Ludhiana News: ਲੁਧਿਆਣਾ ’ਚ ਹੋਇਆ ਗਿਆਨਵਾਨ ਨਾਗਰਿਕ ਸੈਮੀਨਾਰ
Ludhiana News: ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ)। ਰਾਸ਼ਟਰੀ ਸਵੈ-ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਲੁਧਿਆਣਾ ਵਿੱਚ ਹੋਏ ‘ਗਿਆਨਵਾਨ ਨਾਗਰਿਕ ਸੈਮੀਨਾਰ’ ਦੌਰਾਨ ਨਾਗਰਿਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਕਿਹਾ ਕਿ ਹਿੰਦੂ ਸਮਾਜ ਨੂੰ ਸੰਗਠਿਤ ਅਤੇ ਮਜ਼ਬੂਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਤੋਂ ਕੋਈ ਖ਼ਤਰਾ ਨਹੀਂ, ਪਰ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਾਵਧਾਨ ਰਹਿਣਾ ਜ਼ਰੂਰੀ ਹੈ।
ਪਰਿਵਾਰ ਪ੍ਰਣਾਲੀ ਬਾਰੇ ਗੱਲ ਕਰਦਿਆਂ ਭਾਗਵਤ ਨੇ ਕਿਹਾ ਕਿ ਹਿੰਦੂ ਪਰਿਵਾਰਾਂ ਵਿੱਚ ਘੱਟੋ-ਘੱਟ ਤਿੰਨ ਬੱਚੇ ਹੋਣੇ ਚਾਹੀਦੇ ਹਨ। ਇਸ ਦੇ ਪਿੱਛੇ ਉਨ੍ਹਾਂ ਨੇ ਤਰਕ ਦਿੱਤਾ ਕਿ ਜਿਸ ਸਮਾਜ ਵਿੱਚ ਪਰਿਵਾਰ ਦੀ ਸੰਖਿਆ ਘੱਟ ਹੁੰਦੀ ਹੈ, ਉਹ ਲੰਬੇ ਸਮੇਂ ਵਿੱਚ ਸੰਕਟ ਦਾ ਸਾਹਮਣਾ ਕਰ ਸਕਦਾ ਹੈ। ਉਨ੍ਹਾਂ ਇਸ ਨੂੰ ਸਮਾਜਿਕ ਸੰਤੁਲਨ ਅਤੇ ਹੋਂਦ ਨਾਲ ਜੋੜਿਆ। ਧਰਮ ਪਰਿਵਰਤਨ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਲਾਲਚ ਜਾਂ ਜ਼ਬਰਦਸਤੀ ਨਾਲ ਹੋਣ ਵਾਲੇ ਧਰਮ ਪਰਿਵਰਤਨ ’ਤੇ ਰੋਕ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਆਜ਼ਾਦੀ ਦਾ ਸਤਿਕਾਰ ਹੋਣਾ ਚਾਹੀਦਾ ਹੈ, ਪਰ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਜਾਂ ਦਬਾਅ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ।
Ludhiana News
ਪੰਜਾਬ ਵਿੱਚ ਵਧ ਰਹੀ ਨਸ਼ਿਆਂ ਦੀ ਸਮੱਸਿਆ ’ਤੇ ਡੂੰਘੀ ਚਿੰਤਾ ਜਤਾਉਂਦਿਆਂ ਭਾਗਵਤ ਨੇ ਕਿਹਾ ਕਿ ਇਸ ਦਾ ਹੱਲ ਸਿਰਫ ਕਾਨੂੰਨੀ ਕਾਰਵਾਈ ਨਹੀਂ, ਸਗੋਂ ਸੰਸਕਾਰ ਅਤੇ ਪਰਿਵਾਰਕ ਮਾਹੌਲ ਵਿੱਚ ਬਦਲਾਅ ਨਾਲ ਸੰਭਵ ਹੈ। ਉਨ੍ਹਾਂ ਕਿਹਾ ਕਿ ਜੇ ਮਾਪੇ ਬੱਚਿਆਂ ਨੂੰ ਸਮਾਂ ਦੇਣ, ਚੰਗੀ ਜੀਵਨ ਸ਼ੈਲੀ ਅਤੇ ਸੰਸਕਾਰ ਸਿਖਾਉਣ ਤਾਂ ਨਸ਼ਿਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕਈ ਹਿੰਦੂ ਪਰਿਵਾਰ ਟੁੱਟ ਰਹੇ ਹਨ। ਵਿਆਹ ਦੀ ਸਹੀ ਉਮਰ 19 ਤੋਂ 25 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਸਮੇਂ ਸਿਰ ਵਿਆਹ ਨਾਲ ਪਰਿਵਾਰਕ ਝਗੜਿਆਂ ਅਤੇ ਸਮਾਜਿਕ ਅਸਥਿਰਤਾ ਨੂੰ ਘਟਾਇਆ ਜਾ ਸਕਦਾ ਹੈ।
Read Also : ਫਰੀਦਕੋਟ ’ਚ ਪੁਲਿਸ ਦੀ ਵੱਡੀ ਕਾਰਵਾਈ, ਵਾਰਦਾਤ ਨੂੰ ਕੀਤਾ ਨਾਕਾਮ
ਭਾਗਵਤ ਨੇ ਕਿਹਾ ਕਿ ਹਿੰਦੂ ਕੋਈ ਸਿਰਫ ਧਰਮ ਨਹੀਂ, ਸਗੋਂ ਜੀਵਨ ਜਿਉਣ ਦੀ ਇੱਕ ਵਿਸ਼ਾਲ ਸ਼ੈਲੀ ਹੈ, ਜੋ ਸਾਰੀ ਮਨੁੱਖਤਾ ਲਈ ਹੈ। ਉਨ੍ਹਾਂ ਵਾਤਾਵਰਣ ਸੁਰੱਖਿਆ, ਸਮਾਜਿਕ ਸਦਭਾਵਨਾ ਅਤੇ ਰਾਸ਼ਟਰੀ ਏਕਤਾ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਜਦੋਂ ਅਸੀਂ ਸਮਾਜ ਨੂੰ ਇਕਜੁੱਟ ਕਰਨ ਦੀ ਗੱਲ ਕਰਦੇ ਹਾਂ, ਤਾਂ ਇਸ ਦਾ ਮਤਲਬ ਦੇਸ਼ ਦੇ 142 ਕਰੋੜ ਲੋਕਾਂ ਨਾਲ ਹੈ। ਇਸ ਸੈਮੀਨਾਰ ਵਿੱਚ ਪੰਜਾਬ ਭਰ ਤੋਂ ਲਗਭਗ 800 ਪ੍ਰਮੁੱਖ ਨਾਗਰਿਕਾਂ ਨੇ ਭਾਗ ਲਿਆ।














