ਸਬਸਿਡੀ ਦਾ ਹੁਣ ਤੱਕ 5500 ਕਰੋੜ ਰੁਪਏ ਰੁਕਿਆ, ਵੱਖ-ਵੱਖ ਵਿਭਾਗਾਂ ਵੱਲ ਬਿਜਲੀ ਦੇ ਬਿੱਲਾਂ ਦੇ 2150 ਕਰੋੜ ਬਕਾਇਆ
-ਕੈਪਟਨ ਸਰਕਾਰ ਵੱਲੋਂ ਸਬਸਿਡੀ ਨਾ ਦੇਣ ਕਾਰਨ ਪਾਵਰਕੌਮ ਦੀਵਾਲੀਆ ਹੋਣ ਕੰਢੇ
ਖੁਸ਼ਵੀਰ ਸਿੰਘ ਤੂਰ/ਪਟਿਆਲ। ਪੰਜਾਬ ਸਰਕਾਰ ਵੱਲੋਂ ਪਾਵਰਕੌਮ ਨੂੰ ਸਬਸਿਡੀ ਦੀ ਅਦਾਇਗੀ ਨਾ ਕਰਨ ਕਰਕੇ ਪਾਵਰਕੌਮ ਦੀਵਾਲੀਆ ਹੋਣ ਦੇ ਕੰਢੇ ਪੁੱਜ ਗਈ ਹੈ। ਪਾਵਰਕੌਮ ਦੀ ਖਸਤਾ ਹਾਲਤ ਨੂੰ ਲੈ ਕੇ ਹੁਣ ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਗਈ ਹੈ। ਇਸ ਚਿੱਠੀ ਵਿੱਚ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਪਾਵਰਕੌਮ ਨੂੰ ਪੇਸ਼ਗੀ ਮਹੀਨਾਵਾਰ ਕਿਸ਼ਤਾਂ ਦੇਣ ਵਿੱਚ ਫੇਲ੍ਹ ਹੋਣ ਕਾਰਨ ਪਾਵਰਕੌਮ ਦੀ ਹਾਲਤ ਪੱਟੜੀ ਤੋਂ ਲੱਥ ਚੁੱਕੀ ਹੈ। ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਸੰਜੀਵ ਸੂਦ ਅਤੇ ਜਨਰਲ ਸਕੱਤਰ ਇੰਜ. ਦਵਿੰਦਰ ਗੋਇਲ ਨੇ ਦੱਸਿਆ ਕਿ ਹਾਲਾਤ ਇੰਨੇ ਗੰਭੀਰ ਹੋ ਗਏ ਹਨ।
ਕਿ ਨਵੰਬਰ 2019 ਮਹੀਨੇ ਦੀ ਤਨਖਾਹ ਮੁਲਾਜ਼ਮਾਂ ਨੂੰ ਜਾਰੀ ਨਹੀਂ ਹੋ ਸਕੀ ਉਹਨਾਂ ਚਿੱਠੀ ਵਿੱਚ ਲਿਖਿਆ ਹੈ। ਕਿ ਪੰਜਾਬ ਸਰਕਾਰ ਵੱਲੋਂ 2019-20 ਲਈ 14972 ਕਰੋੜ ਰੁਪਏ ਸਬਸਿਡੀ ਦੇ ਐਡਵਾਂਸ ਦਿੱਤੇ ਜਾਣੇ ਸਨ ਪਰ ਸਰਕਾਰ ਪੇਸ਼ਗੀ ਮਹੀਨਾਵਾਰ ਕਿਸ਼ਤਾਂ ਦੇਣ ਵਿਚ ਵੀ ਫੇਲ੍ਹ ਰਹੀ ਹੈ ਪੰਜਾਬ ਸਰਕਾਰ ਨੇ ਸਬਸਿਡੀ ਦਾ ਹੁਣ ਤੱਕ 5500 ਕਰੋੜ ਰੁਪਏ ਅਦਾ ਕਰਨਾ ਹੈ ਜਦਕਿ ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵੱਲ ਬਿਜਲੀ ਦੇ ਬਿੱਲਾਂ ਦੇ 2150 ਕਰੋੜ ਰੁਪਏ ਬਕਾਇਆ ਖੜ੍ਹੇ ਹਨ ।ਇਸਦਾ ਸਿੱਧ ਅਰਥ ਹੈ ਕਿ ਸਰਕਾਰ ਨੇ ਪਾਵਰਕੌਮ ਨੂੰ 7650 ਕਰੋੜ ਰੁਪਏ ਦੇਣੇ ਹਨ।
ਪੈਸੇ ਨਾ ਹੋਣ ਕਾਰਨ ਜਿਥੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਮਿਲੀਆਂ : ਐਸੋਸੀਏਸ਼ਨ ਪ੍ਰਧਾਨ
ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਸੂਦ ਅਤੇ ਦਵਿੰਦਰ ਗੋਇਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਭਾਵੇਂ ਪਾਵਰਕੌਮ ਵੱਲੋਂ ਸੁਧਾਰ ਮੁਹਿੰਮ ਚਲਾਈ ਜਾ ਰਹੀ ਹੈ। ਪਰ ਪਾਵਰਕੌਮ ਨੂੰ ਸੂਬਾਈ ਦਰਜਾਬੰਦੀ ਵਿਚ ਚੌਥਾ ਸਥਾਨ ਮਿਲਿਆ ਹੈ ਤੇ ਕੰਪਨੀ ਕਮਰਸ਼ੀਅਲ ਤੌਰ ‘ਤੇ ਕੰਮ ਕਰਨ ਦੇ ਸਮਰਥ ਨਹੀਂ ਰਹਿ ਜਾਂਦੀ। ਉਨ੍ਹਾਂ ਕਿਹਾ ਕਿ ਪੈਸੇ ਨਾ ਹੋਣ ਕਾਰਨ ਜਿਥੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਮਿਲੀਆਂ, ਉਥੇ ਹੀ ਸਪਲਾਇਰਾਂ ਤੇ ਠੇਕੇਦਾਰਾਂ ਦੀ ਅਦਾਇਗੀ ਵੀ ਰੁੱਕ ਰਹੀ ਹੈ। ਜੇਕਰ ਹਾਲਾਤ ਅਜਿਹੇ ਰਹੇ ਤਾਂ ਲੋਕਾਂ ਲਈ ਦਿੱਤੀਆਂ ਜਾ ਰਹੀਆਂ। ਸੇਵਾਵਾਂ ਬੁਰੀ ਤਰਾਂ ਪ੍ਰਭਾਵਤ ਹੋਣਗੀਆਂ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵਿੱਚ ਬੈਚੇਨੀ ਦਾ ਮਹੌਲ ਪੈਦਾ ਹੋ ਰਿਹਾ ਹੈ ਕਿਉਂਕਿ ਜੇਕਰ ਕੰਮ ਦੀ ਤਨਖਾਹ ਨਹੀਂ ਮਿਲੇਗੀ ਤਾ ਕੰਮ ਕਿੱਥੋਂ ਹੋਵੇਗਾ। ਦੱਸਣਯੋਗ ਹੈ ਕਿ ਪਾਵਰਕੌਮ ਦੀ ਮੈਨੇਜ਼ਮੈਂਟ ਵੱਲੋਂ ਇੱਕ ਪਾਸੇ ਪਾਵਰਕੌਮ ਦੇ ਮੁਨਾਫ਼ੇ ਵਿੱਚ ਹੋਣ ਦੀ ਗੱਲ ਆਖੀ ਗਈ ਸੀ ਜਦਕਿ ਹੁਣ ਤਨਖਾਹਾਂ ਜਾਰੀ ਨਾ ਹੋਣ ਕਾਰਨ ਪਾਵਰਕੌਮ ਦੇ ਖੁਦ ਹੀ ਢਿੱਡ ਤੋਂ ਕੱਪੜਾ ਚੁੱਕਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।