ਭਾਜਪਾ ਉਮੀਦਵਾਰ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਪੁਲਿਸ ਦੀ ਝੜਪ

Farmers Protest
ਘੱਗਾ: ਥਾਣੇ ਅੱਗੇ ਧਰਨਾ ਦੇ ਰਹੇ ਕਿਸਾਨ। ਤਸਵੀਰ: ਮਨੋਜ ਗੋਇਲ

ਪੁਲਿਸ ਵੱਲੋਂ ਦੋ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ’ਚ ਕਿਸਾਨਾਂ ਨੇ ਥਾਣੇ ਅੱਗੇ ਲਾਇਆ ਧਰਨਾ

(ਮਨੋਜ ਗੋਇਲ) ਘੱਗਾ। ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਅੱਜ ਇੱਥੇ ਆਪਣਾ ਦਫ਼ਤਰ ਖੋਲ੍ਹਣ ਸਮੇਂ ਵਿਰੋਧ ਕਰ ਰਹੇ ਕਿਸਾਨਾਂ ਨਾਲ ਪੁਲਿਸ ਦੀ ਝੜਪ ਸਮੇਂ ਦੋ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਇੱਕ ਕਿਸਾਨ ਦੀ ਪੱਗ ਉਤਾਰਨ ਦੇ ਵਿਰੋਧ ਵਿੱਚ ਕਿਸਾਨਾਂ ਨੇ ਪੁਲਿਸ ਸਟੇਸ਼ਨ ਘੱਗਾ ਦੇ ਸਾਹਮਣੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ । Farmers Protest

ਜਾਮ ਕਾਰਨ ਲੋਕਾਂ ਨੂੰ ਕਰਨਾ ਪਿਆ ਪ੍ਰੇਸ਼ਾਨੀ ਦਾ ਸਾਹਮਣਾ (Farmers Protest)

ਇਸ ਮੌਕੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਸੀ। ਜਦਕਿ ਪਾਤੜਾਂ-ਪਟਿਆਲਾ ਮੇਨ ਰੋਡ ਬੰਦ ਹੋਣ ਕਾਰਨ ਮੁਸਾਫ਼ਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਅਤੇ ਸਮੁੱਚੇ ਪ੍ਰਸ਼ਾਸਨ ਨੂੰ ਪਤਾ ਹੈ ਕਿ ਕਿਸਾਨਾਂ ਵੱਲੋਂ ਪੰਜਾਬ ਵਿੱਚ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ । ਫਿਰ ਜਾਣਬੁੱਝ ਕੇ ਭਾਜਪਾ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੇ ਆਪਣਾ ਦਫ਼ਤਰ ਮੇਨ ਰੋਡ ’ਤੇ ਖੋਲ੍ਹਿਆ ਹੈ ਤਾਂ ਕਿ ਕਿਸਾਨਾਂ ਅਤੇ ਪੁਲਿਸ ਦੀ ਆਪਸ ਵਿੱਚ ਝੜਪ ਹੋ ਜਾਵੇ ।

ਇਹ ਵੀ ਪੜ੍ਹੋ: ਬੰਦ ਪਈ ਰਾਇਸ ਮਿੱਲ ’ਚ ਲੱਗੀ ਭਿਆਨਕ ਅੱਗ

ਉਨ੍ਹਾਂ ਕਿਹਾ ਕਿ ਭਾਜਪਾ ਦਾ ਦਫਤਰ ਖੋਲ੍ਹਣ ਆਈ ਮਹਾਰਾਣੀ ਪ੍ਰਨੀਤ ਕੌਰ ਦਾ ਜਦੋਂ ਅਸੀਂ ਸ਼ਾਂਤ ਢੰਗ ਨਾਲ ਵਿਰੋਧ ਕਰ ਰਹੇ ਸੀ ਤਾਂ ਪੁਲਿਸ ਨੇ ਕਿਸਾਨਾਂ ਨਾਲ ਹੱਥੋਪਾਈ ਕੀਤੀ ਅਤੇ ਸਾਡੇ ਦੋ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਓਧਰ ਜਦੋਂ ਥਾਣਾ ਘੱਗਾ ਦੇ ਇੰਚਾਰਜ ਸਬ ਇੰਸਪੈਕਟਰ ਦਰਸ਼ਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਕਿਸਾਨ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਅਤੇ ਨਾ ਹੀ ਕਿਸੇ ਕਿਸਾਨ ਦੀ ਪੱਗ ਉਤਾਰੀ ਹੈ । ਓਧਰ ਭਾਰੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਦੀ ਪੱਗ ਉਤਾਰਨ ਵਾਲੇ ਪੁਲਿਸ ਅਧਿਕਾਰੀ ਤੋਂ ਮੁਆਫੀ ਅਤੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਦੀ ਤੁਰੰਤ ਰਿਹਾਈ ’ਤੇ ਅੜੇ ਹੋਏ ਸਨ ਦੇਰ ਰਾਤ ਤੱਕ ਧਰਨਾ ਜਾਰੀ ਸੀ।