ਖੇਤੀ ਹਾਦਸਿਆਂ ‘ਚੋਂ ਨਹੀਂ ਉੱਭਰ ਸਕਿਆ ਪੰਜਾਬ ਦਾ ਕਿਸਾਨ
ਮਿੱਟੀ ਨਾਲ ਮਿੱਟੀ ਹੋ ਕੇ ਅੰਨ ਪੈਦਾ ਕਰਨ ਵਾਲਾ ਕਿਸਾਨ ਸੱਪਾਂ ਦੀਆਂ ਸਿਰੀਆਂ ਮਿੱਦ ਕੇ ਦਿਨ-ਰਾਤ ਇੱਕ ਕਰਦਾ ਹੋਇਆ ਅੰਨ ਪੈਦਾ ਕਰਦਾ ਹੈ। ਦੂਸਰੇ ਪਾਸੇ ਮਹਿੰਗਾਈ ਅਤੇ ਕਰਜੇ ਦੀ ਮਾਰ ਨਾ ਝੱਲਦੇ ਹੋਏ ਮਿਹਨਤਕਸ਼ ਲੋਕ ਖੁਦਕੁਸ਼ੀਆਂ ਕਰ ਰਹੇ ਹਨ। ਅਨਾਜ ਦੀ ਪੈਦਾਵਾਰ ਕਰਨ ਵਿੱਚ ਮੋਹਰੀ ਮੰਨੇ ਜਾਂਦੇ ਪੰਜਾਬ ਅੰਦਰ ਬੀਤੇ 23 ਸਾਲਾਂ ਦੌਰਾਨ 5097 ਕਿਸਾਨ ਖੇਤਾਂ ਵਿੱਚ ਕੰਮ ਕਰਦੇ ਮੌਤ ਨੂੰ ਗਲੇ ਲਾ ਚੁੱਕੇ ਹਨ। ਜਿਨ੍ਹਾਂ ਵਿੱਚੋਂ ਮਾਲਵਾ ਪੱਟੀ ਦੇ ਤਕਰੀਬਨ 3037 ਕਿਸਾਨ ਖੇਤ ਵਿੱਚ ਕੰਮ ਕਰਦੇ ਹੋਏ ਵੱਖ-ਵੱਖ ਤਰੀਕਿਆਂ ਨਾਲ ਮਾਰੇ ਗਏ। ਇਹ ਹੀ ਨਹੀਂ ਸੈਂਕੜੇ ਕਿਸਾਨ ਅਜਿਹੇ ਵੀ ਹਨ, ਜਿਨ੍ਹਾਂ ਦੀ ਗਿਣਤੀ ਕਿਸੇ ਸਰਕਾਰੀ ਰਿਕਾਰਡ ਵਿੱਚ ਦਰਜ ਹੀ ਨਹੀਂ ਹੋਈ। ਪੰਜਾਹ ਹਜਾਰ ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸੀਆਂ ਕਰ ਚੁੱਕੇ ਹਨ।
ਹਰ ਸਾਲ ਅਜੇ ਵੀ ਦਰਜਨਾਂ ਹੀ ਕਿਸਾਨ ਸੱਪ ਦੇ ਲੜਨ ਨਾਲ ਮਰ ਰਹੇ ਹਨ
ਮਾਲਵੇ ਦੇ ਟਿੱਬਿਆਂ/ਝਾੜੀਆਂ ਵਿੱਚ ਖੇਤੀ ਕਰਨੀ ਮੌਤ ਨੂੰ ਗਲੇ ਲਾਉਣ ਵਾਲੀ ਗੱਲ ਹੁੰਦੀ ਸੀ, ਕਿਉਂਕਿ ਖੇਤਾਂ ਵਿੱਚ ਚੱਤੋ-ਪਹਿਰ ਸੱਪਾਂ ਦੇ ਫੂੰਕਾਰੇ ਸੁਣਦੇ ਸਨ। ਭਾਵੇਂ ਸਮੇਂ ਦੇ ਨਾਲ ਹੋਈ ਤਰੱਕੀ ਨੇ ਇਨ੍ਹਾਂ ਟਿੱਬਿਆਂ ਨੂੰ ਤਾਂ ਪੱਧਰਾ ਕਰ ਦਿੱਤਾ ਜਿਸ ਨਾਲ ਸੱਪਾਂ ਦੀ ਗਿਣਤੀ ਘੱਟ ਹੋਈ, ਪਰ ਕਿਸਾਨਾਂ ‘ਤੇ ਸੱਪਾਂ ਦਾ ਕਹਿਰ ਖਤਮ ਨਹੀਂ ਹੋਇਆ। ਹਰ ਸਾਲ ਅਜੇ ਵੀ ਦਰਜਨਾਂ ਹੀ ਕਿਸਾਨ ਸੱਪ ਦੇ ਲੜਨ ਨਾਲ ਮਰ ਰਹੇ ਹਨ। ਸਾਲ 1987 ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ 945 ਕਿਸਾਨ ਸੱਪ ਲੜਨ ਨਾਲ ਮਰ ਚੁੱਕੇ ਹਨ। ਜਿਨ੍ਹਾਂ ਵਿੱਚ ਮਾਲਵਾ ਪੱਟੀ ਦੇ 513 ਕਿਸਾਨ ਸ਼ਾਮਲ ਹਨ। ਅਸਲ ਵਿੱਚ ਗਿਣਤੀ ਇਨ੍ਹਾਂ ਸਰਕਾਰੀ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਬਹੁਤੇ ਕਿਸਾਨ ਤਾਂ ਸਮੇਂ ਸਿਰ ਇਲਾਜ ਨਾ ਹੋਣ ਕਰਕੇ ਹੀ ਮਰ ਜਾਂਦੇ ਹਨ।
Punjab farmer could not emerge from agricultural accidents
ਸਿਹਤ ਵਿਭਾਗ ਵੱਲੋਂ ਖੋਲ੍ਹੇ ਗਏ ਹਸਪਤਾਲਾਂ ਵਿੱਚ ਸੱਪ ਦੇ ਡੰਗੇ ਨੂੰ ਬਚਾਉਣ ਲਈ ਕੋਈ ਪ੍ਰਬੰਧ ਨਹੀਂ। ਜਿਸ ਕਰਕੇ ਕਿਸਾਨ ਪਿੰਡਾਂ ਵਿੱਚ ਬੈਠੇ ਸੱਪ ਦਾ ਇਲਾਜ ਕਰਨ ਵਾਲੇ ਆਪੇ ਬਣੇ ਡਾਕਟਰਾਂ/ਮੜ੍ਹੀਆਂ/ਮਾੜੀਆਂ ‘ਤੇ ਬੈਠੇ ਲੋਕਾਂ ਦੇ ਧੱਕੇ ਚੜ੍ਹ ਕੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਸੱਪ ਲੜਨ ਨਾਲ ਸਭ ਤੋਂ ਵੱਧ ਕਿਸਾਨ ਸੰਗਰੂਰ ਜਿਲ੍ਹੇ ਵਿੱਚ ਮਰੇ ਹਨ, ਜਿਨ੍ਹਾਂ ਦੀ ਗਿਣਤੀ 197 ਹੈ, ਜਦੋਂਕਿ ਮੋਗੇ ਵਿੱਚ 142, ਬਠਿੰਡਾ ‘ਚ 109, ਮਾਨਸਾ ਵਿੱਚ 13 ਅਤੇ ਫਰੀਦਕੋਟ ਵਿੱਚ 11 ਕਿਸਾਨ ਸੱਪ ਲੜ ਕੇ ਮਰੇ। ਪੰਜਾਬ ਦੇ ਬਾਕੀ ਜਿਲ੍ਹਿਆਂ ਦੇ ਅੰਕੜੇ ਵੱਖਰੇ ਹਨ।
ਦੇਸ਼ ਦੇ ਅੰਨ ਭੰਡਾਰ ਭਰਨ ਦੇ ਚੱਕਰ ਵਿੱਚ ਹੀ 1368 ਕਿਸਾਨਾਂ ਦੀ ਮੌਤ ਹੋਈ
ਖੇਤਾਂ ਵਿੱਚ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਦੇ ਹੋਏ ਵੀ ਘੱਟ ਮੌਤਾਂ ਨਹੀਂ ਹੋਈਆਂ। ਫਸਲਾਂ ਦਾ ਚੰਗਾ ਝਾੜ ਲੈਣ ਅਤੇ ਦੇਸ਼ ਦੇ ਅੰਨ ਭੰਡਾਰ ਭਰਨ ਦੇ ਚੱਕਰ ਵਿੱਚ ਹੀ 1368 ਕਿਸਾਨਾਂ ਦੀ ਮੌਤ ਹੋਈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 1062 ਮੌਤਾਂ ਇਕੱਲੇ ਮਾਲਵੇ ਵਿੱਚ ਹੋਈਆਂ। ਸੰਗਰੂਰ ਜਿਲ੍ਹੇ ਵਿੱਚ 330 ਮੌਤਾਂ ਹੋਈਆਂ, ਮਾਨਸਾ 249, ਬਠਿੰਡਾ 176 ਕਿਸਾਨ ਹਰੀ ਕ੍ਰਾਂਤੀ ਦਾ ਸ਼ਿਕਾਰ ਹੋਏ।
ਸਿਹਤ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਸਾਲ 2009-10 ਵਿੱਚ ਦਵਾਈ ਚੜ੍ਹਨ ਦੇ 128 ਮਾਮਲੇ ਸਾਹਮਣੇ ਆਏ। ਜਿਨ੍ਹਾਂ ਵਿੱਚੋਂ 105 ਨੂੰ ਬਚਾ ਲਿਆ ਗਿਆ ਪਰ 23 ਕਿਸਾਨ ਮੌਤ ਦੇ ਮੂੰਹ ਵਿੱਚ ਜਾ ਪਏ। 24 ਕਿਸਾਨਾਂ ਨੇ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵਿੱਚੋਂ ਪੰਜ ਕਿਸਾਨਾਂ ਨੂੰ ਆਪਣੀ ਜਾਨ ਗੁਆਉਣੀ ਪਈ। ਫਸਲਾਂ ‘ਤੇ ਸਪਰੇਅ ਕਰਦੇ ਸਮੇਂ ਦਵਾਈ ਚੜ੍ਹਨ ਵਾਲੇ 85 ਕਿਸਾਨਾਂ ਨੂੰ ਬਚਾ ਲਿਆ ਗਿਆ, ਜਦੋਂਕਿ 18 ਨੂੰ ਬਚਾਇਆ ਨਹੀਂ ਜਾ ਸਕਿਆ।
1537 ਕਿਸਾਨ ਖੇਤੀ ਮਸ਼ੀਨਰੀ ਕਾਰਨ ਮਾਰੇ ਗਏ।
ਖੇਤੀ ਮਸ਼ੀਨਰੀ ਵਿੱਚ ਆਇਆ ਨਵਾਂ ਇਨਕਲਾਬ ਕਿਸਾਨਾਂ ਲਈ ਖਤਰੇ ਵੀ ਲੈ ਕੇ ਆਇਆ ਹੈ। 1537 ਕਿਸਾਨ ਖੇਤੀ ਮਸ਼ੀਨਰੀ ਕਾਰਨ ਮਾਰੇ ਗਏ। ਜਿਨ੍ਹਾਂ ਵਿੱਚੋਂ 881 ਇਕੱਲੇ ਮਾਲਵੇ ਵਿੱਚ ਖੇਤੀ ਮਸ਼ੀਨਰੀ ਦਾ ਸ਼ਿਕਾਰ ਹੋਏ ਇਹ ਹੀ ਨਹੀਂ 17559 ਕਿਸਾਨ ਮਸ਼ੀਨਰੀ ਚਲਾਉਂਦੇ ਹੋਏ ਅੰਗਹੀਣ ਹੋਏ। ਇਸ ਤੋਂ ਬਿਨਾਂ ਬਿਜਲੀ ਦੀਆਂ ਤਾਰਾਂ ਵੀ ਕਿਸਾਨਾਂ ਦੀ ਜਿੰਦਗੀ ਲਈ ਖਤਰਾ ਬਣੀਆਂ ਹੋਈਆਂ ਹਨ। ਪੰਜਾਬ ਵਿੱਚ 1347 ਕਿਸਾਨ ਬਿਜਲੀ ਦਾ ਕਰੰਟ ਲੱਗਣ ਨਾਲ ਮਰੇ ਹਨ।
ਇਸ ਗਿਣਤੀ ਵਿੱਚੋਂ 680 ਕਿਸਾਨ ਇਕੱਲੇ ਮਾਲਵੇ ਨਾਲ ਸਬੰਧਤ ਸਨ। ਸਭ ਤੋਂ ਵੱਧ ਮੌਤਾਂ 268 ਸੰਗਰੂਰ ਜਿਲ੍ਹੇ ਵਿੱਚ ਹੋਈਆਂ, ਮੋਗੇ ਵਿੱਚ 242, ਮਾਨਸਾ ‘ਚ 58 ਕਿਸਾਨ ਬਿਜਲੀ ਦਾ ਕਰੰਟ ਲੱਗ ਕੇ ਮਰੇ। ਜਦੋਂਕਿ 1555 ਕਿਸਾਨ ਬਿਜਲੀ ਦਾ ਕਰੰਟ ਲੱਗਣ ਨਾਲ ਅੰਗਹੀਣ ਹੋਏ। ਇਕੱਲੇ ਸਾਲ 2005 ਵਿੱਚ 324 ਹਾਦਸੇ ਹੋਏ। ਜਿਨ੍ਹਾਂ ਵਿੱਚੋਂ 126 ਦੀ ਮੌਤ ਹੋ ਗਈ, 129 ਅੰਗਹੀਣ ਹੋਏ। ਸਾਲ 2006 ‘ਚ 285 ਹਾਦਸੇ ਹੋਏ, 143 ਕਿਸਾਨਾਂ ਦੀ ਮੌਤ ਅਤੇ 143 ਅੰਗਹੀਣ ਹੋ ਗਏ। 2007 ਦੇ ਅੱਠ ਮਹੀਨਿਆਂ ਵਿੱਚ ਬਿਜਲੀ ਬੋਰਡ ਨਾਲ ਸਬੰਧਤ 127 ਹਾਦਸੇ ਹੋਏ।
Punjab farmer could not emerge from agricultural accidents
ਜੇਕਰ ਸਰਕਾਰੀ ਅੰਕੜਿਆਂ ਤੋਂ ਪਾਰ ਜਾ ਕੇ ਵੇਖਿਆ ਜਾਵੇ। ਤਾਂ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਦੀਆਂ ਅਣਹੋਈਆਂ ਮੌਤਾਂ ਦਾ ਰਿਕਾਰਡ ਇਸ ਤੋਂ ਕਿਤੋਂ ਜਿਆਦਾ ਹੈ। ਖੇਤੀ ਪੈਦਾਵਾਰ ਵਿੱਚ ਸਭ ਤੋਂ ਮੋਹਰੀ ਗਿਣੇ ਜਾਂਦੇ ਪੰਜਾਬ ਦੇ ਕਿਸਾਨ ਬਹੁਤ ਹੀ ਤੇਜੀ ਨਾਲ ਇਸ ਧੰਦੇ ਵਿੱਚੋਂ ਬਾਹਰ ਹੁੰਦੇ ਜਾ ਰਹੇ ਹਨ। ਪਿੰਡਾਂ ਵਿੱਚੋਂ ਸ਼ਹਿਰੀਕਰਨ ਵੱਲ ਵਧ ਰਿਹਾ ਮਜਦੂਰ ਅਤੇ ਕਿਸਾਨ ਖੇਤੀ ਨੂੰ ਘਾਟੇ ਵਾਲਾ ਸੌਦਾ ਸਮਝ ਕੇ ਹੋਰ ਧੰਦਿਆਂ ਵੱਲ ਆ ਰਿਹਾ ਹੈ। ਪਿਛਲੇ 23 ਸਾਲਾਂ ਦੌਰਾਨ ਪੰਜਾਬ ਦਾ ਹਰ ਨੌਵਾਂ ਕਿਸਾਨ ਖੇਤੀ ਦੇ ਧੰਦੇ ਵਿੱਚੋਂ ਬਾਹਰ ਹੋ ਚੁੱਕਾ ਹੈ। ਜਿਸ ਦਾ ਵੱਡਾ ਕਾਰਨ ਜਿਨਸਾਂ ਦੇ ਭਾਅ ਵਿੱਚ ਮਾਮੂਲੀ ਵਾਧਾ ਹੋਣਾ, ਕੁਦਰਤੀ ਆਫਤਾਂ ਦਾ ਆਉਣਾ, ਰਾਜ ਤੇ ਕੇਂਦਰ ਸਰਕਾਰ ਦੀਆਂ ਕਿਸਾਨਾਂ ਪ੍ਰਤੀ ਮਾੜੀਆਂ ਨੀਤੀਆਂ ਨੂੰ ਮੁੱਖ ਮੰਨਿਆ ਜਾ ਰਿਹਾ ਹੈ।
ਕਿਸਾਨਾਂ ਦੀ ਕੁੱਲ ਗਿਣਤੀ ਦਾ 11 ਫੀਸਦੀ ਹੈ
ਖੇਤੀ ਅਰਥ-ਸ਼ਾਸਤਰੀਆਂ ਦਾ ਕਹਿਣਾ ਹੈ ਕਿ ਸਾਲ 1991 ਤੋਂ ਲੈ ਕੇ 2001 ਤੱਕ ਹੀ ਰਾਜ ਦੇ ਗਿਆਰਾਂ ਲੱਖ ਕਿਸਾਨਾਂ ਵਿੱਚੋਂ ਦੋ ਲੱਖ ਖੇਤੀ ਦੇ ਧੰਦੇ ਵਿੱਚੋਂ ਬਾਹਰ ਹੋ ਚੁੱਕੇ ਸਨ। ਇਹ ਗਿਣਤੀ ਕਿਸਾਨਾਂ ਦੀ ਕੁੱਲ ਗਿਣਤੀ ਦਾ 11 ਫੀਸਦੀ ਹੈ। ਇਸ ਤੋਂ ਇੱਕ ਦਹਾਕਾ ਹੋਰ ਬੀਤ ਜਾਣ ਤੋਂ ਬਾਅਦ ਇਸ ਗਿਣਤੀ ਵਿੱਚ ਹੋਰ ਵੀ ਵਾਧਾ ਹੋਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਖੇਤੀ ਦੇ ਧੰਦੇ ਵਿੱਚੋਂ ਬਾਹਰ ਹੋਏ 36 ਫੀਸਦੀ ਕਿਸਾਨਾਂ ਦੀ ਜਮੀਨ ਵਿਕ ਚੁੱਕੀ ਹੈ। 11 ਫੀਸਦੀ ਕਿਸਾਨਾਂ ਦੀ ਜਮੀਨ ਦਾ ਇੱਕ ਹਿੱਸਾ ਵਿਕ ਚੁੱਕਾ ਹੈ, ਪਰ ਬਾਕੀ ਕਿਸਾਨਾਂ ਨੇ ਜਮੀਨ ਤਾਂ ਨਹੀਂ ਵੇਚੀ ,ਖੇਤੀ ਛੱਡ ਕੇ ਹੋਰ ਧੰਦਾ ਕਰ ਲਿਆ ਹੈ।
ਖੇਤੀ ਛੱਡਣ ਵਾਲੇ 22 ਫੀਸਦੀ ਕਿਸਾਨ ਸ਼ਹਿਰਾਂ ਵਿੱਚ ਜਾ ਕੇ ਮਜਦੂਰੀ ਕਰਨ ਲੱਗ ਪਏ ਹ
ਅਰਥ ਸ਼ਾਸਤਰੀਆਂ ਦੀ ਇੱਕ ਟੀਮ ਵੱਲੋਂ ਰਾਜ ਦੇ ਸਾਰੇ ਜਿਲ੍ਹਿਆਂ ਦੇ ਦੋ ਬਲਾਕਾਂ ਵਿੱਚੋਂ ਇੱਕ-ਇੱਕ ਪਿੰਡ ਨੂੰ ਅਧਾਰ ਬਣਾ ਕੇ ਕੀਤੇ ਗਏ ਸਰਵੇ ਦਾ ਮਕਸਦ ਇਹ ਸੀ ਕਿ ਖੇਤੀ ਦੇ ਧੰਦੇ ਵਿੱਚੋਂ ਬਾਹਰ ਹੋ ਰਹੇ ਕਿਸਾਨ ਕਿਹੜਾ ਕੰਮ ਕਰ ਰਹੇ ਹਨ। ਖੇਤੀ ਦਾ ਧੰਦਾ ਛੱਡਣ ਵਾਲੇ 22 ਫੀਸਦੀ ਕਿਸਾਨ ਸ਼ਹਿਰਾਂ ਵਿੱਚ ਜਾ ਕੇ ਮਜਦੂਰੀ ਕਰਨ ਲੱਗ ਪਏ ਹਨ। 21 ਫੀਸਦੀ ਨੇ ਛੋਟੇ /ਮੋਟੇ ਰੁਜਗਾਰ ਕਰਕੇ ਆਪਣਾ ਕੰਮ ਤੋਰਿਆ ਹੈ। 10 ਫੀਸਦੀ ਨੇ ਪਸ਼ੂ ਪਾਲਣ ਦਾ ਧੰਦਾ ਕਰ ਲਿਆ ਹੈ। 23 ਫੀਸਦੀ ਕਿਸਾਨਾਂ ਨੇ ਨਿੱਜੀ ਖੇਤਰ ਵਿੱਚ ਨੌਕਰੀ ਕਰ ਲਈ ਹੈ। 10 ਫੀਸਦੀ ਆਪਣੀ ਜਮੀਨ ਠੇਕੇ ‘ਤੇ ਦੇ ਕੇ ਨਸ਼ਾ ਕਰਨ ਲੱਗ ਪਏ ਹਨ। 7 ਫੀਸਦੀ ਵਿਦੇਸ਼ ਜਾਂ ਪੰਜਾਬ ਤੋਂ ਬਾਹਰ ਵਾਲੇ ਰਾਜਾਂ ਵਿੱਚ ਕੰਮ ਕਰਨ ਲੱਗ ਪਏ ਹਨ, ਜਦੋਂਕਿ 6 ਫੀਸਦੀ ਹਿੱਸਾ ਗੱਡੀਆਂ ਦਾ ਚਾਲਕ ਬਣ ਗਿਆ ਹੈ।
25 ਫੀਸਦੀ ਆਪਣੇ ਧੰਦੇ ਤੋਂ ਸੰਤੁਸ਼ਟ ਹਨ
ਖੇਤੀ ਦਾ ਧੰਦਾ ਛੱਡ ਕੇ ਹੋਰ ਕੰਮ ਕਰਨ ਵਾਲਿਆਂ ਵਿੱਚੋਂ 25 ਫੀਸਦੀ ਆਪਣੇ ਧੰਦੇ ਤੋਂ ਸੰਤੁਸ਼ਟ ਹਨ। ਨਵੀਂ ਪਨੀਰੀ ਤਾਂ ਬਿਲਕੁਲ ਹੀ ਖੇਤੀ ਦੇ ਧੰਦੇ ਨੂੰ ਅਲਵਿਦਾ ਕਹਿ ਕੇ ਹੋਰ ਦੂਸਰੇ ਰੁਜਗਾਰਾਂ ਵੱਲ ਆ ਰਹੀ ਹੈ। ਖੇਤੀ ਦਾ ਧੰਦਾ ਛੱਡ ਕੇ ਹੋਰ ਰੁਜਗਾਰ ਕਰਨ ਵਾਲੇ 78 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਮਜਦੂਰਾਂ ਦਾ 63 ਪ੍ਰਤੀਸ਼ਤ ਵਰਗ ਵੀ ਆਪਣੀ ਆਮਦਨ ਵਿੱਚ ਵਾਧਾ ਦੱਸਦਾ ਹੈ। 18 ਫੀਸਦੀ ਥੋੜ੍ਹੇ ਅਤੇ 23 ਫੀਸਦੀ ਸੰਤੁਸ਼ਟ ਨਹੀਂ ।
ਖੇਤੀ ਦੇ ਧੰਦੇ ਵਿੱਚੋਂ ਬਾਹਰ ਹੋਣ ਦਾ ਕਾਰਨ 64 ਫੀਸਦੀ ਕਿਸਾਨਾਂ ਨੂੰ ਆਮਦਨ ਘੱਟ ਹੋਣੀ, 34 ਫੀਸਦੀ ਕਿਸਾਨਾਂ ਕੋਲ ਜਮੀਨ ਦਾ ਘਟਣਾ, 32 ਫੀਸਦੀ ਕਿਸਾਨਾਂ ਦਾ ਕਰਜਾਈ ਹੋਣਾ ਤੇ 13 ਫੀਸਦੀ ਕਿਸਾਨਾਂ ਨੇ ਖੇਤੀ ਕਰਨ ਦੇ ਬਾਵਜੂਦ ਵੀ ਜਮੀਨ ਠੇਕੇ ‘ਤੇ ਦੇਣ ਤੋਂ ਵੀ ਆਮਦਨ ਘੱਟ ਹੋਣਾ ਦੱਸਿਆ। 4.9 ਫੀਸਦੀ ਵੱਡੇ ਕਿਸਾਨਾਂ ਨੇ ਵੀ ਆਪਣੀ ਜਮੀਨ ਠੇਕੇ ਉੱਪਰ ਦੇ ਕੇ ਸ਼ਹਿਰਾਂ ਅੰਦਰ ਕਾਰੋਬਾਰ ਸ਼ੁਰੂ ਕਰ ਲਏ ਹਨ। ਅਜਿਹੀ ਸਥਿਤੀ ਵਿੱਚ ਖੇਤੀ ਪ੍ਰਧਾਨ ਸੂਬੇ ਪੰਜਾਬ ਅਤੇ ਖੇਤੀ ਦੀ ਪੈਦਾਵਾਰ ਨਾਲ ਜੁੜੇ ਲੋਕਾਂ ਦਾ ਭਵਿੱਖ ਵਧੀਆ ਨਜ਼ਰ ਨਹੀਂ ਆ ਰਿਹਾ। ਜਿਸ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਸ ਨਾਜੁਕ ਸਥਿਤੀ ਵੱਲ ਧਿਆਨ ਦੇਣ ਦੀ ਜਰੂਰਤ ਵੀ ਹੈ ਅਤੇ ਖੇਤੀ ਦੇ ਧੰਦੇ ਨੂੰ ਬਚਾਉਣ ਲਈ ਯੋਗ ਪ੍ਰਬੰਧ ਵੀ ਕਰਨੇ ਚਾਹੀਦੇ ਹਨ।
ਬ੍ਰਿਸ਼ਭਾਨ ਬੁਜਰਕ,
ਕਾਹਨਗੜ ਰੋਡ, ਪਾਤੜਾਂ, ਪਟਿਆਲਾ
ਮੋ. 98761-01698
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.