Pusa 44: ਰਾਜ ਦੇ ਸਮੂਹ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਜਾਰੀ ਕੀਤਾ ਪੱਤਰ
- ਸੱਚ ਕਹੂੰ ਵੱਲੋਂ ਵਿਸ਼ੇਸ਼ ਤੌਰ ’ਤੇ ਚੁੱਕਿਆ ਗਿਆ ਸੀ ਮੁੱਦਾ | Pusa 44
Pusa 44: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਪੂਸਾ 44 ਅਤੇ ਹਾਈਬ੍ਰਿਡ ਬੀਜ਼ਾਂ ਦੀ ਵਿੱਕਰੀ ਤੇ ਬਿਜਾਈ ’ਤੇ ਪਾਬੰਦੀ ਲਾਉਣ ਸਬੰਧੀ ਰਾਜ ਦੇ ਸਮੂਹ ਖੇਤੀਬਾੜੀ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇੱਧਰ ਪਤਾ ਲੱਗਾ ਹੈ ਕਿ ਇਸ ਤੋਂ ਬਾਅਦ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਵੱਲੋਂ ਬੀਜ ਡੀਲਰਾਂ ਦੀ ਚੈਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਸੂਬੇ ਅੰਦਰ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਘੱਟ ਸਮੇਂ ਵਾਲੀਆਂ ਝੋਨੇ ਦੀਆਂ ਕਿਸਮਾਂ ਲਗਾਉਣ ਲਈ ਕਿਸਾਨਾਂ ਨੂੰ ਪ੍ਰੇਰਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ 5 ਅਪਰੈਲ ਨੂੰ ਸੱਚ ਕਹੂੰ ਵੱਲੋਂ ‘ਝੋਨੇ ਦੀ ਕਿਸਮ ਪੂਸਾ 44 ਤੇ ਹਾਈਬ੍ਰਿਡ ਬੀਜ਼ਾਂ ’ਤੇ ਹੋਵੇਗੀ ਸਖ਼ਤੀ’ ਸਬੰਧੀ ਸਟੋਰੀ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਤੋਂ ਬਾਅਦ ਅੱਜ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਵੱਲੋਂ ਰਾਜ ਦੇ ਸਮੂਹ ਖੇਤੀਬਾੜੀ ਅਫ਼ਸਰਾਂ ਨੂੰ ਪੂਸਾ 44 ਤੇ ਹਾਈਬ੍ਰਿਡ ਬੀਜਾਂ ਦੀ ਵਿਕਰੀ ਤੇ ਬਿਜਾਈ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਉਣ ਵਾਲਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਪੱਤਰ ’ਚ ਆਖਿਆ ਗਿਆ ਹੈ ਕਿ ਸੂਬੇ ਅੰਦਰ ਧਰਤੀ ਦੇ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਹੋਰ ਡਿੱਗਣ ਤੋਂ ਬਚਾਉਣ ਤੇ ਮੁੜ ਸੁਰਜੀਤ ਕਰਨ ਦੇ ਮੰਤਵ ਨਾਲ ਵਿਭਾਗ ਵੱਲੋਂ ਕਈ ਮਹੱਤਵਪੂਰਨ ਉਪਰਾਲੇ ਆਰੰਭੇ ਹੋਏ ਹਨ, ਜਿਸ ਦੇ ਅੰਤਰਗਤ ਸੂਬੇ ’ਚ ਪੀਏਯੂ ਦੀਆਂ ਸਿਫ਼ਾਰਸ਼ਾਂ ਅਨੁਸਾਰ ਘੱਟ ਪਾਣੀ ਤੇ ਪੱਕਣ ਵਿੱਚ ਘੱਟ ਸਮਾਂ ਲੈਣ ਵਾਲੀਆ ਕਿਸਮਾਂ ਪੀਆਰ 126 ਤੇ ਹੋਰ ਘੱਟ ਪਾਣੀ ਵਾਲੀਆਂ ਕਿਸਮਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਿਧੀ ਰਾਹੀਂ ਬਿਜਵਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ।
Pusa 44
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀ ਪੂਸਾ 44 ਕਿਸਮ ਨੂੰ ਨਾ ਲਗਾਉਣ ਸਬੰਧੀ ਕਿਹਾ ਗਿਆ ਹੈ ਕਿਉਂਕਿ ਪੂਸਾ 44 ਕਿਸਮ ਵੱਧ ਪਾਣੀ ਦੇ ਨਾਲ ਹੀ ਪੱਕਣ ਵਿੱਚ ਵੱਧ ਸਮਾਂ ਲੈਦੀ ਹੈ। ਇਸ ਦੀ ਵਾਢੀ ਉਪਰੰਤ ਪਰਾਲੀ ਜਿਆਦਾ ਪੈਦਾ ਹੁੰਦੀ ਹੈ। ਇਸ ਦੇ ਨਾਲ ਹੀ ਅੱਗਾਂ ’ਚ ਜਿਆਦਾ ਵਾਧਾ ਹੁੰਦਾ ਹੈ। ਪੂਸਾ-44 ਕਿਸਮ ਝੁਲਸ ਰੋਗ ਦੀ ਬਿਮਾਰੀ ਅਤੇ ਕਈ ਪ੍ਰਕਾਰ ਦੇ ਰਸ ਚੂਸਣ ਵਾਲੇ ਕੀੜੇ ਮਕੌੜਿਆਂ ਤੋਂ ਜਲਦੀ ਪ੍ਰਭਾਵਿਤ ਹੁੰਦੀ ਹੈ ਇਸ ਦੇ ਪਰਾਲ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਮਿੱਟੀ, ਪਾਣੀ ਨੂੰ ਪ੍ਰਦੂਸ਼ਿਤ ਕਰਨ ਦੀ ਦਰ ਵਿੱਚ ਵਾਧਾ ਹੁੰਦਾ ਹੈ।
Read Also : Punjabi Virsa: ਬਾਤਾਂ ਵਿਰਸੇ ਦੀਆਂ : ਨਿਵੇਕਲੀ ਕਲਾ ਸੀ ਤੂੜੀ ਵਾਲੇ ਕੁੱਪ ਬੰਨ੍ਹਣ ਦੀ
ਇਸ ਤੋਂ ਇਲਾਵਾ ਝੋਨੇ ਦੇ ਹਾਈਬ੍ਰਿਡ ਬੀਜ ਮਹਿੰਗੇ ਰੇਟ ਮਿਲਦੇ ਹਨ ਅਤੇ ਇਹਨਾਂ ਦੀ ਜਿਨਸ ਵਿੱਚ ਐੱਫ਼.ਸੀ.ਆਈ. ਵੱਲੋਂ ਨਿਰਧਾਰਿਤ ਮਾਪਦੰਡਾਂ ਦੇ ਜ਼ਿਆਦਾ ਟੋਟਾ ਆਉਂਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਮੰਡੀ ਵਿੱਚ ਘੱਟ ਭਾਅ ਮਿਲਦਾ ਹੈ ਤੇ ਜ਼ਿਆਦਾ ਖੱਜਲ-ਖੁਆਰੀ ਹੁੰਦੀ ਹੈ। ਖੇਤੀਬਾੜੀ ਵਿਭਾਗ ਵੱਲੋਂ ਜਾਰੀ ਪੱਤਰ ਤੋਂ ਬਾਅਦ ਪੂਰੀ ਸਰਗਰਮੀ ਕਰਦਿਆਂ ਬੀਜ਼ ਡੀਲਰਾਂ ਦੀ ਚੈਕਿੰਗ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਪੂਸਾ 44 ਸਮੇਤ ਹਾਈਬ੍ਰਿਡ ਬੀਜਾਂ ਨੂੰ ਨਾ ਵੇਚਣ।
ਲਗਾਤਾਰ ਚੈਕਿੰਗ ਰਹੇਗੀ ਜਾਰੀ : ਡਾ. ਜਸਵਿੰਦਰ ਸਿੰਘ
ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੁਝ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਗਈ ਹੈ ਤੇ ਅਗਲੇ ਦਿਨਾਂ ਦੌਰਾਨ ਇਹ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਤੇ ਬੀਜ ਡੀਲਰਾਂ ਨੂੰ ਸਖਤ ਆਦੇਸ਼ ਹੈ ਕਿ ਉਹ ਪੂਸਾ 44 ਤੇ ਹਾਈਬ੍ਰਿਡ ਬੀਜ ਆਪਣੀਆਂ ਦੁਕਾਨਾਂ ’ਤੇ ਨਾ ਰੱਖਣ। ਜੇਕਰ ਕਿਸੇ ਦੁਕਾਨਦਾਰ ਵੱਲੋਂ ਲੁਕ ਛਿਪ ਕੇ ਅਜਿਹੇ ਬੀਜਾਂ ਨੂੰ ਵੇਚਿਆ ਗਿਆ ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਡਾ. ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੇ ਪੀਆਰ 126, 127, 128, 129, 130, 131 ਤੇ 132 ਬੀਜਾਂ ਨੂੰ ਤਰਜੀਹ ਦੇਣ।