1100 ਤੋਂ 1200 ਮੈਗਾਵਾਟ ਦੇ ਕਰੀਬ ਹੋ ਰਹੀ ਐ ਬਿਜਲੀ ਦੀ ਘਾਟਟ
- ਝੋਨੇ ਲਈ ਸ਼ੁਰੂ ਕੀਤੀ ਬਿਜਲੀ ਸਪਲਾਈ ਤੋਂ ਬਾਅਦ ਹੀ ਬਣੀ ਹੋਈ ਐ ਮੁਸ਼ਕਲ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਬਿਜਲੀ ਦੇ ਵਧੇ ਸੰਕਟ ਕਾਰਨ ਪਾਵਰਕੌਮ ਨੂੰ ਰੋਜਾਨਾ ਲਗਭਗ 40 ਕਰੋੜ ਰੁਪਏ ਦੀ ਬਿਜਲੀ ਖਰੀਦਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਲੰਘੇ ਇੱਕ ਹਫ਼ਤੇ ਵਿੱਚ ਹੀ ਪਾਵਰਕੌਮ ਨੇ ਢਾਈ ਅਰਬ ਤੋਂ ਵੱਧ ਦੀ ਬਿਜਲੀ ਦੀ ਖਰੀਦ ਕੀਤੀ ਹੈ। ਪਿਛਲੇ ਦਿਨੀਂ ਬਿਜਲੀ ਦੀ ਖਰੀਦ ਲਈ ਸਰਕਾਰ ਵੱਲੋਂ ਪਾਵਰਕੌਮ ਨੂੰ 309 ਕਰੋੜ ਰੁਪਏ ਜੋ ਜਾਰੀ ਕੀਤੇ ਗਏ ਹਨ, ਉਹ ਤਾਂ ਬੁੱਤਾ ਧੱਕਣ ਜੋਗੇ ਵੀ ਨਹੀਂ। ਜਿਵੇਂ-ਜਿਵੇਂ ਮੀਂਹ ਦੀ ਉਡੀਕ ਲੰਬੀ ਹੁੰਦੀ ਜਾ ਰਹੀ ਹੈ, ਪਾਵਰਕੌਮ ਲਈ ਓਨੀ ਹੀ ਮੁਸ਼ਕਲ ਖੜ੍ਹੀ ਹੋ ਰਹੀ ਹੈ।
ਦੱਸਣਯੋਗ ਹੈ ਕਿ ਇਸ ਵਾਰ ਸਰਕਾਰ ਵੱਲੋਂ ਕਿਸਾਨਾਂ ਨੂੰ 10 ਜੂਨ ਤੋਂ ਝੋਨੇ ਦੀ ਲਵਾਈ ਲਈ ਟਿਊਬਵੈੱਲਾਂ ਵਾਸਤੇ ਬਿਜਲੀ ਸਪਲਾਈ ਜਾਰੀ ਕੀਤੀ ਗਈ ਸੀ। ਉਸੇ ਦਿਨ ਤੋਂ ਹੀ ਪਾਵਰਕੌਮ ਲਈ ਔਖੀ ਘੜੀ ਸ਼ੁਰੂ ਹੋ ਗਈ ਸੀ। ਜੇਕਰ ਇੱਕ ਜੂਨ ਤੋਂ ਹੁਣ ਤੱਕ ਦੇ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ ਪਾਵਰਕੌਮ ਵੱਲੋਂ 280 ਕਰੋੜ ਰੁਪਏ ਦੀ ਬਿਜਲੀ ਖਰੀਦ ਕੀਤੀ ਜਾ ਚੁੱਕੀ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਦੀ ਬੰਦ ਹੋਈ ਯੂਨਿਟ ਕਰਕੇ ਪਾਵਰਕੌਮ ’ਤੇ ਹੋਰ ਭਾਰ ਪਿਆ ਹੈ। ਪਾਵਰਕੌਮ ਨੂੰ ਐਕਸਚੇਂਜ ’ਚੋਂ ਐਵਰੇਜ਼ 4 ਰੁਪਏ ਯੂਨਿਟ ਬਿਜਲੀ ਹਾਸਲ ਹੋ ਰਹੀ ਹੈ। ਰੋਜ਼ਾਨਾ ਹੀ ਪਾਵਰਕੌਮ ਵੱਲੋਂ ਐਵਰੇਜ਼ 1200 ਮੈਗਾਵਾਟ ਦੇ ਕਰੀਬ ਬਿਜਲੀ ਦੀ ਖਰੀਦ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਬਿਜਲੀ ਦੀ ਮੰਗ 14500 ਮੈਗਾਵਾਟ ਨੂੰ ਅੱਪੜ ਗਈ ਸੀ, ਜਿਸ ਤੋਂ ਬਾਅਦ ਪਾਵਰਕੌਮ ਨੂੰ ਇੰਡਸਟਰੀ ਸਮੇਤ ਹੋਰਨਾਂ ਅਦਾਰਿਆਂ ’ਤੇ ਬੰਦਿਸਾਂ ਲਾਉਣ ਲਈ ਮਜ਼ਬੂਰ ਹੋਣਾ ਪਿਆ। ਬਿਜਲੀ ਦੀ ਮੰਗ ਬੰਦਿਸਾਂ ਦੇ ਬਾਵਜੂਦ 13 ਹਜਾਰ ਮੈਗਾਵਾਟ ਦੇ ਨੇੇੜੇ ਚੱਲ ਰਹੀ ਹੈ। ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਕਈ ਵਾਰ ਤਾਂ ਇੱਕ ਦਿਨ ਵਿੱਚ 50 ਕਰੋੜ ਰੁਪਏ ਤੱਕ ਦੀ ਬਿਜਲੀ ਖਰੀਦ ਕੀਤੀ ਗਈ ਹੈ।
ਇੱਧਰ ਚਾਰ ਦਿਨਾਂ ਬਾਅਦ ਵੀ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਬੰਦ ਹੋਇਆ ਯੂਨਿਟ ਅਜੇ ਤੱਕ ਚਾਲੂ ਨਹੀਂ ਹੋਇਆ। 1980 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਪਲਾਂਟ ਤੋਂ ਸਿਰਫ਼ 327 ਮੈਗਾਵਾਟ ਦੇ ਕਰੀਬ ਹੀ ਬਿਜਲੀ ਹਾਸਲ ਹੋ ਰਹੀ ਹੈ। ਇਸ ਪਲਾਂਟ ਦੀ ਸਿਰਫ਼ ਇੱਕ ਯੂਨਿਟ ਹੀ ਬਿਜਲੀ ਉਤਪਾਦਨ ਕਰ ਰਹੀ ਹੈ। ਡੈਮਾਂ ਵਿੱਚ ਪਾਣੀ ਦੇ ਘਟੇ ਪੱਧਰ ਨੇ ਪਾਵਰਕੌਮ ਲਈ ਮੁਸ਼ਕਿਲ ਖੜ੍ਹੀ ਕੀਤੀ ਹੋਈ ਹੈ। ਪਾਵਰਕੌਮ ਨੂੰ ਝੋਨੇ ਅਤੇ ਗਰਮੀ ਦਾ ਸ਼ੀਜਨ ਕਈ ਅਰਬ ਵਿੱਚ ਪੈਣ ਵਾਲਾ ਹੈ। ਇੱਧਰ ਅਗਲੇ ਦਿਨਾਂ ਵਿੱਚ ਪੰਜਾਬ ਅੰਦਰ ਮਾਨਸੂਨ ਦੇ ਦਸਤਕ ਦੇਣ ਦੀ ਆਸ ਹੈ, ਜਿਸ ਤੋਂ ਬਾਅਦ ਹੀ ਪਾਵਰਕੌਮ ’ਤੇ ਚੜਿਆ ਤਾਪ ਘੱਟ ਹੋਵੇਗਾ।
ਕਰੋੜਾਂ ਰੁੁਪਏ ਖਰਚੇ ਜਾ ਰਹੇ ਨੇ ਬਿਜਲੀ ਖਰੀਦ ’ਚ : ਚੇਅਰਮੈਨ
ਇਸ ਸਬੰਧੀ ਜਦੋਂ ਪਾਵਰਕੌਮ ਦੇ ਚੇਅਰਮੈਨ ਕਮ ਸੀਐਮਡੀ ਏ.ਵੇਨੂੰ ਪ੍ਰਸ਼ਾਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੁਸਟੀ ਕਰਦਿਆਂ ਆਖਿਆ ਕਿ ਰੋਜ਼ਾਨਾ ਹੀ 40 ਕਰੋੜ ਤੋਂ ਵੱਧ ਦੀ ਬਿਜਲੀ ਖਰੀਦ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ ਕਿਸਾਨਾਂ ਅਤੇ ਖਪਤਕਾਰਾਂ ਨੂੰ ਬਿਜਲੀ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਜਾ ਰਹੀ, ਭਾਵੇਂ ਕਿ ਕੁਝ ਦਿਨ ਪਹਿਲਾਂ ਤਕਨੀਕੀ ਖ਼ਰਾਬੀ ਹੋਣ ਕਾਰਨ ਖਪਤਕਾਰਾਂ ਨੂੰ ਮੁਸ਼ਕਲ ਜ਼ਰੂਰ ਸਹਿਣੀ ਪਈ ਸੀ। ਉਨ੍ਹਾਂ ਕਿਹਾ ਕਿ ਮੀਂਹ ਨਾ ਪੈਣ ਕਾਰਨ ਜਿਆਦਾ ਮੁਸ਼ਕਲ ਖੜ੍ਹੀ ਹੋਈ ਹੈ ਅਤੇ ਉਪਰੋਂ ਇੱਕ ਥਰਮਲ ਪਲਾਂਟ ਦੇ ਘਟੇ ਉਤਪਾਦਨ ਕਾਰਨ ਬਿਜਲੀ ਦੀ ਜਿਆਦਾ ਖਰੀਦ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਦੇ ਬਿਜਲੀ ਖਰੀਦ ਵਿੱਚ ਕਈ ਅਰਬ ਰੁਪਏ ਚਲੇ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।