ਬੀਤੇ ਦਿਨੀਂ 1 ਲੱਖ 18 ਹਜ਼ਾਰ ਰੁਪਏ ਦੀ ਹੋਈ ਸੀ ਲੁੱਟ
ਮਲੋਟ (ਮਨੋਜ) | ਬੀਤੇ ਦਿਨੀਂ ਮਲੋਟ ਅਬੋਹਰ ਰੋਡ ‘ਤੇ ਪਿੰਡ ਕੱਟਿਆਂਵਾਲੀ ਕੋਲ ਕੁਝ ਅਣਪਛਾਤਿਆਂ ਵੱਲੋਂ ਕੈਂਟਰ ਰੋਕ ਕੇ ਪੈਸੇ ਖੋਹਣ ਦੇ ਮਾਮਲੇ ਵਿੱਚ ਪੁਲਿਸ ਨੇ 5 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਦੋਂਕਿ ਇਸ ਮਾਮਲੇ ਵਿੱਚ 2 ਵਿਅਕਤੀਆਂ ਦੀ ਭਾਲ ਜਾਰੀ ਹੈ।ਇਸ ਸਬੰਧੀ ਡੀਐੱਸਪੀ ਭੁਪਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਥਾਣਾ ਕਬਰਵਾਲਾ ਦੇ ਐੱਸਐੱਚਓ ਗੁਰਦੀਪ ਸਿੰਘ ਤੇ ਛਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ਼ ਸ੍ਰੀ ਮੁਕਤਸਰ ਸਾਹਿਬ ਨੇ 19 ਤੇ 20 ਫਰਵਰੀ ਦੀ ਦਰਮਿਆਨੀ ਰਾਤ ਪਿੰਡ ਕੱਟਿਆਂਵਾਲੀ ਕੋਲ 1 ਲੱਖ 18 ਹਜ਼ਾਰ ਰੁਪਏ ਦੀ ਹੋਈ ਪੈਸਿਆਂ ਦੀ ਲੁੱਟ ਦਾ ਮਾਮਲਾ ਸੁਲਝਾਉਂਦਿਆਂ 5 ਵਿਅਕਤੀ ਕਾਬੂ ਕੀਤੇ ਗਏ ਹਨ ਤੇ ਦੋ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਦਿਲਪ੍ਰੀਤ ਸਿੰਘ ਪੁੱਤਰ ਟੇਕ ਸਿੰਘ ਵਾਸੀ ਪਿੰਡ ਮਲੋਟ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਕਬਰਵਾਲਾ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਦੀ ਤਫ਼ਤੀਸ਼ ਥਾਣੇਦਾਰ ਰਛਪਾਲ ਸਿੰਘ ਥਾਣਾ ਕਬਰਵਾਲਾ ਕਰ ਰਹੇ ਹਨ। ਡੀਐੱਸਪੀ ਭੁਪਿੰਦਰ ਸਿੰਘ ਰੰਧਾਵਾ ਨੇ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਇਸ ਤਫ਼ਤੀਸ਼ ਦੌਰਾਨ ਕੈਂਟਰ ਤੇ ਬਤੌਰ ਕੰਡਕਟਰ ਲੱਗੇ ਸ਼ੁੱਕਰਨਾਥ ਪੁੱਤਰ ਨਿਰੰਜਣ ਸਿੰਘ ਵਾਸੀ ਸ਼ੇਖਾ ਕਲਾਂ ਤੋਂ ਸ਼ੱਕ ਦੇ ਆਧਾਰ ਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸ ‘ਚ ਉਸਦੇ ਨਾਲ ਕੁਲਵਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਠੱਠੀ ਭਾਈ ਥਾਣਾ ਸਮਾਲਸਰ ਜ਼ਿਲ੍ਹਾ ਮੋਗਾ, ਨਿਰਮਲ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਠੱਠੀ ਭਾਈ ਥਾਣਾ ਸਮਾਲਸਰ ਜ਼ਿਲ੍ਹਾ ਮੋਗਾ, ਅਰਸ਼ਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਮੋੜਨੇ ਆਬਾਦ ਜ਼ਿਲ੍ਹਾ ਮੋਗਾ, ਹਰਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਠੱਠੀ ਭਾਈ ਥਾਣਾ ਸਮਾਲਸਰ ਜ਼ਿਲ੍ਹਾ ਮੋਗਾ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦਿਕ ਬਰਾੜ ਪੁੱਤਰ ਨਾ ਮਾਲੂਮ ਵਾਸੀ ਭਗਤਾ ਭਾਈ, ਗੁਰਪ੍ਰੀਤ ਸਿੰਘ ਵਾਸੀ ਸੇਖਾ ਕਲਾਂ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਉਕਤ ਕਾਬੂ ਕੀਤੇ ਵਿਅਕਤੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।