Punjabi Story: ਪਹਿਰਾਵਾ (ਇੱਕ ਪੰਜਾਬੀ ਕਹਾਣੀ)

Punjabi Story
Punjabi Story: ਪਹਿਰਾਵਾ (ਇੱਕ ਪੰਜਾਬੀ ਕਹਾਣੀ)

Punjabi Story: ਸੁਖਦੇਵ ਚੰਗੀ-ਭਲੀ ਨੌਕਰੀ ਕਰਦਾ ਸੀ ਨੌਕਰੀ ਭਾਵੇਂ ਪ੍ਰਾਈਵੇਟ ਹੀ ਸੀ ਪਰ ਬੱਝੇ ਪੈਸੇ ਆ ਜਾਂਦੇ ਸਨ। ਘਰ ਦਾ ਗੁਜ਼ਾਰਾ ਬੜਾ ਵਧੀਆ ਚੱਲੀ ਜਾਂਦਾ ਸੀ। ਕੋਰੋਨਾ ਦੀ ਅਜਿਹੀ ਭਿਆਨਕ ਮਹਾਂਮਾਰੀ ਆਈ, ਜਿਸਨੇ ਸਭ ਕੁੱਝ ਤਹਿਸ-ਨਹਿਸ ਕਰ ਦਿੱਤਾ। ਦੁਨੀਆ ਅਰਸ਼ ਤੋਂ ਫਰਸ਼ ’ਤੇ ਆ ਗਈ। ਫਿਰ ਸੁਖਦੇਵ ਕਿਸ ਦੇ ਪਾਣੀਹਾਰ ਸੀ। ਉਸ ਨੇ ਕਿੰਨੀਆਂ ਆਸਾਂ-ਉਮੀਦਾਂ ਨਾਲ ਸ਼ਹਿਰ ਵਿੱਚ ਬਸੇਰਾ ਕੀਤਾ ਸੀ ਉਹ ਰੀਝਾਂ ਵੀ ਮਿੱਟੀ ਵਿੱਚ ਮਿਲ ਗਈਆਂ। ਉਹ ਚਾਹੁੰਦਾ ਸੀ ਕਿ ਉਸਦੇ ਬੱਚੇ ਸ਼ਹਿਰ ਦੇ ਪ੍ਰਾਈਵੇਟ ਸਕੂਲ ਵਿੱਚ ਪੜ੍ਹ-ਲਿਖ ਕੇ ਚੰਗੇ ਅਫਸਰ ਬਣਨ ਪਰ…।

Read Also : …ਬਦਲ ਗਿਆ ਹੈ ਮੌਸਮ, ਆਪਣੀ ਸਿਹਤ ਦਾ ਇਸ ਤਰ੍ਹਾਂ ਰੱਖੋ ਧਿਆਨ

ਆਮਦਨ ਘਟਣ ਕਾਰਨ ਇੱਕ ਦਿਨ ਸੁਖਦੇਵ ਨੇ ਆਪਣੀ ਪਤਨੀ ਸੁਰਜੀਤ ਨਾਲ ਗੱਲ ਕੀਤੀ, ‘‘ਸੁਰਜੀਤ ਜੇ ਆਪਾਂ ਪਿੰਡ ਚਲੇ ਚੱਲੀਏ ਤਾਂ ਠੀਕ ਨਹੀਂ?’’
‘‘ਕਿਉਂ ਜੀ?’’
‘‘ਦੇਖ ਗੁਜ਼ਾਰਾ ਮੁਸ਼ਕਿਲ ਨਾਲ ਹੋ ਰਿਹਾ ਹੈ, ਜਿਹੜੇ ਪੈਸੇ ਜੋੜੇ ਸੀ, ਉਹ ਮੁੱਕ ਚੱਲੇ ਨੇ, ਜੇ ਇਹੀ ਹਾਲ ਰਿਹਾ ਤਾਂ ਆਪਾਂ ਜ਼ਿਆਦਾ ਔਖੇ ਹੋਵਾਂਗੇ।’’
‘‘ਗੱਲ ਤਾਂ ਤੁਹਾਡੀ ਠੀਕ ਹੈ, ਚੱਲੋ ਘਰ ਦਾ ਕਿਰਾਇਆ-ਭਾੜਾ ਤੇ ਹੋਰ ਖਰਚੇ ਤਾਂ ਘਟਣਗੇ ਹੀ।’’
‘‘ਹਾਂ, ਆਪਾਂ ਪਿੰਡ ਵਾਲਾ ਘਰ ਸੰਵਾਰ ਲੈਂਦੇ ਹਾਂ।’’

‘‘ਠੀਕ ਹੈ ਜੀ ਪਰ…।’’ ‘‘ਪਰ ਕੀ?’’ ‘‘ਪਰ ਬੱਚਿਆਂ ਦੀ ਪੜ੍ਹਾਈ ਦਾ ਕੀ ਬਣੂ?’’
‘‘ਉੱਥੇ ਹੀ ਸਕੂਲ ’ਚ ਦਾਖਲ ਕਰਵਾ ਦਿਆਂਗੇ, ਜਦੋਂ ਹਾਲਾਤ ਠੀਕ ਹੋ ਗਏ ਆਪਾਂ ਫਿਰ ਆਜਾਂਗੇ। ਠੀਕ ਹੈ?’’
‘‘ਚਲੋ ਠੀਕ ਹੈ।’’ ਸੁਰਜੀਤ ਨੇ ਕਿਹਾ।
ਸੁਖਦੇਵ ਨੇ ਦੂਜੇ ਦਿਨ ਸਵੇਰੇ ਹੀ ਸਾਈਕਲ ਚੁੱਕਿਆ ਤੇ ਪਿੰਡ ਵੱਲ ਚੱਲ ਪਿਆ। ਉਸਦਾ ਪਿੰਡ, ਸ਼ਹਿਰ ਤੋਂ 6 ਕਿਲੋਮੀਟਰ ਦੂਰ ਸੀ। ਉਸਨੇ ਉੱਥੇ ਪਹੁੰਚ ਕੇ ਆਪਣੇ ਆਂਢੀਆਂ-ਗੁਆਂਢੀਆਂ ਨਾਲ ਗੱਲਾਂ ਕੀਤੀਆਂ ਤੇ ਦਰਵਾਜ਼ਾ ਖੋਲ੍ਹ ਕੇ ਘਰ ਦੀ ਸਫਾਈ ਕੀਤੀ ਤਾਂ ਕਿ ਦੁਬਾਰਾ ਰਿਹਾਇਸ਼ ਕੀਤੀ ਜਾ ਸਕੇ। ਦੂਜੇ ਗੁਆਂਢੀ ਵੀ ਉਸ ਦੀ ਮੱਦਦ ਕਰਨ ਲੱਗੇ। ਇੰਨੇ ਨੂੰ ਉਸ ਦੀ ਚਾਚੀ ਕਰਤਾਰ ਕੌਰ ਚਾਹ ਬਣਾ ਲਿਆਈ ਤੇ ਕਹਿੰਦੀ, ‘‘ਲੈ ਪੁੱਤ ਚਾਹ ਪੀ ਲੈ।’’
‘‘ਚਾਚੀ ਕਾਹਨੂੰ ਖੇਚਲ ਕਰਨੀ ਸੀ।’’
‘‘ਲੈ ਪੁੱਤ ਮੈਨੂੰ ਤਾਂ ਚਾਅ ਚੜ੍ਹ ਗਿਆ ਵੀ ਤੁਸੀਂ ਵੀ ਇੱਥੇ ਆ ਜਾਓਗੇ।’’ Punjabi Story

ਭਾਵੇਂ ਪਿੰਡ ਆਉਣਾ ਸੁਖਦੇਵ ਦੀ ਮਜਬੂਰੀ ਸੀ ਪਰ ਉਸਨੇ ਉੱਤੋਂ-ਉੱਤੋਂ ਹੱਸ ਕੇ, ਉਸਦਾ ਵਧੀਆ ਉੱਤਰ ਦਿੱਤਾ। ਇਸ ਤਰ੍ਹਾਂ ਉਹ ਘਰ ਠੀਕ ਕਰਕੇ ਵਾਪਸ ਸ਼ਹਿਰ ਆ ਗਿਆ। ਦੂਸਰੇ ਦਿਨ ਉਹ ਸਾਮਾਨ ਲੈ ਕੇ ਪਿੰਡ ਪਹੁੰਚ ਗਏ। ਕੁੱਝ ਦਿਨ ਤਾਂ ਬੱਚਿਆਂ ਤੇ ਪੂਰੇ ਪਰਿਵਾਰ ਨੂੰ ਓਪਰਾ ਲੱਗਾ। ਫਿਰ ਉਹ ਰਚ-ਮਿਚ ਗਏ। ਕੋਰੋਨਾ ਘਟਣ ਨਾਲ ਸ਼ਹਿਰ ਵਿੱਚ ਕੰਮ ਚੱਲ ਪਏ। ਸੁਖਦੇਵ ਵੀ ਦਿਹਾੜੀ ਕਰਨ ਸ਼ਹਿਰ ਚਲਾ ਗਿਆ। ਉਹ ਲੇਬਰ ਚੌਂਕ ’ਚ ਖੜ੍ਹ ਕੇ ਆਪਣੀ ਦਿਹਾੜੀ ਲੱਗਣ ਦਾ ਇੰਤਜ਼ਾਰ ਕਰਨ ਲੱਗਾ। ਹੌਲੀ-ਹੌਲੀ ਸੁਖਦੇਵ ਦੇ ਨਾਲ ਖੜ੍ਹੇ ਮਜ਼ਦੂਰ ਕੰਮਾਂ ’ਤੇ ਜਾਣ ਲੱਗੇ। ਸੁਖਦੇਵ ਨੂੰ ਕੋਈ ਲੈ ਕੇ ਨਾ ਗਿਆ।
ਅਖੀਰ ਇੱਕ ਬਾਬੂ ਜੀ ਸੁਖਦੇਵ ਨਾਲ ਖੜ੍ਹੇ ਉਨ੍ਹਾਂ ਦੇ ਹੀ ਪਿੰਡ ਦੇ ਮਜਦੂਰ ਰਾਮ ਲਾਲ ਨਾਲ ਦਿਹਾੜੀ ’ਤੇ ਜਾਣ ਬਾਰੇ ਗੱਲ ਕਰਨ ਲੱਗੇ ਤਾਂ ਉਸ ਮਜਦੂਰ ਨੇ ਪੁੱਛਿਆ, ‘‘ਬਾਬੂ ਜੀ ਜੇ ਹੋਰ ਲੋੜ ਹੈ ਤਾਂ ਬੰਦਾ ਹੋਰ ਲੈ ਚੱਲੀਏ?’’
‘‘ਹਾਂ-ਹਾਂ ਲੋੜ ਤਾਂ ਹੈ।’’ Punjabi Story

‘‘ਫਿਰ ਇਸ ਨੂੰ ਲੈ ਚੱਲਦੇ ਹਾਂ।’’ ਉਸਨੇ ਸੁਖਦੇਵ ਵੱਲ ਇਸ਼ਾਰਾ ਕੀਤਾ ਤਾਂ ਬਾਊ ਜੀ ਰਾਮ ਲਾਲ ਨੂੰ ਇੱਕ ਪਾਸੇ ਲਿਜਾ ਕੇ ਹੌਲੀ-ਹੌਲੀ ਕਹਿਣ ਲੱਗਾ, ‘‘ਭਾਈ ਸਾਹਿਬ ਇਹੋ-ਜਿਹੇ ਅਪ-ਟੂ-ਡੇਟ ਬੰਦੇ ਕੰਮ ਨਹੀਂ ਕਰਦੇ ਹੁੰਦੇ। ਨਾਲੇ ਆਂਢ-ਗੁਆਂਢ….।’’
ਭਾਵੇਂ ਗੱਲ ਹੌਲੀ ਹੀ ਕੀਤੀ ਸੀ ਪਰ ਸੁਖਦੇਵ ਨੂੰ ਸਭ ਕੁੱਝ ਸੁਣ ਗਿਆ। ਉਸ ਦੇ ਮਨ ਨੂੰ ਬਹੁਤ ਠੇਸ ਲੱਗੀ । ਉਹ ਮਨ ਹੀ ਮਨ ਆਪਣੇ ਪਹਿਰਾਵੇ ’ਤੇ ਝੁਰਨ ਲੱਗਾ। ਅੱਧਾ ਦਿਨ ਉਸਦੀ ਦਿਹਾੜੀ ਨਾ ਲੱਗੀ।

ਦੁਪਹਿਰ ਦੀ ਛੁੱਟੀ ਹੋਈ ਤਾਂ ਮਜਦੂਰ ਮੁੜ ਲੇਬਰ ਚੌਂਕ ਵਿੱਚ ਆ ਗਏ । ਸਭ ਆਪੋ-ਆਪਣੇ ਟਿਫਨ ਖੋਲ੍ਹ ਕੇ ਰੋਟੀ ਖਾ ਰਹੇ ਸਨ। ਸੁਖਦੇਵ ਨੇ ਆਪਣਾ ਟਿਫਨ ਖੋਲ੍ਹਿਆ ਤੇ ਰੋਟੀ ਖਾਣ ਲੱਗਾ। ਉਸ ਦੀ ਬਿਰਤੀ ਕਿਧਰੇ ਹੋਰ ਹੀ ਜੁੜ ਗਈ । ਉਸਨੂੰ ਪੁਰਾਣੇ ਦਿਨ ਯਾਦ ਆਉਣ ਲੱਗੇ ਜਦ ਉਹ ਪ੍ਰਾਈਵੇਟ ਨੌਕਰੀ ਕਰਦਾ ਹੁੰਦਾ ਸੀ ,ਉਸਦੇ ਘਰ ਬੱਝੇ-ਰੁੱਧੇ ਪੈਸੇ ਆਉਂਦੇ ਸਨ । ਉਸ ਨੂੰ ਦਿਹਾੜੀ ਲੱਗਣ ਦੀ ਚਿੰਤਾ ਨਹੀਂ ਸੀ। ਉਹ ਹਮੇਸ਼ਾ ਸਾਫ-ਸੁਥਰੇ ਕੱਪੜੇ ਪਹਿਨ ਕੇ ਆਪਣੇ ਕੰਮ ’ਤੇ ਜਾਂਦਾ, ਨਾਲ ਦੇ ਕਰਮਚਾਰੀਆਂ ਨਾਲ ਹਾਸਾ-ਠੱਠਾ ਕਰਦਾ। ਕਿੰਨਾ ਹੀ ਚਿਰ ਉਹ ਆਪਸ ਵਿੱਚ ਗੱਲਾਂ ਕਰਦੇ ਰਹਿੰਦੇ। ਖੁਸ਼ੀ-ਖੁਸ਼ੀ ਸਾਰਾ ਦਿਨ ਲੰਘ ਜਾਂਦਾ। ਉਸ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਪਹਿਰਾਵਾ ਵੀ ਬਹੁਤ ਵੱਡੀ ਚੀਜ਼ ਹੈ। ਉਸ ਨੂੰ ਪਤਾ ਹੀ ਨਾ ਲੱਗਾ ਕਿ ਕਦ ਉਸ ਨੇ ਰੋਟੀ ਖਤਮ ਕਰ ਲਈ ਤੇ ਘਰੋਂ ਲਿਆਂਦਾ ਨਿੰਬੂ ਦਾ ਅਚਾਰ ਉਵੇਂ ਦਾ ਉਵੇਂ ਹੀ ਪਿਆ ਰਹਿ ਗਿਆ।

ਸਾਰਾ ਦਿਨ ਉਸ ਦੀ ਦਿਹਾੜੀ ਨਾ ਲੱਗੀ। ਸ਼ਾਮ ਨੂੰ ਉਹ ਬਿਨਾਂ ਕੰਮ ਕੀਤੇ ਹੀ ਥੱਕਿਆ-ਟੁੱਟਿਆ ਘਰ ਪੁੱਜਾ। ਉਸ ਦਾ ਮਨ ਬੇਹੱਦ ਉਦਾਸ ਸੀ। ਉਸ ਦੀ ਘਰਵਾਲੀ ਨੇ ਉਸਦੇ ਉਦਾਸ ਚਿਹਰੇ ਨੂੰ ਪੜ੍ਹ ਲਿਆ ਤੇ ਪਾਣੀ ਦਾ ਗਲਾਸ ਫੜ੍ਹਾਉਂਦੇ ਪੁੱਛਿਆ, ‘‘ਕਿਵੇਂ ਚਿੱਤ ਤਾਂ ਠੀਕ ਹੈ ਜੀ?’’
‘‘ਹਾਂ ਠੀਕ ਹੈ।’’
‘‘ਫਿਰ ਉਦਾਸ ਕਿਉਂ ਹੋ? ਦਿਹਾੜੀ ਨੀ ਲੱਗੀ?’’
‘‘ਦਿਹਾੜੀ ਤਾਂ ਲੱਗੀ ਹੀ ਨਹੀਂ।’’ ‘‘ਚੱਲ ਕੋਈ ਨਹੀਂ। ਇਹਦੇ ’ਚ ਉਦਾਸੀ ਵਾਲੀ ਕਿਹੜੀ ਗੱਲ ਹੈ?’’ ਉਦਾਸੀ ਦਿਹਾੜੀ ਨਾ ਲੱਗਣ ਦੀ ਨਹੀਂ ਸਗੋਂ ਪਹਿਰਾਵੇ ਦੀ ਹੈ, ਜਿਸ ਕਰਕੇ ਅੱਜ ਮੈਂ ਕੰਮ ’ਤੇ ਨਹੀਂ ਜਾ ਸਕਿਆ।’’ ‘‘ਕਿਵੇਂ?’’ ‘‘ਇੱਕ ਬਾਬੂ ਮੈਨੂੰ ਇਸ ਕਰਕੇ ਦਿਹਾੜੀ ’ਤੇ ਨਹੀਂ ਲੈ ਕੇ ਗਿਆ ਕਿ ਮੇਰੇ ਕੱਪੜੇ ਸੋਹਣੇ ਪਾਏ ਹੋਏ ਹਨ। ਮੈਨੂੰ ਇਸੇ ਗੱਲ ਦਾ ਹੀ ਦੁੱਖ ਹੈ ਕਿ ਕੀ ਵਧੀਆ ਕੱਪੜੇ ਪਾਉਣਾ ਵੀ ਗੁਨਾਹ ਹੈ?’’ Punjabi Story

ਦੂਸਰੇ ਦਿਨ ਸੁਖਦੇਵ ਨੇ ਆਪਣੇ ਪਾਟੇ-ਪੁਰਾਣੇ ਕੱਪੜੇ ਪਹਿਨੇ ਤੇ ਦਿਹਾੜੀ ਕਰਨ ਚਲਾ ਗਿਆ। ਲੇਬਰ ਚੌਂਕ ਪਹੁੰਚਦੇ ਹੀ ਉਸਦੀ ਦਿਹਾੜੀ ਲੱਗ ਗਈ ਹੁਣ ਉਹ ਸਾਈਕਲ ਚਲਾ ਕੇ ਕੰਮ ਵਾਲੀ ਥਾਂ ’ਤੇ ਜਾ ਰਿਹਾ ਸੀ। ਉਸ ਦੇ ਦਿਮਾਗ ਵਿੱਚ ਇੱਕੋ ਗੱਲ ਵਾਰ-ਵਾਰ ਘੁੰਮ ਰਹੀ ਸੀ ਕਿ ਕੀ ਮਜਦੂਰ ਦਾ ਪਹਿਰਾਵਾ ਕੇਵਲ ਪਾਟੇ-ਪੁਰਾਣੇ ਕੱਪੜੇ ਹੀ ਹਨ?

ਜਤਿੰਦਰ ਮੋਹਨ, ਪੰਜਾਬੀ ਅਧਿਆਪਕ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੱਤੜ
(ਸਰਸਾ) ਮੋ: 94630-20766