ਮਾਪਿਆਂ ਨਾਲ ਝੋਨਾ ਲਵਾਉਣ ਵੇਲੇ ਖੇਤ ‘ਚੋਂ ਹੀ ਦੇ ਰਹੀ ਹੈ ਆਨਲਾਈਨ ਪ੍ਰੀਖਿਆ
ਬਠਿੰਡਾ, (ਸੁਖਜੀਤ ਮਾਨ)। ਕੁੱਝ ਕਰਨ ਦਾ ਜ਼ਜਬਾ ਹੋਵੇ ਤਾਂ ਮੁਸ਼ਕਿਲਾਂ ਰਾਹ ਛੱਡ ਦਿੰਦੀਆਂ ਨੇ । ਸਮਾਂ ਨਿੱਕਲ ਆਉਂਦਾ ਹੈ ਤੇ ਥਾਂ ਵੀ ਆਪੇ ਬਣ ਜਾਂਦੀ ਹੈ। ਸੋਸ਼ਲ ਮੀਡੀਆ ‘ਤੇ ਕੱਲ੍ਹ ਤੋਂ ਘੁੰਮ ਰਹੀ ਫੋਟੋ ਜਿਸ ‘ਚ ਝੋਨਾ ਲਾਉਣ ਲਈ ਪਨੀਰੀ ਪੁੱਟ ਰਹੇ ਆਪਣੇ ਮਾਪਿਆਂ ਕੋਲ ਪਾਣੀ ‘ਚ ਹੀ ਇੱਟ ‘ਤੇ ਬੈਠ ਕੇ ਵਿਦਿਆਰਥਣ ‘ਆਨਲਾਈਨ ਪ੍ਰੀਖਿਆ’ ਦੇ ਰਹੀ ਹੈ ਉਹ ਇਹੋ ਸੰਦੇਸ਼ ਦਿੰਦੀ ਜਾਪਦੀ ਹੈ। ਦਿਲ ਤਾਂ ਇਸ ਬੱਚੀ ਦਾ ਵੀ ਕਰਦਾ ਹੋਣਾ ਕਿ ਪ੍ਰੀਖਿਆ ਘਰ ਬੈਠਕੇ ਦਿੰਦੀ ਪਰ ਆਪਣੇ ਮਾਪਿਆਂ ਦੀ ਸਹਾਇਤਾ ਕਰਨ ਦੀ ਸੋਚ ਉਸਨੂੰ ਖੇਤ ਲੈ ਆਈ।
ਪਾਣੀ ‘ਚ ਇੱਟ ‘ਤੇ ਬੈਠਕੇ ਆਨਲਾਈਨ ਪ੍ਰੀਖਿਆ ਦੇ ਰਹੀ ਇਹ ਬੱਚੀ ਪ੍ਰਭਜੋਤ ਕੌਰ ਸਰਕਾਰੀ ਮਿਡਲ ਸਕੂਲ ਘੁਮਿਆਰਾ (ਫਰੀਦਕੋਟ) ਦੀ ਅੱਠਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਹੈ। ਬੂਟਾ ਸਿੰਘ ਦੀ ਹੋਣਹਾਰ ਧੀ ਦੀ ਇਹ ਤਸਵੀਰ ਜਿੱਥੇ ਉਸਦੀ ਮਜ਼ਬੂਰੀ ਨੂੰ ਦਰਸਾਉਂਦੀ ਹੈ ਉੱਥੇ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਸਬਕ ਹੈ ਜੋ ਸਭ ਸਹੂਲਤਾਂ ਦੇ ਬਾਵਜ਼ਦੂ ਪੜ੍ਹਾਈ ਤੋਂ ਕੰਨ੍ਹੀਂ ਕਤਰਾਉਂਦੇ ਨੇ। ਬੱਚੀ ਦੇ ਇਸ ਸਿੱਦਕ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਸਲਾਮ ਕੀਤੀ ਜਾ ਰਹੀ ਹੈ।
ਭਾਵੇਂ ਹੀ ਇਸ ਬੱਚੀ ਦੇ ਪਿੰਡ ਆਦਿ ਬਾਰੇ ਕਿਸੇ ਨੂੰ ਕੁੱਝ ਨਹੀਂ ਪਤਾ ਸੀ ਪਰ ਫਿਰ ਵੀ ਉਸਦੀ ਹੌਂਸਲਾ ਅਫਜ਼ਾਈ ਲਈ ਕਈ ਲੇਖਕਾਂ ਨੇ ਉਸਦੀ ਸ਼ਲਾਘਾ ਲਈ ਅਨੇਕਾਂ ਸਤਰਾਂ ਲਿਖ ਦਿੱਤੀਆਂ। ਬੱਚੀ ਦੇ ਪਿਤਾ ਬੂਟਾ ਸਿੰਘ ਦਾ ਕਹਿਣਾ ਹੈ ਕਿ ਉਹ ਘਰ ਦੀਆਂ ਤੰਗੀਆਂ ਤੁਰਸ਼ੀਆਂ ਕਾਰਨ ਆਪਣੇ ਪਿੰਡ ਘੁਮਿਆਰਾ ਦੇ ਜਿਹੜੇ ਸਕੂਲ ‘ਚੋਂ ਤੀਸਰੀ ਜਮਾਤ ਨਹੀਂ ਪਾਰ ਕਰ ਸਕਿਆ ਉਸੇ ਸਕੂਲ ‘ਚੋਂ ਉਸ ਦੀਆਂ ਧੀਆਂ ਪੜ੍ਹ ਲਿਖਕੇ ਉੱਚ ਕਲਾਸਾਂ ਵੱਲ ਵੱਧ ਰਹੀਆਂ ਹਨ।
ਉਸਨੇ ਦੱਸਿਆ ਕਿ ਉਸ ਦਾ ਸੁਪਨਾ ਹੈ ਕਿ ਉਹ ਆਪਣੀਆਂ ਧੀਆਂ ਨੂੰ ਐਨਾਂ ਪੜਾਵੇਗਾ ਕਿ ਉਹ ਖੁਦ ਪੈਰਾਂ ਸਿਰ ਹੋ ਸਕਣ ਖੁਦ ਲਿਖਣ ਦੇ ਸ਼ੌਕੀਨ ਬੂਟਾ ਸਿੰਘ ਨੇ ਧੀਆਂ ਦੇ ਹੱਕਾਂ ਦੀ ਗੱਲ ਕਰਦਿਆਂ ਇੱਕ ਗੀਤ ‘ਕੁੜੀਆਂ ਨੂੰ ਨਾ ਮਾਰੋ ਲੋਕੋ ਕੁੜੀਆਂ ਨੂੰ ਨਾ ਮਾਰੋ’ ਲਿਖਿਆ ਹੈ ਜਿਸ ਰਾਹੀਂ ਉਹ ਲੋਕਾਂ ਨੂੰ ਧੀਆਂ ਨੂੰ ਵੀ ਪੁੱਤਾਂ ਦੇ ਬਰਾਬਰ ਸਤਿਕਾਰ ਤੇ ਪੜ੍ਹਨ ਲਿਖਣ ਦੇ ਮੌਕੇ ਦੇਣ ਦੀ ਗੱਲ ਕਰਦਾ ਹੈ। ਬੂਟਾ ਸਿੰਘ ਦੇ ਤਿੰਨ ਧੀਆਂ ਹਨ ਤੇ ਤਿੰਨੋਂ ਮਿਹਨਤੀ ਹਨ। ਉਹ ਘਰ ਦੀ ਕਬੀਲਦਾਰੀ ਲਈ ਹਰ ਕੰਮ ਧੰਦੇ ‘ਚ ਵੀ ਬਰਾਬਰ ਦਾ ਸਹਾਰਾ ਬਣਦੀਆਂ ਨੇ ਤੇ ਪੜ੍ਹਾਈ ਵੀ ਦਿਲ ਲਾ ਕੇ ਕਰ ਰਹੀਆਂ ਹਨ। ਬੂਟਾ ਸਿੰਘ ਪਹਿਲਾ ਮੈਰਿਜ ਪੈਲੇਸ ਵਿੱਚ ਕੰਮ ਕਰਦਾ ਸੀ ਪਰ ਕਰੋਨਾ ਮਹਮਾਰੀ ਕਾਰਨ ਕੰਮ ਰੁਕ ਗਿਆ ਤਾਂ ਉਸ ਨੇ ਖੇਤ ਵਿੱਚ ਮਿਹਨਤ ਮਜਦੂਰੀ ਦਾ ਪੱਲਾ ਫੜਿਆ
ਸਿੱਖਿਆ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਪ੍ਰਭਜੋਤ ਕੌਰ ਸਕੂਲ ਦੀਆਂ ਵੱਖ-ਵੱਖ ਸਰਗਰਮੀਆਂ ‘ਚ ਮੋਹਰੀ ਰਹਿੰਦੀ ਹੈ। ਉਸ ਦੀਆਂ ਦੋ ਹੋਣਹਾਰ ਭੈਣਾਂ ‘ਚੋਂ ਅਕਾਸ਼ਦੀਪ ਕੌਰ ਸਰਕਾਰੀ ਸੈਕੰਡਰੀ ਸਕੂਲ ਮੋਰਾਂਵਾਲੀ ਵਿਖੇ ਨੌਵੀਂ ਕਲਾਸ ਅਤੇ ਦੂਸਰੀ ਭੈਣ ਸੰਤ ਬਾਬਾ ਰਾਮ ਸਿੰਘ ਕਾਲਜ ਘੁੱਦੂਵਾਲਾ ਫਰੀਦਕੋਟ ਵਿਖੇ ਬੀ ਕਾਮ ਭਾਗ ਤੀਜਾ ਦੀ ਵਿਦਿਆਰਥਣ ਹੈ। ਉਨ੍ਹਾਂ ਦਾ ਭਰਾ ਲਖਵਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਘੁਮਿਆਰਾ ‘ਚ ਪੰਜਵੀਂ ਜਮਾਤ ‘ਚ ਪੜ੍ਹ ਰਿਹਾ ਹੈ
ਬੱਚੀਆਂ ਦੇ ਸੁਨਹਿਰੀ ਭਵਿੱਖ ਲਈ ਕੋਈ ਕਸਰ ਨਹੀਂ ਰਹਿਣ ਦਿਆਂਗੇ : ਅਧਿਕਾਰੀ
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ (ਫਰੀਦਕੋਟ) ਪਰਮਿੰਦਰ ਸਿੰਘ ਬਰਾੜ,ਡਿਪਟੀ ਡੀਈਓ ਪ੍ਰਦੀਪ ਜੋੜਾ ਅਤੇ ਸਕੂਲ ਦੇ ਇੰਚਾਰਜ ਹਰਵਰਿੰਦਰ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਣ ਹੈ ਕਿ ਇਹ ਹੋਣਹਾਰ ਧੀਆਂ ਉਨ੍ਹਾਂ ਦੇ ਸਰਕਾਰੀ ਸਕੂਲ ਵਿੱਚ ਪੜ੍ਹ ਰਹੀਆਂ ਹਨ ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਬੱਚੀਆਂ ਦੇ ਸੁਨਹਿਰੀ ਭਵਿੱਖ ਲਈ ਉਹ ਕੋਈ ਕਸਰ ਨਹੀਂ ਰਹਿਣ ਦੇਣਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ