ਵੈਕਸੀਨ ਵੇਚਣ ਦੇ ਮਾਮਲੇ ’ਚ ਫਜੀਹਤ ਕਰਵਾਉਣ ਤੋਂ ਬਾਅਦ ਪੰਜਾਬ ਨੇ ਲਿਆ ਫੈਸਲਾ ਵਾਪਸ

ਕੇਂਦਰ ਸਰਕਾਰ ਨੇ ਜਾਰੀ ਕੀਤਾ ਪੰਜਾਬ ਨੂੰ ਨੋਟਿਸ, ਕਿਵੇਂ ਵੇਚ ਦਿੱਤੀ ਅਲਾਟ ਹੋਈ ਵੈਕਸੀਨ

  •  ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਦੇਸ਼ ਵਾਪਸ ਲੈਣ ਦੇ ਦਿੱਤੇ ਹੁਕਮ, ਵੇਚੀ ਹੋਈ ਵੈਕਸੀਨ ਵੀ ਆਵੇਗੀ ਵਾਪਸ

ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਕੋਰੋਨਾ ਦੀ ਵੈਕਸੀਨ ਵੇਚਣ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਦੀ ਕਾਫ਼ੀ ਜਿਆਦਾ ਫਜੀਹਤ ਹੋਈ। ਮੀਡੀਆ ਵਿੱਚ ਰਿਪੋਰਟ ਆਉਣ ਤੋਂ ਬਾਅਦ ਕੇਂਦਰ ਸਰਕਾਰ ਸਣੇ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ’ਤੇ ਜੰਮ ਕੇ ਹਮਲਾ ਬੋਲਿਆ ਤਾਂ ਕੌਮੀ ਪੱਧਰ ’ਤੇ ਭਾਜਪਾ ਨੇ ਸਿੱਧੇ ਰਾਹੁਲ ਗਾਂਧੀ ਤੋਂ ਹੀ ਪੁੱਛ ਲਿਆ ਕਿ ਉਨ੍ਹਾਂ ਦੀ ਕਾਂਗਰਸ ਸਰਕਾਰ ਵਿੱਚ ਇਹ ਵੈਕਸੀਨ ਵੇਚਣ ਦਾ ਕੰਮ ਕਿਵੇਂ ਹੋ ਰਿਹਾ ਹੈ ਤਾਂ ਰਾਹੁਲ ਗਾਂਧੀ ਦੇ ਇਸ਼ਾਰੇ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਤੁਰੰਤ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚਣ ਵਾਲੇ ਫੈਸਲੇ ਨੂੰ ਵਾਪਸ ਲੈਣ ਦੇ ਆਦੇਸ਼ ਜਾਰੀ ਕਰ ਦਿੱਤੇ। ਜਿਸ ਤੋਂ ਬਾਅਦ ਕੋਰੋਨਾ ਵੈਕਸੀਨ ਦੇ ਇੰਚਾਰਜ ਵਿਕਾਸ ਗਰਗ ਵੱਲੋਂ ਨਾ ਸਿਰਫ਼ ਵੈਕਸੀਨ ਵੇਚਣ ਦੇ ਆਦੇਸ਼ਾਂ ਨੂੰ ਵਾਪਸ ਲੈ ਲਿਆ ਗਿਆ ਹੈ ਨਾਲ ਹੀ ਵੇਚੀ ਗਈ ਵੈਕਸੀਨ ਨੂੰ ਵੀ ਵਾਪਸ ਕਰਨ ਲਈ ਪ੍ਰਾਈਵੇਟ ਹਸਪਤਾਲਾਂ ਨੂੰ ਕਹਿ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਕੋਰੋਨਾ ਦੀ ਵੈਕਸੀਨ ਅਲਾਟਮੈਂਟ ਅਨੁਸਾਰ ਪੰਜਾਬ ਸਰਕਾਰ ਨੂੰ ਬੀਤੇ ਦਿਨੀਂ 1 ਲੱਖ ਤੋਂ ਜਿਆਦਾ ਵੈਕਸੀਨ ਭੇਜੀ ਗਈ ਸੀ, ਜਿਹੜੀ ਕਿ ਪੰਜਾਬ ਸਰਕਾਰ ਨੂੰ 400 ਰੁਪਏ ਵਿੱਚ ਦਿੱਤੀ ਗਈ ਪਰ ਪੰਜਾਬ ਸਰਕਾਰ ਆਪਣੇ ਸੂਬੇ ਦੇ ਕੁਝ ਪ੍ਰਾਈਵੇਟ ਹਸਪਤਾਲਾਂ ਨੂੰ ਇਹ ਵੈਕਸੀਨ 1060 ਵਿੱਚ ਵੇਚ ਦਿੱਤੀ, ਜਿਸ ਨਾਲ ਪੰਜਾਬ ਸਰਕਾਰ ਨੂੰ 660 ਰੁਪਏ ਪ੍ਰਤੀ ਵੈਕਸੀਨ ਮੁਨਾਫ਼ਾ ਹੋਇਆ। ਪੰਜਾਬ ਸਰਕਾਰ ਵੱਲੋਂ ਵੇਚੀ ਗਈ ਲਗਭਗ 80 ਹਜ਼ਾਰ ਵੈਕਸੀਨ ਨਾਲ ਲਗਭਗ 5 ਕਰੋੜ 28 ਲੱਖ ਰੁਪਏ ਕਮਾਏ ਗਏ ਸਨ। ਇਹ ਖ਼ਬਰ ਬਾਹਰ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ’ਤੇ ਹਮਲਾ ਬੋਲ ਦਿੱਤਾ ਕਿ ਉਹ ਵੈਕਸੀਨ ਖ਼ੁਦ ਲਗਾਉਣ ਦੀ ਥਾਂ ’ਤੇ ਵੈਕਸੀਨ ਵੇਚ ਕੇ ਮੁਨਾਫ਼ਾ ਕਮਾਉਣ ਵਿੱਚ ਲਗੀ ਹੋਈ ਹੈ।

Corona Vaccination Sachkahoonਮਾਮਲਾ ਕਾਫ਼ੀ ਜਿਆਦਾ ਵਧਣ ਤੋਂ ਬਾਅਦ ਕੇਂਦਰ ਸਰਕਾਰ ਨੇ ਵੀ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਕਿ ਉਹ ਕਿਵੇਂ ਇਸ ਤਰ੍ਹਾਂ ਵੈਕਸੀਨ ਨੂੰ ਵੇਚ ਸਕਦੇ ਹਨ ਅਤੇ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਪੰਜਾਬ ਤੋਂ ਜੁਆਬ ਵੀ ਮੰਗ ਲਿਆ ਹੈ।

ਪੰਜਾਬ ਅਤੇ ਦੇਸ਼ ਵਿੱਚ ਪੰਜਾਬ ਸਰਕਾਰ ਦੀ ਕਾਫ਼ੀ ਜਿਆਦਾ ਬਦਨਾਮੀ ਹੋਣ ਤੋਂ ਬਾਅਦ ਸਰਕਾਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਕਿ ਜਿਹੜੇ ਆਦੇਸ਼ ਵੈਕਸੀਨ ਵੇਚਣ ਲਈ ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਸਨ, ਉਨ੍ਹਾਂ ਨੂੰ ਵਾਪਸ ਲਿਆ ਜਾਂਦਾ ਹੈ ਅਤੇ ਇਸ ਨਾਲ ਹੀ ਜਿਹੜੀ ਵੈਕਸੀਨ ਵੇਚੀ ਗਈ ਹੈ, ਉਸ ਨੂੰ ਤੁਰੰਤ ਵਾਪਸ ਮੰਗਵਾਇਆ ਜਾ ਰਿਹਾ ਹੈ। ਇਸ ਵੈਕਸੀਨ ਵਾਪਸ ਲੈਣ ’ਤੇ ਪ੍ਰਾਈਵੇਟ ਹਸਪਤਾਲਾਂ ਨੂੰ ਪੈਸੇ ਵਾਪਸ ਕਰ ਦਿੱਤੇ ਜਾਣਗੇ।

ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ, ਮੈਨੂੰ ਨਹੀਂ ਸੀ ਜਾਣਕਾਰੀ : ਬਲਬੀਰ ਸਿੱਧੂ

ਸਿਹਤ ਵਿਭਾਗ ਦੇ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਵੈਕਸੀਨ ਵੇਚੀ ਜਾ ਰਹੀ ਹੈ, ਇਸ ਲਈ ਇਸ ਮਾਮਲੇ ਵਿੱਚ ਜਾਂਚ ਕਰਵਾਈ ਜਾਵੇਗੀ। ਜਿਹੜੇ ਵੀ ਅਧਿਕਾਰੀ ਨੇ ਬਿਨਾਂ ਜਾਣਕਾਰੀ ਤੋਂ ਵੈਕਸੀਨ ਵੇਚਣ ਦੇ ਆਦੇਸ਼ ਜਾਰੀ ਕੀਤੇ ਹੋਣਗੇ ਜਾਂ ਫਿਰ ਜਿਹੜਾ ਅਧਿਕਾਰੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।