ਹੜ੍ਹ ਪ੍ਰਭਾਵਿਤ ਕਿਸੇ ਵੀ ਖਪਤਕਾਰ ਤੋਂ ਨਹੀਂ ਵਸੂਲਿਆ ਜਾਵੇਗਾ ਕੋਈ ਖਰਚਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਹੜ੍ਹ ਪੀੜਤ ਇਲਾਕਿਆਂ ਵਿੱਚ ਬਿਜਲੀ ਸਪਲਾਈ ਸਬੰਧੀ ਬੁਨਿਆਦੀ ਢਾਂਚੇ ਅਤੇ ਖਪਤਕਾਰਾਂ ਦੇ ਮੀਟਰਾਂ ਸਬੰਧੀ ਹੋਏ ਨੁਕਸਾਨ ਦਾ ਸਾਰਾ ਖਰਚਾ ਪਾਵਰਕੌਮ ਖੁਦ ਹੀ ਨਿਪਟੇਗਾ ਅਤੇ ਇਨ੍ਹਾਂ ਖਪਤਕਾਰਾਂ ਉੱਪਰ ਕੋਈ ਵੀ ਖਰਚਾ ਨਹੀਂ ਪਾਇਆ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਦੇ ਰੋਪੜ, ਜਲੰਧਰ, ਫਿਰੋਜ਼ਪੁਰ ਸਮੇਤ ਹੋਰਨਾਂ ਜ਼ਿਲ੍ਹਿਆਂ ਵਿੱਚ ਸਤਲੁੱਜ ਦੇ ਪਾਣੀ ਨੇ ਕਾਫ਼ੀ ਤਬਾਹੀ ਮਚਾਈ ਹੈ, ਜਿਸ ਕਾਰਨ ਬਿਜਲੀ ਢਾਂਚਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜਾਣਕਾਰੀ ਅਨੁਸਾਰ ਰੋਪੜ, ਜਲੰਧਰ ਸਮੇਤ ਹੋਰਨਾਂ ਥਾਵਾਂ ‘ਤੇ ਪੰਜ-ਪੰਜ ਫੁੱਟ ਤੋਂ ਵੱਧ ਪਾਣੀ ਭਰਨ ਕਾਰਨ ਬਿਜਲੀ ਦੇ ਖੰਭਿਆਂ, ਟਰਾਂਸਫਾਰਮਰਾਂ, ਤਾਰਾਂ ਸਮੇਤ ਮੀਟਰਾਂ ਨੂੰ ਵੀ ਭਾਰੀ ਨੁਕਸਾਨ ਪੁੱਜਿਆ ਹੈ ਅਤੇ ਕਈ ਇਲਾਕਿਆਂ ਵਿੱਚ ਬਿਜਲੀ ਵੀ ਗੁੱਲ ਹੋ ਗਈ ਹੈ। ਪਤਾ ਲੱਗਾ ਹੈ ਕਿ ਪਾਵਰਕੌਮ ਵੱਲੋਂ ਇਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਆਪਣੀ ਟੀਮ ਵੀ ਭੇਜੀ ਹੈ ਜੋ ਕਿ ਬਿਜਲੀ ਨੁਕਸਾਨ ਦੇ ਵੇਰਵੇ ਇਕੱਤਰ ਕਰ ਰਹੀ ਹੈ। (Powercom)
ਇਹ ਵੀ ਪੜ੍ਹੋ : ਵੱਡੀ ਖਬਰ : ਪਨਬਸ ਅਤੇ ਪੀਆਰਟੀਸੀ ਦਾ ਅੱਜ ਚੱਕਾ ਜ਼ਾਮ, ਯਾਤਰੀ ਪਰੇਸ਼ਾਨ
ਪਾਵਰਕੌਮ ਦੇ ਸੀਐਮਡੀ ਇੰਜ ਬਲਦੇਵ ਸਿੰਘ ਸਰਾਂ ਵੱਲੋਂ ਵੀ ਕਈ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਅਤੇ ਟੀਮ ਵੱਲੋਂ ਪਿਛਲੇ ਦਿਨੀ ਲੋਹੀਆਂ ਅਤੇ ਸੁਲਤਾਨਪੁਰ ਲੋਧੀ ਦੇ ਹੜ੍ਹ ਪੀੜ੍ਹਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਹੜ੍ਹ ਨਾਲ ਹੋਏ ਨੁਕਸਾਨ ਸਬੰਧੀ ਵਿਸਥਾਰਤ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਜਾਵੇਗੀ। ਗੱਲਬਾਤ ਕਰਦਿਆਂ ਸੀਐਮਡੀਸੀ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਹੜ੍ਹਾਂ ਸਬੰਧੀ ਬਿਜਲੀ ਨਿਗਮ ਦੇ ਅਫਸਰਾਂ ਨੂੰ ਪਹਿਲਾਂ ਸਾਵਧਾਨ ਕਰਨ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਹੈ। (Powercom)
ਉਨ੍ਹਾਂ ਕਿਹਾ ਕਿ ਸ਼ਾਹਕੋਟ ਅਤੇ ਲੋਹੀਆਂ ਇਲਾਕੇ ਦੇ ਜਾਨੀਆਂ, ਮਹਿਰਾਜਵਾਲ, ਜੈਨੀਆਂ ਚਾਹਲ, ਕੋਠਾ, ਮੁੰਡੀ ਕਾਲੂ, ਮੁੰਡੀ ਚੋਹਾਲੀਅਨ, ਮੁੰਡੀ ਸ਼ਹਿਰੀਆਂ, ਗਾਟਾ ਮੁੰਡੀ ਕਾਸੂ, ਚੱਕ ਵਡਾਲਾਮ ਮੰਡਾਲਾ, ਛੰਨਾ, ਨਸੀਰਪੁਰ, ਸਰਦਾਰਵਾਲਾ, ਥੇਹ ਕੁਸਾਲਗੜ, ਢਾਕਾ ਬਸਤੀ, ਪਿੰਡ ਨਾਲੂ ਡੇਰਾ ਆਦਿ ਪਿੰਡ ਸਪਲਾਈ ਤੋਂ ਪ੍ਰਭਾਵਤ ਹਨ। ਇਸ ਇਲਾਕੇ ਦੇ 1100 ਖਪਤਕਾਰ ਇਸ ਸਪਲਾਈ ਨਾਲ ਪ੍ਰਭਾਵਤ ਹੋਏ ਹਨ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਇਲਾਕੇ ਦੇ 9 ਪਿੰਡਾਂ ਦੀ ਸਪਲਾਈ ਬਹਾਲ ਕਰ ਦਿਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੱਖਣ ਜ਼ੋਨ ਅਧੀਨ ਰੋਪੜ੍ਹ ਹਲਕੇ ਦਾ ਕੇਵਲ ਇਕ ਪਿੰਡ ਹਰਸ ਬੱਲਾ ਬਲਾਕ ਨੂਰਪੁਰ ਵਿਚ ਬਿਜਲੀ ਦੀ ਸਪਲਾਈ ਪਾਣੀ ਦਾ ਪੱਧਰ ਹੇਠਾਂ ਆਉਣ ਤੇ ਬਹਾਲ ਕਰ ਦਿਤੀ ਜਾਵੇਗੀ। (Powercom)
ਉਨ੍ਹਾਂ ਕਿਹਾ ਕਿ ਇਨ੍ਹਾਂ ਹੜ੍ਹ ਪੀੜਤ ਪਿੰਡਾਂ ਅੰਦਰ ਜੇਕਰ ਪਾਣੀ ਨਾਲ ਟਰਾਂਸਫਾਰਮਰ, ਤਾਰਾਂ ਜਾਂ ਮੀਟਰ ਨੁਕਸਾਨੇ ਜਾਣ ਦੇ ਮਾਮਲੇ ਸਾਮਹਣੇ ਆਉਂਦੇ ਹਨ ਤਾ ਇਹ ਸਾਰਾ ਖਰਚ ਖੁਦ ਬਿਜਲੀ ਨਿਗਮ ਵੱਲੋਂ ਕੀਤਾ ਜਾਵੇਗਾ ਅਤੇ ਕਿਸੇ ਵੀ ਹੜ੍ਹ ਪ੍ਰਭਾਵਿਤ ਖਪਤਕਾਰ ਤੇ ਇਹ ਬੋਝ ਨਹੀਂ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ, ਮੋਗਾ ਆਦਿ ਇਲਾਕਿਆਂ ਵਿੱਚ ਨੁਕਸਾਨ ਦੀ ਖ਼ਬਰ ਨਹੀਂ ਹੈ ਅਤੇ ਜਲੰਧਰ ਅਤੇ ਰੋਪੜ ਦੇ ਇਲਾਕਿਆਂ ਅੰਦਰ ਹੀ ਜਿਆਦਾ ਪਾਣੀ ਸਾਮਹਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਵੇਰਵੇ ਇਕੱਠੇ ਕੀਤੇ ਗਏ ਹਨ ਅਤੇ ਇਹ ਸਾਰੀ ਰੋਪਰਟ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੌਂਪੀ ਜਾਵੇਗੀ। (Powercom)