ਪੰਜਾਬ ਸਰਕਾਰ ਨੇ ਸੰਭਾਲਿਆ ਮੋਰਚਾ, ਮੀਟਿੰਗ ਨੂੰ ਦੇਖਦੇ ਹੋਏ 29 ਆਈ.ਏ.ਐਸ. ਅਧਿਕਾਰੀਆਂ ਨੂੰ ਕੀਤਾ ਨੋਡਲ ਅਫ਼ਸਰ ਨਿਯੁਕਤ
ਚੰਡੀਗੜ, (ਸੱਚ ਕਹੂੰ ਨਿਊਜ਼) ਨਾਰਦਨ ਜ਼ੋਨਲ ਕਾਊਂਸਲ ਦੀ 28ਵੀਂ ਮੀਟਿੰਗ 12 ਮਈ ਨੂੰ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਹੈ, ਜਿਸ ‘ਚ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਪੰਜਾਬ, ਰਾਜਸਥਾਨ, ਚੰਡੀਗੜ੍ਹ, ਐਨਸੀਆਰ ਦਿੱਲੀ ਦੇ ਮੁੱਖ ਮੰਤਰੀ ਤੇ ਮੰਤਰੀਆਂ ਸਮੇਤ ਅਧਿਕਾਰੀ ਸ਼ਾਮਲ ਹੋਣ ਲਈ ਚੰਡੀਗੜ੍ਹ ਵਿਖੇ ਆ ਰਹੇ ਹਨ।
ਇਸ ਮੀਟਿੰਗ ਦੀ ਅਗਵਾਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਖੁਦ ਕਰਨਗੇ। ਇਸ ਅਹਿਮ ਮੀਟਿੰਗ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੀ ਕਮਰ ਕਸਦੇ ਹੋਏ 29 ਆਈਏਐੱਸ ਅਧਿਕਾਰੀਆਂ ਦੀ ਡਿਊਟੀ ਬਤੌਰ ਨੋਡਲ ਅਫ਼ਸਰ ਲਗਾ ਦਿੱਤੀ ਹੈ ਤਾਂ ਕਿ ਕਿਸੇ ਵੀ ਮੁੱਖ ਮੰਤਰੀ ਜਾਂ ਫਿਰ ਮੰਤਰੀ ਦੇ ਪ੍ਰੋਟੋਕਾਲ ‘ਚ ਕਿਸੇ ਵੀ ਤਰ੍ਹਾਂ ਦੀ ਘਾਟ ਨਾ ਰਹਿ ਜਾਵੇ। ਪੰਜਾਬ ਸਰਕਾਰ ਵੱਲੋਂ ਇਨ੍ਹਾਂ 29 ਅਧਿਕਾਰੀਆਂ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਲਈ ਆਉਣ ਵਾਲੇ ਮਹਿਮਾਨਾਂ ਦੇ ਸਵਾਗਤ ਤੋਂ ਲੈ ਕੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਡਿਊਟੀ ਲਗਾਈ ਗਈ ਹੈ।
ਇਸ ਮੀਟਿੰਗ ਤੋਂ ਪਹਿਲਾਂ 27ਵੀਂ ਮੀਟਿੰਗ 25 ਅਪਰੈਲ 2015 ਨੂੰ ਦਿੱਲੀ ਵਿਖੇ ਕੀਤੀ ਗਈ ਸੀ, ਜਿਸ ‘ਚ 25 ਤੋਂ ਜ਼ਿਆਦਾ ਮੁੱਦੇ ਚੁੱਕੇ ਗਏ ਸਨ ਪਰ 14 ਮੁੱਦਿਆਂ ਦਾ ਹੀ ਨਿਪਟਾਰਾ ਹੋ ਸਕਿਆ ਸੀ। ਜਦੋਂ ਕਿ 12 ਮਈ ਨੂੰ ਹੋਣ ਵਾਲੀ ਇਸ 28ਵੀਂ ਮੀਟਿੰਗ ‘ਚ 18 ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗਾ ਤੇ ਉਮੀਦ ਹੈ ਕਿ ਇਨ੍ਹਾਂ ਸਾਰੇ ਮੁੱਦਿਆਂ ‘ਤੇ ਸਹਿਮਤੀ ਬਣਦੀ ਹੋਈ ਉਨ੍ਹਾਂ ਦਾ ਨਿਪਟਾਰਾ ਹੋ ਸਕੇ।