ਖੁਸ਼ਹਾਲ ਘਰ ਪਰਿਵਾਰ

ਖੁਸ਼ਹਾਲ ਘਰ ਪਰਿਵਾਰ

ਜੇਕਰ ਤੁਹਾਡੇ ਬੱਚੇ ਤੁਹਾਨੂੰ ਘਰ ਵੜਦਿਆਂ ਵੇਖਕੇ, ਪਾਪਾ-ਪਾਪਾ ਕਹਿਕੇ ਚੰਬੜਦੇ ਹਨ, ਤੁਹਾਡੇ ਮਾਂ-ਬਾਪ ਦੇ ਚਿਹਰਿਆਂ ਉੱਤੇ ਤੁਹਾਨੂੰ ਘਰ ਆਇਆਂ ਵੇਖਕੇ ਮੁਸਕਾਨ ਅਤੇ ਬੇ-ਫਿਕਰੀ ਦੀ ਲਹਿਰ ਦੌੜ ਜਾਂਦੀ ਹੈ, ਤੁਹਾਡੀ ਪਤਨੀ ਦੀਆਂ ਅੱਖਾਂ ਤੁਹਾਡੇ ਘਰ ਮੁੜਣ ਤੱਕ ਤੁਹਾਡੇ ਰਾਹਾਂ ’ਤੇ ਵਿਛੀਆਂ ਰਹਿੰਦੀਆਂ ਹਨ ਤਾਂ ਤੁਸੀਂ ਸੱਚ-ਮੁੱਚ ਹੀ ਕਿਸਮਤ ਵਾਲੇ ਹੋ ਅਤੇ ਸਮਝੋ ਕਿ ਤੁਹਾਨੂੰ ਘਰ ਮਿਲ ਗਿਆ ਹੈ।ਤੁਸੀਂ ਘਰ ਬਣਾ ਲਿਆ ਹੈ। ਬੱਚਿਆਂ ਦਾ ਤੁਹਾਡੇ ਨੇੜੇ ਢੁੱਕ-ਢੱਕ ਬੈਠਣਾਂ, ਫਰਮਾਇਸ਼ਾ ਪਾਉਣਾ, ਪਤਨੀ ਦਾ ਮੁਸਕਰਾ ਕੇ ਤੁਹਾਡੀਆਂ ਜਰੂਰਤਾਂ ਪੂਰੀਆਂ ਕਰਨਾ, ਮਾਂ-ਬਾਪ ਦਾ ਤੁਹਾਡੇ ਕੋਲੋ ਹਾਲ-ਚਾਲ ਪੁੱਛਣਾ * ਇਹੀ ਤਾਂ ਹੈ ਪਿਆਰੇ ਜਿਹੇ ਘਰ ਦੀ ਨਿਸ਼ਾਨੀ।

ਜੇਕਰ ਤੁਸੀਂ ਆਪਣੇ ਮਾਤਾ-ਪਿਤਾ, ਭੈਣਾ ਭਰਾਵਾਂ, ਪਤਨੀ ਅਤੇ ਬੱਚਿਆਂ ਦਾ ਪੂਰਾ ਖਿਆਲ ਰੱਖਦੇ ਹੋ।ਉਨ੍ਹਾਂ ਦੀਆਂ ਲੋੜਾਂ ਨੂੰ ਆਪਣੀ ਸਮਰੱਥਾ ਅਨੁਸਾਰ ਪੂਰੀਆਂ ਕਰਦੇ ਹੋ। ਤੁਹਾਡੇ ਅਤੇ ਪਰਿਵਾਰ ਦੇ ਭਾਵਨਾਤਕ ਸੰਬੰਧ ਗੂੜ੍ਹੇ ਹਨ।ਜੇਕਰ ਇਨ੍ਹਾਂ ਸੰਬੰਧਾਂ ਦਾ ਅਧਾਰ ਸੁਆਰਥ ਨਹੀਂ, ਸਨੇਹ ਅਤੇ ਜੁੰਮੇਵਾਰੀ ਹੈ ਤਾਂ ਸੱਚਮੁੱਚ ਹੀ ਤੁਸੀਂ ਘਰ ਦੇ ਮਾਲਕ ਹੋ। ਤੁਹਾਡੇ ਉੱਤੇ ਕੁਦਰਤ ਮਿਹਰਬਾਨ ਹੈ ਅਤੇ ਤੁਹਾਨੂੰ ਬਜ਼ੁਰਗਾਂ ਦਾ ਅਸ਼ੀਰਵਾਦ ਮਿਲਿਆ ਹੋਇਆ ਹੈ।

ਕੀ ਤੁਸੀਂ ਇਨ੍ਹਾਂ ਕੰਧਾਂ, ਦਰਵਜ਼ਿਆਂ, ਕਮਰਿਆਂ , ਬਰਾਂਡਿਆਂ, ਛੱਤਾ ਅਤੇ ਫਰਸ਼ਾਂ ਨੂੰ ਘਰ ਸਮਝਦੇ ਹੋ ? ਨਹੀ ਨਾਂ–? ਇਹ ਘਰ ਨਹੀ ਹੈ। ਜਿੱਥੇ ਹਰ ਵੇਲੇ ਕਲੇਸ਼ ਰਹਿੰਦਾ ਹੋਵੇ, ਘਰ’ਚ ਬਦ-ਇੰਤਜਾਮੀ ਅਤੇ ਇੱਕ ਦੂਜੇ ਨਾਲ ਮਨ-ਮੁਟਾਵ ਰਹਿੰਦਾ ਹੋਵੇ। ਕੋਈ ਇੱਕ ਦੂਜੇ ਦੀ ਸੁਣਦਾ ਨਾ ਹੋਵੇ। ਸਾਰੇ ਆਪਣੀ ਮਨ-ਮਰਜੀ ਦੇ ਮਾਲਿਕ ਹੋਣ। ਛੋਟੇ ਵੱਡਿਆਂ ਦਾ ਆਦਰ ਨਾ ਕਰਦੇ ਹੋਣ, ਵੱਡੇ ਛੋਟਿਆਂ ਦਾ ਖਿਆਲ ਨਾ ਰੱਖਦੇ ਹੋਣ। ਜਿੱਥੇ ਤਿਆਗ ਅਤੇ ਸਹਿਣਸ਼ੀਲਤਾ ਨਾ ਹੋਵੇ ਉਹ ਘਰ ਤੋ ਬਿਨਾਂ ਹੋਰ ਕੁੱਝ ਵੀ ਹੋ ਸਕਦਾ ਹੈ ਪਰ ਘਰ ਨਹੀਂ।

ਜੇਕਰ ਤੁਸੀਂ ਸੱਚ-ਮੁੱਚ ਹੀ ਘਰ ਚਾਹੁੰਦੇ ਹੋ ਘਰ, ਜਿੱਥੇ ਤੁਹਾਨੂੰ ਹੀ ਨਹੀਂ ਦੂਸਰੇ ਲੋਕਾਂ ਨੂੰ ਵੀ , ਜ਼ੋ ਤੁਹਾਡੀ ਮਿੱਤਰ ਮੰਡਲੀ ਹੋਵੇ ਜਾਂ ਰਿਸ਼ਤੇਦਾਰ, ਸ਼ਾਂਤੀ ਮਿਲਦੀ ਹੋਵੇ, ਬੈਠਣ ਜਾਂ ਰਹਿਣ ਨੂੰ ਜੀ ਕਰਦਾ ਹੋਵੇ, ਤਾਂ ਕੁੱਝ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
ਅਸਲ ਵਿੱਚ ਘਰ, ਪਰਿਵਾਰਕ ਮੈਬਰਾਂ ਦੇ ਪਰਸਪਰ ਨਿੱਘੇ ਭਾਵਨਾਤਮਕ ਸੰਬੰਧਾਂ , ਘਰ ਦੀਆਂ ਪਰੰਪਰਾਵਾਂ ਦੀਆਂ ਪਾਲਣਾ ਕਰਨ, ਬਜੁਰਗਾਂ ਪ੍ਰਤੀ ਆਦਰ-ਸਤਿਕਾਰ ਦੀ ਭਾਵਨਾਂ ਅਤੇ ਬੱਚਿਆਂ ਦੀ ਪੂਰਨ ਦੇਖਭਾਲ ਨਾਲ ਬਣਦਾ ਹੈ।

ਔਰਤਾਂ ਸੁਭਾਵਿਕ ਤੌਰ’ਤੇ ਬਹੁਤ ਭਾਵੁਕ ਅਤੇ ਸੰਵੇਦਨ ਸ਼ੀਲ ਹੁੰਦੀਆਂ ਹਨ।ਆਪਣੇ ਰੁੱਖੇ ਅਤੇ ਅਲੋਚਨਾਤਮਕ ਵਰਤਾਓ ਨਾਲ ਉਨ੍ਹਾਂ ਦੇ ਸਨੇਹ-ਸਰੋਤ ਨੂੰ ਨਾ ਸੁਕਾਓ।ਦੂਸਰਿਆਂ ਦੇ ਸਾਹਮਣੇ ਤਾਂ ਭੁੱਲਕੇ ਵੀ ਉਨਾਂ ਦੀ ਅਲੋਚਨਾ ਨਾ ਕਰੋ, ਬਲਕਿ ਜਦੋ ਕੋਈ ਤੁਹਡਾ ਰਿਸ਼ਤੇਦਾਰ ਜਾਂ ਹੋਰ ਨਜਦੀਕੀ ਉਂਹਦੀਆਂ ਕਮੀਆਂ ਲੱਭ ਰਿਹਾ ਹੋਵੇ ਤਾਂ ਔਰਤ ਦਾ ਪੱਖ ਲਓ, ਉਸ ਦੇ ਹੱਕ ’ਚ ਖੜ੍ਹੋ ਕੇ ਉਸ ਦੀ ਵਡਿਆਈ ਕਰੋ। ਦੁਨੀਆਂ ਨੂੰ ਦੱਸ ਦਿਉ ਕਿ ਤੁਸੀਂ ਆਪਣੇ ਘਰ ਦੀ ਤਰੱਕੀ, ਬੱਚਿਆਂ ਦੀ ਦੇਖ-ਭਾਲ, ਆਪਣੇ ਮਾਤਾ-ਪਿਤਾ ਦੀ ਸੇਵਾ ਅਤੇ ਘਰ-ਗ੍ਰਹਿਸਥੀ ਪ੍ਰਤੀ ਕਿੰਨੇ ਸੁਚੇਤ ਹੋ।

ਕਈ ਵੇਰ ਅਸੀਂ ਬਾਹਰੋਂ ਥੱਕੇ-ਟੁੱਟੇ ਅਤੇ ਚਿੜਚਿੜੇ ਜਿਹੇ ਹੋਏ ਘਰ ਆਂਉਦੇ ਹਾਂ ਅਤੇ ਆਂਉਦਿਆਂ ਹੀ ਮਾੜੀ-ਮੋਟੀ ਗੱਲ ’ਤੇ ਹੀ ਭਖ ਉੱਠਦੇ ਹਾਂ ਅਸੀਂ ਬਾਹਰ ਦਾ ਗੁੱਸਾ ਆਪਣੀ ਪਤਨੀ ਜਾਂ ਬੱਚਿਆਂ ਉੱਤੇ ਕੱਢਣ ਲੱਗ ਪੈਂਦੇ ਹਾਂ। ਇਹ ਬਹੁਤ ਵੱਡੀ ਮੂਰਖਤਾ ਹੈ। ਸਾਨੂੰ ਆਪਣੀਆਂ ਬਾਹਰ ਦੀਆਂ ਸਮੱਸਿਆਵਾਂ ਆਪਣੇ ਕਾਰਜ-ਖੇਤਰ ਦੀ ਚਾਰਦਿਵਾਰੀ ਅੰਦਰ ਹੀ ਛੱਡਕੇ ਆਉਣੀਆਂ ਚਾਹੀਦੀਆਂ ਹਨ।ਨਾ ਤਾਂ ਆਪਣੇ ਦਫਤਰ ਨੂੰ ਘਰ ਲੈਕੇ ਆੳ ਤੇ ਨਾ ਹੀ ਘਰ ਨੂੰ ਬਾਹਰ ਲੈਕੇ ਜਾਓ। ਔਰਤਾਂ ਬਹੁਤ ਸਮਝਦਾਰ ਹੁੰਦੀਆਂ ਹਨ।

ਉਹ ਤੁਹਾਡੀ ਅਰਥਿਕ ਹਾਲਤ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀਆਂ ਹਨ।ਉਹ ਤੁਹਾਡੀ ਸਮਰੱਥਾ ਤੋ ਵੱਧ ਕੁੱਝ ਨਹੀਂ ਚਾਹੁੰਦੀਆਂ ।ਜੇਕਰ ਤੁਸੀਂ ਇਹ ਸਮਝ ਜਾਉ ਕਿ ਉਹ ਕੀ ਚਾਹੁੰਦੀਆਂ ਹਨ ਤਾ ਇਹ ਤੁਹਾਡੀ ਸਮਝਦਾਰੀ ਦਾ ਕਮਾਲ ਹੋਵੇਗਾ ਆਪਣੇ ਘਰ ਦੇ ਸਾਰੇ ਮੈਂਬਰਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖੋ ਤੁਸੀਂ ਪਰਿਵਾਰ ਰੂਪੀ ਗੱਡੀ ਦੇ ਮਹਾਂਰਥੀ ਹੋ ਉਸ ਨੂੰ?ਸਹੀ ਚਲਾਉਣਾ ਜਿੱਥੇ ਤੁਹਾਡੀ ਜਿੰਮੇਵਾਰੀ ਹੈ ਉਥੇ ਹੀ ਇਹ ਤੁਹਾਨੂੰ ਸਕੂਨ ਤੇ ਸ਼ਾਨ ਦੇਵੇਗੀ
ਅਰਜਨ ਦੇਵ ਨਗਰ ਪੁਰਾਣੀ ਕੈਟਂ ਰੋਡ
ਨੇੜੇ ਚੰਗੀ ਨੰ:7,ਫਰੀਦਕੋਟ।
ਮੋ:98152-96475
ਸੰਤੋਖ ਸਿੰਘ ਭਾਣਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ