ਜਾਨ ਦਾ ਖੌਅ ਬਣਦਾ ਪਲਾਸਟਿਕ
ਦੁਨੀਆ ਭਰ ’ਚ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੁਝ ਮੁੱਖ ਕਾਰਨਾਂ ’ਚੋਂ ਪਲਾਸਟਿਕ ਵੀ ਇੱਕ ਮੁੱਖ ਕਾਰਨ ਹੈ ਪਲਾਸਟਿਕ ਸ਼ਬਦ ਗ੍ਰੀਕ ਸ਼ਬਦ ਪਲਾਸਟੀਕੋਜ਼ ਅਤੇ ਪਲਾਸਟੋਜ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਜੋ ਲਚਕੀਲਾ ਹੈ ਜਾਂ ਜਿਸ ਨੂੰ ਢਾਲ਼ਿਆ, ਮੋੜਿਆ ਜਾਂ ਮਨਮਰਜ਼ੀ ਦਾ ਆਕਾਰ ਦਿੱਤਾ ਜਾ ਸਕੇ 21ਵੀਂ ਸਦੀ ’ਚ ਵਾਤਾਵਰਨ ਪ੍ਰਦੂਸ਼ਣ ਦੇ ਮੁੱਖ ਸਰੋਤਾਂ ’ਚ ਪਲਾਸਟਿਕ ਬਹੁਤ ਵੱਡੀ ਸਮੱਸਿਆ ਦੇ ਰੂਪ ’ਚ ਉੱਭਰ ਕੇ ਸਾਹਮਣੇ ਆਇਆ ਹੈ, ਜਿਸ ਦੇ ਵਾਤਾਵਰਣਕ ਖਤਰਿਆਂ ਨਾਲ ਪੂਰੀ ਦੁਨੀਆ ਪਰੇਸ਼ਾਨ ਹੈ ਕੈਨੇਡਾ ਦੇ ਹੈਲੀਫੈਕਸ ਸ਼ਹਿਰ ’ਚ ਤਾਂ ਸਾਲ 2018 ’ਚ ਪਲਾਸਟਿਕ ਕਚਰੇ ਦੇ ਕਾਰਨ ਹੀ ਐਮਰਜੈਂਸੀ ਲਾਉਣੀ ਪਈ ਸੀ ਭਾਰਤ ’ਚ ਵੀ ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਦਿਨੋ-ਦਿਨ ਭਿਆਨਕ ਹੁੰਦੀ ਜਾ ਰਹੀ ਹੈ, ਜੋ ਨਾ ਸਿਰਫ਼ ਹਰ ਦ੍ਰਿਸ਼ਟੀ ਨਾਲ ਕੁਦਰਤ ’ਤੇ ਭਾਰੀ ਪੈ ਰਿਹਾ ਹੈ
ਸਗੋਂ ਮਨੁੱਖ ਜਾਤੀ ਦੇ ਨਾਲ-ਨਾਲ ਧਰਤੀ ’ਤੇ ਮੌਜ਼ੂਦ ਹਰ ਪ੍ਰਾਣੀ ਦੇ ਜੀਵਨ ਲਈ ਵੀ ਵੱਡਾ ਖ਼ਤਰਾ ਬਣ ਕੇ ਉੱਭਰ ਰਿਹਾ ਹੈ ਦਰਅਸਲ ਪਲਾਸਟਿਕ ’ਚ ਬਹੁਤ ਸਾਰੇ ਅਜਿਹੇ ਰਸਾਇਣ ਹੁੰਦੇ ਹਨ, ਜੋ ਕੈਂਸਰ ਅਤੇ ਦਿਲ ਰੋਗ ਸਮੇਤ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦੇ ਹਨ ਅੱਜ ਪਲਾਸਟਿਕ ਕਚਰੇ ਤੋਂ ਦੇਸ਼ ਦਾ ਕੋਈ ਵੀ ਹਿੱਸਾ ਅਛੂਤਾ ਨਹੀਂ ਹੈ ਅਤੇ ਪਲਾਸਟਿਕ ਹੁਣ ਆਮ ਜਨ-ਜੀਵਨ ਦਾ ਇਸ ਕਦਰ ਅਹਿਮ ਹਿੱਸਾ ਬਣ ਗਿਆ ਹੈ ਕਿ ਤਮਾਮ ਯਤਨਾਂ ਦੇ ਬਾਵਜ਼ੂਦ ਇਸ ’ਤੇ ਰੋਕ ਲਾਉਣ ’ਚ ਸਫ਼ਲਤਾ ਪ੍ਰਾਪਤ ਨਹੀਂ ਹੋ ਰਹੀ ਹੈ, ਨਾ ਹੀ ਹੁਣ ਤੱਕ ਇਸ ਦਾ ਕੋਈ ਭਰੋਸੇਮੰਦ ਬਦਲ ਲੱਭਿਆ ਜਾ ਸਕਿਆ ਹੈ
ਹੁਣ ਇਹ ਜਾਣ ਲੈਣਾ ਵੀ ਦਿਲਚਸਪ ਅਤੇ ਜ਼ਰੂਰੀ ਹੈ ਕਿ ਪਲਾਸਟਿਕ ਦੀ ਖੋਜ ਕਦੋਂ ਅਤੇ ਕਿਵੇਂ ਹੋਈ ਸੀ? ਮਨੁੱਖ ਵੱਲੋਂ ਬਣਾਏ ਪਲਾਸਟਿਕ ‘ਪਾਕੇਰਸਾਈਨ’ ਦਾ ਪੇਟੈਂਟ ਸਭ ਤੋਂ ਪਹਿਲਾਂ ਸਾਲ 1856 ’ਚ ਬਰਮਿੰਘਮ ਇੰਗਲੈਂਡ ਦੇ ਅਲੇਕਜੈਂਡਰ ਪਾਰਕਸ ਨੇ ਕਰਾਇਆ ਸੀ, ਜੋ 1862 ’ਚ ਆਪਣੇ ਅਸਲ ਰੂਪ ’ਚ ਦੁਨੀਆ ਦੇ ਸਾਹਮਣੇ ਉਸ ਸਮੇਂ ਆਇਆ ਸੀ, ਜਦੋਂ ਪਹਿਲੀ ਵਾਰ 1862 ’ਚ ਲੰਦਨ ਦੀ ਅੰਤਰਰਾਸ਼ਟਰੀ ਪ੍ਰਦਰਸ਼ਨੀ ’ਚ ਉਸ ਨੂੰ ਰੱਖਿਆ ਗਿਆ ਸੀ
ਕੁਦਰਤੀ ਰਬੜ, ਜਿਲੇਟੀਨ, ਕੋਲੇਜੀਨ, ਨਾਈਟ੍ਰੋਸੈਲਿਊਲੋਜ ਵਰਗੇ ਪਦਾਰਥ ਪਲਾਸਟਿਕ ਦੇਂ ਪਹਿਲੇ ਮੁਹੱਈਆ ਪਦਾਰਥ ਸਨ 1866 ’ਚ ਅਲੈਕਜੈਂਡਰ ਪਾਰਕਸ ਨੇ ਪਾਕੇਰਸਾਈਨ ਕੰਪਨੀ ਬਣਾ ਕੇ ਇਸ ਦਾ ਵੱਡੇ ਪੱਧਰ ’ਤੇ ਉਤਪਾਦਨ ਸ਼ੁਰੂ ਕੀਤਾ ਪਾਲੀਥੀਨ ਦੁਨੀਆ ਦਾ ਸਭ ਤੋਂ ਹਰਮਨਪਿਆਰਾ ਪਲਾਸਟਿਕ ਹੈ, ਜਿਸ ਨੂੰ ਸਭ ਤੋਂ ਪਹਿਲਾਂ ਜਰਮਨੀ ਦੇ ਹੈਂਸ ਬੋਨ ਪੈਚਮਾਨ ਨੇ ਸਾਲ 1898 ’ਚ ਅਚਾਨਕ ਹੀ ਖੋਜ ਲਿਆ ਸੀ ਪ੍ਰਯੋਗਸ਼ਾਲਾ ’ਚ ਇੱਕ ਪ੍ਰਯੋਗ ਕਰਦਿਆਂ ਉਨ੍ਹਾਂ ਨੇ ਸਫੈਦ ਰੰਗ ਦਾ ਮੋਮ ਵਰਗਾ ਇੱਕ ਪਦਾਰਥ ਬਣਦਾ ਦੇਖਿਆ, ਜਿਸ ਦਾ ਨਾਂਅ ਪਾਲੀਥੀਨ ਰੱਖਿਆ ਗਿਆ
1900 ’ਚ ਪੂਰੀ ਤਰ੍ਹਾਂ ਸਿੰਥੈਟਿਕ, ਫ਼ਿਨੋਲ ਅਤੇ ਫਾਰਮੇਲਡੀਹਾਇਡ ਦੀ ਵਰਤੋਂ ਕਰਕੇ ਪਲਾਸਟਿਕ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਜਰਮਨੀ ਅਤੇ ਫਰਾਂਸ ’ਚ ਕੈਸੀਨ ਨਾਲ ਬਣੇ ਪਲਾਸਟਿਕ ਦਾ ਵਪਾਰਕ ਉਤਪਾਦਨ ਸ਼ੁਰੂ ਹੋ ਗਿਆ ਸੀ ਬੈਲਜ਼ੀਅਮ ਮੂਲ ਦੇ ਅਮਰੀਕੀ ਨਾਗਰਿਕ ਡਾ. ਲੀਓ ਹੈਂਡ੍ਰਿਕ ਬੈਕਲੈਂਡ ਨੇ ਵੀ ਪਲਾਸਟਿਕ ਬਣਾਉਣ ’ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ, ਜਿਨ੍ਹਾਂ ਨੇ 1907 ’ਚ ਫੇਨਾਲ ਅਤੇ ਫਾਰਮੇਲਡੀਹਾਇਡ ਦੀ ਕਿਰਿਆ ’ਚ ਕੁਝ ਬਦਲਾਅ ਕਰਕੇ ਸਿੰਥੈਟਿਕ ਪ੍ਰਣਾਲੀ ਨਾਲ ਇੱਕ ਅਜਿਹਾ ਪਲਾਸਟਿਕ ਨਿਰਮਿਤ ਕੀਤਾ, ਜਿਸ ਦੀ ਵਰਤੋਂ ਕਈ ਉਦਯੋਗਾਂ ’ਚ ਕੀਤੀ ਜਾ ਸਕਦੀ ਸੀ
ਉਨ੍ਹਾਂ ਨੇ ਫੇਨਾਲ ਅਤੇ ਫਾਰਮੇਲਡੀਹਾਇਡ ਨੂੰ ਮਿਲਾ ਕੇ ਗਰਮ ਕੀਤਾ, ਜਿਸ ਨੂੰ ਠੰਢਾ ਕਰਨ ’ਤੇ ਇੱਕ ਸਖ਼ਤ ਪਦਾਰਥ ਮਿਲਿਆ ਬਾਅਦ ’ਚ ਉਨ੍ਹਾਂ ਨੇ ਇਸ ’ਚ ਲੱਕੜ ਦਾ ਬੂਰਾ, ਐਸਬੇਸਟਸ ਅਤੇ ਸਲੇਟ ਪਾਊਡਰ ਮਿਲਾ ਕੇ ਕਈ ਹੋਰ ਚੀਜ਼ਾਂ ਵੀ ਬਣਾਈਆਂ ਬੇਕਲਂੈਡ ਦੇ ਨਾਂਅ ’ਤੇ ਹੀ ਉਸ ਨਵੇਂ ਪਲਾਸਟਿਕ ਦਾ ਨਾਂਅ 1912 ’ਚ ‘ਬੇਕੇਲਾਈਟ’ ਰੱਖਿਆ ਗਿਆ ਸੀ ਆਪਣੀ ਇਸ ਖੋਜ ਤੋਂ ਬਾਅਦ ਬੇਕਲੈਂਡ ਨੇ ਕਿਹਾ ਵੀ ਸੀ ਕਿ ਜੇਕਰ ਉਹ ਗਲਤ ਨਹੀਂ ਹਨ ਤਾਂ ਉਨ੍ਹਾਂ ਦੀ ਇਹ ਖੋਜ (ਬੈਕੇਲਾਈਟ) ਭਵਿੱਖ ਲਈ ਅਹਿਮ ਸਾਬਤ ਹੋਵੇਗੀ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਲਾਸਟਿਕ ਬਣਾਉਣ ਦੀ ਤਕਨੀਕ ’ਚ ਜਬਰਦਸਤ ਵਿਕਾਸ ਹੋਇਆ
ਪਲਾਸਟਿਕ ਦੀ ਖੋਜ ਮਨੁੱਖੀ ਸੱਭਿਅਤਾ ਲਈ ਇੱਕ ਕ੍ਰਾਂਤੀਕਾਰੀ ਖੋਜ ਇਸ ਲਈ ਮੰਨੀ ਗਈ ਸੀ ਕਿਉਂਕਿ ਉਸ ਤੋਂ ਪਹਿਲਾਂ ਜੋ ਚੀਜ਼ਾਂ ਲੋਹੇ, ਲੱਕੜ ਆਦਿ ਹੋਰ ਪਦਾਰਥਾਂ ਨਾਲ ਬਣਾਈਆਂ ਜਾਂਦੀਆਂ ਸਨ, ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਪਲਾਸਟਿਕ ਨਾਲ ਬਣਾਈਆਂ ਜਾਣ ਲੱਗੀਆਂ ਦਰਅਸਲ ਪਲਾਸਟਿਕ ਹੋਰ ਪਦਾਰਥਾਂ ਦੀ ਤੁਲਨਾ ’ਚ ਕਈ ਕਾਰਨਾਂ ਨਾਲ ਬਿਹਤਰ ਸੀ
ਇਸ ਨਾਲ ਬਣਾਈਆਂ ਜਾਣ ਵਾਲੀਆਂ ਚੀਜ਼ਾਂ ਨਾ ਤਾਂ ਛੇਤੀ ਟੁੱਟਦੀਆਂ ਹਨ, ਨਾ ਹੀ ਲੱਕੜ ਜਾਂ ਕਾਗਜ਼ ਵਾਂਗ ਸੜਦੀਆਂ ਹਨ ਅਤੇ ਨਾ ਹੀ ਕਿਸੇ ਵੀ ਵਾਤਾਵਰਨ ’ਚ ਇਨ੍ਹਾਂ ਚੀਜ਼ਾਂ ’ਤੇ ਲੋਹੇ ਵਾਂਗ ਜੰਗਾਲ ਲੱਗਦਾ ਹੈ ਪਲਾਸਟਿਕ ਦੇ ਉੱਪਰ ਛੇਤੀ ਕਿਸੇ ਵੀ ਤਰ੍ਹਾਂ ਦੇ ਵਾਤਾਵਰਨ ਦਾ ਅਸਰ ਨਹੀਂ ਪੈਂਦਾ ਪਲਾਸਟਿਕ ਨਾਲ ਬਣੀਆਂ ਚੀਜ਼ਾਂ ਲੋਹੇ ਜਾਂ ਹੋਰ ਧਾਤਾਂ ਨਾਲ ਬਣੀਆਂ ਚੀਜ਼ਾਂ ਦੇ ਮੁਕਾਬਲੇ ਸਸਤੀਆਂ ਅਤੇ ਲੰਮੇ ਸਮੇਂ ਤੱਕ ਟਿਕਣ ਵਾਲੀਆਂ ਹੁੰਦੀਆਂ ਹਨ, ਇਸ ਲਈ ਆਧੁਨਿਕ ਯੁੱਗ ’ਚ ਪਲਾਸਟਿਕ ਦੀ ਵਰਤੋਂ ਲਗਾਤਾਰ ਵਧਦੀ ਗਈ ਪਲਾਸਟਿਕ ਕਿਉਂਕਿ ਬਿਜਲੀ ਦਾ ਕੁਚਾਲਕ ਹੈ ਅਤੇ ਇਸ ਦੀ ਉਮਰ ਲੰਮੀ ਹੁੰਦੀ ਹੈ, ਇਸ ਲਈ ਇਸ ਦੀਆਂ ਇਨ੍ਹਾਂ ਖੂਬੀਆਂ ਨੂੰ ਦੇਖਦਿਆਂ ਇਸ ਨਾਲ ਬਿਜਲਈ ਉਪਕਰਨ ਵੀ ਬਣਾਏ ਜਾਂਦੇ ਹਨ
ਪਲਾਸਟਿਕ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਨੂੰ ਅਸਾਨੀ ਨਾਲ ਕਿਸੇ ਵੀ ਆਕਾਰ ’ਚ ਬਦਲ ਸਕਣਾ ਅਤੇ ਇਸ ਦੇ ਅੰਦਰ ਕੋਈ ਹੋਰ ਪਦਾਰਥ ਮਿਲਾ ਕੇ ਹੋਰ ਚੀਜ਼ਾਂ ਬਣਾ ਲੈਣਾ, ਜੋ ਬਹੁਤ ਟਿਕਾਊ ਸਾਬਤ ਹੁੰਦੀਆਂ ਹਨ, ਇਹੀ ਕਾਰਨ ਹੈ ਕਿ ਪਲਾਸਟਿਕ ਅੱਜ ਸਾਡੀ ਜੀਵਨਸ਼ੈਲੀ ਦਾ ਅਨਿੱਖੜਵਾਂ ਅੰਗ ਬਣ ਚੁੱਕੀ ਹੈ, ਜਿਸ ਦਾ ਇਸਤੇਮਾਲ ਸਾਡੀਆਂ ਰੋਜ਼ਾਨਾ ਦੀਆਂ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ’ਚ ਹੋ ਰਿਹਾ ਹੈ
ਪਾਣੀ ਦੀਆਂ ਬੋਤਲਾਂ ਜਾਂ ਵੱਖ-ਵੱਖ ਪੀਣ ਵਾਲੇ ਪਦਾਰਥ ਹੋਣ ਜਾਂ ਦੁੱਧ ਜਾਂ ਦਾਲ-ਚੌਲ ਵਰਗੇ ਤਮਾਮ ਤਰ੍ਹਾਂ ਦੇ ਖੁਰਾਕ ਪਦਾਰਥਾਂ ਦੀ ਪੈਕਿੰਗ ’ਚ ਇਸਤੇਮਾਲ ਹੋਣ ਵਾਲਾ ਪਲਾਸਟਿਕ, ਪਲਾਸਟਿਕ ਦੀਆਂ ਸ਼ੀਸ਼ੀਆਂ ਜਾਂ ਸਟ੍ਰਿਪ ’ਚ ਦਵਾਈਆਂ ਹੋਣ ਜਾਂ ਕੱਪ-ਬਾਲਟੀ ਆਦਿ ਪਲਾਸਟਿਕ ਦੇ ਭਾਂਡੇ, ਬਜ਼ਾਰ ਤੋਂ ਫ਼ਲ-ਸਬਜ਼ੀਆਂ ਖਰੀਦ ਕੇ ਲਿਆਉਂਦੇ ਸਮੇਂ ਪਾਲੀਥੀਨ ਦੇ ਇਸਤੇਮਾਲ ਦੀ ਗੱਲ ਹੋਵੇ ਜਾਂ ਹੋਰ ਖਰੀਦਦਾਰੀ, ਹਰ ਥਾਂ ਕਿਸੇ ਨਾ ਕਿਸੇ ਰੂਪ ’ਚ ਪਲਾਸਟਿਕ ਦਾ ਇਸਤੇਮਾਲ ਹੋ ਰਿਹਾ ਹੈ ਪਿਛਲੀ ਸਦੀ ’ਚ ਜਦੋਂ ਵੱਖ-ਵੱਖ ਰੂਪਾਂ ’ਚ ਪਲਾਸਟਿਕ ਦੀ ਖੋਜ ਕੀਤੀ ਗਈ ਸੀ ਤਾਂ ਇਸ ਨੂੰ ਮਨੁੱਖੀ ਸੱਭਿਅਤਾ ਅਤੇ ਵਿਗਿਆਨ ਦੀ ਬਹੁਤ ਵੱਡੀ ਸਫ਼ਲਤਾ ਮੰਨਿਆ ਗਿਆ ਸੀ ਪਰ ਅੱਜ ਇਹੀ ਪਲਾਸਟਿਕ ਧਰਤੀ ਵਾਸੀਆਂ ਦੀ ਜਾਨ ਦਾ ਖੌਅ ਬਣ ਗਿਆ ਹੈ, ਜਿਸ ਤੋਂ ਛੁਟਕਾਰਾ ਪਾਉਣਾ ਏਨਾ ਸੌਖਾ ਨਹੀਂ ਦਿਸਦਾ
ਯੋਗੇਸ਼ ਕੁਮਾਰ ਗੋਇਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।