ਪੰਜਾਬ ਭਰ 5 ਨਕਲ ਦੇ ਕੇਸ ਬਣੇ
ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾ ਰਹੀਆਂ ਅੱਠਵੀਂ ਅਤੇ ਬਾਰਵੀਂ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ਦੇ ਅੰਗਰੇਜ਼ੀ ਵਿਸ਼ੇ ਵਿੱਚ ਪਠਾਨਕੋਟ ਜ਼ਿਲ੍ਹੇ ਵਿੱਚ ਇੱਕ ਨਿੱਜੀ ਸਕੂਲ ਦੇ ਅਧਿਆਪਕ ਨੂੰ ਪਰਚੀਆਂ ਤਿਆਰ ਕਰਦਿਆਂ ਫੜਿਆ ਗਿਆ ਹੈ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਅੱਜ ਧਾਰ ਕਲਾਂ ਬਲਾਕ ਦੇ ਪ੍ਰੀਖਿਆ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਲਕਪੁਰ ਵਿਖੇ ਇੱਕ ਪ੍ਰਾਈਵੇਟ ਸੰਸਥਾ, ਨਵ-ਵਿੱਦਿਆ ਨਿਕੇਤਨ ਸਕੂਲ ਦੇ ਇੱਕ ਅਧਿਆਪਕ ਨੂੰ ਅੱਠਵੀਂ ਸ਼੍ਰੇਣੀ ਦੇ ਪੇਪਰ ਸਬੰਧੀ ਪਰਚੀਆਂ ਬਣਾਉਂਦੇ ਦਬੋਚਿਆ ਤੇ ਸੁਜਾਨਪੁਰ ਵਿਖੇ ਪੁਲਿਸ ਕੇਸ ਦਰਜ ਕਰਵਾਇਆ ਇਸ ਤੋਂ ਇਲਾਵਾ ਸ਼ਾਮ ਦੇ ਸੈਸ਼ਨ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਦੌਰਾਨ ਨਕਲ ਦੇ ਚਾਰ ਮਾਮਲੇ ਜ਼ਿਲ੍ਹਾ ਸੰਗਰੂਰ ਵਿੱਚ ਅਤੇ ਇੱਕ ਮਾਮਲਾ ਜ਼ਿਲ੍ਹਾ ਮੁਕਤਸਰ ਸਾਹਿਬ ਵਿੱਚ ਫੜ੍ਹਿਆ ਗਿਆ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਵੇਰ ਦੇ ਸੈਸ਼ਨ ਵਿੱਚ ਕਰਵਾਈ ਗਈ ਅੱਠਵੀਂ ਸ਼੍ਰੇਣੀ ਦੀ ਵਿਸ਼ਾ ਅੰਗਰੇਜ਼ੀ ਦੀ ਬੋਰਡ ਪ੍ਰੀਖਿਆ ਦੌਰਾਨ ਪ੍ਰੀਖਿਆਰਥੀਆਂ ਵੱਲੋਂ ਨਕਲ ਕੀਤੇ ਜਾਣ ਦਾ ਕੋਈ ਮਾਮਲਾ ਤਾਂ ਸਾਹਮਣੇ ਨਹੀਂ ਆਇਆ, ਪਰ ਪਠਾਨਕੋਟ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਭੇਜੀ ਗਈ ਰਿਪੋਰਟ ਅਨੁਸਾਰ ਪਿੰਡ ਡੇਹਰੀਵਾਲ ਦੀ ਇੱਕ ਪ੍ਰਾਈਵੇਟ ਸੰਸਥਾ ਦਾ ਅਧਿਆਪਕ ਅਮਿਤ ਕੁਮਾਰ, ਮਲਕਪੁਰ ਦੇ ਸਰਕਾਰੀ ਸਕੂਲ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰ ਦੀ ਕੰਪਿਊਟਰ ਲੈਬ ਵਿੱਚ ਪ੍ਰੀਖਿਆਰਥੀਆਂ ਲਈ ਪਰਚੀਆਂ ਤਿਆਰ ਕਰਦਾ ਮੌਕੇ ‘ਤੇ ਫੜ੍ਹਿਆ ਗਿਆ
ਇਹ ਕਾਰਵਾਈ ਸਿੱਖਿਆ ਸਕੱਤਰ ਤੇ ਬੋਰਡ ਦੇ ਚੇਅਰਮੈਨ ਕਿਸ਼ਨ ਕੁਮਾਰ ਵੱਲੋਂ ਆਪ ਮੌਕੇ ‘ਤੇ ਕੀਤੀ ਗਈ ਸੀ ਅਮਿਤ ਕੁਮਾਰ ਵਿਰੁੱਧ ਪੁਲਿਸ ਮਾਮਲਾ, ਥਾਣਾ ਸੁਜਾਨਪੁਰ ਅਧੀਨ ਦਰਜ ਕੀਤਾ ਗਿਆ ਹੈ ਬਾਰ੍ਹਵੀਂ ਸ਼੍ਰੇਣੀ ਦੀ ਵਿਸ਼ਾ ਅੰਗਰੇਜ਼ੀ (ਲਾਜ਼ਮੀ) ਦੀ ਪ੍ਰੀਖਿਆ ਦੌਰਾਨ ਸੁਨਾਮ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚ ਸਥਿਤ ਦੋ ਪ੍ਰੀਖਿਆ ਕੇਂਦਰਾਂ ਵਿੱਚੋਂ 3 ਪ੍ਰੀਖਿਆਰਥੀ ਨਕਲ ਕਰਦੇ ਫੜ੍ਹੇ ਗਏ ਇਨ੍ਹਾਂ ਵਿੱਚ ਇੱਕ ਵਿਦਿਆਰਥਣ ਵੀ ਸ਼ਾਮਲ ਸੀ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ, ਸੁਨਾਮ ਵਿੱਚ ਵੀ ਇੱਕ ਵਿਦਿਆਰਥੀ ਨਕਲ ਕਰਦਾ ਫੜ੍ਹਿਆ ਗਿਆ ਨਕਲ ਦਾ ਪੰਜਵਾਂ ਕੇਸ ਮਲੋਟ ਸਥਿਤ ਐਮ ਆਰ ਓਸਵਿਨ ਹਾਈ ਸਕੂਲ ਪ੍ਰੀਖਿਆ ਕੇਂਦਰ ਵਿੱਚ ਫੜ੍ਹਿਆ ਗਿਆ
ਪ੍ਰੀਖਿਆ ਦੇ ਹੋਰ ਵੇਰਵੇ ਅਨੁਸਾਰ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਲਈ ਕੁੱਲ 3 ਲੱਖ 18 ਹਜ਼ਾਰ 768 ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਦੇਣ ਲਈ ਯੋਗ ਕਰਾਰ ਦਿੱਤਾ ਗਿਆ ਅਤੇ ਸ਼ੁੱਕਰਵਾਰ ਦੀ ਪ੍ਰੀਖਿਆ ਲਈ 2325 ਪ੍ਰੀਖਿਆ ਕੇਂਦਰ ਬਣਾਏ ਗਏ ਸੀਨੀਅਰ ਸੈਕੰਡਰੀ ਪੱਧਰ ਦੀ ਅੰਗਰੇਜ਼ੀ ਲਾਜ਼ਮੀ ਵਿਸ਼ੇ ਦੀ ਪ੍ਰੀਖਿਆ ਲਈ 2 ਲੱਖ 67 ਹਜ਼ਾਰ 679 ਰੈਗੂਲਰ ਪ੍ਰੀਖਿਆਰਥੀਆਂ ਲਈ 1849 ਪ੍ਰੀਖਿਆ ਕੇਂਦਰ ਅਤੇ 21 ਹਜ਼ਾਰ 485 ਓਪਨ ਸਕੂਲ ਨਾਲ ਸਬੰਧਤ ਅਤੇ ਹੋਰ ਪ੍ਰੀਖਿਆਰਥੀਆਂ ਲਈ 157 ਕੇਂਦਰ ਸਥਾਪਤ ਕੀਤੇ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।