ਪੰਜਾਬ ਦੇ ਹਰ ਜ਼ਿਲੇ ਦੀ ਇੱਕੋ ਹੀ ਕਹਾਣੀ, ਕਈ ਥਾਂਈਂ ਤਾਂ 3-3 ਦਿਨ ਤੱਕ ਕਰਨਾ ਪੈ ਰਿਹਾ ਐ ਰਿਪੋਰਟ ਦਾ ਇੰਤਜ਼ਾਰ
ਰਿਪੋਰਟ ਲੇਟ ਆਉਣ ਦੇ ਕਾਰਨ ਵੀ ਵੱਧ ਰਿਹਾ ਐ ਕੋਰੋਨਾ, ਪਾਜੀਟਿਵ ਰਿਪੋਰਟ ਆਉਣ ਤੋਂ ਪਹਿਲਾਂ ਮਰੀਜ਼ ਘੁੰਮਦੇ ਰਹਿੰਦੇ ਹਨ ਬਾਹਰ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਟੈਸਟਿੰਗ ਦੀ ਰਿਪੋਰਟ ਇੰਨੀ ਜਿਆਦਾ ਲੇਟ ਲਤੀਫ਼ ਹੈ ਕਿ ਲੋਕਾਂ ਨੂੰ 24 ਤੋਂ 36 ਘੰਟੇ ਤੱਕ ਰਿਪੋਰਟ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਜਿਸ ਨਾਲ ਕੋਰੋਨਾ ਕਾਫ਼ੀ ਜਿਆਦਾ ਵਧ ਰਿਹਾ ਹੈ, ਕਿਉਂਕਿ ਰਿਪੋਰਟ ਆਉਣ ਤੋਂ ਪਹਿਲਾਂ ਮਰੀਜ਼ ਬਾਹਰ ਘੁੰਮਦਾ ਰਹਿੰਦਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮਰੀਜ਼ ਘਰ ਜਾਂ ਫਿਰ ਹਸਪਤਾਲ ਵਿੱਚ ਦਾਖ਼ਲ ਹੁੰਦਾ ਹੈ। ਕੁਝ ਇਸ ਤਰਾਂ ਦਾ ਨੁਕਸਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਸਹਿਣਾ ਪੈ ਰਿਹਾ ਹੈ, ਜੇਕਰ ਵਿਧਾਇਕ ਕੁਲਬੀਰ ਜ਼ੀਰਾ ਦੀ ਰਿਪੋਰਟ ਸਮਾਂ ਰਹਿੰਦੇ ਆ ਜਾਂਦੀ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਕਾਂਤਵਾਸ ਵਿੱਚ ਜਾਣਾ ਹੀ ਨਾ । ਵਿਧਾਇਕ ਕੁਲਬੀਰ ਜੀਰਾ ਦੀ ਰਿਪੋਰਟ ਵਿੱਚ ਕਾਫ਼ੀ ਜਿਆਦਾ ਦੇਰੀ ਕੀਤੀ ਗਈ ਅਤੇ ਉਨਾਂ ਨੂੰ ਤੀਜੇ ਦਿਨ ਰਿਪੋਰਟ ਬਾਰੇ ਜਾਣਕਾਰੀ ਮਿਲੀ, ਜਿਸ ਕਾਰਨ ਹੀ ਉਹ ਬਾਹਰ ਘੁੰਮਣ ਦੇ ਨਾਲ ਸਦਨ ਦੀ ਕਾਰਵਾਈ ਵਿੱਚ ਵੀ ਸ਼ਾਮਲ ਹੋ ਗਏ ਸਨ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਇਸ ਸਮੇਂ 7 ਤੋਂ ਜ਼ਿਆਦਾ ਥਾਂਵਾਂ ‘ਤੇ ਸਰਕਾਰੀ ਅਦਾਰਿਆਂ ਵਿੱਚ ਰੋਜ਼ਾਨਾ ਕੋਰੋਨਾ ਦੇ 16 ਹਜ਼ਾਰ 250 ਟੈਸਟ ਕੀਤੇ ਜਾ ਸਕਦੇ ਹਨ ਅਤੇ ਇਸ ਦੇ ਬਾਵਜੂਦ ਘਟੈਸਟ ਦੀ ਰਿਪੋਰਟ ਨੂੰ 24 ਤੋਂ 36 ਘੰਟੇ ਤੱਕ ਦਾ ਸਮਾਂ ਲਗ ਰਿਹਾ ਹੈ। ਹਾਲਾਂਕਿ ਇੱਕ ਟੈਸਟ ਨੂੰ ਕਰਨ ਲਈ ਜ਼ਿਆਦਾ ਤੋਂ ਜਿਆਦਾ 7 ਤੋਂ 12 ਘੰਟੇ ਹੀ ਲਗਦੇ ਹਨ ਫਿਰ ਵੀ ਸਰਕਾਰੀ ਲੈਬਾਰਟਰੀ ਵਿੱਚ ਟੈਸਟ ਰਿਪੋਰਟ ਤਿਆਰ ਕਰਨ ਅਤੇ ਭੇਜਣ ਵਿੱਚ ਕਾਫ਼ੀ ਜਿਆਦਾ ਦੇਰੀ ਕੀਤੀ ਜਾ ਰਹੀਂ ਹੈ।
ਪੰਜਾਬ ਸਰਕਾਰ ਦੇ ਅੰਕੜੇ ਹੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕੋਰੋਨਾ ਟੈਸਟ ਰਿਪੋਰਟ ਇੰਨੀ ਜਿਆਦਾ ਲੇਟ ਆ ਰਹੀਂ ਹੈ ਕਿ ਰੋਜ਼ਾਨਾ 20 ਹਜ਼ਾਰ ਤੋਂ ਜਿਆਦਾ ਟੈਸਟ ਰਿਪੋਰਟਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਹੈ। ਕੋਰੋਨਾ ਟੈਸਟ ਰਿਪੋਰਟ ਦੀ ਦੇਰ ਅੱਜ ਤੋਂ ਨਹੀਂ ਹੋ ਰਹੀ ਸਗੋਂ ਜਦੋਂ ਤੋਂ ਪੰਜਾਬ ਵਿੱਚ ਕੋਰੋਨਾ ਆਇਆ ਹੈ, ਉਸ ਸਮੇਂ ਤੋਂ ਹੀ ਇਹੋ ਜਿਹਾ ਹਾਲ ਹੈ, ਜਿਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ 21 ਅਗਸਤ ਨੂੰ 16001 ਰਿਪੋਰਟ ਪੈਡਿੰਗ ਸਨ ਤਾਂ 22 ਅਗਸਤ ਨੂੰ 16642 ਪੈਡਿੰਗ, 23 ਅਗਸਤ ਨੂੰ 19923 ਪੈਡਿੰਗ, 24 ਅਗਸਤ ਨੂੰ 16794 ਪੈਡਿੰਗ, 25 ਅਗਸਤ ਨੂੰ 20617 ਪੈਡਿੰਗ, 26 ਅਗਸਤ ਨੂੰ 21938 ਪੈਡਿੰਗ ਅਤੇ 27 ਅਗਸਤ ਨੂੰ 19637 ਰਿਪੋਰਟ ਪੈਡਿੰਗ ਸਨ।
ਆਨਲਾਇਨ ਨਹੀਂ ਮਿਲਦੀ ਰਿਪੋਰਟ, ਆਮ ਲੋਕਾਂ ਨੂੰ ਹੋਣਾ ਪੈ ਰਿਹਾ ਐ ਪਰੇਸ਼ਾਨ
ਕੋਰੋਨਾ ਦੀ ਰਿਪੋਰਟ ਪੰਜਾਬ ਸਰਕਾਰ ਵਲੋਂ ਆਨਲਾਈਨ ਨਹੀਂ ਦਿੱਤੀ ਜਾ ਰਹੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਟੈਸਟ ਕਰਵਾਉਣ ਤੋਂ ਬਾਅਦ ਰਿਪੋਰਟ ਲੈਣ ਲਈ ਕਾਫ਼ੀ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਲੋਕਾਂ ਨੂੰ ਰਿਪੋਰਟ ਲਈ ਸਿਵਲ ਹਸਪਤਾਲ ਦੇ ਕਈ ਕਈ ਗੇੜੇ ਤੱਕ ਕੱਢਣੇ ਪੈ ਰਹੇ ਹਨ ਜੇਕਰ ਕੋਰੋਨਾ ਦੀ ਰਿਪੋਰਟ ਆਨਲਾਈਨ ਮਿਲਣੀ ਸ਼ੁਰੂ ਹੋ ਜਾਏ ਤਾਂ ਪੰਜਾਬ ਦੇ ਸੈਂਕੜੇ ਲੋਕਾਂ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.