਆ ਜਾਏਗਾ, ਉਨਾਂ ਕਿਹਾ ਕਿ ਇਸ ਨੀਤੀ ਦੇ ਮਾਮਲੇ ਵਿੱਚ ਉਹ ਕਿਸੇ ਵੀ ਸਿਆਸੀ ਦਬਾਅ ਦੀ ਪਰਵਾਹ ਨਹੀਂ ਕਰਦੇ, ਭਾਵੇਂ ਸਾਹਮਣੇ ਕੋਈ ਵਿਧਾਇਕ ਜਾਂ ਫਿਰ ਕੋਈ ਵੱਡਾ ਲੀਡਰ ਵੀ ਕਿਉਂ ਨਾ ਹੋਵੇ। ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਉਨ੍ਹਾਂ ਦੇ ਨਾਲ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।