ਪ੍ਰਾਈਵੇਟ ਬੈਂਕਾਂ ਨੂੰ ਰੈਂਕਿੰਗ ਵਿੱਚ ਦਿੱਤਾ ਉੱਪਰਲਾ ਨੰਬਰ, ਜ਼ਿਆਦਾ ਬਿਜ਼ਨਸ ਵੀ ਜਾ ਰਿਹੈ ਪ੍ਰਾਈਵੇਟ ਬੈਂਕਾਂ ਕੋਲ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ (Punjab State Cooperative Bank) ਨੂੰ ਖਜ਼ਾਨਾ ਵਿਭਾਗ ਦੇ ਅਧਿਕਾਰੀਆਂ ਦੀ ਬੇਰੁਖੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਰਂੈਕਿੰਗ ਲਿਸਟ ਵਿੱਚ ਪਹਿਲੇ ਨੰਬਰ ਤੱਕ ਰਹਿਣ ਵਾਲਾ ਕੋਆਪ੍ਰੇਟਿਵ ਬੈਂਕ ਨੂੰ ਹੁਣ ਰਂੈਕਿੰਗ ਲਿਸਟ ਵਿੱਚ ਇਸ ਵਾਰ ਸ਼ਾਮਲ ਹੋਣ ਤੱਕ ਲਈ ਜੱਦੋ-ਜਹਿਦ ਤੱਕ ਕਰਨੀ ਪੈ ਰਹੀ ਹੈ। ਖਜ਼ਾਨਾ ਵਿਭਾਗ ਵਲੋਂ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਨੂੰ ਰੈਂਕਿੰਗ ਵਿੱਚ ਸਭ ਤੋਂ ਹੇਠਲਾ ਨੰਬਰ ਦਿੰਦੇ ਹੋਏ 2-2 ਸਟਾਰ ਵੀ ਲਾ ਦਿੱਤੇ ਗਏ ਹਨ। ਇਨ੍ਹਾਂ 2-2 ਸਟਾਰ ਰਾਹੀਂ ਇਸ਼ਾਰਾ ਕੀਤਾ ਜਾ ਰਿਹਾ ਹੈ ਕਿ ਬੈਂਕਾਂ ਦੀ ਰਂੈਕਿੰਗ ਵਿੱਚ ਕੋਆਪ੍ਰੇਟਿਵ ਬੈਂਕ ਸਭ ਤੋਂ ਹੇਠਲਾ ਨੰਬਰ ਲੈਣ ਦਾ ਵੀ ਹੱਕਦਾਰ ਨਹੀਂ ਹੈ ਪਰ ਸਪੈਸ਼ਲ ਕੇਸ ਰਾਹੀਂ ਉਸ ਨੂੰ ਸਭ ਤੋਂ ਹੇਠਲਾ 20ਵਾਂ ਨੰਬਰ ਦਿੱਤਾ ਗਿਆ ਹੈ।
ਖਜ਼ਾਨਾ ਵਿਭਾਗ ਵੱਲੋਂ ਦੇਸ਼ ਭਰ ਦੇ 20 ਸਰਕਾਰੀ ਤੇ ਗੈਰ ਸਰਕਾਰੀ ਬੈਂਕਾਂ ਨੂੰ ਰੈਂਕਿੰਗ ਦਿੱਤੀ ਗਈ ਹੈ। ਜਿਸ ਵਿੱਚ ਕੋਆਪ੍ਰੇਟਿਵ ਬੈਂਕ ਦਾ ਨਾਂਅ ਸਭ ਤੋਂ ਹੇਠਾਂ ਆਉਣ ’ਤੇ ਕੋਆਪ੍ਰੇਟਿਵ ਬੈਂਕ (Punjab State Cooperative Bank) ਦੇ ਅਧਿਕਾਰੀਆਂ ਵਿੱਚ ਨਿਰਾਸ਼ਾ ਦਿਖਾਈ ਦੇ ਰਹੀ ਹੈ। ਰੈਂਕਿੰਗ ਵਿੱਚ ਇਸ ਤਰੀਕੇ ਨਾਲ ਹੇਠਾਂ ਆਉਣ ਦੇ ਚਲਦੇ ਬਿਜ਼ਨਸ ਲੈਣ ’ਚ ਵੀ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਨੂੰ ਪਰੇਸ਼ਾਨੀ ਪੇਸ਼ ਆਏਗੀ, ਜਦੋਂ ਕਿ ਗੈਰ ਸਰਕਾਰੀ ਬੈਂਕਾਂ ਨੂੰ ਇਸ ਦਾ ਫਾਇਦਾ ਹੋਵੇਗਾ।
ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਦੇ ਅਧਿਕਾਰੀ ਕਾਫ਼ੀ ਜ਼ਿਆਦਾ ਨਿਰਾਸ਼
ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਵਿਭਾਗਾਂ, ਕਾਰਪੋਰੇਸ਼ਨਾਂ ਅਤੇ ਬੋਰਡ ਤੋਂ ਇਲਾਵਾ ਹਰ ਵਿਭਾਗ ਵੱਲੋਂ ਆਪਣੇ ਫੰਡ ਅਤੇ ਗਰਾਂਟ ਨੂੰ ਬੈਂਕ ਵਿੱਚ ਰੱਖਣ ਦੇ ਨਾਲ ਹੀ ਮੁਲਾਜ਼ਮਾਂ ਦੀ ਤਨਖ਼ਾਹ ਤੋਂ ਲੈ ਕੇ ਹਰ ਤਰ੍ਹਾਂ ਬੈਂਕਿੰਗ ਲੈਣ-ਦੇਣ ਲਈ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਨੂੰ ਖਜ਼ਾਨਾ ਵਿਭਾਗ ਦੇ ਅਧੀਨ ਆਉਂਦੇ ਡਾਇਰੈਕਟਰੇਟ ਆਫ਼ ਇੰਸਟੀਚਿਊਸ਼ਨਲ ਫਾਇਨਾਂਸ ਤੇ ਬੈਂਕਿੰਗ ਵੱਲੋਂ ਰੈਂਕਿੰਗ ਦਿੱਤੀ ਜਾਂਦੀ ਹੈ। ਖਜ਼ਾਨਾ ਵਿਭਾਗ ਵੱਲੋਂ ਬੀਤੇ ਹਫ਼ਤੇ ਹੀ ਦੇਸ਼ ਭਰ ਦੇ 20 ਸਰਕਾਰੀ ਤੇ ਗੈਰ ਸਰਕਾਰੀ ਬੈਂਕਾਂ ਨੂੰ ਬੈਂਕਿੰਗ ਦਿੱਤੀ ਗਈ ਹੈ। ਜਿਸ ਵਿੱਚ ਪਹਿਲੀਵਾਰ ਏਯੂ ਸ਼ਮਾਲ ਫਾਇਨਾਂਸ ਬੈਂਕ ਦਾ ਨਾਂਅ ਵੀ ਸ਼ਾਮਲ ਕੀਤਾ ਗਿਆ ਹੈ
ਪਰ ਹੈਰਾਨੀਵਾਲੀ ਗੱਲ ਹੈ ਕਿ ਪਹਿਲੀ ਵਾਰ ਪੰਜਾਬ ਦੇ ਬੈਂਕਾਂ ਦੀ ਲਿਸਟ ਵਿੱਚ ਸ਼ਾਮਲ ਹੋਏ ਇਸ ਪ੍ਰਾਈਵੇਟ ਬੈਂਕ ਨੂੰ ਰੈਂਕਿੰਗ ਵਿੱਚ ਸਰਕਾਰ ਦੇ ਆਪਣੇ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਤੋਂ ਜ਼ਿਆਦਾ ਰੈਂਕਿੰਗ ਦਿੱਤੀ ਗਈ ਹੈ। ਜਿਸ ਬਾਰੇ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਦੇ ਅਧਿਕਾਰੀ ਕਾਫ਼ੀ ਜ਼ਿਆਦਾ ਨਿਰਾਸ਼ ਅਤੇ ਹਾਤਾਸ਼ ਹਨ, ਕਿਉਂਕਿ ਸੂਬਾ ਸਰਕਾਰ ਦੇ ਹਰ ਆਦੇਸ਼ ਨੂੰ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਹੀ ਮੰਨਦਾ ਹੈ ਅਤੇ ਹਰ ਕੀਮਤ ’ਤੇ ਲਾਗੂ ਵੀ ਕਰਦਾ ਹੈ, ਜਦੋਂ ਕਿ ਪ੍ਰਾਈਵੇਟ ਬੈਂਕ ਇਸ ਮਾਮਲੇ ਵਿੱਚ ਕੋਹਾਂ ਦੂਰ ਨਜ਼ਰ ਆਉਂਦੇ ਹਨ ਫਿਰ ਵੀ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਨਾਲ ਖਜਾਨਾ ਵਿਭਾਗ ਦੇ ਅਧਿਕਾਰੀ ਹੀ ਸਾਥ ਦਿੰਦੇ ਨਜ਼ਰ ਨਹੀਂ ਆ ਰਹੇ ਹਨ।
ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਜ਼ਿਆਦਾ ਬਿਜ਼ਨਸ ਨਹੀਂ ਲੈ ਸਕਿਆ
ਦੱਸਿਆ ਜਾਂਦਾ ਹੈ ਕਿ ਅੱਜ ਤੋਂ ਲਗਭਗ 10 ਸਾਲ ਪਹਿਲਾਂ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਨੂੰ ਰੈਂਕਿੰਗ ਵਿੱਚ ਪਹਿਲੇ ਨੰਬਰ ’ਤੇ ਰੱਖਿਆ ਜਾਂਦਾ ਰਿਹਾ ਹੈ, ਤਾਂ ਕਿ ਸੂਬੇ ਦਾ ਬੈਂਕ ਹੋਣ ਕਰਕੇ ਇਸ ਨੂੰ ਤਵੱਜੋਂ ਦਿੱਤੀ ਜਾ ਸਕੇ ਪਰ ਉਸ ਸਮੇਂ ਦੀਆਂ ਸਰਕਾਰਾਂ ਦਾ ਜ਼ਿਆਦਾ ਸਾਥ ਨਾ ਮਿਲਣ ਦੇ ਕਾਰਨ ਪਹਿਲੇ ਨੰਬਰ ’ਤੇ ਰਹਿੰਦੇ ਹੋਏ ਵੀ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਜ਼ਿਆਦਾ ਬਿਜ਼ਨਸ ਨਹੀਂ ਲੈ ਸਕਿਆ ਅਤੇ ਤਰੱਕੀ ਨਹੀਂ ਕਰ ਸਕਿਆ। ਖਜ਼ਾਨਾ ਵਿਭਾਗ ਵੱਲੋਂ ਦਿੱਤੀ ਜਾਣ ਵਾਲੀ ਬੈਂਕਾਂ ਨੂੰ ਰੈਂਕਿੰਗ ਦੇ ਅਨੁਸਾਰ ਹੀ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਬੈਂਕਾਂ ਵਿੱਚ ਲੈਣ ਦੇਣ ਕਰਦੇ ਹਨ, ਜਿਸ ਕਾਰਨ ਹੀ ਕੇਂਦਰ ਸਰਕਾਰ ਅਧੀਨ ਆਉਂਦੇ ਸਰਕਾਰੀ ਬੈਂਕਾਂ ਤੋਂ ਇਲਾਵਾ ਪ੍ਰਾਈਵੇਟ ਬੈਂਕ ਜ਼ਿਆਦਾ ਬਿਜ਼ਨਸ ਲੈ ਲੈਂਦੇ ਹਨ ਅਤੇ ਹਰ ਵਾਰ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਦੇ ਹੱਥ ਨਿਰਾਸ਼ਾ ਹੀ
ਲਗਦੀ ਆ ਰਹੀ ਹੈ।
20 ਫੀਸਦੀ ਮੰਗੀ ਸੀ ਫੰਡ ਕੈਪਿੰਗ, ਖ਼ਜ਼ਾਨਾ ਵਿਭਾਗ ਨੇ ‘ਰਿਜੈਕਟ ਕੀਤੀ ਦਰਖ਼ਾਸਤ’
ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਵੱਲੋਂ ਖਜ਼ਾਨਾ ਵਿਭਾਗ ਨੂੰ ਪੱਤਰ ਲਿਖਦੇ ਹੋਏ ਸਰਕਾਰ ਦੇ ਹਰ ਤਰ੍ਹਾਂ ਦੇ ਫੰਡ ਵਿੱਚ 20 ਫੀਸਦੀ ਕੈਪਿੰਗ ਮੰਗੀ ਸੀ ਤਾਂ ਕਿ ਸਰਕਾਰ ਦੇ ਆਪਣੇ ਬੈਂਕ ਕੋਲ ਜ਼ਿਆਦਾ ਪੈਸਾ ਆਉਣ ਦੇ ਨਾਲ ਉਹ ਤਰੱਕੀ ਕਰ ਸਕੇ ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਖਜ਼ਾਨਾ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਦੀ ਇਸ ਦਰਖ਼ਾਸਤ ਨੂੰ ਵੀ ‘ਰਿਜੈਕਟ’ ਕਰ ਦਿੱਤਾ ਗਿਆ। ਜਿਸ ਕਰਕੇ ਕਿਸੇ ਵੀ ਸਰਕਾਰੀ ਅਦਾਰੇ ਲਈ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਨਾਲ ਲੈਣ-ਦੇਣ ਕਰਨਾ ਜ਼ਰੂਰੀ ਨਹੀਂ ਹੈ।
ਕਿਸਾਨ ਕਰਜ਼ਾ ਨਹੀਂ ਕਰ ਰਹੇ ਵਾਪਸ, ਹੁਣ ਰੈਂਕਿੰਗ ਦੀ ਵੀ ਪਈ ਮਾਰ
ਪੰਜਾਬ ਵਿੱਚ ਫਸਲ ਖ਼ਰਾਬ ਹੋਣ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇੱਕ ਐਲਾਨ ’ਤੇ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਵੱਲੋਂ ਕਿਸਾਨਾਂ ਤੋਂ ਕਰਜ਼ਾ ਵਾਪਸ ਨਹੀਂ ਲਿਆ ਜਾ ਰਿਹਾ ਹੈ। ਇਸ ਫੈਸਲੇ ਨਾਲ ਭਾਵੇਂ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ ਅਤੇ ਉਨ੍ਹਾਂ ਕੋਲ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ ਵੀ ਪੈਸੇ ਦੀ ਘਾਟ ਹੋ ਰਹੀ ਹੈ ਕਿਉਂਕਿ ਵੱਡੇ ਪੱਧਰ ’ਤੇ ਕਰਜ਼ਾ ਵਾਪਸੀ ਰੁਕ ਗਈ ਤਾਂ ਨਵਾਂ ਕਰਜ਼ਾ ਦੇਣ ਲਈ ਵੀ ਸਰਕਾਰ ਦਬਾਅ ਪਾ ਰਹੀ ਹੈ। ਸਰਕਾਰ ਦੇ ਇੱਕ ਇਸ਼ਾਰੇ ’ਤੇ ਇਹ ਸੰਕਟ ਝੱਲ ਰਹੇ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਹੁਣ ਰੈਂਕਿੰਗ ਦੀ ਮਾਰ ਵੀ ਝੱਲਣੀ ਪੈ ਰਹੀ ਹੈ, ਜਿਸ ਨਾਲ ਸਰਕਾਰੀ ਅਦਾਰੇ ਤੋਂ ਬਿਜ਼ਨਸ ਵੀ ਨਹੀਂ ਮਿਲੇਗਾ।
ਪਹਿਲੇ ਨੰਬਰ ’ਤੇ ਰਿਹਾ ਐ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ
ਸਾਲ 2013 ਅਤੇ 2014 ਵਿੱਚ ਲਗਾਤਾਰ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਨੂੰ ਪਹਿਲੇ ਨੰਬਰ ਦੀ ਰੈਂਕਿੰਗ ਮਿਲਦੀ ਰਹੀ ਹੈ ਪਰ ਇਸ ਤੋਂ ਬਾਅਦ ਅਧਿਕਾਰੀਆਂ ਦੀ ਬੇਰੁਖੀ ਦਾ ਸ਼ਿਕਾਰ ਹੁੰਦੇ ਹੋਏ ਰੈਂਕਿੰਗ ਵਿੱਚ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਹੇਠਾਂ ਹੀ ਆਉਂਦਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ