ਰਬਿੰਦਰਨਾਥ ਟੈਗੋਰ ਅਤੇ ਆਧੁਨਿਕ ਭਾਰਤ ਦੀ ਉਸਾਰੀ

Rabindranath Tagore and the construction of modern India

ਰਬਿੰਦਰਨਾਥ ਟੈਗੋਰ ਅਤੇ ਆਧੁਨਿਕ ਭਾਰਤ ਦੀ ਉਸਾਰੀ

ਆਧੁਨਿਕ ਭਾਰਤ ਆਪਣਾ ਹਰ ਕੰਮ ‘ਜਨ ਗਨ ਮਨ’ ਨਾਲ ਆਰੰਭ ਕਰਕੇ ਸਫਲ ਬਣਾਉਂਦਾ ਹੈ। ਪੰਜਾਬੀ ਸਾਹਿਤ ਵਿੱਚ ਟੈਗੋਰ ਉਰਫ਼ ਰਬਿੰਦਰਨਾਥ ਠਾਕੁਰ ਨਾਂਅ ਦੇ ਸ਼ਬਦ ਜੋੜ ਰਵੀਂਦ੍ਰਨਾਥ ਟੈਗੋਰ, ਰਵਿੰਦਰ ਨਾਥ ਟੈਗੋਰ ਆਦਿ ਲਿਖੇ ਮਿਲਦੇ ਹਨ ਪਰ ਬੰਗਾਲੀ ਭਾਸ਼ਾ ਦੇ ਉਚਾਰਨ ਪੱਖ ਤੋਂ ਇਹ ਨਾਂਅ ਰਬਿੰਦਰਨਾਥ ਠਾਕੁਰ ਹੈ। ਧੁਨੀ ‘ਵ’ ਨਹੀਂ ‘ਬ’ ਹੈ, ‘ਰ’ ਅੱਧਾ ਨਹੀਂ ਪੂਰਾ ਹੈ ਅਤੇ ਨਾਥ ਨਾਲ ਰਬਿੰਦਰ ਸ਼ਬਦ ਜੁੜਿਆ ਹੋਇਆ ਹੈ। ‘ਠਾਕੁਰ’ ਸ਼ਬਦ ਨੂੰ ਅੰਗਰੇਜ਼ ਉਚਾਰ ਨਹੀਂ ਸਨ ਸਕਦੇ ਇਸ ਲਈ ਇਹ ਟੈਗੋਰ ਬਣ ਗਿਆ ਸੀ। ਠਾਕੁਰ ਦਾ ਟੈਗੋਰ ਕਦੋਂ ਬਣਿਆ ਸੀ ਤੇ ਫੇਰ ਇਹ ਕਦੋਂ ਲਿਖਤ ਵਿੱਚ ਪ੍ਰਵੇਸ਼ ਕੀਤਾ ਸੀ ਇਸ ਬਾਰੇ ਖੋਜ ਦੀ ਲੋੜ ਹੈ। ਪਰ ਠਾਕੁਰ ਨੂੰ ਟੈਗੋਰ ਬਰਤਾਨਵੀ ਸ਼ਾਸਕਾਂ ਨੇ ਹੀ ਬਣਾਇਆ ਸੀ। ਰਬਿੰਦਰਨਾਥ ਠਾਕੁਰ ਉਰਫ ਟੈਗੋਰ ਨੂੰ ਗੁਰੂਦੇਵ ਨਾਂਅ ਮਹਾਤਮਾ ਗਾਂਧੀ ਨੇ ਦਿੱਤਾ ਸੀ ਤੇ ਗਾਂਧੀ ਨੂੰ ਮਹਾਤਮਾ ਸ਼ਬਦ ਟੈਗੋਰ ਨੇ ਬਖ਼ਸ਼ਿਆ ਸੀ। ਬਰਤਾਨਵੀ ਭਾਰਤੀ ਸਰਕਾਰ ਨੇ ਸੰਨ 1915 ਈ. ਵਿੱਚ ਉਨ੍ਹਾਂ ਨੂੰ ‘ਸਰ’ ਦਾ ਖਿਤਾਬ ਬਖ਼ਸ਼ਿਆ ਸੀ। ਸੰਨ 1919 ਈ. ਵਿੱਚ ਵਾਪਰੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਵੇਲੇ ਉਨ੍ਹਾਂ ਨੇ ਇਹ ਖਿਤਾਬ ਭਾਰੀ ਰੋਸ ਪ੍ਰਗਟ ਕਰਦਿਆਂ ਤਿਆਗ ਦਿੱਤਾ ਸੀ। ਇਸੇ ਸੰਦਰਭ ਵਿੱਚ ਯੂਰਪ ਦੇ ਦੌਰੇ ਦੌਰਾਨ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਾ ਸੀ ਕਿ ਲੰਦਨ ਦੀ ਹਾਊਸ ਆਫ ਲਾਰਡਜ਼ (19-7-1920) ਨੇ ਜਲ੍ਹਿਆਂਵਾਲੇ ਬਾਗ ਦੇ ਮੁੱਖ ਹਤਿਆਰੇ ਜਨਰਲ ਡਾਇਰ ਨੂੰ ਮੁਆਫੀ ਦੇ ਦਿੱਤੀ ਹੈ ਤਾਂ ਇਸ ਪ੍ਰਤੀ ਟੈਗੋਰ ਨੇ ਕਿਹਾ ਸੀ, ‘‘ਇਸ ਖਿਮਾਦਾਨ ਨੇ ਬਰਤਾਨੀਆ ਦਾ ਕਰੂਪ ਚਿਹਰਾ ਤੇ ਕਠੋਰ ਦਿਲ ਨੰਗਾ ਕਰ ਦਿੱਤਾ ਹੈ।’’

ਟੈਗੋਰ ਦੇ ਇਸ ਪ੍ਰਤੀਕਰਮ ’ਤੇ ਬਰਤਾਨਵੀ ਸਰਕਾਰ ਬਹੁਤ ਤਿਲਮਿਲਾ ਉੱਠੀ ਸੀ। ਟੈਗੋਰ ਇਸ ’ਤੇ ਹੱਸ ਛੱਡਦੇ ਸਨ ਤੇ ਦੀਨਬੰਧੂ ਦੇ ਨਾਂਅ ਨਾਲ ਜਾਣਿਆ ਜਾਂਦਾ ਪਾਦਰੀ ਸੀ. ਐਫ. ਐਂਡਿ੍ਰਊਜ਼ ਉਸ ਨੂੰ ਅਪਣੱਤ ਨਾਲ ਆਖਦਾ ਹੁੰਦਾ ਸੀ, ‘‘ਮਹਾਤਮਾ, ਅੰਗਰੇਜ਼ਾਂ ਨੂੰ ਗਾਲ੍ਹਾਂ ਦੇਣ ਦੀ ਤੁਹਾਨੂੰ ਕੋਈ ਲੋੜ ਨਹੀਂ। ਤੁਹਾਡੀ ਥਾਂ ਇਹ ਕੰਮ ਮੈਂ ਕਰਦਾ ਰਹਾਂਗਾ।’’ ਸ਼ਾਂਤੀ ਨਿਕੇਤਨ ਟੈਗੋਰ ਦੀ ਰੂਹ ਦਾ ਪ੍ਰਕਾਸ਼ ਸੀ। ਇਸ ਦਾ ਇੱਕ ਰਾਜਨੀਤਕ ਅਰਥ ਵੀ ਸੀ ਜਿਸ ਦੀ ਵਿਆਖਿਆ ਇੱਕ ਸ਼ਬਦ ‘ਇਨਕਾਰ’ ਨਾਲ ਕੀਤੀ ਜਾ ਸਕਦੀ ਹੈ। ਟੈਗੋਰ ਵੱਲੋਂ ਇਹ ‘ਇਨਕਾਰ’ ਭਾਰਤ ਅੰਦਰ ਸਥਾਪਤ ਹੋਈ ਬਰਤਾਨਵੀ ਵਿਵਸਥਾ ਪ੍ਰਤੀ ਸੀ। ਮਹਾਤਮਾ ਗਾਂਧੀ ਨੇ ਇਸ ਨੂੰ ਵਿਭਿੰਨ ਅੰਦੋਲਨਾਂ ਰਾਹੀਂ ਰਾਜਨੀਤਕ ਭਾਸ਼ਾ ਵਿੱਚ ਆਖਿਆ ਸੀ ਪਰ ਟੈਗੋਰ ਨੇ ਇਹ ਗੱਲ ਕਿਤੇ ਪਹਿਲਾਂ 22 ਦਸੰਬਰ 1901 ਈ. ਨੂੰ ਸ਼ਾਂਤੀ ਨਿਕੇਤਨ ਦੀ ਸਥਾਪਨਾ ਕਰਕੇ ਆਪਣੇ ਹੀ ਅੰਦਾਜ਼ ਵਿੱਚ ਆਖ ਦਿੱਤੀ ਸੀ।

ਟੈਗੋਰ ਹਰ ਕਲਾ ਦੀ ਹੱਦ ਤੇ ਬੇਹੱਦ ਨੂੰ ਜਾਣਦੇ ਸਨ। ਉਹ ਹਰ ਕਰਮ ਦੇ ਵਿਵਹਾਰ ਦੀ ਸੁੱਚ, ਸੁਹਜ ਤੇ ਸਹਿਜ ਨੂੰ ਪਛਾਣ ਲੈਂਦੇ ਸਨ। ਮੁਕਤੀ ਲਈ ਜੂਝਦੇ ਭਾਰਤ ਦੀਆਂ ਇਹ ਦੋ ਮਹਾਨ ਰੂਹਾਂ ਭਾਰਤੀ ਮਨ ਦੇ ਸੁਹਜਮਈ ਸੰਵਾਦੀ ਸੁਭਾਅ ਦੀਆਂ ਉੱਘੀਆਂ ਖੂਬੀਆਂ ਸਨ। ਰਬਿੰਦਰਨਾਥ ਟੈਗੋਰ ਨੇ ਇੱਕ ਹਜ਼ਾਰ ਤੋਂ ਵੱਧ ਕਵਿਤਾਵਾਂ ਤੇ ਦੋ ਹਜ਼ਾਰ ਦੇ ਕਰੀਬ ਗੀਤ ਲਿਖੇ ਸਨ। ਇਸ ਤੋਂ ਬਿਨਾਂ ਆਪਣੇ ਅਨੁਭਵੀ ਵਿਚਾਰਾਂ ਨੂੰ ਵਿਭਿੰਨ ਕਲਾ ਰੂਪ ਪ੍ਰਦਾਨ ਕਰਵਾਏ ਸਨ। ਉਨ੍ਹਾਂ ਨੇ ਨਾਟਕ, ਸੰਗੀਤ, ਸਿੱਖਿਆ, ਚਿੱਤਰਕਾਰੀ ਤੇ ਹੱਥ ਲਿਖਤ ਕਲਾ ਵਿੱਚ ਸਫਲ ਬਚਿੱਤ੍ਰ ਪ੍ਰਯੋਗ ਕੀਤੇ ਸਨ। ਸ਼ਾਂਤੀ ਨਿਕੇਤਨ ਤਾਂ ਉਨ੍ਹਾਂ ਦੇ ਦਿਲ ਦਾ ਹੀ ਵਿਹਾਰਕ ਪ੍ਰਕਾਸ਼ ਰੂਪ ਸੀ। ਉਨ੍ਹਾਂ ਨੇ ਆਪਣੇ ਹਰ ਗੀਤ ਦੀ ਜੀਭ ਉੱਤੇ ਬੱਸ ਇੱਕੋ ਸ਼ਬਦ ‘ਸਵਾਗਤ’ ਹੀ ਧਰਿਆ ਸੀ। ਰੱਬ ਦੀ ਕਰੋਪੀ ਨੂੰ ਵੀ ਉਨ੍ਹਾਂ ਨੇ ਇਸੇ ਸ਼ਬਦ ਨਾਲ ਕਬੂਲ ਕੀਤਾ ਸੀ।

ਇਹ ਖੂਬੀ ਸੀ ਗੀਤਾਂਜਲੀ ਦੇ ਗੀਤਾਂ ਅੰਦਰ ਜਿਸ ਕਰਕੇ ਸਵਿਸ ਅਕਾਦਮੀ ਉਨ੍ਹਾਂ ਨੂੰ ਨੋਬਲ ਪੁਰਸਕਾਰ ਦੇਣੋਂ ਰਹਿ ਨਹੀਂ ਸੀ ਸਕੀ। ਉਨ੍ਹਾਂ ਨੂੰ ਇਹ ਪੁਰਸਕਾਰ 1913 ਈ. ਵਿੱਚ ਪ੍ਰਦਾਨ ਕੀਤਾ ਗਿਆ ਸੀ। ਉਹ ਪਹਿਲੇ ਭਾਰਤੀ ਬਲਕਿ ਪਹਿਲੇ ਏਸ਼ੀਅਨ ਅਤੇ ਪਹਿਲੇ ਗੈਰ-ਯੂਰਪੀਅਨ ਸਨ ਜਿਸ ਨੂੰ ਇਸ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ। ਇਸ ਪੁਰਸਕਾਰ ਦੇ ਪਿੱਛੇ ਲੁਕੇ ਮੰਤਵ ਨੂੰ ਹਰ ਸ਼ਖ਼ਸ ਤੇ ਸੰਸਥਾ ਨੇ ਆਪਣੀ-ਆਪਣੀ ਸਮਝ ਅਨੁਸਾਰ ਵਿਆਖਿਆ ਦਿੱਤੀ ਸੀ। ਵਿਸ਼ਵ ਚਿੰਤਕ ਐਜ਼ਰਾ ਪਾਉਂਡ ਨੇ ਇਸ ਸੰਦਰਭ ਵਿੱਚ ਲਿਖਿਆ ਸੀ, ‘‘ਟੈਗੋਰ ਦਾ ਕਾਵਿ ਅੱਜ ਦੀ ਨਵੀਂ ਅੰਜੀਲ ਹੈ।’’ ਰਬਿੰਦਰਨਾਥ ਟੈਗੋਰ ਨੇ ਪੁਰਾਤਨ ਭਾਰਤੀ ਸਾਹਿਤਧਾਰਾ ਦੀ ਕਥਾ ਵਸਤੂ ਨੂੰ ਵੀਹਵੀਂ ਸਦੀ ਦੇ ਸਾਹਿਤ ਚਿੰਤਨ ਦੇ ਸੰਦਰਭ ਵਿੱਚ ਨਵੇਂ ਸਿਰਿਓਂ ਸਿਰਜਿਆ ਸੀ।

ਇਸ ਦਿ੍ਰਸ਼ਟੀ ਤੋਂ ਇਹ ਕਾਰਜ ਵਿਰਾਸਤ ਨੂੰ ਸੰਭਾਲਣ ਤੇ ਪ੍ਰਸੰਗਕ ਬਣਾਉਣ ਦਾ ਭਰਪੂਰ ਯਤਨ ਸੀ। ਉਹ ਬੰਗਾਲੀ ਭਾਸ਼ਾ ਰਾਹੀਂ ਵਿਸ਼ਵ ਦੇ ਹਰ ਪਾਠਕ ਨੂੰ ਬ੍ਰਹਿਮੰਡ ਦੀਆਂ ਕੁੱਲ ਗਿਆਨ ਕਥਾਵਾਂ ਨਾਲ ਨਿਹਾਲ ਕਰ ਦੇਣਾ ਚਾਹੁੰਦੇ ਸਨ। ਉਨ੍ਹਾਂ ਦੀ ਕਲਾਤਮਕ ਪ੍ਰਤਿਭਾ ਨੇ ਬੰਗਾਲੀ ਭਾਸ਼ਾ ਨੂੰ ਵਿਸ਼ਵ ਭਾਸ਼ਾਈ ਨਕਸ਼ੇ ਉੱਤੇ ਗੌਰਵਮਈ ਸਥਾਨ ਪ੍ਰਦਾਨ ਕਰਵਾਇਆ ਹੈ। ਰਬਿੰਦਰਨਾਥ ਟੈਗੋਰ ਪਹਿਲੇ ਵਿਸ਼ਵ ਕਵੀ ਹਨ ਜਿਨ੍ਹਾਂ ਦੇ ਗੀਤਾਂ ਨੂੰ ਦੋ ਦੇਸ਼ਾਂ ਦੇ ਕੌਮੀ ਤਰਾਨੇ ਬਣਨ ਦਾ ਮਾਣ ਹਾਸਲ ਹੈ। ‘ਜਨ ਗਨ ਮਨ’ ਭਾਰਤ ਦਾ ਕੌਮੀ ਤਰਾਨਾ ਹੈ ਅਤੇ ‘ਅਮਾਰ ਸ਼ੌਨਾਰ ਬੰਗਲਾ’ ਬੰਗਲਾਦੇਸ਼ ਦਾ ਕੌਮੀ ਤਰਾਨਾ ਹੈ। ਅਮਾਰ ਸ਼ੌਨਾਰ ਬੰਗਲਾ ਉਨ੍ਹਾਂ ਨੇ ਬਰਤਾਨਵੀ ਹਕੂਮਤ ਵੱਲੋਂ ਸੰਨ 1905 ਈ. ਵਿੱਚ ਕੀਤੀ ਬੰਗਾਲ ਦੀ ਫਿਰਕੂ ਵੰਡ ਨੂੰ ਅਸਵੀਕਾਰ ਕਰਦਿਆਂ ਰਚਿਆ ਸੀ। ਸੰਨ 1972 ਈ. ਵਿੱਚ ਪਾਕਿਸਤਾਨ ਤੋਂ ਮੁਕਤੀ ਉਪਰੰਤ ਬਣੇ ਨਵੇਂ ਰਾਸ਼ਟਰ ਬੰਗਲਾਦੇਸ਼ ਨੇ ਇਸੇ ਗੀਤ ਨੂੰ ਆਪਣੇ ਕੌਮੀ ਤਰਾਨੇ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ।

ਜਨ ਗਨ ਮਨ ਸੰਨ 1911 ਈ. ਵਿਚ ਲਿਖਿਆ ਗਿਆ ਸੀ। ਸੰਨ 1950 ਈ. ਵਿਚ ਆਜ਼ਾਦ ਭਾਰਤ ਨੇ ਇਸ ਨੂੰ ਆਪਣੇ ਕੌਮੀ ਤਰਾਨੇ ਵਜੋਂ ਪ੍ਰਵਾਨ ਕੀਤਾ। ਟੈਗੋਰ ਨੇ ਮਾਨਵਤਾ ਨੂੰ ਉਸ ਦਾ ਗੁਆਚਿਆ ਬਾਲਪਣ ਲੱਭ ਕੇ ਦੇਣ ਦਾ ਹੰਭਲਾ ਮਾਰਿਆ ਸੀ। ਪੱਛਮ ਨੇ ਉਸ ਨੂੰ ਭਾਵੇਂ ਪੂਰਬ ਦਾ ਦੂਤ ਸਮਝ ਕੇ ਸਵੀਕਾਰ ਕੀਤਾ ਹੋਵੇਗਾ ਪਰ ਟੈਗੋਰ ਨੇ ਆਪਣੀ ਕਲਾ ਨਾਲ ਇਸ ਲੀਕ ਨੂੰ ਮੇਟ ਦਿੱਤਾ ਸੀ। ਉਸ ਲਈ ਬ੍ਰਹਿਮੰਡ ਇੱਕ ਰੂਹਾਨੀ ਹੋਂਦ ਸੀ। ਇਸ ਪੱਧਰ ਤੱਕ ਨਿਮਰ ਹੋਏ ਟੈਗੋਰ ਹੀ ਜਿਉਂਦੇ ਜੀ ਇੱਕ-ਇੱਕ ਕਰਕੇ ਆਪਣੇ ਸਕਿਆਂ ਦੇ ਤੁਰ ਜਾਣ ਦਾ ਗ਼ਮ ਸਹਾਰ ਸਕਣ ਦੀ ਸਮਰੱਥਾ ਹਾਸਲ ਕਰ ਸਕਦੇ ਸਨ। ਸਧਾਰਨ ਦੁਨੀਆਦਾਰੀ ਸ਼ਬਦਾਂ ਵਿੱਚ ਆਖਣਾ ਹੋਵੇ ਤਾਂ ਉਹ ਭਿਆਨਕ ਇਕੱਲ ਵਿੱਚ ਘਿਰਿਆ ਇਨਸਾਨ ਸੀ ਪਰ ਜੇਕਰ ਇਸ ਨੂੰ ਰੂਹਾਂ ਦੇ ਰੰਗਾਂ ਰਾਹੀਂ ਤੱਕੀਏ ਤਾਂ ਟੈਗੋਰ ਉਹ ਆਰੰਭ ਸੀ ਜਿੱਥੇ ਆਪਾ ਮਿਟ ਜਾਂਦਾ ਹੈ।ਰਬਿੰਦਰਨਾਥ ਟੈਗੋਰ ਦਾ ਜਨਮ 7 ਮਈ 1861 ਈ. ਨੂੰ ਕਲਕੱਤੇ ਸ਼ਹਿਰ ਵਿੱਚ ਮਾਤਾ ਸ਼ਾਰਦਾ ਦੇਵੀ ਤੇ ਪਿਤਾ ਦੇਵਿੰਦਰਨਾਥ ਪੀਰਾਲੀ ਠਾਕੁਰ ਦੇ ਘਰ ਹੋਇਆ ਸੀ। ਪੀਰਾਲੀ ਠਾਕੁਰ ਦਾ ਅਰਥ ਹੈ ਪੀਰ ਅਲੀ ਦੇ ਵੰਸ਼ ਵਿੱਚ ਪੈਦਾ ਹੋਏ ਠਾਕੁਰ। ਅੱਠਵੀਂ ਸਦੀ ਦੇ ਆਸਪਾਸ ਹਿੰਦੂ ਧਰਮ ਦੀ ਮੁੜ ਬਹਾਲੀ ਵਾਸਤੇ ਕਨੌਜ ਤੋਂ ਪੰਜ ਬ੍ਰਾਹਮਣ ਬੰਗਾਲ ਲਿਆਂਦੇ ਗਏ ਸਨ। ਇਨ੍ਹਾਂ ’ਚੋਂ ਇੱਕ ਟੈਗੋਰ ਦਾ ਬਡਾਰੂ ਸੀ।

ਇਸ ਇੱਕ ਦਾ ਨਾਂਅ ਦੱਖ ਸੀ। ਦੱਖ ਸ਼ਬਦ ਸੰਸਕਿ੍ਰਤ ਦੇ ਦੱਕਸ਼ ਸ਼ਬਦ ਦਾ ਰੂਪ ਹੈ। ਇਸਲਾਮ ਨਾਲ ਟਕਰਾਉਂਦੇ ਇਸ ਬ੍ਰਾਹਮਣ ਖਾਨਦਾਨ ਦਾ ਇੱਕ ਗੱਭਰੂ ਬਾਰ੍ਹਵੀਂ ਸਦੀ ਵਿੱਚ ਇੱਕ ਮੁਸਲਿਮ ਮੁਟਿਆਰ ਨੂੰ ਦਿਲ ਦੇ ਬੈਠਾ ਸੀ। ਨਿਕਾਹ ਦੀ ਸ਼ਰਤ ਇਸਲਾਮ ਕਬੂਲਣਾ ਰੱਖੀ ਗਈ ਸੀ। ਗੱਭਰੂ ਨੇ ਇਹ ਸਵੀਕਾਰ ਕੀਤੀ ਸੀ। ਇਸ ਤਰ੍ਹਾਂ ਇਹ ਠਾਕੁਰ ਸ਼ਖ਼ਸ ਪੀਰ ਅਲੀ ਖਾਨ ਦੇ ਨਾਂਅ ਨਾਲ ਪ੍ਰਸਿੱਧ ਹੋਇਆ ਸੀ। ਇਸ ਦੇ ਨਾਂਅ ਨੇ ਹੀ ਇਸ ਬ੍ਰਾਹਮਣ ਖਾਨਦਾਨ ਲਈ ਪੀਰਾਲੀ ਠਾਕੁਰ ਸ਼ਬਦ ਹਾਸਲ ਕੀਤਾ ਸੀ। ਇਸ ਦਿ੍ਰਸ਼ਟੀ ਤੋਂ ਟੈਗੋਰ ਦੋ ਗਿਆਨ ਧਾਰਾਵਾਂ ਬ੍ਰਾਹਮਣ ਤੇ ਇਸਲਾਮ ਦਾ ਸੰਗਮ ਹੈ। ਇਸ ਵਿੱਚ ਵਾਧਾ ਇਹ ਹੈ ਕਿ ਇਹ ਸੰਗਮ ਪ੍ਰੇਮ ਸਰੂਪ ਹੈ ਜਿਸ ਦਾ ਸੁਭਾਅ ਨਵੇਂ ਨੂੰ ਤਿ੍ਰਸਕਾਰ ਨਾਲ ਨਹੀਂ ਪ੍ਰੇਮ ਸੰਗ ਸਵੀਕਾਰ ਕਰਨਾ ਹੈ। ਇਸ ਤਰ੍ਹਾਂ ਟੈਗੋਰ ਉਸ ਅੰਸ਼ ਦੀ ਸੰਤਾਨ ਹੈ ਜਿਸ ਦੇ ਰਸਾਇਣ ਅੰਦਰ ਸਵਾਗਤ ਤੇ ਪ੍ਰੇਮ ਸ਼ਬਦ ਹੀ ਘੁਲੇ ਹੋਏ ਹਨ। ਉਸ ਵਾਸਤੇ ਮਾਨਵ ਸਵਾਗਤਯੋਗ ਤੇ ਪ੍ਰੇਮਮਈ ਹੈ। ਇਸ ਲਈ ਟੈਗੋਰ ਦੇ ਹਰ ਕਲਾ ਰੂਪ ਵਿੱਚ ਇਹ ਖੂਬੀ ਪੈਦਾ ਹੋ ਗਈ ਸੀ।

ਰਬਿੰਦਰਨਾਥ ਟੈਗੋਰ ਨੇ ਆਧੁਨਿਕ ਭਾਰਤ ਦੀ ਉਸਾਰੀ ਵਿੱਚ ਸੁਹਜ ਘੋਲਿਆ ਸੀ। ਉਸ ਨੇ ਨਗਰ ਕਲਕੱਤੇ ਦੇ ਉਸੇ ਘਰ ਅੰਦਰ ਪ੍ਰਾਣ ਤਿਆਗੇ ਜਿੱਥੇ ਪਹਿਲਾ ਸਾਹ ਲਿਆ ਸੀ। ਇਹ ਤਾਰੀਖ਼ 7 ਅਗਸਤ 1941 ਈ. ਹੈ। ਉਨ੍ਹਾਂ ਦਾ ਜੀਵਨ ਚੱਕਰ ਅੰਕ ਸੱਤ ਨਾਲ ਆਰੰਭ ਹੋ ਕੇ ਸੱਤ ਉੱਤੇ ਹੀ ਸੰਪੂਰਨ ਹੋਇਆ। ਰਬਿੰਦਰਨਾਥ ਟੈਗੋਰ ਦੇ ਕਲਾ ਰੂਪਾਂ ਤੋਂ ਭਿੰਨ ਉਸ ਦੇ ਭਾਵ-ਮੰਡਲ ਨੂੰ ਤਿੰਨ ਦਸਤਾਵੇਜ਼ਾਂ: ਨੋਬੇਲ ਪੁਰਸਕਾਰ ਹਿੱਤ ਦਿੱਤਾ ਭਾਸ਼ਣ, ਮਹਾਤਮਾ ਗਾਂਧੀ ਨੂੰ ਲਿਖਿਆ ਖ਼ਤ ਅਤੇ ਸ਼ਰਤ ਚੰਦਰ ਦੇ ਨਾਂਅ ਖ਼ਤ ਨੂੰ ਪੜ੍ਹ ਕੇ ਵੀ ਜਾਣਿਆ ਜਾ ਸਕਦਾ ਹੈ। ਇੱਥੇ ਸਿਰਫ ਨੋਬਲ ਪੁਰਸਕਾਰ ਭਾਸ਼ਣ ਬਾਰੇ ਹੀ ਇੱਕ ਗੱਲ ਕਰਦੇ ਹਾਂ। ਇਹੀ ਮਹਾਂਕਵੀ ਹਿੱਤ ਯੋਗ ਅਭਿਨੰਦਨ ਹੋਵੇਗਾ। ਟੈਗੋਰ ਵੱਲੋਂ ਨੋਬਲ ਪੁਰਸਕਾਰ ਭਾਸ਼ਣ ਵਿੱਚ ਵਿਦਿਆ ਵਿਧੀ ਦੇ ਨਾਲ-ਨਾਲ ਇਸ ਦੇ ਭਾਰਤੀ ਸੰਦਰਭ ਨੂੰ ਉਭਾਰਿਆ ਗਿਆ ਸੀ। ਉਨ੍ਹਾਂ ਆਖਿਆ ਸੀ, ‘‘ਮੈਂ ਤੁਹਾਨੂੰ ਯਾਦ ਕਰਵਾਵਾਂ ਭਾਰਤ ਦੀ ਸ਼ਾਨਾਮੱਤੀ ਸੱਭਿਅਤਾ ਵਿੱਚ ਕਦੀ ਮਹਾਨ ਯੂਨੀਵਰਸਿਟੀ ਹੋਇਆ ਕਰਦੀ ਸੀ। ਦੀਵਾ ਬਾਲ ਦਿੰਦੇ ਹਾਂ ਤਾਂ ਇਸ ਦੀ ਰੌਸ਼ਨੀ ਮਨਮਰਜ਼ੀ ਨਾਲ ਬੰਨ੍ਹ ਨਹੀਂ ਸਕਦੇ ਫਿਰ ਆਪੇ, ਇਹ ਦੁਨੀਆਂ ਤੱਕ ਪੁੱਜਦੀ ਹੈ।

ਭਾਰਤ ਦੀ ਸੱਭਿਅਤਾ ਵਿੱਚ ਸ਼ਾਨ ਸੀ, ਸਿਆਣਪ ਸੀ ਤੇ ਅਮੀਰੀ ਸੀ। ਇਹ ਖਜ਼ਾਨੇ ਭਾਰਤ ਨੇ ਆਪਣੇ ਬੱਚਿਆਂ ਵਾਸਤੇ ਜੰਦਰਿਆਂ ਅੰਦਰ ਬੰਦ ਨਹੀਂ ਕੀਤੇ। ਚੀਨੀ, ਜਪਾਨੀ, ਇਰਾਨੀ ਸਭ ਕੌਮਾਂ ਦੇ ਲੋਕ ਆਉਂਦੇ ਤੇ ਭਾਰਤ ਵਿੱਚ ਜੋ ਬਿਹਤਰੀਨ ਹੁੰਦਾ, ਲੈ ਕੇ ਵਾਪਸ ਜਾਂਦੇ। ਤੁਹਾਨੂੰ ਪਤਾ ਹੋਏਗਾ ਸ਼ਾਇਦ ਕਿ ਭਾਰਤ ਵਿੱਚ ਪੈਸੇ ਲੈ ਕੇ ਵਿੱਦਿਆ ਦੇਣ ਦੀ ਪਰੰਪਰਾ ਨਹੀਂ ਸੀ। ਇਹ ਸਮਝਿਆ ਜਾਂਦਾ ਸੀ ਕਿ ਜਿਸ ਪਾਸ ਵਿੱਦਿਆ ਹੈ ਉਸ ਦੀ ਇਹ ਜਿੰਮੇਵਾਰੀ ਹੈ ਕਿ ਉਹ ਵਿਦਿਆਰਥੀਆਂ ਵਿੱਚ ਵੰਡੇ। ਵਿਦਿਆਰਥੀ ਅਧਿਆਪਕ ਦੇ ਪਿੱਛੇ ਮੰਗਤਿਆਂ ਵਾਂਗ ਫਿਰਦੇ ਰਹਿਣ, ਇਉਂ ਨਹੀਂ ਹੁੰਦਾ ਸੀ। ਅਧਿਆਪਕ ਦਾ ਖੁਦ ਇਹ ਮਿਸ਼ਨ ਸੀ ਕਿ ਵੰਡਣਾ ਪਵਿੱਤਰ ਫਰਜ਼ ਹੈ। ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਇਸੇ ਉਦੇਸ਼ ਦੀ ਪੂਰਤੀ ਵਾਸਤੇ ਗੁਰੂਕੁਲਾਂ ਚੱਲੀਆਂ।’’

ਰਬਿੰਦਰਨਾਥ ਟੈਗੋਰ ਦੇ ਇਹ ਵਿਚਾਰ ਵਰਤਮਾਨ ਭਾਰਤ ਵਿੱਚ ਨਵੀਂ ਸਿੱਖਿਆ ਨੀਤੀ ਦੇ ਨਾਂਅ ਥੱਲੇ ਵਿੱਦਿਆ ਪਾਸਾਰ ਹਿੱਤ ਉਸਾਰੀ ਜਾ ਰਹੀ ਪ੍ਰਾਈਵੇਟ ਵਿਵਸਥਾ ਉੱਤੇ ਨਜ਼ਰਸਾਨੀ ਵਾਸਤੇ ਪ੍ਰਸੰਗਕ ਹਨ। ਇਹ ਵਿਚਾਰ ਬਣ ਰਹੀ ਨਵੀਂ ਇੱਕ ਧਰੁਵੀ ਗਲੋਬਲੀ ਰਾਜਨੀਤਕ ਅਰਥਵਿਵਸਥਾ ਹਿੱਤ ਵੀ ਅਪ੍ਰਸੰਗਕ ਨਹੀਂ ਹਨ। ਮਹਾਂਕਵੀ ਦੇ ਇੱਕ ਸੌ ਪਚਾਨ੍ਹਵੇਂ ਜਨਮਦਿਨ ’ਤੇ ਇਸ ਵਿਸ਼ੇ ਨੂੰ ਪ੍ਰਮੁੱਖਤਾ ਹਾਸਲ ਹੋਣੀ ਲੋੜੀਂਦੀ ਹੈ, ਫੇਰ ਹੀ ਭਾਰਤ ਉਸ ਵੱਲੋਂ ਰਚੇ ‘ਜਨ ਗਨ ਮਨ’ ਨੂੰ ਸ਼ੁਭ ਆਰੰਭ ਵਜੋਂ ਗਾਉਣ ਦਾ ਹੱਕਦਾਰ ਬਣਿਆ ਰਹੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ