ਸੱਤਾ ਲਈ ਸਿਆਸੀ ਪਾਰਟੀਆਂ ਸ਼ਬਦਾਂ ਦੀ ਤਕਨੀਕੀ ਲੜਾਈ ’ਚ ਏਨੀਆਂ ਉਲਝ ਗਈਆਂ ਹਨ ਕਿ ਮੂਲ ਮੱੁਦੇ ਨਜ਼ਰਅੰਦਾਜ਼ ਹੰੁਦੇ ਜਾ ਰਹੇ ਹਨ। ਕਾਂਗਰਸ ਤੇ ਹੋਰ ਪਾਰਟੀਆਂ ਨੇ ਗਠਜੋੜ ਬਣਾਉਂਦਿਆਂ ਇਸ ਦਾ ਨਾਂਅ ‘ਇੰਡੀਆ’ ਰੱਖ ਦਿੱਤਾ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਸ ਦਾ ਤੋੜ ਲੱਭਦਿਆਂ ਜੀ-20 ਸੰਮੇਲਨ ਡਿਨਰ ਦੇ ਪ੍ਰੋਗਰਾਮ ਲਈ ‘ਪ੍ਰੈਜੀਡੈਂਟ ਆਫ ਭਾਰਤ’ ਸ਼ਬਦ ਵਰਤ ਲਿਆ ਹੈ। ਵਿਰੋਧੀ ਪਾਰਟੀਆਂ ਨੇ ਭਾਰਤ ਨਾਂਅ ’ਤੇ ਸਵਾਲ ਉਠਾ ਦਿੱਤਾ ਹੈ। ਅਸਲ ’ਚ ਭਾਰਤ ਸ਼ਬਦ ’ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਇੱਕਦਮ ਇੰਡੀਆ ਤੋਂ ਭਾਰਤ ਕਿਵੇਂ ਲਿਖਿਆ ਜਾਣ ਲੱਗਾ ਇਸ ’ਤੇ ਵਿਰੋਧੀ ਸਵਾਲ ਖੜ੍ਹੇ ਕਰ ਰਹੇ ਹਨ। ਪਾਰਟੀਆਂ ਤਕਨੀਕੀ ਸ਼ਬਦਾਵਲੀ ਰਾਹੀਂ ਆਪਣਾ-ਆਪਣਾ ਬਿਰਤਾਂਤ ਸਿਰਜਣ ਲਈ ਯਤਨਸ਼ੀਲ ਹਨ। (Political Clash)
ਅਸਲ ’ਚ ਗੈਰ-ਸਿਆਸੀ ਸ਼ਬਦਾਵਲੀ ’ਚ ‘ਭਾਰਤ’ ਤੇ ਇੰਡੀਆ ਇੱਕ ਹਨ ਤੇ ਇੰਡੀਆ ਦਾ ਮੂਲ ਸ੍ਰੋਤ ਭਾਰਤ ਹੈ। ਇੰਡੀਆ ਸ਼ਬਦ ਦਾ ਆਪਣਾ ਅੰਤਰਰਾਸ਼ਟਰੀ ਪ੍ਰਸੰਗ ਹੈ ਪਰ ਸਿਆਸੀ ਤੇ ਚੁਣਾਵੀ ਮੈਦਾਨ ’ਚ ਦੋਵਾਂ ਸ਼ਬਦਾਂ ਦੇ ਵੱਖ-ਵੱਖ ਪਹਿਲੂ ਹਨ ਜਿਨ੍ਹਾਂ ’ਚ ਪਾਰਟੀ ਹਿੱਤ ਜੁੜੇ ਹਨ। ਇਸ ਸਿਆਸੀ ਘਮਸਾਣ ’ਚ ਇਹ ਗੱਲ ਤਾਂ ਜ਼ਰੂਰ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਭਾਜਪਾ ਤੇ ਵਿਰੋਧੀ ਪਾਰਟੀਆਂ ਆਪਣੀ-ਆਪਣੀ ਵਿਚਾਧਾਰਾ ਤੇ ਏਜੰਡੇ ਨਾਲ ਜੁੜੀਆਂ ਚੀਜ਼ਾਂ ਨੂੰ ਵਰਤਣ ਲਈ ਪੂਰਾ ਜ਼ੋਰ ਲਾ ਰਹੀਆਂ ਹਨ। (Political Clash)
ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਜਿੱਥੇ ਆਪਣੇ ਗਠਜੋੜ ਨੂੰ ‘ਇੰਡੀਆ’ ਦਾ ਨਾਂਅ ਦੇ ਕੇ ਦੇਸ਼ ਭਗਤੀ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ’ਚ ਹਨ, ਉੱਥੇ ਦੂਜੇ ਪਾਸੇ ਭਾਜਪਾ ਵੀ ਹਰ ਚੀਜ਼ ਦਾ ਤੋੜ ਲੱਭ ਕੇ ਚੁਣਾਵੀ ਮੈਦਾਨ ’ਚ ਸਿਆਸੀ, ਸਮਾਜਿਕ ਤੇ ਇਤਿਹਾਸਕ ਸ਼ਬਦਾਵਲੀ ਦੀ ਵਰਤੋਂ ਕਰਕੇ ਵਿਰੋਧੀਆਂ ਨੂੰ ਧੋਬੀ ਪਟਕਾ ਦੇਣ ਦੀ ਕੋਸ਼ਿਸ਼ ’ਚ ਹੈ। ਦੇਸ਼ ਦੇ ਸਿਆਸੀ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦੇ ਨਾਮਕਰਨ ਦੇ ਮੋਰਚੇ ’ਤੇ ਚੁਣਾਵੀ ਜੰਗ ਛਿੜ ਗਈ ਹੈ। ਇਹ ਮਾਮਲਾ ਆਮ ਵੋਟਰ ਲਈ ਬੜਾ ਪੇਚੀਦਾ ਹੈ ਜਿਸ ਨੇ ਇਹ ਫੈਸਲਾ ਕਰਨਾ ਹੈ ਕਿ ਉਹ ਸ਼ਬਦਾਵਲੀ ਦੇ ਸਮੀਕਰਨਾਂ ਦੇ ਜਾਲ ’ਚੋਂ ਆਪਣੇ ਵਿਵੇਕ ਦੀ ਸਹੀ ਵਰਤੋਂ ਕਰਕੇ ਸਹੀ ਫੈਸਲਾ ਕਰ ਸਕੇ।
ਇਹ ਵੀ ਪੜ੍ਹੋ : ਮੁੱਖ ਮੰਤਰੀ ਕੇਜਰੀਵਾਲ ਦੀ ਪਤਨੀ ਨੂੰ ਅਦਾਲਤ ਨੇ ਕੀਤਾ ਤਲਬ
ਸ਼ਬਦਾਵਲੀਆਂ ਦੇ ਸਮੀਕਰਨ ਤੇ ਸਿਆਸੀ ਦਾਅਪੇਚ ਕੀ ਰੰਗ ਲਿਆਉਂਦੇ ਹਨ ਇਹ ਤਾਂ ਸਮਾਂ ਦੱਸੇਗਾ ਪਰ ਇਹ ਜ਼ਰੂਰ ਸਪੱਸ਼ਟ ਹੈ ਕਿ ਸਿਆਸੀ ਲੜਾਈ ਸਿੱਧਪੱਧਰੀ ਹੋਣ ਦੀ ਬਜਾਇ ਬੌਧਿਕ ਡੂੰਘਾਈ ਦਾ ਭੁਲੇਖਾ ਪਾਉਂਦੀ ਹੈ। ਭਾਵੇਂ ਚੁਣਾਵੀਂ ਲੜਾਈ ਸੱਤਾਮੁਖ ਹੁੰਦੀ ਫਿਰ ਵੀ ਇਸ ਰੁਝਾਨ ਦਾ ਚੰਗਾ ਪੱਖ ਇਹ ਹੈ ਕਿ ਦੂਸ਼ਣਬਾਜ਼ੀ ਨਾਲੋਂ ਦੇਸ਼ ਭਗਤੀ ਦੀ ਮੁਕਾਬਲ਼ੇਬਾਜ਼ੀ ਤਾਂ ਚੰਗੀ ਹੀ ਹੈ। ਉਂਜ ਇਹ ਵੀ ਹਕੀਕਤ ਹੈ ਕਿ ਜੇਕਰ ਵਿਰੋਧਾਤਮਕ ਨਜ਼ਰੀਆ ਬਦਲ ਕੇ ਸਾਰਾ ਧਿਆਨ ਮੁੁੱਦਿਆਂ ਵੱਲ ਦਿੱਤਾ ਜਾਵੇ ਤਾਂ ਪਾਰਟੀਆਂ ਨੂੰ ਕਿਸੇ ਤਰ੍ਹਾਂ ਦੀ ਤਕਨੀਕੀ ਪੈਂਤਰੇਬਾਜ਼ੀ ਦੀ ਲੋੜ ਹੀ ਨਾ ਪਵੇ।