2.51 ਲੱਖ ਰੁਪਏ, ਵਾਰਦਾਤ ‘ਚ ਵਰਤਿਆ ਚਾਕੂ ਤੇ ਸਕੂਟਰ ਬਰਾਮਦ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪੁਲਿਸ ਨੇ ਪਾਤੜਾਂ ਦੀ ਅਨਾਜ ਮੰਡੀ ਵਿਖੇ ਬੀਤੇ ਦਿਨ ਇੱਕ ਆੜ੍ਹਤੀਏ ਦੇ ਮੁਨੀਮ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਢਾਈ ਲੱਖ ਰੁਪਏ ਤੋਂ ਵੱਧ ਦੀ ਰਕਮ ਲੁੱਟਣ ਦੇ ਮਾਮਲੇ ‘ਚ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਲੁੱਟੀ ਗਈ ਰਕਮ ਬਰਾਮਦ ਕਰ ਲਈ ਗਈ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 23 ਨਵੰਬਰ ਨੂੰ ਅਨਾਜ ਮੰਡੀ ਪਾਤੜਾਂ ਵਿਖੇ ਮਲਕੀਤ ਸਿੰਘ ਵਾਸੀ ਪਾਤੜਾਂ ਦੀ ਆੜ੍ਹਤ ਦੀ ਦੁਕਾਨ ‘ਤੇ ਮੁਨੀਮ ਵਜੋਂ ਕੰਮ ਕਰਦੇ 40 ਸਾਲਾ ਹਿਸ਼ਮਾ ਰਾਮ ਪੁੱਤਰ ਮੁਖਤਿਆਰ ਸਿੰਘ ਵਾਸੀ ਬੰਗਾ ਥਾਣਾ ਮੂਣਕ ਜ਼ਿਲ੍ਹਾ ਸੰਗਰੂਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ 38 ਸਾਲਾ ਹਰਵਿੰਦਰ ਸਿੰਘ ਉਰਫ ਸ਼ਿੰਦੀ ਪੁੱਤਰ ਜਰਨੈਲ ਸਿੰਘ ਵਾਸੀ ਡੇਰਾ ਗੋਬਿੰਦਰਪੁਰਾ ਸ਼ੁਤਰਾਣਾਂ ਨੂੰ ਕਾਬੂ ਕਰਕੇ ਉਸ ਪਾਸੋਂ ਖੋਹ ਕੀਤੀ 2,51,000 ਰੁਪਏ ਦੀ ਨਗਦੀ, ਇੱਕ ਜੂਪੀਟਰ ਸਕੂਟਰ ਤੇ ਵਾਰਦਾਤ ‘ਚ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਦੁਕਾਨ ਦਾ ਮਾਲਕ ਦੁਪਹਿਰ ਸਮੇਂ ਰੋਟੀ ਖਾਣ ਲਈ ਘਰ ਗਿਆ ਪਰ ਵਾਪਸੀ ‘ਤੇ ਉਸਨੇ ਦੇਖਿਆ ਕਿ ਉਸ ਦਾ ਮੁਨੀਮ ਹਿਸ਼ਮਾ ਰਾਮ ਖ਼ੂਨ ਨਾਲ ਲੱਥ-ਪੱਥ ਸੀ ਤੇ ਦੁਕਾਨ ‘ਚੋਂ ਰੁਪਏ ਲੁੱਟੇ ਜਾ ਚੁੱਕੇ ਸਨ। ਜ਼ਖ਼ਮੀ ਮੁਨੀਮ ਨੂੰ ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਹੀ ਉਸਦੀ ਮੌਤ ਹੋ ਗਈ ਸੀ। ਪੁਲਿਸ ਨੇ ਜਦੋਂ ਇਸ ਵਾਰਦਾਤ ਨੂੰ ਹੱਲ ਕਰਨ ਲਈ ਤਫ਼ਤੀਸ਼ ਕੀਤੀ ਤਾਂ ਸਾਹਮਣੇ ਆਇਆ ਕਿ ਜਦੋਂ ਦੋਸ਼ੀ ਨੇ ਇਸ ਮੁਨੀਮ ਦੇ ਗਲ ‘ਤੇ ਇੱਕ ਚਾਕੂ, ਜੋ ਕਿ ਇਹ ਇੱਕ ਮੇਲੇ ਤੋਂ ਖਰੀਦ ਕੇ ਲਿਆਇਆ ਸੀ, ਨਾਲ ਵਾਰ ਕੀਤਾ ਤਾਂ ਉਸਦਾ ਖ਼ੂਨ ਇਸਦੇ ਕੱਪੜਿਆਂ ਤੇ ਲੁੱਟੇ ਰੁਪਿਆਂ ‘ਤੇ ਵੀ ਲੱਗ ਗਿਆ ਤੇ ਇਸ ਦੀ ਘਬਰਾਹਟ ਦੌਰਾਨ ਇਹ 2 ਲੱਖ 5 ਹਜ਼ਾਰ ਰੁਪਏ ਤਾਂ ਵਾਰਦਾਤ ਵਾਲੀ ਥਾਂ ‘ਤੇ ਹੀ ਸੁੱਟ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਇਸ ਆੜ੍ਹਤ ਦੀ ਦੁਕਾਨ ‘ਤੇ ਪਹਿਲਾਂ ਵੀ ਆਉਂਦਾ ਜਾਂਦਾ ਰਹਿੰਦਾ ਸੀ ਤੇ ਉਹ ਦੋ ਬੱਚਿਆਂ ਦਾ ਪਿਤਾ ਹੈ ਤੇ ਉਸ ਵੱਲੋਂ ਲੁੱਟਣ ਦੀ ਨੀਅਤ ਨਾਲ ਹੀ ਕਤਲ ਕੀਤਾ ਗਿਆ ਸੀ। ਇਸ ਮੌਕੇ ਐੱਸ. ਪੀ. ਜਾਂਚ ਮਨਜੀਤ ਸਿੰਘ ਬਰਾੜ, ਡੀਐੱਸਪੀ ਪਾਤੜਾਂ ਪ੍ਰ੍ਰੀਤਪਾਲ ਸਿੰਘ ਘੁੰਮਣ, ਇੰਚਾਰਜ ਸੀਆਈਏ ਸਮਾਣਾ ਇੰਸਪੈਕਟਰ ਵਿਜੇ ਕੁਮਾਰ, ਐੱਸਐੱਚਓ ਥਾਣਾ ਸਦਰ ਪਾਤੜਾਂ ਇੰਸਪੈਕਟਰ ਰਣਬੀਰ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।
ਐੱਸਐੱਸਪੀ ਵੱਲੋਂ ਸੀਸੀਟੀਵੀ ਕੈਮਰੇ ਲਾਉਣ ਦੀ ਅਪੀਲ
ਐੱਸਐੱਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ, ਦੁਕਾਨਾਂ ਤੇ ਮੰਡੀਆਂ ਵਿਖੇ ਸੀਸੀਟੀਵੀ ਕੈਮਰੇ ਜਰੂਰ ਲਾਉਣ ਕਿਉਂਕਿ ਇਸ ਵਾਰਦਾਤ ਦੌਰਾਨ ਵੀ ਨਾਭਾ ਦੀ ਤਰ੍ਹਾਂ ਪਾਤੜਾਂ ਦੀ ਅਨਾਜ ਮੰਡੀ ‘ਚ ਕੈਮਰੇ ਨਾ ਲੱਗੇ ਹੋਣ ਕਾਰਨ ਦੋਸ਼ੀ ਦਾ ਇਸ ਨੂੰ ਅੰਜਾਮ ਨੂੰ ਦੇਣ ਦਾ ਹੌਂਸਲਾ ਪਿਆ। ਉਨ੍ਹਾਂ ਕਿਹਾ ਇਸ ਅਨਾਜ ਮੰਡੀ ‘ਚ 150 ਤੋਂ ਵਧ ਦੁਕਾਨਾਂ ਹਨ, ਜਿੱਥੇ ਕਰੋੜਾਂ ਰੁਪਏ ਦਾ ਲੈਣ ਦੇਣ ਹੁੰਦਾ ਹੈ ਪਰ ਇੱਕ ਵੀ ਕੈਮਰੇ ਇੱਥੇ ਨਹੀਂ ਲੱਗਾ ਹੋਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।