ਕੋਰੋਨਾ ਨਾਲ ਮੁਕਾਬਲੇ ਦੀਆਂ ਤਿਆਰੀਆਂ ਜ਼ਰੂਰੀ

ਕੋਰੋਨਾ ਨਾਲ ਮੁਕਾਬਲੇ ਦੀਆਂ ਤਿਆਰੀਆਂ ਜ਼ਰੂਰੀ

Corona | ਚੀਨ ਵਿੱਚ ਫੈਲਿਆ ਕੋਰੋਨਾ ਵਾਇਰਸ ਹੁਣ ਹੌਲੀ-ਹੌਲੀ ਦੁਨੀਆ ਦੇ ਕਈ ਦੂਜੇ ਦੇਸ਼ਾਂ ਵਿੱਚ ਫੈਲ ਗਿਆ ਹੈ। ਚੀਨ ਵਿੱਚ ਹਜ਼ਾਰਾਂ ਦੀ ਜਾਨ ਇਹ ਜਾਨਲੇਵਾ ਵਾਇਰਸ ਹੁਣ ਤੱਕ ਲੈ ਚੁੱਕਾ ਹੈ। ਭਾਰਤ ਵਿੱਚ ਵੀ ਹੁਣ ਤੱਕ ਇਸਦੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਵਾਇਰਸ (ਸੀਓਵੀ) ਦਾ ਸਬੰਧ ਵਾਇਰਸ ਦੇ ਅਜਿਹੇ ਪਰਿਵਾਰ ਨਾਲ ਹੈ, ਜਿਸਦੇ ਸੰਕਰਮਣ ਨਾਲ ਜ਼ੁਕਾਮ ਤੋਂ ਲੈ ਕੇ ਸਾਹ ਲੈਣ ਵਿੱਚ ਤਕਲੀਫ ਵਰਗੀ ਸਮੱਸਿਆ ਹੋ ਸਕਦੀ ਹੈ। ਇਸ ਵਾਇਰਸ ਨੂੰ ਪਹਿਲਾਂ ਕਦੇ ਨਹੀਂ ਵੇਖਿਆ ਗਿਆ।

ਇਸ ਵਾਇਰਸ ਦਾ ਸੰਕਰਮਣ ਦਸੰਬਰ ਵਿੱਚ ਚੀਨ ਦੇ ਵੁਹਾਨ ਵਿੱਚ ਸ਼ੁਰੂ ਹੋਇਆ ਸੀ। ਡਬਲਿਊਐਚਓ ਮੁਤਾਬਕ, ਬੁਖਾਰ, ਖੰਘ, ਸਾਹ ਲੈਣ ਵਿੱਚ ਤਕਲੀਫ ਇਸਦੇ ਲੱਛਣ ਹਨ। ਹੁਣ ਤੱਕ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਵਾਲਾ ਕੋਈ ਟੀਕਾ ਨਹੀਂ ਬਣਿਆ ਹੈ। ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਸਾਹਮਣੇ ਆਉਣ ਤੋਂ ਬਾਅਦ ਸੰਸਾਰ ਸਿਹਤ ਸੰਗਠਨ ਯਾਨੀ ਡਬਲਿਊਐਚਓ ਨੇ ਕੋਰੋਨਾ ਵਾਇਰਸ ਨੂੰ ਅੰਤਰਰਾਸ਼ਟਰੀ ਐਮਰਜੈਂਸੀ ਐਲਾਨ ਦਿੱਤਾ ਹੈ ।

ਕੋਰੋਨਾ ਵਾਇਰਸ ਜੇਕਰ ਸਾਰੇ ਦੇਸ਼ਾਂ ਵਿੱਚ ਨਹੀਂ ਤਾਂ ਜ਼ਿਆਦਾਤਰ ਦੇਸ਼ਾਂ ਵਿੱਚ ਫੈਲ ਸਕਦਾ ਹੈ। ਇਹ ਸੰਸਾਰ ਸਿਹਤ ਸੰਗਠਨ ਦੀ ਹਾਲੀਆ ਚਿਤਾਵਨੀ ਹੈ। ਫਿਲਹਾਲ ਜੇਕਰ ਅੰਟਾਰਕਟਿਕਾ ਨੂੰ ਛੱਡ ਦਿੱਤਾ ਜਾਵੇ ਤਾਂ ਕੋਰੋਨਾ ਦਾ ਸੰਕਰਮਣ ਸਾਰੇ ਮਹਾਂਦੀਪਾਂ ਵਿੱਚ ਫੈਲ ਚੁੱਕਾ ਹੈ। ਚੀਨ ਤੋਂ ਉਪਜਿਆ ਇਹ ਵਾਇਰਸ ਹੁਣ ਬ੍ਰਿਟੇਨ, ਅਮਰੀਕਾ, ਜਾਪਾਨ, ਦੱਖਣੀ ਕੋਰੀਆ, ਫਿਲਪਾਈਨ, ਥਾਈਲੈਂਡ, ਇਰਾਨ, ਨੇਪਾਲ ਅਤੇ ਪਾਕਿਸਤਾਨ ਵਰਗੇ ਕਈ ਦੇਸ਼ਾਂ ਤੱਕ ਪਹੁੰਚ ਚੁੱਕਾ ਹੈ।

ਕੋਰੋਨਾ ਵਾਇਰਸ ਸੰਕਰਮਣ ਦਾ ਖ਼ਤਰਾ ਜ਼ਿਆਦਾ ਤੋਂ ਵਧ ਕੇ ਬਹੁਤ ਜ਼ਿਆਦਾ ਹੋ ਗਿਆ ਹੈ। ਜਿਸ ਤਰ੍ਹਾਂ ਵੱਖ-ਵੱਖ ਦੇਸ਼ਾਂ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਵਧ ਰਹੇ ਹਨ ਉਹ ਸਾਫ਼ ਤੌਰ ‘ਤੇ ਚਿੰਤਾਜਨਕ ਹੈ। ਅਜਿਹੇ ਵਿੱਚ ਭਾਰਤ ਵੀ ਇਸਦੇ ਖਤਰੇ ਤੋਂ ਅਛੂਤਾ ਨਹੀਂ ਹੈ। ਪਰ ਦੂਜੇ ਕਈ ਦੇਸ਼ਾਂ ਵਿੱਚ ਜਿੱਥੇ ਕੋਰੋਨਾ ਸੰਕਰਮਣ ਨੂੰ ਲੈ ਕੇ ਚੌਕਸੀ ਦਾ ਮਾਹੌਲ ਵੇਖਿਆ ਜਾ ਰਿਹਾ ਹੈ, ਉੱਥੇ ਹੀ ਭਾਰਤ ਹੁਣ ਵੀ ਬੇਪਰਵਾਹ ਨਜ਼ਰ ਆਉਂਦਾ ਹੈ। ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਹਾਲੇ ਤੱਕ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦਾ ਇੱਕ ਵੀ ਵੱਡਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਸਵਾਲ ਇਹ ਹੈ ਕਿ ਭਾਰਤ ਵੱਡੇ ਮਾਮਲੇ ਦਾ ਇੰਤਜਾਰ ਕਿਉਂ ਕਰ ਰਿਹਾ ਹੈ?

ਦੇਸ਼ ਵਿੱਚ ਸਿਹਤ ਸਹੂਲਤਾਂ ਦੀ ਸਥਿਤੀ ਕਿਸੇ ਤੋਂ ਲੁਕੀ ਨਹੀਂ ਹੈ। ਸਾਡੇ ਇੱਥੇ ਕਈ ਬਿਮਾਰੀਆਂ ਤਾਂ ਗਰੀਬੀ, ਅਨਪੜ੍ਹਤਾ, ਸਾਫ਼-ਸਫਾਈ ਅਤੇ ਸਿਹਤ ਪ੍ਰਤੀ ਉਦਾਸੀਨਤਾ ਦੀ ਵਜ੍ਹਾ ਨਾਲ ਫੈਲਦੀਆਂ ਹਨ। ਜਿੱਥੇ ਇੱਕ ਪਾਸੇ ਭਾਰਤ ਖੁਦ ਛੋਟੀਆਂ-ਮੋਟੀਆਂ ਬਿਮਾਰੀਆਂ ਨਾਲ ਨਜਿੱਠਣ ਵਿੱਚ ਸਮਰੱਥ ਨਹੀਂ ਹੋ ਸਕਿਆ ਹੈ, ਉੱਥੇ ਹੀ ਕੋਰੋਨਾ ਵਾਇਰਸ ਨਾਲ ਨਜਿੱਠਣਾ ਬਹੁਤ ਮੁਸ਼ਕਲ ਹੈ। ਅੱਜ ਵੀ ਦੇਸ਼ ਦੇ ਕਈ ਖੇਤਰ ਅਜਿਹੇ ਹਨ, ਜਿੱਥੇ ਚਿਕਿਤਸਾ ਸੁਵਿਧਾਵਾਂ ਨਾਂਹ ਦੇ ਬਰਾਬਰ ਹਨ। ਨਾ ਤਾਂ ਲੋੜੀਂਦੀ ਜਾਂਚ ਦੇ ਇੰਤਜਾਮ ਹਨ ਅਤੇ ਨਾ ਹੀ ਡਾਕਟਰ। ਡੇਂਗੂ ਨਾਲ ਨਜਿੱਠਣ ਵਿੱਚ ਨਾਕਾਮ ਰਹਿਣ ਵਾਲਾ ਸਿਹਤ ਵਿਭਾਗ ਵਸੀਲਿਆਂ ਦੀ ਘਾਟ ਵਿੱਚ ਕੋਰੋਨਾ ਵਾਇਰਸ ਨਾਲ ਕਿਵੇਂ ਨਜਿੱਠੇਗਾ, ਕਹਿਣਾ ਮੁਸ਼ਕਲ ਹੈ।

ਚੀਨ ਵਿੱਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ 47 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਤੇ ਇਸਦੇ ਨਾਲ ਹੀ ਇਸ ਕਹਿਰ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,835 ਹੋ ਗਈ ਹੈ, ਜਦੋਂਕਿ ਕਨਫਰਮ ਮਾਮਲਿਆਂ ਦੀ ਗਿਣਤੀ ਵਧ ਕੇ 79,251 ਤੱਕ ਪਹੁੰਚ ਗਈ ਹੈ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਸਿਹਤ ਅਧਿਕਾਰੀਆਂ ਨੇ ਬੀਤੇ ਦਿਨੀਂ ਜਾਣਕਾਰੀ ਦਿੱਤੀ ਹੈ ਕਿ ਚੀਨ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ 427 ਨਵੇਂ ਕਨਫਰਮ ਮਾਮਲਿਆਂ ਤੇ ਇਸ ਕਾਰਨ 47 ਲੋਕਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ।

ਨੈਸ਼ਨਲ ਹੈਲਥ ਕਮਿਸ਼ਨ ਅਨੁਸਾਰ, ਹੁਬੇਈ ਪ੍ਰਾਂਤ ਇਸ ਵਾਇਰਸ ਦਾ ਮੁੱਖ ਕੇਂਦਰ ਹੈ ਅਤੇ ਇੱਥੋਂ 45 ਜਦੋਂਕਿ ਬੀਜਿੰਗ ਅਤੇ ਹੇਨਾਨ ਵਿੱਚ ਇੱਕ-ਇੱਕ ਦੀ ਮੌਤ ਹੋਈ ਹੈ। ਮੀਡੀਆ ਰਿਪੋਰਟ ਅਨੁਸਾਰ, ਚੀਨ ਵਿੱਚ ਹੁਣ ਤੱਕ ਠੀਕ ਹੋਣ ਤੋਂ ਬਾਅਦ ਕੁੱਲ 39,002 ਲੋਕਾਂ ਨੂੰ ਹਸਪਤਾਲੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਕਮਿਸ਼ਨ ਨੇ ਕਿਹਾ ਕਿ 658,587 ਲੋਕਾਂ ਦੇ ਸੰਕਰਮਿਤ ਮਰੀਜਾਂ ਦੇ ਕਰੀਬੀ ਸੰਪਰਕ ਵਿੱਚ ਹੋਣ ਦਾ ਪਤਾ ਲੱਗਾ ਹੈ, ਉਨ੍ਹਾਂ ‘ਚੋਂ 10,193 ਨੂੰ ਪਿਛਲੇ ਦਿਨੀਂ ਚਿਕਿਤਸਾ ਨਿਗਰਾਨੀ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦੋਂਕਿ 58,233 ਹੋਰ ਹਾਲੇ ਵੀ ਚਿਕਿਤਸਾ ਨਿਗਰਾਨੀ ਵਿੱਚ ਹਨ।

ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਚੀਨ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਡਰ ਨਾਲ ਸਾਰੀ ਦੁਨੀਆ ਭੈਅਭੀਤ ਹੈ। ਇਸ ਸਥਿਤੀ ਵਿੱਚ ਭਾਰਤ ਦੀਆਂ ਲੱਚਰ ਸਿਹਤ ਸੇਵਾਵਾਂ ਦੇ ਦਮ ‘ਤੇ ਮੁਕਾਬਲਾ ਮੁਸ਼ਕਲ ਹੈ। ਅੰਕੜਿਆਂ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਬਿਹਾਰ ਵਰਗੇ ਸੂਬੇ ਵਿੱਚ 28391 ਲੋਕਾਂ ‘ਤੇ ਸਿਰਫ ਇੱਕ ਡਾਕਟਰ ਹੈ, ਜਦੋਂਕਿ ਸੰਸਾਰ ਸਿਹਤ ਸੰਗਠਨ ਅਨੁਸਾਰ ਪ੍ਰਤੀ 1000 ਲੋਕਾਂ ‘ਤੇ ਇੱਕ ਡਾਕਟਰ ਹੋਣਾ ਚਾਹੀਦਾ ਹੈ। ਕੇਂਦਰੀ ਸਿਹਤ ਮੰਤਰੀ ਅਨੁਸਾਰ, ਭਾਰਤ ਵਿੱਚ 14 ਲੱਖ ਡਾਕਟਰਾਂ ਦੀ ਅਤੇ 64 ਲੱਖ ਨਰਸਾਂ ਦੀ ਕਮੀ ਹੈ। ਡਾਕਟਰਾਂ ਦੀ ਘਾਟ ਵਿੱਚ ਡਾਇਬਿਟੀਜ ਅਤੇ ਦਿਲ ਰੋਗੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਸ ਸਥਿਤੀ ਵਿੱਚ ਕੋਰੋਨਾ ਵਰਗੀ ਮਹਾਂਮਾਰੀ ਫੈਲਣ ‘ਤੇ, ਉਸ ਨਾਲ ਅਸੀਂ ਕਿੰਨਾ ਮੁਕਾਬਲਾ ਕਰ ਸਕਦੇ ਹਾਂ, ਇਹ ਦੱਸ ਸਕਣਾ ਬਹੁਤ ਔਖਾ ਹੈ।

ਚੀਨ ਵਿੱਚ ਪੈਦਾ ਕੋਰੋਨਾ ਵਾਇਰਸ ਦਾ ਡਰ ਭਾਰਤ ਵਿੱਚ ਜ਼ਿਆਦਾ ਹੈ। ਇਸਦਾ ਕਾਰਨ ਸਾਡੀ ਸੰਘਣੀ ਅਬਾਦੀ ਅਤੇ ਨਕਾਰਾ ਸਰਕਾਰੀ ਚਿਕਿਤਸਾ ਪ੍ਰਬੰਧ ਹੈ। ਇਸ ਗੱਲ ਵਿੱਚ ਦੋ ਰਾਏ ਨਹੀਂ ਕਿ ਜੇਕਰ ਦੇਸ਼ ਵਿੱਚ ਕੋਈ ਮਹਾਂਮਾਰੀ ਆਉਂਦੀ ਹੈ ਤਾਂ ਉਸ ‘ਤੇ ਕਾਬੂ ਪਾਉਣਾ ਬੇਹੱਦ ਮੁਸ਼ਕਲ ਹੋਵੇਗਾ।

ਸੰਕਰਮਣ ਨੂੰ ਫੈਲਾਉਣ ਜਾਂ ਰੋਕਣ ਵਿੱਚ ਕਿਸੇ ਵੀ ਦੇਸ਼ ਦਾ ਰਹਿਣ-ਸਹਿਣ, ਤੌਰ-ਤਰੀਕੇ ਅਤੇ ਕਾਰਜ਼ਸ਼ੈਲੀ ਦਾ ਜਿਆਦਾ ਯੋਗਦਾਨ ਹੁੰਦਾ ਹੈ। ਸਾਡੇ ਦੇਸ਼ ਵਿੱਚ ਆਮ ਰੋਗਾਂ ਦੇ ਇਲਾਜ਼ ਲਈ ਮਰੀਜਾਂ ਨੂੰ ਕਾਫ਼ੀ ਮੁਸ਼ੱਕਤ ਕਰਨੀ ਪੈ ਰਹੀ ਹੈ, ਅਜਿਹੇ ਵਿੱਚ ਜੇਕਰ ਕੋਈ ਜਾਨਲੇਵਾ ਮਹਾਂਮਾਰੀ ਦੇਸ਼ ਵਿੱਚ ਦਾਖ਼ਲਾ ਹੁੰਦੀ ਹੈ ਤਾਂ ਲੱਖਾਂ ਜਾਨਾਂ ਜਾਣਾ ਨਿਸ਼ਚਿਤ ਹੈ।

ਜਿਲ੍ਹਾ ਪੱਧਰ ਦੇ ਹਸਪਤਾਲਾਂ ਦੀ ਤਰਸਯੋਗ ਹਾਲਤ ਨੂੰ ਦੇਖਦੇ ਹੋਏ ਮਹਾਂਮਾਰੀਆਂ ਨਾਲ ਮੁਕਾਬਲੇ ਦੀ ਸਾਡੀ ਤਿਆਰੀ ਖੁਦ ਨਜ਼ਰ ਆ ਜਾਂਦੀ ਹੈ। ਅਜਾਦੀ ਦੇ ਬਾਦ ਸਰਕਾਰ ਅਤੇ ਵਿਰੋਧੀ ਧਿਰ ਅਨੇਕਾਂ ਲੋਕ-ਲੁਭਾਊ ਵਾਅਦੇ ਕਰਦੇ ਰਹੇ ਹਨ, ਪਰ ਬਿਮਾਰ ਅਤੇ ਖਸਤਾਹਾਲ ਹਸਪਤਾਲਾਂ ਦਾ ਇਲਾਜ ਕਰਨ ਵਿੱਚ ਨਾਕਾਮ ਰਹੇ ਹਨ।

ਸਿਆਸੀ ਪਾਰਟੀਆਂ, ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇੱਕ-ਦੂਜੇ ‘ਤੇ ਦੂਸ਼ਣਬਾਜ਼ੀ ਤੋਂ ਸਿਆਸੀ ਲਾਹਾ ਲੈਣ ਦੀ ਥਾਂ ਜ਼ਮੀਨੀ ਪੱਧਰ ‘ਤੇ ਸਿਹਤ ਸੇਵਾਵਾਂ ਦੇ ਵਿਸਥਾਰ ਦੀ ਕੋਸ਼ਿਸ਼ ਕਰਨਾ ਸਮੇਂ ਦੀ ਮੰਗ ਹੈ। ਹਸਪਤਾਲਾਂ ਵਿੱਚ ਕੋਰੋਨਾ ਵਾਇਰਸ ਵਰਗੇ ਸੰਕਰਮਣਾਂ ਨਾਲ ਨਜਿੱਠਣ ਲਈ ਸਬੰਧਿਤ ਸੁਵਿਧਾਵਾਂ ਅਤੇ ਸਮੱਗਰੀ ਬਿਨਾ ਦੇਰੀ ਮੁਹੱਈਆ ਕਰਵਾਉਣ ਦੀ ਲੋੜ ਹੈ। ਕੋਰੋਨਾ ਵਾਇਰਸ ਦੇ ਕਹਿਰ ਤੋਂ ਦੋ ਸਿੱਖਿਆਵਾਂ ਮਿਲਦੀਆਂ ਹਨ। ਇੱਕ ਤਾਂ ਸੰਸਾਰ ਅਰਥਵਿਵਸਥਾ ਨਾਲ ਸੀਮਤ ਜੁੜਾਅ ਰੱਖਿਆ ਜਾਵੇ ਅਤੇ ਦੂਜਾ ਵਾਤਾਵਰਨ ਨੂੰ ਹੱਦੋਂ ਜ਼ਿਆਦਾ ਨੁਕਸਾਨ ਨਾ ਪਹੁੰਚਾਇਆ ਜਾਵੇ।

ਦੇਸ਼ ਵਿੱਚ ਲੋੜੀਂਦੀਆਂ ਚਿੱਕਿਤਸਾ ਸਹੂਲਤਾਂ, ਡਾਕਟਰਾਂ ਅਤੇ ਨਰਸਾਂ ਦੀ ਘਾਟ ਨੂੰ ਪੂਰਾ ਕਰਨਾ ਹੋਵੇਗਾ। ਅਜਿਹੀਆਂ ਮਹਾਂਮਾਰੀਆਂ ਨਾਲ ਜੂਝਣ ਲਈ ਸਾਨੂੰ ਸਮਾਂ ਰਹਿੰਦੇ ਜਿਆਦਾ ਤਿਆਰੀ ਕਰਨ ਦੀ ਲੋੜ ਹੈ। ਲੋੜੀਂਦੀ ਸਿਖਲਾਈ, ਡਾਕਟਰ ਅਤੇ ਜਨਤਾ ਦੀ ਭਾਗੀਦਾਰੀ ਯਕੀਨੀ ਕਰਨੀ ਹੋਵੇਗੀ ਤਾਂ ਕਿ ਆਉਣ ਵਾਲੀਆਂ ਅਜਿਹੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਅੱਗ ਲੱਗਣ ‘ਤੇ ਖੂਹ ਪੁੱਟਣ ਵਾਲੀ ਸਥਿਤੀ ਪੈਦਾ ਨਾ ਹੋਵੇ। ਭਾਰਤ ਤੋਂ ਬਿਹਤਰ ਚਿਕਿਤਸਾ ਸਹੂਲਤਾਂ ਅਤੇ ਰੋਕਥਾਮ ਦੇ ਹਰ ਸੰਭਵ ਉਪਾਅ ਕਰਨ ਦੇ ਬਾਵਜੂਦ ਚੀਨ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ ਅਤੇ ਉਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਵਿੱਚ ਸੀਮਤ ਤੌਰ ‘ਤੇ ਹੀ ਸਫਲ ਰਿਹਾ ਹੈ।

ਭਾਰਤ ਕੋਲ ਚੀਨ ਵਰਗੀ ਸਮਰੱਥਾ ਨਹੀਂ ਹੈ ਕਿ ਛੇ ਦਿਨਾਂ ਵਿੱਚ ਹਸਪਤਾਲ ਖੜ੍ਹਾ ਕਰ ਦੇਵੇ। ਭਾਰਤ ਵੀ ਡੇਂਗੂ, ਚਿਕਨਗੁਨੀਆ, ਜਪਾਨੀ ਬੁਖਾਰ ਵਰਗੀਆਂ ਮਹਾਂਮਾਰੀਆਂ ਨਾਲ ਸਾਲਾਂ ਤੋਂ ਜੂਝ ਰਿਹਾ ਹੈ ਪਰ ਉਨ੍ਹਾਂ ‘ਤੇ ਪੂਰੀ ਤਰ੍ਹਾਂ ਕਾਬੂ ਨਹੀਂ ਕਰ ਸਕਿਆ। ਕਿਸੇ ਵੀ ਰੋਗ ਨੂੰ ਮਹਾਂਮਾਰੀ ਬਣਨ ਤੋਂ ਰੋਕਣ ਲਈ ਲੋੜੀਂਦੀ ਮਾਤਰਾ ਵਿੱਚ ਡਾਕਟਰ ਅਤੇ ਬੁਨਿਆਦੀ ਚਿਕਿਤਸਾ ਸਹੂਲਤਾਂ ਹੋਣੀਆਂ ਜਰੂਰੀ ਹਨ। ਇਸ ਲਈ ਜਨ-ਭਾਗੀਦਾਰੀ ਜਰੂਰੀ ਹੈ। ਸਰਕਾਰ ਨੂੰ ਵੀ ਸਮਾਂ ਰਹਿੰਦੇ ਜ਼ਰੂਰੀ ਇੰਤਜਾਮ ਕਰਨੇ ਚਾਹੀਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।