80 ਲੱਖ ਖਰਚ ਕੇ ਖੰਡਰ ਤੋਂ ਆਲੀਸ਼ਾਨ ਇਮਾਰਤ ਵਿੱਚ ਤਬਦੀਲ ਕੀਤਾ ਸਕੂਲ
ਪਿੰਡ ਨੜਾਂਵਾਲੀ ‘ਚ ਬਣਿਆ ਪੰਜਾਬ ਦਾ ਸਭ ਤੋਂ ਖੂਬਸੂਰਤ ਸਰਕਾਰੀ ਸਕੂਲ
ਸੁਖਜੀਤ ਮਾਨ, ਬਟਾਲਾ
ਭਾਰਤ-ਪਾਕਿਸਤਾਨ ਸਰਹੱਦ ਨੇੜੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨੜਾਂਵਾਲੀ ਦੇ ਸਰਕਾਰੀ ਸਕੂਲ ਦੀ ਕੁਝ ਵਰ੍ਹੇ ਪਹਿਲਾਂ ਡਿੱਗੂ-ਡਿੱਗੂ ਕਰਦੀ ਅਜਿਹੀ ਇਮਾਰਤ ਸੀ ਕਿ ਨੇੜੇ ਜਾਣ ਤੋਂ ਵੀ ਡਰ ਲੱਗਦਾ ਸੀ। ਪਿੰਡ ਦੇ ਪ੍ਰਵਾਸੀ ਭਾਰਤੀ ਨੇ ਹੁਣ ਸਕੂਲ ਦੀ ਇਮਾਰਤ ਨੂੰ ਅਜਿਹਾ ਬਣਵਾ ਦਿੱਤਾ ਹੈ ਕਿ ਉਹੀ ਸਕੂਲ ਪੰਜਾਬ ਦੇ ਖੂਬਸੂਰਤ ਸਕੂਲਾਂ ਦੀ ਗਿਣਤੀ ‘ਚ ਆਉਣ ਲੱਗਿਆ ਹੈ। ਸਕੂਲ ਨੂੰ ਖੰਡਰ ਤੋਂ ਆਲੀਸ਼ਾਨ ਬਣਾਉਣ ‘ਤੇ 80 ਲੱਖ ਰੁਪਏ ਖ਼ਰਚ ਹੋਏ ਹਨ।
ਵੇਰਵਿਆਂ ਮੁਤਾਬਿਕ ਪਿੰਡ ਨੜਾਂਵਾਲੀ ਦਾ ਜੰਮਪਲ ਕੁਲਜੀਤ ਸਿੰਘ ਗੋਸਲ 1973 ਵਿੱਚ ਇਸੇ ਸਕੂਲ ਤੋਂ ਪ੍ਰਾਇਮਰੀ ਜਮਾਤਾਂ ਪੜ੍ਹਿਆ ਸੀ ਇਸ ਤੋਂ ਇਲਾਵਾ ਗੋਸਲ ਨੇ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਸਿਡਨੀ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਨਾਲ ਸਾਇੰਸ ਦੇ ਖੇਤਰ ਵਿੱਚ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ ਹੈ। ਇਸ ਸਮੇਂ ਉਹ ਆਸਟ੍ਰੇਲੀਆ ਵਿਖੇ ਜੇਲ ਅਫ਼ਸਰ ਅਤੇ ਸੀਨੀਅਰ ਵਕੀਲ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਪਿੰਡ ਨੜਾਂਵਾਲੀ ਦਾ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਜੋ ਕਿ ਇਕੋ ਕੰਪਲੈਕਸ ਵਿੱਚ ਚੱਲ ਰਹੇ ਹਨ, ਦੀ ਕੁਝ ਸਾਲ ਪਹਿਲਾਂ ਇਮਾਰਤ ਹਾਲਤ ਪੱਖੋਂ ਠੀਕ ਨਹੀਂ ਸੀ ਜਦੋਂ ਪ੍ਰਵਾਸੀ ਭਾਰਤੀ ਆਪਣੇ ਪਿੰਡ ਆਇਆ ਤਾਂ ਉਸਨੇ ਸਕੂਲ ਦੀ ਹਾਲਤ ਸੁਧਾਰਨ ਦਾ ਨਿਸ਼ਚਾ ਕਰ ਲਿਆ। ਆਪਣੇ ਸਕੂਲ ਨੂੰ ਬੁਨਿਆਦੀ ਢਾਂਚੇ ਦੇ ਪੱਖ ਤੋਂ ਵਿਸ਼ਵ ਪੱਧਰ ਦਾ ਬਣਾਉਣ ਦਾ ਸੁਪਨਾ ਲੈਣ ਵਾਲੇ ਗੋਸਲ ਨੇ 18 ਨਵੰਬਰ 2017 ਨੂੰ ਸਰਕਾਰੀ ਮਨਜ਼ੂਰੀ ਲੈ ਕੇ ਇਸ ਸਕੂਲ ਦੀ ਇਮਾਰਤ ਨੂੰ ਨਵੇਂ ਸਿਰੇ ਤੋਂ ਬਣਾਉਣਾ ਸ਼ੁਰੂ ਕੀਤਾ ਸੀ। ਉਨ੍ਹਾਂ 80 ਲੱਖ ਰੁਪਏ ਖਰਚ ਕੇ 5 ਮਹੀਨਿਆਂ ਵਿੱਚ ਸਕੂਲ ਦੀ ਦੋ ਮੰਜ਼ਿਲਾ ਆਲੀਸ਼ਾਨ ਇਮਾਰਤ ਤਿਆਰ ਕਰ ਦਿੱਤੀ ਪ੍ਰਾਇਮਰੀ ਸਕੂਲ ਦੀ ਸਾਰੀ ਇਮਾਰਤ ਹੀ ਨਵੇਂ ਸਿਰੇ ਤੋਂ ਬਣਾਈ ਗਈ ਜਦਕਿ ਮਿਡਲ ਸਕੂਲ ਦੀ ਇਮਾਰਤ ਦੀ ਪੂਰੀ ਤਰਾਂ ਮੁਰੰਮਤ ਕਰਕੇ ਉਸਨੂੰ ਵੀ ਨਵੀਂ ਦਿੱਖ ਪ੍ਰਦਾਨ ਕੀਤੀ। ਇਸ ਸਕੂਲ ਦਾ ਉਦਘਾਟਨ 28 ਫਰਵਰੀ 2019 ਨੂੰ ਕੀਤਾ ਗਿਆ ਕੁਲਜੀਤ ਸਿੰਘ ਨੇ ਇਸ ਸਕੂਲ ਦੀ ਇਮਾਰਤ ਦਾ ਨੀਂਹ ਪੱਥਰ ਪਿੰਡ ਦੀ ਸਭ ਤੋਂ ਬਜ਼ੁਰਗ ਔਰਤ ਕੋਲੋਂ ਰਖਵਾਇਆ ਸੀ ਅਤੇ ਉਦਘਾਟਨ ਵੀ ਪਿੰਡ ਦੇ ਇੱਕ ਬਜ਼ੁਰਗ ਵਿਅਕਤੀ ਕੋਲੋਂ ਕਰਵਾਇਆ ਜੋ ਕਿ ਪਿੰਡ ਦੇ ਬਜ਼ੁਰਗਾਂ ਪ੍ਰਤੀ ਸਨੇਹ ਨੂੰ ਵੀ ਦਰਸਾਉਂਦਾ ਹੈ।
ਸਾਰੇ ਕਮਰੇ ਹਨ ਸਮਾਰਟ ਕਲਾਸ ਰੂਮ
ਇਸ ਸਕੂਲ ਦੇ ਸਾਰੇ ਹੀ ਕਮਰੇ ਸਮਾਰਟ ਕਲਾਸ ਰੂਮ ਹਨ ਬੱਚਿਆਂ ਦੇ ਬੈਠਣ ਲਈ ਫਰਨੀਚਰ ਆਦਿ ਪਹਿਲੇ ਦਰਜੇ ਦਾ ਹੈ। ਸਕੂਲ ਦੀ ਆਧੁਨਿਕ ਇਮਾਰਤ ਅਤੇ ਹੋਰ ਸਹੂਲਤਾਂ ਪੱਖੋਂ ਇਹ ਸਕੂਲ ਸੂਬੇ ਦਾ ਸਭ ਤੋਂ ਖੂਬਸੂਰਤ ਸਰਕਾਰੀ ਸਕੂਲ ਹੋਣ ਦਾ ਮਾਣ ਰੱਖਦਾ ਹੈ। ਪਿਛਲੇ ਸਾਲ ਇਸ ਸਕੂਲ ਵਿੱਚ 50 ਦੇ ਕਰੀਬ ਬੱਚੇ ਪੜ੍ਹਦੇ ਸਨ ਜਦੋਂਕਿ ਇਸ ਸਾਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ ਅਤੇ 78 ਬੱਚੇ ਇੱਥੋਂ ਵਿੱਦਿਆ ਹਾਸਿਲ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।