ਨਵਜੋਤ ਸਿੱਧੂ ਨੂੰ ਨਹੀਂ ਮਿਲੇ ਰਾਹੁਲ ਗਾਂਧੀ, ਬੋਲੇ ਨਹੀਂ ਹੋਣੀ ਸੀ ਕੋਈ ਮੁਲਾਕਾਤ

 ਰਾਹੁਲ ਗਾਂਧੀ ਦੇ ਇਨਕਾਰ ਤੋਂ ਬਾਅਦ ਵਧ ਸਕਦੀਆਂ ਹਨ ਦੂਰੀਆਂ

ਅਸ਼ਵਨੀ ਚਾਵਲਾ, ਚੰਡੀਗੜ। ਬੀਤੇ ਦਿਨ ਤੋਂ ਦਿੱਲੀ ਪੁੱਜੇ ਨਵਜੋਤ ਸਿੱਧੂ ਨਾਲ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕੋਈ ਮੁਲਾਕਾਤ ਨਹੀਂ ਕੀਤੀ। ਨਵਜੋਤ ਸਿੱਧੂ ਵਲੋਂ ਮੰਗਲਵਾਰ ਨੂੰ ਮੁਲਾਕਾਤ ਕੀਤੀ ਜਾਣੀ ਸੀ ਅਤੇ ਉਨਾਂ ਨੇ ਖ਼ੁਦ ਇਸ ਸਬੰਧੀ ਪੁਸ਼ਟੀ ਵੀ ਕੀਤੀ ਸੀ ਪਰ ਮੰਗਲਵਾਰ ਸ਼ਾਮ ਤੱਕ ਮੁਲਾਕਾਤ ਨਾਂ ਹੋਣ ਤੋਂ ਬਾਅਦ ਰਾਹੁਲ ਗਾਂਧੀ ਦਾ ਬਿਆਨ ਸਾਹਮਣੇ ਆ ਗਿਆ ਹੈ ਕਿ ਉਨਾਂ ਦੀ ਕੋਈ ਵੀ ਮੁਲਾਕਾਤ ਸਿੱਧੂ ਨਾਲ ਹੋਣੀ ਤੈਅ ਹੀ ਨਹੀਂ ਸੀ ਇਸ ਲਈ ਉਹ ਨਵਜੋਤ ਸਿੱਧੂ ਨੂੰ ਨਹੀਂ ਮਿਲੇ । ਰਾਹੁਲ ਗਾਂਧੀ ਮੰਗਲਵਾਰ ਸਾਮ ਨੂੰ ਆਪਣੀ ਮਾਤਾ ਸੋਨੀਆ ਗਾਂਧੀ ਨੂੰ ਮਿਲਣ ਲਈ ਜਾ ਰਹੇ ਸਨ ਤਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨਾਂ ਨੇ ਇਸ ਤਰਾਂ ਦੀ ਗੱਲਬਾਤ ਤੋਂ ਸਾਫ਼ ਇਨਕਾਰ ਕੀਤਾ ਹੈ।

ਰਾਹੁਲ ਗਾਂਧੀ ਦੀ ਇਨਕਾਰੀ ਤੋਂ ਬਾਅਦ ਇਹ ਵੱਡਾ ਸੁਆਲ ਖੜਾ ਹੋ ਗਿਆ ਹੈ ਕਿ ਨਵਜੋਤ ਸਿੱਧੂ ਦਿੱਲੀ ਵਿਖੇ ਪ੍ਰਿੰਅਕਾ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਮਿਲਣ ਲਈ ਗਏ ਹੋਏ ਸਨ ਜੇਕਰ ਉਨਾਂ ਨੂੰ ਸੱਦਿਆ ਹੀ ਨਹੀਂ ਗਿਆ ਸੀ ਤਾਂ ਉਹ ਦਿੱਲੀ ਕੀ ਕਰਨ ਗਏ ਸਨ। ਇਸ ਸਬੰਧੀ ਨਵਜੋਤ ਸਿੱਧੂ ਦਾ ਕੋਈ ਬਿਆਨ ਨਹੀਂ ਆਇਆ ਕਿ ਆਖ਼ਰਕਾਰ ਉਨਾਂ ਦੀ ਮੁਲਾਕਾਤ ਕਿਉਂ ਨਹੀਂ ਹੋ ਸਕੀ ਮੰਗਲਵਾਰ ਸ਼ਾਮ ਤੱਕ ਨਵਜੋਤ ਸਿੱਧੂ ਦਿੱਲੀ ਵਿਖੇ ਹੀ ਸਨ।

ਇਥੇ ਜਿਕਰ ਯੋਗ ਹੈ ਕਿ ਪੰਜਾਬ ਵਿੱਚ ਨਵਜੋਤ ਸਿੱਧੂ ਅਤੇ ਅਮਰਿੰਦਰ ਸਿੰਘ ਦੇ ਵਿਚਕਾਰ ਕਾਫ਼ੀ ਜਿਆਦਾ ਅਣਬਣ ਸਥਿਤੀ ਚਲ ਰਹੀ ਹੈ। ਨਵਜੋਤ ਸਿੱਧੂ ਵੱਲੋਂ ਪਿਛਲੇ ਦਿਨੀਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰਿੰਦਰ ਸਿੰਘ ’ਤੇ ਕਾਫ਼ੀ ਜਿਆਦਾ ਹਮਲੇ ਕੀਤੇ ਗਏ ਸਨ, ਜਿਸ ਤੋਂ ਬਾਅਦ ਅਮਰਿੰਦਰ ਸਿੰਘ ਨੇ ਦਿੱਲੀ ਹਾਈ ਕਮਾਨ ਨੂੰ ਨਵਜੋਤ ਸਿੱਧੂ ਦੀ ਸ਼ਿਕਾਇਤ ਕੀਤੀ ਸੀ ਅਤੇ ਸਿੱਧੂ ਤੋਂ ਰਾਹੁਲ ਗਾਂਧੀ ਵੀ ਨਰਾਜ਼ ਦੱਸੇ ਜਾ ਰਹੇ ਹਨ। ਬੀਤੇ ਦਿਨੀਂ ਨਵਜੋਤ ਸਿੱਧੂ ਦੇ ਦਿੱਲੀ ਪੁੱਜਣ ਤੋਂ ਬਾਅਦ ਇੰਜ ਲਗ ਰਿਹਾ ਸੀ ਕਿ ਇਸ ਮੀਟਿੰਗ ਤੋਂ ਬਾਅਦ ਪੰਜਾਬ ਵਿੱਚ ਚਲ ਰਿਹਾ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਖਤਮ ਹੋ ਜਾਏਗਾ ਪਰ ਮੰਗਲਵਾਰ ਨੂੰ ਇਹੋ ਜਿਹਾ ਕੁਝ ਨਹੀਂ ਹੋ ਪਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।