ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟ ਕੋਲੇ ਦਾ ਸਟਾਂਕ ਜਮ੍ਹਾ ਕਰਨ ਲੱਗੇ

ਰਾਜਪੁਰਾ ਥਰਮਲ ਪਲਾਂਟ ‘ਚ ਕੋਲੇ ਦੇ 26 ਰੈਂਕ ਪੁੱਜੇ, 14 ਰਸਤੇ ‘ਚ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੋਲੇ ਦੀ ਤੋਟ ਝੱਲ ਚੁੱਕੇ ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟ ਹੁਣ ਵੱਧ ਤੋਂ ਵੱਧ ਕੋਲੇ ਦਾ ਸਟਾਕ ਜਮ੍ਹਾਂ ਕਰਨ ਵਿੱਚ ਜੁਟ ਗਏ ਹਨ। ਰਾਜਪੁਰਾ ਅਤੇ ਤਲਵੰਡੀ ਸਾਬੋ ਦੇ ਥਰਮਲ ਪਲਾਂਟਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ਦੇਖਦਿਆਂ ਹੁਣ ਕੋਈ ਰਿਸਕ ਨਹੀਂ ਉਠਾਉਣਾ ਚਾਹੁੰਦੇ। ਰਾਜਪੁਰਾ ਥਰਮਲ ਪਲਾਂਟ ਅਤੇ ਤਲਵੰਡੀ ਸਾਬੋ ਥਮਰਲ ਪਲਾਂਟਾਂ ਦੇ ਮੌਜੂਦਾ ਸਮੇਂ ਤਿੰਨ ਯੂਨਿਟ ਬਿਜਲੀ ਉਤਪਾਦਨ ਕਰ ਰਹੇ ਹਨ। ਜਾਣਕਾਰੀ ਅਨੁਸਾਰ ਰਾਜਪੁਰਾ ਥਰਮਲ ਪਲਾਂਟ ‘ਚ ਹੁਣ ਤੱਕ ਮਾਲ ਗੱਡੀਆਂ ਰਾਹੀਂ ਕੋਲੇ ਦੇ 26 ਰੇਂਕ ਪੁੱਜ ਚੁੱਕੇ ਹਨ ਜਦਕਿ 14 ਰੈਂਕ ਰਸਤੇ ਵਿੱਚ ਹਨ। ਰਾਜਪੁਰਾ ਥਰਮਲ ਪਲਾਂਟ ‘ਚ ਲਗਭਗ 55 ਲੱਖ ਰੁਪਏ ਦਾ ਕੋਲਾ ਪੁੱਜ ਚੁੱਕਾ ਹੈ ਜਦਕਿ ਲਗਭਗ 25 ਲੱਖ ਰੁਪਏ ਦਾ ਕੋਲਾ ਪੁੱਜਣ ਵਾਲਾ ਹੈ।

ਥਰਮਲ ਪਲਾਂਟ ਦੇ ਅਧਿਕਾਰੀਆਂ ਵੱਲੋਂ ਕੋਲੇ ਦੇ ਨਵੇਂ ਸਟਾਕ ਦਾ ਆਰਡਰ ਦੇਣ ਲਈ ਆਪਣੀ ਪ੍ਰਕਿਰਿਆ ਵੀ ਆਰੰਭੀ ਹੋਈ ਹੈ। ਥਰਮਲ ਪਲਾਂਟ ਅਥਾਰਟੀ ਨੂੰ ਡਰ ਹੈ ਕਿ ਇਸ ਵਾਰ ਕੋਲੇ ਦੇ ਸਟਾਕ ਵਿੱਚ ਕੋਈ ਘਾਟ ਨਾ ਰੱਖੀ ਜਾਵੇ, ਕਿਉਂਕਿ ਕਿਸਾਨੀ ਅੰਦੋਲਨ ਦਾ ਮੂੰਹ ਹੁਣ ਦਿੱਲੀ ਵੱਲ ਹੋ ਗਿਆ ਹੈ। ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਪੂਰੀ ਸਮੱਰਥਾ ਤੇ ਬਿਜਲੀ ਉਤਪਾਦਨ ਕਰ ਰਹੇ ਹਨ। ਇਸ ਦੇ ਨਾਲ ਹੀ ਤਲਵੰਡੀ ਸਾਬੋ ਥਰਮਲ ਪਲਾਂਟ ਅਥਾਰਟੀ ਵੱਲੋਂ ਲਗਾਤਾਰ ਕੋਲੇ ਦੀਆਂ ਗੱਡੀਆਂ ਮੰਗਵਾਈਆਂ ਜਾ ਰਹੀਆਂ ਹਨ। ਇਸ ਪਲਾਂਟ ਦਾ ਰਸਤੇ ਵਿੱਚ ਰੁਕਿਆ ਕੋਲਾ ਵੀ ਪੁੱਜ ਰਿਹਾ ਹੈ।

ਇਸ ਥਰਮਲ ਪਲਾਂਟ ਦਾ ਇੱਕ ਯੂਨਿਟ ਹੀ ਅੱਧੀ ਮਾਤਰਾ ਦੇ ਬਿਜਲੀ ਉਦਪਦਾਨ ਕਰ ਰਿਹਾ ਹੈ। ਕੋਲੇ ਦੀ ਘਾਟ ਕਾਰਨ ਇਹ ਦੋਵੇਂ ਥਮਰਲ ਪਲਾਂਟ 28 ਤੇ 29 ਅਕਤੂਬਰ ਨੂੰ ਬੰਦ ਹੋ ਗਏ ਸਨ। ਇੱਧਰ ਪਾਵਰਕੌਮ ਵੱਲੋਂ ਸਰਦੀ ਦਾ ਸ਼ੀਜਨ ਹੋਣ ਕਾਰਨ ਬਿਜਲੀ ਦੀ ਮੰਗ ਘੱਟ ਹੋਣ ਕਰਕੇ ਆਪਣੇ ਥਮਰਲ ਪਲਾਂਟਾਂ ਨੂੰ ਬੰਦ ਰੱਖਿਆ ਹੋਇਆ ਹੈ। ਇਨ੍ਹਾਂ ਅੰਦਰ ਵੀ ਪਾਵਰਕੌਮ ਵੱਲੋਂ ਕੋਲੇ ਦਾ ਸਟਾਕ ਜਮ੍ਹਾਂ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕੇਂਦਰੀ ਬਿਜਲੀ ਸੈਂਟਰਲ ਅਥਾਰਟੀ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਦੇ ਹਰੇਕ ਥਰਮਲ ਪਲਾਂਟ ਨੂੰ ਘੱਟੋ ਘੱਟ 30 ਦਿਨਾਂ ਤੱਕ ਦਾ ਕੋਲੇ ਦਾ ਸਟਾਂਕ ਜਮ੍ਹਾਂ ਰੱਖਣਾ ਹੁੰਦਾ ਹੈ, ਪਰ ਜਦੋਂ ਪੰਜਾਬ ਅੰਦਰ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਉਸ ਸਮੇਂ ਕਿਸੇ ਵੀ ਥਰਮਲ ਪਲਾਂਟ ‘ਚ ਉਕਤ ਸਮਰੱਥਾ ਦਾ ਕੋਲਾ ਮੌਜੂਦ ਨਹੀਂ ਸੀ।

ਇਨ੍ਹਾਂ ਥਰਮਲ ਪਲਾਂਟਾਂ ਵੱਲੋਂ ਨਿਯਮਾਂ ਦੀਆਂ ਉਡਾਈਆਂ ਧੱਜੀਆਂ ਕਾਰਨ ਹੀ ਪੰਜਾਬ ਦੇ ਲੋਕਾਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ। ਅਜੇ ਵੀ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਦੇਖਦਿਆਂ ਹੁਣ ਪ੍ਰਾਈਵੇਟ ਥਰਮਲ ਪਲਾਂਟਾਂ ਵੱਲੋਂ ਕੋਲੇ ਦੇ ਸਟਾਕ ਵਿੱਚ ਕੋਈ ਕਮੀ ਨਹੀਂ ਰਹਿਣ ਦੇਣਾ ਚਾਹੁੰਦੇ।

ਕੋਲੇ ਦੇ ਹੋਰ ਆਰਡਰਾਂ ਦੀ ਪ੍ਰਕਿਰਿਆ ਆਰੰਭੀ

ਰਾਜਪੁਰਾ ਥਰਮਲ ਪਲਾਂਟ ਦੇ ਇੱਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹੁਣ ਤੱਕ 55 ਲੱਖ ਦਾ ਕੋਲਾ ਪੁੱਜ ਚੁੱਕਾ ਹੈ ਜਦਕਿ ਬਾਕੀ ਰੈਕ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਅਥਾਰਟੀ ਵੱਲੋਂ ਹੁਣ ਪਹਿਲਾਂ ਹੀ ਹੋਰ ਨਵੇਂ ਕੋਲੇ ਦੇ ਆਰਡਰ ਦੇਣ ਦੀ ਪ੍ਰਕਿਰਿਆ ਆਰੰਭੀ ਹੋਈ ਹੈ ਤਾਂ ਜੋ ਕੋਲੇ ਦੀ ਘਾਟ ਨਾ ਸਹਿਣੀ ਪਵੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਕੋਲਾ ਖਤਮ ਹੋਣ ਕਾਰਨ ਪਲਾਂਟ ਠੱਪ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਥਰਮਲ ਪਲਾਂਟ ਪੰਜਾਬ ਅੰਦਰ ਸਭ ਤੋਂ ਸਸਤੀ ਬਿਜਲੀ ਦੇ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.