ਜਿੰਦਾ ਗ੍ਰਿਫ਼ਤਾਰ ਹੋਏ ਗੈਂਗਸਟਰ ਤਾਂ ਠੀਕ, ਨਹੀਂ ਤਾਂ ਹੋਵੇਗਾ ਐਨਕਾਉਂਟਰ
- ਪੰਜਾਬ ਅਤੇ ਹਰਿਆਣਾ ਸਣੇ ਚੰਡੀਗੜ੍ਹ ਪਿਛਲੇ ਸਮੇਂ ਤੋਂ ਪਰੇਸ਼ਾਨ ਚਲਦਾ ਆ ਰਿਹਾ ਐ ਗੈਂਗਸਟਰਾਂ ਦੀ ਕਾਰਵਾਈ ਤੋਂ
- ਗੈਂਗਸਟਰ ਪੜੋਸੀ ਸੂਬੇ ਵਿੱਚ ਪਨਾਹ ਲੈਂਦੇ ਹੋਏ ਗ੍ਰਿਫ਼ਤਾਰੀ ਤੋਂ ਬਚਣ ਦੀ ਕਰਦੇ ਰਹਿੰਦੇ ਹਨ ਕੋਸ਼ਿਸ਼
- ਚਿੰਡੀਗੜ੍ਹ ਵਿਖੇ ਹੋਈ ਪੰਜਾਬ ਅਤੇ ਹਰਿਆਣਾ ਸਣੇ ਚੰਡੀਗੜ੍ਹ ਦੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਹਰਿਆਣਾ ਅਤੇ ਪੰਜਾਬ ਵਿੱਚ ਲਗਾਤਾਰ ਵਧ ਰਹੀਆਂ ਗੈਂਗਸਟਰਾਂ ਦੀਆਂ ਗਤੀਵਿਧੀਆਂ ਸਣੇ ਉਨ੍ਹਾਂ ਵੱਲੋਂ ਕੀਤੀ ਜਾ ਰਹੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਹੁਣ ਹਰਿਆਣਾ ਅਤੇ ਪੰਜਾਬ ਪੁਲਿਸ ਨੇ ਮਿਲ ਕੇ ਇਨ੍ਹਾਂ ਗੈਂਗਸਟਰਾਂ ਦਾ ਖ਼ਾਤਮਾ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਸਬੰਧੀ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਵਿਖੇ ਪੰਜਾਬ ਦੇ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਹਰਿਆਣਾ ਪੁਲਿਸ ਵੱਲੋਂ ਪੰਚਕੂਲਾ ਦੇ ਡਿਪਟੀ ਪੁਲਿਸ ਕਮਿਸ਼ਨਰ ਅਸ਼ੋਕ ਕੁਮਾਰ, ਚੰਡੀਗੜ੍ਹ ਦੇ ਡੀ.ਆਈ.ਜੀ. ਅਲੋਕ ਕੁਮਾਰ, ਆਈ.ਜੀ. ਕ੍ਰਾਇਮ ਪੰਜਾਬ ਐਲ.ਕੇ. ਯਾਦਵ ਸਣੇ ਆਈ.ਜੀ. ਨਿਰਲਾਭ ਕਿਸ਼ੋਰ ਨੇ ਵੀ ਭਾਗ ਲੈਂਦੇ ਹੋਏ ਇਸ ਸਬੰਧੀ ਸਹਿਮਤੀ ਬਣਾ ਲਈ ਹੈ।
ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਗੈਂਗਸਟਰ ਹਰਿਆਣਾ ਵਿੱਚ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਚੰਡੀਗੜ੍ਹ ਜਾਂ ਫਿਰ ਮੁਹਾਲੀ ਸਣੇ ਪੰਜਾਬ ਦੇ ਕਿਸੇ ਨੇੜਲੇ ਇਲਾਕੇ ਵਿੱਚ ਲੁੱਕ ਜਾਂਦੇ ਹਨ, ਇਸੇ ਤਰ੍ਹਾਂ ਪੰਜਾਬ ਵਿੱਚ ਕੋਈ ਗੈਂਗਸਟਰ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਪੰਚਕੂਲਾ ਅਤੇ ਚੰਡੀਗੜ੍ਹ ਸਣੇ ਹਰਿਆਣਾ ਦੇ ਜ਼ਿਲ੍ਹੇ ਵਿੱਚ ਜਾ ਕੇ ਲੁੱਕ ਜਾਂਦੇ ਹਨ। ਕੁਝ ਸਮੇਂ ਬਾਅਦ ਮਾਮਲਾ ਠੰਢਾ ਹੋਣ ਤੋਂ ਬਾਅਦ ਇਹ ਗੈਂਗਸਟਰ ਫਿਰ ਤੋਂ ਆਪਣੇ ਸੂਬੇ ਵਿੱਚ ਜਾ ਕੇ ਵਾਰਦਾਤ ਨੂੰ ਅੰਜ਼ਾਮ ਦੇ ਦਿੰਦੇ ਹਨ। ਜਿਸ ਕਾਰਨ ਹੁਣ ਹਰਿਆਣਾ ਅਤੇ ਪੰਜਾਬ ਸਣੇ ਚੰਡੀਗੜ੍ਹ ਪੁਲਿਸ ਨੇ ਸਾਂਝੇ ਤੌਰ ‘ਤੇ ਇਨ੍ਹਾਂ ਗੈਂਗਸਟਰਾਂ ਦਾ ਖ਼ਾਤਮਾ ਕਰਨ ਸਬੰਧੀ ਮੀਟਿੰਗ ਵਿੱਚ ਸਹਿਮਤੀ ਦੇ ਦਿੱਤੀ ਹੈ।
ਹਰਿਆਣਾ ਅਤੇ ਪੰਜਾਬ ਸਣੇ ਚੰਡੀਗੜ੍ਹ ਇੱਕ ਦੂਜੇ ਨੂੰ ਆਪਣੇ ਸੂਬੇ ਦੇ ਗੈਂਗਸਟਰਾਂ ਦੀ ਸੂਚੀ ਸਣੇ ਉਨ੍ਹਾਂ ਦੀ ਸਾਰੀ ਜਨਮ ਪੱਤਰੀ ਸੌਂਪਣਗੇ ਅਤੇ ਇਸ ਤੋਂ ਬਾਅਦ ਇਨ੍ਹਾਂ ਸੂਬੇ ਦੀਆਂ ਖੁਫ਼ਿਆ ਏਜੰਸੀਆਂ ਲਿਸਟ ਅਨੁਸਾਰ ਗੈਂਗਸਟਰਾਂ ਸਬੰਧੀ ਸਾਰੀ ਜਾਣਕਾਰੀ ਦੂਜੇ ਸੂਬੇ ਦੇ ਅਧਿਕਾਰੀਆਂ ਨੂੰ ਲਗਾਤਾਰ ਦਿੰਦੇ ਰਹਿਣਗੇ। ਪੰਜਾਬ ਦੇ ਗੈਂਗਸਟਰਾਂ ਨੂੰ ਹਰਿਆਣਾ ਵਿੱਚ ਜਾ ਕੇ ਮਾਰ ਰਹੇ ਹਨ ਦੂਜੇ ਗੈਂਗਸਟਰ ਜਵਾਬ ਦੇ ਕੁਝ ਗੈਂਗਸਟਰ ਕੁਝ ਸਮੇਂ ਆਪਸ ਵਿੱਚ ਹੀ ਜ਼ਿਆਦਾਤਰ ਉਲਝ ਰਹੇ ਹਨ, ਜਿਸ ਕਾਰਨ ਵਾਰਦਾਤ ਕਰਨ ਤੋਂ ਬਾਅਦ ਜਿਹੜੇ ਗੈਂਗਸਟਰ ਹਰਿਆਣਾ ਦੇ ਪੰਚਕੂਲਾ ਜਾਂ ਫਿਰ ਹੋਰ ਥਾਵਾਂ ‘ਤੇ ਪਨਾਹ ਲੈ ਰਹੇ ਹਨ ਤਾਂ ਪੁਲਿਸ ਤੋਂ ਪਹਿਲਾਂ ਗੈਂਗਸਟਰ ਹੀ ਇਨ੍ਹਾਂ ਨੂੰ ਭਾਲ ਕੇ ਮਾਰ ਰਹੇ ਹਨ। ਬੀਤੇ ਦਿਨੀਂ ਗੈਂਗਸਟਰ ਅਮਿਤ ਕੁਮਾਰ ਨੂੰ ਇੱਕ ਗੈਂਗਸਟਰ ਗੁੱਟ ਨੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਦੋਂ ਕਿ ਚੰਡੀਗੜ੍ਹ ਵਿਖੇ ਹੁਸ਼ਿਆਰਪੁਰ ਦੇ ਸਰਪੰਚ ਸਤਨਾਮ ਸਿੰਘ ਦਾ ਗੈਂਗਸਟਰਾਂ ਨੇ ਚੰਡੀਗੜ੍ਹ ਵਿਖੇ ਆ ਕੇ ਸ਼ਰੇਆਮ ਕਤਲ ਕਰ ਦਿੱਤਾ ਸੀ।