ਅਪ੍ਰੇਸ਼ਨ ਥੀਏਟਰ ਤਿੰਨ ਦਿਨ ਤੋਂ ਬੰਦ, ਮਰੀਜ਼ ਪ੍ਰੇਸ਼ਾਨ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਸ਼ਹਿਰ ਅੰਦਰ ਨਰਸਾਂ, ਦਰਜਾ ਚਾਰ ਮੁਲਾਜ਼ਮਾਂ ਅਤੇ ਐਨਸਿਲਰੀ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਨੇ ਰਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਆਉਣ ਵਾਲੇ ਮਰੀਜਾਂ ਦੇ ਖਰਚੇ ਅਤੇ ਬਿਮਾਰੀਆਂ ਵਿੱਚ ਵਾਧਾ ਕਰ ਦਿੱਤਾ ਹੈ। ਹੋਰ ਤਾਂ ਹੋਰ ਨਰਸਾਂ ਵੱਲੋਂ ਬੰਦ ਕੀਤੇ ਗਏ ਅਪ੍ਰੇਸ਼ਨ ਥੀਏਟਰਾਂ ਕਾਰਨ ਮਰੀਜਾਂ ਦੇ ਹੋਣ ਵਾਲੇ ਅਪਰੇਸ਼ਨ ਅੱਗੇ ਲਮਕ ਗਏ ਹਨ, ਜਿਸ ਕਾਰਨ ਮਰੀਜਾਂ ਦੀ ਮੁਸਕਿਲਾਂ ਵਿੱਚ ਭਾਰੀ ਵਾਧਾ ਹੋ ਗਿਆ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਆਪਣੀ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਨਰਸਾਂ ਅਤੇ ਹੋਰ ਸਟਾਫ਼ ਵੱਲੋਂ ਪਿਛਲੇ ਕਈ ਦਿਨਾਂ ਤੋਂ ਹੜ੍ਹਤਾਲ ਕੀਤੀ ਹੋਈ ਹੈ। ਹੜਤਾਲੀ ਸਟਾਫ਼ ਵੱਲੋਂ ਆਪਣੇ ਪ੍ਰਦਰਸ਼ਨ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਪ੍ਰੇਸ਼ਨ ਥੀਏਟਰਾਂ ਨੂੰ ਤਾਲਾ ਜੜ ਦਿੱਤਾ ਗਿਆ ਸੀ, ਜੋ ਕਿ ਪਿਛਲੇ ਤਿੰਨ ਦਿਨਾਂ ਤੋਂ ਬੰਦ ਪਏ ਹਨ। ਰਜਿੰਦਰਾ ਹਸਪਤਾਲ ਦੀ ਮੈਨੇਜਮੈਂਟ ਵੱਲੋਂ ਇਨ੍ਹਾਂ ਅਪ੍ਰੇਸ਼ਨ ਥੀਏਟਰਾਂ ਨੂੰ ਖੋਲਣ ਲਈ ਕੋਈ ਯਤਨ ਨਹੀਂ ਕੀਤਾ ਗਿਆ, ਜਿਸ ਦਾ ਸਿੱਧਾ ਖਮਿਆਜਾ ਇੱਥੇ ਅਪ੍ਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਹੈ।
ਪਤਾ ਲੱਗਾ ਹੈ ਕਿ ਰਜਿੰਦਰਾ ਹਸਪਤਾਲ ਦੇ ਗਿਆਨੀ ਅਪ੍ਰੇਸ਼ਨ ਥੀਏਟਰ, ਯੂਰੋਲੋਜੀ ਅਪ੍ਰੇਸ਼ਨ ਥੀਏਟਰ, ਆਰਥੋਂ ਓ.ਟੀ, ਈ. ਐਨ.ਟੀ., ਜਨਰਲ ਸਰਜਰੀ ਓ.ਟੀ, ਆਈ.ਓ.ਟੀ, ਪਲਾਸਟਿਕ ਸਰਜਰੀ ਓ.ਟੀ ਸਮੇਤ ਹੋਰ ਵਿਭਾਗਾਂ ਦੇ ਅਪ੍ਰੇਸ਼ਨ ਥੀਏਟਰ ਬੰਦ ਪਏ ਹਨ ਜਿੱਥੇ ਕਿ ਤਿੰਨ ਦਿਨਾਂ ਤੋਂ ਕਿਸੇ ਵੀ ਮਰੀਜ਼ ਦਾ ਅਪ੍ਰੇਸ਼ਨ ਨਹੀਂ ਕੀਤਾ ਜਾ ਰਿਹਾ। ਇਨ੍ਹਾਂ ਵਿਭਾਗਾਂ ਵਿੱਚ ਰੋਜ਼ਾਨਾ 100 ਤੋਂ ਜ਼ਿਆਦਾ ਅਪ੍ਰੇਸ਼ਨ ਹੁੰਦੇ ਹਨ, ਜੋ ਕਿ ਹੁਣ ਬੰਦ ਪਏ ਹੋਣ ਕਾਰਨ ਮਰੀਜ਼ਾਂ ਲਈ ਦਰਦ ਦਾ ਕਾਰਨ ਬਣ ਰਹੇ ਹਨ।
ਨਰਸਾਂ ਤੇ ਹੋਰ ਸਟਾਫ਼ ਦੀ ਹੜਤਾਲ ਅੱਗੇ ਹਸਪਤਾਲ ਦਾ ਪ੍ਰਸ਼ਾਸਨ ਵੀ ਹੱਥ ਖੜ੍ਹੇ ਕਰ ਰਿਹਾ ਹੈ ਅਤੇ ਉਹ ਇਨ੍ਹਾਂ ਬੰਦ ਪਏ ਅਪ੍ਰੇਸ਼ਨ ਥੀਏਟਰਾਂ ਸਬੰਧੀ ਕੋਈ ਰਾਹ ਨਹੀਂ ਕੱਢ ਰਿਹਾ। ਰਜਿੰਦਰਾ ਹਸਪਤਾਲ ਅੰਦਰ ਮਾਲਵੇ ਤੋਂ ਇਲਾਵਾ ਨਾਲ ਲਗਦੇ ਗੁਆਂਢੀ ਰਾਜ ਹਰਿਆਣਾ ਤੋਂ ਵੀ ਮਰੀਜ਼ ਪੁੱਜਦੇ ਹਨ, ਜਿਨ੍ਹਾਂ ਹੁਣ ਹੜ੍ਹਤਾਲ ਤੇ ਹੋਰ ਬਿਮਾਰ ਬਣਾ ਦਿੱਤਾ ਹੈ। ਸੁਨਾਮ ਤੋਂ ਪੁੱਜੇ ਬਜੁਰਜ਼ਗ ਔਰਤ ਵੀਰਮਤੀ ਅਤੇ ਅਨੂਪ ਕੁਮਾਰ ਨੇ ਦੱਸਿਆ ਕਿ ਉਹ ਆਪਣ ਮਰੀਜ਼ ਰਾਜਨ ਕੁਮਾਰ ਨੂੰ ਲੈਕੇ ਦੋਂ ਦਿਨ ਪਹਿਲਾ ਆਏ ਸਨ, ਜੋਂ ਕਿ ਗੁਰਦਿਆ ਅਤੇ ਬਾਥਰੂਮ ਨਾ ਆਉਣ ਕਾਰਨ ਪੀੜਤ ਹੈ ਪਰ ਉਨ੍ਹਾਂ ਦੇ ਮਰੀਜ਼ ਦਾ ਅਜੇ ਤੱਕ ਇਲਾਜ ਸ਼ੁਰੂ ਨਹੀਂ ਹੋਇਆ।
ਉਸ ਨੇ ਦੱਸਿਆ ਕਿ ਉਸ ਨੂੰ ਟੈਸਟਾਂ ਲਈ ਕਦੇ ਕਿੱਧਰੇ ਭੇਜ ਦਿੱਤਾ ਜਾਂਦਾ ਹੈ ਅਤੇ ਕਦੇ ਕਿਤੇ, ਪਰ ਉਸ ਨੂੰ ਅਜੇ ਤੱਕ ਦੇਖਿਆ ਵੀ ਨਹੀਂ ਗਿਆ। ਉਨ੍ਹਾਂ ਦੱਸਿਆ ਕਿ ਦੋਂ ਦਿਨਾਂ ਵਿੱਚ ਉਨ੍ਹਾਂ ਦਾ 15 ਹਜਾਰ ਤੋਂ ਜਿਆਦਾ ਖਰਚਾ ਆ ਵੀ ਚੁੱਕਾ ਹੈ। ਇਸੇ ਤਰ੍ਹਾਂ ਹੀ ਪਾਲਾ ਸਿੰਘ ਵਾਸੀ ਸਾਧਮਾਜਰਾ ਨੇ ਦੱਸਿਆ ਕਿ ਉਸਦੀ ਪਤਨੀ ਦੀ ਬਾਹ ‘ਚ ਦਰਦ ਹੋਣ ਕਾਰਨ ਇੱਥੇ ਦਾਖਲ ਹੈ, ਪਰ ਅੱਜ ਸਵੇਰ ਤੋਂ ਉਸ ਦੇ ਟੀਕਾ ਲਗਵਾਉਣ ਲਈ ਉਹ ਕਈ ਵਾਰ ਡਾਕਟਰਾਂ ਕੋਲ ਜਾ ਚੁੱਕਿਆ ਹੈ, ਪਰ ਕੋਈ ਸ਼ਾਮ ਤੱਕ ਟੀਕਾ ਲਾਉਣ ਵਾਲਾ ਨਹੀਂ ਆਇਆ।
ਉਸ ਨੇ ਦੱਸਿਆ ਕਿ ਮਰੀਜ਼ਾ ਦੀ ਕਿਸੇ ਪ੍ਰਕਾਰ ਦੀ ਦੇਖਭਾਲ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਹੜ੍ਹਤਾਲ ਦਾ ਕੋਈ ਹੱਲ ਕੱਢੇ ਤਾ ਜੋਂ ਮਰੀਜ਼ਾ ਨੂੰ ਇਸ ਦਾ ਖਮਿਆਜਾ ਨਾ ਭੁਗਤਣਾ ਪਵੇ। ਦੱਸਣਯੋਗ ਹੈ ਕਿ ਰਜਿੰਦਰਾ ਹਸਪਤਾਲ ਵਿਖੇ ਰੋਜਾਨਾ 2 ਹਜਾਰ ਤੋਂ ਵੱਧ ਮਰੀਜ਼ ਪੁੱਜਦਾ ਹੈ, ਪਰ ਉਨ੍ਹਾਂ ਨੂੰ ਇਲਾਜ਼ ਦੀ ਥਾਂ ਖੱਜਲ ਖੁਆਰੀਆਂ ਹੀ ਪੱਲੇ ਪੈ ਰਹੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।