ਪਿੰਡ ‘ਚ ਸ਼ਰਾਬ ਦਾ ਠੇਕਾ ਨਾਂ ਖੋਲ੍ਹਣ ਬਾਰੇ ਪਾਇਆ ਮਤਾ
ਨਿਹਾਲ ਸਿੰਘ ਵਾਲਾ (ਪੱਪੂ ਗਰਗ ) | ਇਸ ਵਾਰ ਚੁਣੀਆਂ ਪੰਚਾਇਤਾਂ ਵਿੱਚ ਪੜ੍ਹੇ ਲਿਖੇ ਅਗਾਂਹਵਧੂ ਤੇ ਨੌਜਵਾਨ ਸਰਪੰਚ ਤੇ ਪੰਚ ਚੁਣੇ ਗਏ ਹਨ, ਜਿਨ੍ਹਾਂ ਕਾਰਨ ਪਿੰਡਾਂ ਨੂੰ ਕੁੱਝ ਚੰਗਾ ਤੇ ਹਟਵਾਂ ਹੋਣ ਦੀ ਆਸ ਬੱਝੀ ਹੈ। ਅੱਜ 31 ਮਾਰਚ ਨੂੰ ਸਸਤੀ ਸ਼ਰਾਬ ਖਰੀਦਣ ਲਈ ਪਿਆਕੜ ਲੋਕ ਠੇਕਿਆਂ ਵੱਲ ਝਾਕ ਰਹੇ ਹਨ ਤੇ ਠੇਕੇ ਬਦਲਣ ਕਾਰਨ ਸ਼ਰਾਬ ਦੀਆਂ ਦੁਕਾਨਾਂ ਨਵੀਂਆਂ ਖੁੱਲ੍ਹ ਰਹੀਆਂ ਹਨ ਪਰੰਤੂ ਪਿੰਡ ਰੌਂਤਾ ਦੀ ਪੰਚਾਇਤ ਨੇ ਗਰਾਮ ਸਭਾ ਬੁਲਾ ਕੇ ਪਿੰਡ ‘ਚ ਸ਼ਰਾਬ ਦਾ ਠੇਕਾ ਨਾ ਖੁੱਲ੍ਹਣ ਦੇਣ ਦਾ ਮਤਾ ਪਾਸ ਕਰਕੇ ਇੱਕ ਇਤਿਹਾਸਕ ਫ਼ੈਸਲਾ ਲਿਆ ਹੈ, ਜਿਸ ਨਾਲ ਪਿੰਡ ਦੀਆਂ ਔਰਤਾਂ ਤੇ ਜਾਗਰੂਕ ਲੋਕਾਂ ਵਿੱਚ ਇਸ ਚੰਗੇ ਤੇ ਵੱਡੇ ਫ਼ੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਪਿੰਡ ਰੌਂਤਾ ਦੇ ਸਰਪੰਚ ਬਲਰਾਮ ਸਿੰਘ ਦੀ ਅਗਵਾਈ ਵਿੱਚ ਬੁਲਾਈ ਗਈ ਗ੍ਰਾਮ ਸਭਾ ‘ਚ ਪਿੰਡ ਦੇ ਪਤਵੰਤੇ, ਪੰਚਾਇਤ ਤੇ ਹਮਦਰਦ ਲੋਕ ਸ਼ਾਮਲ ਹੋਏ ਤੇ ਪਿੰਡ ਦੀ ਬਿਹਤਰੀ ਬਾਰੇ ਵਿਚਾਰਾਂ ਕੀਤੀਆਂ ਗਈਆਂ ਇਸ ਦੌਰਾਨ ਪਿੰਡ ਤੇ ਪਿੰਡ ਦੀ ਹੱਦ ਅੰਦਰ ਕੋਈ ਵੀ ਸ਼ਰਾਬ ਦਾ ਠੇਕਾ ਨਾ ਖੁੱਲ੍ਹਣ ਦੇਣ ਦਾ ਫ਼ੈਸਲਾ ਲਿਆ ਗਿਆ ਜਿਕਰਯੋਗ ਹੈ ਕਿ ਲੰਘੇ ਸਾਲ ਪਿੰਡ ‘ਚੋਂ ਸ਼ਰਾਬ ਦਾ ਠੇਕਾ ਬਾਹਰ ਚੁੱਕਵਾਉਣ ਲਈ ਕਿਸਾਨ ਯੂਨੀਅਨ ਤੇ ਔਰਤਾਂ-ਮਰਦਾਂ ਵੱਲੋਂ ਸੰਘਰਸ਼ ਕਰਕੇ ਠੇਕਾ ਬਾਹਰ ਚੁੱਕਵਾਇਆ ਸੀ ਅਤੇ ਪਿਛਲੇ ਸਾਲ ਪਿੰਡ ਤੋਂ ਬਾਹਰ ਖਾਈ ਵੱਲ ਜਾਂਦੀ ਸੜਕ ‘ਤੇ ਖੁੱਲ੍ਹਿਆ ਹੋਇਆ ਸੀ।
ਦੱਸਣਯੋਗ ਹੈ ਕਿ ਪਹਿਲਾਂ ਪੰਚਾਇਤ ਨੇ ਚਾਰਜ ਸੰਭਾਲਦਿਆਂ ਹੀ ਪਿੰਡ ਵਿੱਚ ਖੁੱਲ੍ਹੀ ਸ਼ਰਾਬ ਦੀ ਬ੍ਰਾਂਚ ਠੇਕੇ ਨੂੰ ਚੁੱਕਵਾਇਆ ਸੀ। ਗ੍ਰ੍ਰਾਮ ਸਭਾ ਵਿੱਚ ਮੀਟਿੰਗ ਕਰਕੇ ਪਿੰਡ ਤੇ ਪਿੰਡ ਦੀ ਹਦੂਦ ਅੰਦਰ ਸ਼ਰਾਬ ਦਾ ਠੇਕਾ ਨਾ ਖੁੱਲ੍ਹਣ ਦੇਣ ਦਾ ਇਤਿਹਾਸਕ ਫ਼ੈਸਲਾ ਲੈ ਕੇ ਹੋਰਨਾਂ ਪਿੰਡਾਂ ਲਈ ਵੀ ਪ੍ਰੇਰਨਾ ਦੀ ਲੜੀ ਤੋਰ ਦਿੱਤੀ ਹੈ। ਸਰਪੰਚ ਬਲਰਾਮ ਸਿੰਘ ਬਾਲੀ ਨੇ ਕਿਹਾ ਕਿ ਸਤਿਕਾਰਤ ਪੰਚਾਇਤ ਤੇ ਪਤਵੰਤਿਆਂ ਨੇ ਗ੍ਰਾਮ ਸਭਾ ਵਿੱਚ ਇਹ ਵੀ ਫ਼ੈਸਲਾ ਲਿਆ ਹੈ ਕਿ ਪਿੰਡ ਵਿੱਚ ਸ਼ਰਾਬ ਜਾਂ ਹੋਰ ਨਸ਼ੇ ਨਹੀਂ ਵੇਚਣ ਦਿੱਤੇ ਜਾਣਗੇ ਨਾਂ ਹੀ ਕਿਸੇ ਨਸ਼ਾ ਤਸਕਰ ਦੀ ਮੱਦਦ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।