ਕੱਟੜ ਆਧੁਨਿਕਤਾ ਜਾਂ ਸਿਆਸੀ ਸਵਾਰਥ
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਨ ਦੀਆਂ ਇਸਲਾਮ ਸਬੰਧੀ ਵਿਵਾਦਿਤ ਟਿੱਪਣੀਆਂ ਨਾਲ ਮੁਸਲਿਮ ਜਗਤ ‘ਚ ਭਾਰੀ ਵਿਰੋਧ ਪੈਦਾ ਹੋ ਗਿਆ ਹੈ ਕਈ ਮੁਸਲਿਮ ਦੇਸ਼ਾਂ ਨੇ ਫਰਾਂਸੀਸੀ ਸਾਮਾਨ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ ਇਹ ਘਟਨਾ ਚੱਕਰ ਬਲ਼ਦੀ ‘ਤੇ ਤੇਲ ਪਾਉਣ ਵਾਲੀ ਗੱਲ ਹੈ ਇੱਕ ਪਾਸੇ ਪਹਿਲਾਂ ਹੀ ਅੱਤਵਾਦੀ ਸੰਗਠਨ ਇਸਲਾਮ ਦੇ ਨਾਂਅ ‘ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਗੈਰ-ਮੁਸਲਿਮਾਂ ਖਿਲਾਫ਼ ਭੜਕਾ ਰਹੇ ਹਨ, ਦੂਜੇ ਪਾਸੇ ਮੈਕ੍ਰੋਨ ਦੀਆਂ ਟਿੱਪਣੀਆਂ ਇਸ ਰੁਝਾਨ ਲਈ ਹੋਰ ਸਹਾਇਕ ਬਣਨਗੀਆਂ ਸਾਰਾ ਰੌਲਾ ਫਰਾਂਸ ਦੇ ਸਿਧਾਂਤ, ‘ਲੈਸਿਤੇ’ ਨਾਲ ਜੁੜਿਆ ਹੋਇਆ ਹੈ ਲੈਸਿਤੇ ਨੂੰ ‘ਧਰਮ ਤੋਂ ਮੁਕਤੀ’ ਦੇ ਰੂਪ ‘ਚ ਪੇਸ਼ ਕੀਤਾ ਜਾ ਰਿਹਾ ਹੈ ਜੋ ਅਸਲ ‘ਚ ਧਰਮ ਨਿਰਪੱਖਤਾ ਦੀ ਗਲਤ ਵਿਆਖਿਆ ਹੈ
ਕ੍ਰਾਂਤੀ ਦੀ ਜ਼ਮੀਨ ਰੂਸੋ ਵਰਗੇ ਦਾਰਸ਼ਨਿਕਾਂ ਨੇ ਤਿਆਰ ਕੀਤੀ ਸੀ ਜੋ ਮਨੁੱਖ ਦੀ ਅਜ਼ਾਦੀ ਦੇ ਹਮਾਇਤੀ ਸਨ ਇਸ ਸਿਧਾਂਤ ਦਾ ਪ੍ਰਭਾਵ ਮਾਰਕਸਵਾਦੀ ਚਿੰਤਨ ਤੇ ਰੂਸੀ ਕ੍ਰਾਂਤੀ ‘ਤੇ ਵੀ ਪਿਆ ਦਰਅਸਲ ਨਾ ਤਾਂ ਰੂਸੋ ਧਰਮ ਦੇ ਖਿਲਾਫ਼ ਸਨ ਤੇ ਨਾ ਹੀ ਰੂਸ ਦਾ ਸਮਾਜਵਾਦੀ ਨਿਜਾਮ ਧਰਮ ਦੇ ਵਿਰੁੱਧ ਸੀ ਮਾਮਲਾ ਸਿਰਫ਼ ਇੰਨਾ ਸੀ ਕਿ ਸਟੇਟ ਕਿਸੇ ਧਰਮ ਦੇ ਵਾਧੇ ਲਈ ਕੰਮ ਨਹੀਂ ਕਰੇਗਾ ਸੋਵੀਅਤ ਯੂਨੀਅਨ ਦੌਰਾਨ ਵੀ ਗਿਰਜੇ ਕਾਇਮ ਰਹੇ ਹੁਣ ਜਿੱਥੋਂ ਤੱਕ ਫਰਾਂਸੀਸੀ ਰਾਸ਼ਟਰਪਤੀ ਵੱਲੋਂ ਧਰਮ ਖਿਲਾਫ਼ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਦਾ ਕੋਈ ਮਾਨਵੀ ਜਾਂ ਸਮਾਜਿਕ ਆਧਾਰ ਨਹੀਂ ਫਰਾਂਸੀਸੀ ਨਿਜਾਮ ਧਾਰਮਿਕ ਮਾਮਲਿਆਂ ਤੋਂ ਪਾਸੇ ਰਹਿ ਕੇ ਆਪਣੀਆਂ ਪ੍ਰਸ਼ਾਸਨਿਕ ਗਤੀਵਿਧੀਆਂ ਚਲਾ ਸਕਦਾ ਹੈ
ਫਰਾਂਸ ਸ਼ਾਸਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਅਮਨ-ਅਮਾਨ ਦੀਆਂ ਜ਼ਰੂਰਤਾਂ ਨੂੰ ਵੇਖਦੇ ਹੋਏ ਨਾਜ਼ੁਕ ਮਸਲਿਆਂ ਪ੍ਰਤੀ ਜਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਭਾਵੇਂ ਰਾਸ਼ਟਰਪਤੀ ਸਕਰੋਜੀ ਵੇਲੇ ਵੀ ਧਰਮ ਨਿਰਪੱਖਤਾ ਨੂੰ ਕੱਟੜ ਤਰੀਕੇ ਨਾਲ ਲਾਗੂ ਕਰਨ ਦੀ ਚਰਚਾ ਹੋਈ ਸੀ ਪਰ ਵਰਤਮਾਨ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਨ ਵੱਲੋਂ ਜਿਸ ਤਰ੍ਹਾਂ ਕਿਸੇ ਧਰਮ ਵਿਸ਼ੇਸ਼ ਦੇ ਖਿਲਾਫ਼ ਗਤੀਵਿਧੀਆਂ ਨੂੰ ਮਾਨਤਾ ਦਿੱਤੀ ਜਾ ਰਹੀ ਹੈ ਉਹ ਫਰਾਂਸ ਤੋਂ ਬਾਹਰ ਤਣਾਅ ਦਾ ਕਾਰਨ ਬਣ ਰਹੀ ਹੈ ਚਿੰਤਾ ਵਾਲੀ ਗੱਲ ਇਹ ਹੈ ਕਿ ਫਰਾਂਸ ਵਰਗੇ ਧਰਮ ਨਿਰਪੱਖ ਰਹੇ ਦੇਸ਼ਾਂ ਅੰਦਰ ਸੱਤਾ ਹਾਸਲ ਕਰਨ ਲਈ ਧਰਮਾਂ ਦਾ ਵਿਰੋਧ ਚੁਣਾਵੀ ਪੈਂਤਰੇਬਾਜੀ ਬਣ ਗਿਆ ਹੈ
ਇੱਥੇ ਰਾਸ਼ਟਰਪਤੀ ਚੋਣਾਂ ‘ਚ ਡੇਢ ਸਾਲ ਰਹਿ ਗਿਆ ਹੈ ਸੱਤਾਧਾਰੀ ਪਾਰਟੀ ਦੇ ਨਾਲ-ਨਾਲ ਵਿਰੋਧੀ ਪਾਰਟੀ ਦੇ ਆਗੂ ਮਾਰੀਨ ਲੇ ਪੈਨ ਧਾਰਮਿਕ ਮੁੱਦੇ ‘ਤੇ ਹਰਮਨਪਿਆਰਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮੁੱਦਾ ਮਾਰੀਨ ਲਈ ਸੱਤਾ ਪ੍ਰਾਪਤੀ ਦਾ ਰਾਹ ਖੋਲ੍ਹ ਸਕਦਾ ਹੈ ਫਰਾਂਸ ਦੇ ਸਿਆਸੀ ਇਤਿਹਾਸ ‘ਚ ਧਰਮ ਨਿਰਪੱਖਤਾ ਦਾ ਜ਼ਿਕਰ ਤਾਂ ਰਿਹਾ ਹੈ, ਨਾ ਕਿ ਧਰਮ ਵਿਰੋਧੀ ਦਾ ਹੋਣ ਦਾ ਵਰਤਮਾਨ ਮਾਨਵਵਾਦੀ ਤੇ ਲੋਕਤੰਤਰੀ ਯੁਗ ‘ਚ ਸਦਭਾਵਨਾ, ਪਿਆਰ ਤੇ ਦੂਜਿਆਂ ਪ੍ਰਤੀ ਸਤਿਕਾਰ ਵਰਗੇ ਗੁਣਾਂ ਤੋਂ ਬਿਨਾਂ ਆਦਰਸ਼ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.