ਪੰਜਾਬੀ ਪੰਜ ਦਰਿਆਵਾਂ ਦੀ ਨਹੀਂ, ਸਗੋਂ ਸੱਤ ਸਮੁੰਦਰਾਂ ਦੀ ਭਾਸ਼ਾ ਵਜੋਂ ਉੱਭਰ ਰਹੀ ਹੈ : ਡਾ. ਸੁਰਜੀਤ ਪਾਤਰ
ਪੰਜਾਬੀ ਨੂੰ ਕਾਨੂੰਨ, ਸਿੱਖਿਆ, ਪ੍ਰਸ਼ਾਸਨ, ਰੁਜ਼ਗਾਰ ਆਦਿ ਵਜੋਂ ਅਪਣਾਏ ਜਾਣ ਦੀ ਜ਼ਰੂਰਤ : ਵਰਿਆਮ ਸੰਧੂ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਰਕਾਰ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ‘ਪੰਜਾਬੀ ਬੋਲੀ ਅਤੇ ਸਭਿਆਚਾਰ ਉਤਸਵ’ (Culture Festival) ਦੀ ਸ਼ੁਰੂਆਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਧੂਮ ਧਾਮ ਨਾਲ ਹੋਈ। ਇਸ ਦੌਰਾਨ ਅਕਾਦਮਿਕ ਪੱਖ ਤੋਂ ਪੰਜਾਬੀ ਦੇ ਦੋ ਵੱਡੇ ਸਾਹਿਤਕਾਰਾਂ ਪਦਮ ਸ੍ਰੀ ਸੁਰਜੀਤ ਪਾਤਰ ਅਤੇ ਕਥਾਕਾਰ ਵਰਿਆਮ ਸੰਧੂ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ ਉੱਥੇ ਹੀ ਪੰਜਾਬੀ ਭਾਸ਼ਾ ਦੀ ਸ਼ੋਭਾ ਦੇ ਜਸ਼ਨ ਵਜੋਂ ਸੰਮੀ, ਗਿੱਧਾ, ਭੰਗੜਾ, ਲੋਕ ਸਾਜ ਆਦਿ ਸਭਿਆਚਾਰਕ ਵੰਨਗੀਆਂ ਦੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਕੀਤੀਆਂ ਗਈਆਂ।
ਇਸ ਸਮਾਮਗਮ ਵਿੱਚ ਮੁੱਖ ਮਹਿਮਾਨ ਵਜੋਂ ਤਕਨੀਕੀ ਸਿੱਖਿਆ, ਉਦਯੋਗੀਕਰਨ ਅਤੇ ਸਭਿਆਚਾਰਕ ਮਾਮਲੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਤ ਭਾਸ਼ਾ ਹਮੇਸ਼ਾ ਹੀ ਦਿਲਾਂ ‘ਤੇ ਰਾਜ ਕਰਦੀ ਹੈ। ਮਾਤ ਭਾਸ਼ਾ ਰਾਹੀਂ ਹਰ ਭਾਵ ਨੂੰ ਪ੍ਰਗਟਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਮਾਹੌਲ ਵਾਲੇ ਸਰਕਾਰੀ ਸਕੂਲਾਂ ਤੋਂ ਸਿੱਖਿਆ ਹਾਸਿਲ ਕਰ ਕੇ ਵਾਈਸ ਚਾਂਸਲਰ, ਮੰਤਰੀ, ਸਾਹਿਤਕਾਰ ਤਕ ਦੇ ਰੁਤਬੇ ਤੱਕ ਪਹੁੰਚ ਸਕਦੇ ਹਨ ਜਿਸ ਦੀ ਉਦਹਾਰਨ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਪੱਖੀ ਮਾਹੌਲ ਦੀ ਸਿਰਜਣਾ ਲਈ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਪ੍ਰਸ਼ਾਸਨਿਕ ਕਾਰਜਾਂ ਅਤੇ ਕਾਨੂੰਨ ਦੇ ਖੇਤਰ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਪ੍ਰਮੁੱਖਤਾ ਸਹਿਤ ਕੀਤੇ ਜਾਣ ਬਾਰੇ ਯਤਨ ਹੋ ਰਹੇ ਹਨ। ਪੰਜਾਬੀ ਬੋਲਣ ਉੱਪਰ ਜ਼ੁਰਮਾਨਾ ਲਗਾਉਣ ਵਾਲੇ ਸਕੂਲਾਂ ਨਾਲ ਸਰਕਾਰ ਸਖਤੀ ਪੂਰਵਕ ਪੇਸ਼ ਆਵੇਗੀ।
ਪਦਮ ਸ੍ਰੀ ਸੁਰਜੀਤ ਪਾਤਰ ਨੇ ਪੰਜਾਬੀ ਯੂਨੀਵਰਸਿਟੀ ਬਾਰੇ ਗੱਲ ਕਰਦਿਆ ਕਿਹਾ ਕਿ ਉਨ੍ਹਾਂ ਹਮੇਸ਼ਾ ਇਸ ਗੱਲ ਦਾ ਮਾਣ ਹੈ ਕਿ ਉਹ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਬੋਲਣ ਵਾਲਿਆਂ ਦੇ ਲਿਹਾਜ਼ ਨਾਲ ਪੰਜਾਬੀ ਭਾਸ਼ਾ ਦੁਨੀਆਂ ਦੀ ਦਸਵੀਂ ਵੱਡੀ ਭਾਸ਼ਾ ਹੈ ਪਰ ਭਾਸ਼ਾਵਾਂ ਬਾਰੇ ਯੂਨੈਸਕੋ ਦੀਆਂ ਚਿਤਾਵਨੀਆਂ ਇਹ ਆਖਦੀਆਂ ਹਨ ਜੇ ਨਵੀਂ ਪੀੜ੍ਹੀ ਆਪਣੀ ਮਾਤ ਭਾਸ਼ਾ ਨਾਲ ਨਹੀਂ ਜੁੜਦੀ ਤਾਂ ਇਸ ਦਾ ਭਵਿੱਖ ਖਤਰੇ ਵਿਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਮਸ਼ੀਨੀ ਅਨੁਵਾਦ ਜਿਹੀਆਂ ਵਿਧੀਆਂ ਵਧੇਰੇ ਸਮਰੱਥ ਹੋ ਰਹੀਆਂ ਹਨ ਤਾਂ ਭਾਸ਼ਾਵਾਂ ਦੀ ਹੋਂਦ ਦੇ ਸੁਰੱਖਿਆਤਮਕ ਜ਼ੋਨ ਵਿਚ ਬਣੇ ਰਹਿਣ ਦੀ ਸੰਭਾਵਨਾ ਵਧੇਰੇ ਬਣ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸਾਕਾਰਾਤਮਕ ਹੋ ਕੇ ਸੋਚੀਏ ਤਾਂ ਪੰਜਾਬੀ ਅੱਜ ਪੰਜ ਦਰਿਆਵਾਂ ਦੀ ਨਹੀਂ ਬਲਕਿ ਸੱਤ ਸਮੁੰਦਰਾਂ ਦੀ ਭਾਸ਼ਾ ਬਣ ਕੇ ਉੱਭਰ ਰਹੀ ਹੈ ਜੋ ਕਿ ਸ਼ੁਭ ਸ਼ਗਨ ਹੈ। ਵਰਿਆਮ ਸੰਧੂ ਨੇ ਕਿਹਾ ਕਿ ਜਦੋਂ ਉੱਪਰਲੀ ਸ਼੍ਰੇਣੀ ਦਾ ਮੱਧ ਵਰਗ ਆਪਣੀ ਨਵੀਂ ਪੀੜ੍ਹੀ ਨੂੰ ਮਾਤ ਭਾਸ਼ਾ ਤੋਂ ਦੂਰ ਲਿਜਾ ਰਿਹਾ ਹੈ ਤਾਂ ਸਮਾਜ ਦਾ ਹੇਠਲਾ ਤਬਕਾ ਲਗਤਾਰ ਇਸ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਕਾਨੂੰਨ, ਸਿੱਖਿਆ, ਪ੍ਰਸ਼ਾਸਨ, ਰੁਜ਼ਗਾਰ ਆਦਿ ਸਭ ਦੇ ਲਾਜ਼ਮੀ ਮਾਧਿਅਮ ਵਜੋਂ ਅਪਣਾਏ ਜਾਣ ਨਾਲ ਲੋਕਾਂ ਵਿਚੋਂ ਇਸ ਬਾਰੇ ਹੀਣ ਭਾਵਨਾ ਖਤਮ ਹੋ ਸਕਦੀ ਹੈ ਜੋ ਕਿ ਪੰਜਾਬੀ ਦੇ ਵਿਕਾਸ ਲਈ ਲਾਹੇਵੰਦ ਹੋਵੇਗੀ। ਇਸ ਮੌਕੇ ਉਨ੍ਹਾਂ ਨੇ ਉਨ੍ਹਾਂ ਸਭ ਮੁਸਲਮਾਨ ਸੂਫੀ ਫਕੀਰਾਂ ਨੂੰ ਵਿਸ਼ੇਸ਼ ਤੌਰ ਤੇ ਸਿਜਦਾ ਕੀਤਾ ਜਿਨ੍ਹਾਂ ਨੇ ਆਪਣੇ ਕਲਾਮ ਰਾਹੀਂ ਪੰਜਾਬੀ ਭਾਸ਼ਾ ਦੇ ਪ੍ਰਸਾਰ ਵਿਚ ਆਪਣਾ ਭਰਵਾਂ ਯੋਗਦਾਨ ਪਾਇਆ।
ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਮੰਤਵ ਹੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਪ੍ਰਸਾਰ ਕਰਨਾ ਹੈ ਜਿਸ ਮਕਸਦ ਦੀ ਪੂਰਤੀ ਲਈ ਇਹ ਨਿਰੰਤਰ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਅਤੇ ਬਜਾਰ ਦੀਆਂ ਲੋੜਾਂ ਅਨੁਸਾਰ ਵੀ ਪੰਜਾਬੀ ਭਾਸ਼ਾ ਦੇ ਪ੍ਰਸਾਰ ਦੀ ਲੋੜ ਹੈ ਜਿਸ ਨਾਲ ਨਵੀਆਂ ਪੀੜ੍ਹੀਆਂ ਵਧੇਰੇ ਗੌਰਵ ਸਹਿਤ ਮਾਤ ਭਾਸ਼ਾ ਨਾਲ ਜੁੜੀਆਂ ਰਹਿਣਗੀਆਂ।
ਉਨ੍ਹਾਂ ਕਿਹਾ ਕਿ ਇਹ ਗਲਤ ਫਹਿਮੀ ਵੀ ਨਹੀਂ ਰਹਿਣੀ ਚਾਹੀਦੀ ਕਿ ਸਿਰਫ ਅੰਗਰੇਜ਼ੀ ਭਾਸ਼ਾ ਨਾਲ ਹੀ ਤਰੱਕੀ ਕੀਤੀ ਜਾ ਸਕਦੀ ਹੈ। ਦੁਨੀਆਂ ਵਿਚ ਜਪਾਨ ਅਤੇ ਚੀਨ ਜਿਹੇ ਦੇਸ ਇਸ ਦੀ ਚੰਗੀ ਉਦਾਹਰਣ ਹਨ ਜਿਨ੍ਹਾਂ ਨੇ ਆਪਣੀ ਮਾਤ ਭਾਸ਼ਾ ਵਿਚ ਕੰਮ ਕਰਦਿਆ ਤਰੱਕੀ ਹਾਸਿਲ ਕੀਤੀ। ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਵੱਲੋਂ ਰਸਮੀ ਧੰਨਵਾਦ ਕੀਤਾ ਗਿਆ। ਸਵਾਗਤੀ ਸ਼ਬਦ ਡੀਨ ਭਾਸ਼ਾਵਾਂ ਡਾ. ਸਤਨਾਮ ਸੰਧੂ ਨੇ ਬੋਲੇ ਅਤੇ ਸਟੇਜ ਸੰਚਾਲਨ ਇੰਚਾਰਜ਼ ਯੁਵਕ ਭਲਾਈ ਡਾ. ਗੁਰਸੇਵਕ ਲੰਬੀ ਨੇ ਕੀਤਾ।
ਇਨ੍ਹਾਂ ਸਾਹਿਤਕ ਹਸਤੀਆਂ ਨੂੰ ਕੀਤਾ ਸਨਮਾਨਿਤ
ਇਸ ਮੌਕੇ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਸਖਸ਼ੀਅਤਾਂ ਡਾ. ਰਤਨ ਸਿੰਘ ਜੱਗੀ, ਡਾ. ਨਰਿੰਦਰ ਸਿੰਘ ਕਪੂਰ, ਡਾ. ਸੁਰਜੀਤ ਪਾਤਰ, ਵਰਿਆਮ ਸੰਧੂ, ਓਮ ਪ੍ਰਕਾਸ਼ ਗਾਸੋ, ਡਾ. ਸੁਰਜੀਤ ਲੀਅ, ਡਾ. ਕੁਲਦੀਪ ਸਿੰਘ ਧੀਰ, ਡਾ. ਹਰਪਾਲ ਸਿੰਘ ਪੰਨੂ, ਡਾ. ਜੋਗਾ ਸਿੰਘ, ਸੁਖਵਿੰਦਰ ਅਮ੍ਰਿਤ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਹਰਜੀਤ ਗਿੱਲ ਨਹੀਂ ਪਹੁੰਚ ਸਕੇ ਉਨ੍ਹਾਂ ਨੂੰ ਇਹ ਸਨਮਾਨ ਬਾਅਦ ਵਿਚ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।