ਪਲਾਜ਼ਮਾ ਨੂੰ ਤਰਸ ਰਿਹੈ ਪਲਾਜ਼ਮਾ ਬੈਂਕ, 12 ਦਿਨ ਤੋਂ ਨਹੀਂ ਮਿਲਿਆ ਇੱਕ ਵੀ ਡੋਨਰ

ਸਵੇਰੇ ਤੋਂ ਲੈ ਕੇ ਸ਼ਾਮ ਤੱਕ ਘੁੰਮਾਉਂਦੇ ਹਨ ਬੈਂਕ ਅਧਿਕਾਰੀ ਫੋਨ, ਅੱਗੇ ਤੋਂ ਮਿਲ ਰਿਹੈ ਸਾਫ਼ ਇਨਕਾਰ

ਕੋਰੋਨਾ ਦੇ ਗੰਭੀਰ ਮਰੀਜ਼ਾਂ ਨੂੰ ਠੀਕ ਕਰਨ ਲਈ ਕਾਰਗਰ ਸਾਬਤ ਹੋ ਰਿਹੈ ਪਲਾਜ਼ਮਾ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦਾ ਇਕੋ ਇੱਕ ਪਲਾਜ਼ਮਾ ਬੈਂਕ ‘ਡੋਨਰ’ ਲਈ ਹੀ ਤਰਸ ਰਿਹਾ ਹੈ। ਪਿਛਲੇ 12 ਦਿਨ ਤੋਂ ਇੱਕ ਵੀ ਡੋਨਰ ਪਟਿਆਲਾ ਦੇ ਪਲਾਜ਼ਮਾ ਬੈਂਕ ਵਿੱਚ ਆਪਣਾ ਪਲਾਜ਼ਮਾ ਦਾਨ ਕਰਨ ਲਈ ਟੈਸਟ ਕਰਵਾਉਣ ਨਹੀਂ ਆਇਆ ਹੈ। ਹਾਲਾਂਕਿ ਨਵੇਂ ਡੋਨਰ ਨੂੰ ਲੱਭਣ ਲਈ ਪਲਾਜ਼ਮਾ ਬੈਂਕ ਦੇ ਅਧਿਕਾਰੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਕੋਰੋਨਾ ਨੂੰ ਮਾਤ ਦੇਣ ਵਾਲੇ ਲੋਕਾਂ ਨੂੰ ਫੋਨ ਤਾਂ ਕਰਦੇ ਹਨ ਪਰ ਅੱਗੇ ਤੋਂ ਸਾਫ਼ ਇਨਕਾਰ ਹੀ ਮਿਲਦਾ ਹੈ ਜਾਂ ਫਿਰ ਪਲਾਜ਼ਮਾ ਦੇਣ ਦੇ ਡਰ ਤੋਂ ਫੋਨ ਹੀ ਸਵਿੱਚ ਆਫ਼ ਕਰਕੇ ਬੈਠ ਰਹੇ ਹਨ। ਹੁਣ ਤੱਕ ਪਲਾਜ਼ਮਾ ਬੈਂਕ ਵਿੱਚ 5 ਹੀ ਪਲਾਜ਼ਮਾ ਦਾਨ ਹੋਏ ਹਨ ਅਤੇ ਇਨ੍ਹਾਂ ਨੂੰ ਬੈਂਕ ਦੀ ਸ਼ੁਰੂਆਤ ਦੇ ਪਹਿਲੇ 4 ਦਿਨਾਂ ਵਿੱਚ ਹੀ ਤਿਆਰ ਕਰ ਲਿਆ ਗਿਆ ਸੀ, ਜਦੋਂ ਕਿ ਉਸ ਤੋਂ 12 ਦਿਨ ਬੀਤਣ ਤੋਂ ਬਾਅਦ ਵੀ ਕੋਈ ਨਵਾਂ ਡੋਨਰ ਪਲਾਜ਼ਮਾ ਦੇਣ ਨੂੰ ਤਿਆਰ ਨਹੀਂ ਹੋਇਆ ਹੈ।

ਪਲਾਜ਼ਮਾ ਦਾਨ ਕਰਨ ਤੋਂ ਡਰ ਰਹੇ ਲੋਕਾਂ ਦਾ ਡਰ ਦੂਰ ਕਰਨ ਦੀ ਪਲਾਜ਼ਮਾ ਬੈਂਕ ਦੇ ਅਧਿਕਾਰੀਆਂ ਵੱਲੋਂ ਕਾਫ਼ੀ ਕੋਸ਼ਸ਼ ਤਾਂ ਕੀਤੀ ਗਈ ਹੈ ਪਰ ਹੁਣ ਤੱਕ ਨਾ ਹੀ ਉਨ੍ਹਾਂ ਨੂੰ ਕੋਈ ਸਫ਼ਲਤਾ ਮਿਲੀ ਹੈ ਅਤੇ ਨਾ ਹੀ ਪੰਜਾਬ ਸਰਕਾਰ ਦੇ ਪੱਧਰ ‘ਤੇ ਕੋਈ ਜਿਆਦਾ ਕੋਸ਼ਿਸ਼ ਹੋਈ ਹੈ।
ਜਾਣਕਾਰੀ ਅਨੁਸਾਰ ਦੇਸ਼ ਵਿੱਚ ਕੋਰੋਨਾ ਦੀ ਮਹਾਂਮਾਰੀ ਦਾ ਹੁਣ ਕਾਫ਼ੀ ਜਿਆਦਾ ਅਸਰ ਪੰਜਾਬ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿੱਚ ਗੰਭੀਰ ਰੂਪ ਵਿੱਚ ਕੋਰੋਨਾ ਨਾਲ ਪੀੜਤ ਆਮ ਲੋਕਾਂ ਦੀਆਂ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ ਅਤੇ ਹੁਣ ਤੱਕ ਪੰਜਾਬ ਵਿੱਚ 500 ਤੋਂ ਜਿਆਦਾ ਮੌਤਾਂ ਵੀ ਹੋ ਗਈਆਂ ਹਨ। ਇਨ੍ਹਾਂ ਮੌਤਾਂ ਨੂੰ ਰੋਕਣ ਲਈ ਸਰਕਾਰ ਕੋਲ ਸਿਰਫ਼ ਪਲਾਜ਼ਮਾ ਹੀ ਇੱਕੋ ਇੱਕ ਇਲਾਜ ਹੈ, ਜਦੋਂ ਕਿ ਹੁਣ ਤੱਕ ਹੋਰ ਕੋਈ ਵੀ ਦਵਾਈ ਕੋਰੋਨਾ ਦੀ ਨਹੀਂ ਬਣੀ ਹੈ।

ਜਿਸ ਕਾਰਨ ਹੀ ਪੰਜਾਬ ਸਰਕਾਰ ਨੇ 21 ਜੁਲਾਈ ਨੂੰ ਪਟਿਆਲਾ ਵਿਖੇ ਪਲਾਜ਼ਮਾ ਬੈਂਕ ਤਿਆਰ ਕਰਦੇ ਹੋਏ ਕੋਰੋਨਾ ਨੂੰ ਮਾਤ ਦੇਣ ਵਾਲੇ ਸਾਰੇ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਸੀ ਤਾਂ ਕਿ ਦਾਨ ਕੀਤੇ ਹੋਏ ਪਲਾਜ਼ਮਾ ਨਾਲ ਮੌਤ ਦੀ ਕਗਾਰ ‘ਤੇ ਪੁੱਜੇ ਮਰੀਜ਼ਾਂ ਦੀ ਜਾਨ ਨੂੰ ਬਚਾਇਆ ਜਾ ਸਕੇ। ਪਲਾਜ਼ਮਾ ਬੈਂਕ ਖੁੱਲ੍ਹਣ ਤੋਂ ਬਾਅਦ ਪਹਿਲੇ 4 ਦਿਨ ਵਿੱਚ ਹੀ 21 ਕੋਰੋਨਾ ਨੂੰ ਮਾਤ ਦੇਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਕਰ ਲਈ ਗਈ ਸੀ, ਜਿਸ ਵਿੱਚੋਂ 9 ਲੋਕ ਹੀ ਪਲਾਜ਼ਮਾ ਦੇਣ ਲਈ ਫਿੱਟ ਪਾਏ ਗਏ ਸਨ ਪਰ 3 ਵਿਅਕਤੀ ਪਹਿਲਾਂ ਤੋਂ ਗੰਭੀਰ ਬਿਮਾਰੀ ਨਾਲ ਪੀੜਤ ਸਨ,

ਜਿਸ ਕਾਰਨ ਉਨ੍ਹਾਂ ਦਾ ਪਲਾਜ਼ਮਾ ਨਹੀਂ ਲਿਆ ਗਿਆ ਤਾਂ ਕਿ ਪਲਾਜ਼ਮਾ ਲੈਣ ਵਾਲੇ ਮਰੀਜ਼ ਨੂੰ ਉਹ ਬਿਮਾਰੀ ਨਾ ਹੋ ਸਕੇ। ਬਾਕੀ ਬਚੇ 6 ਵਿਅਕਤੀਆਂ ਵਿੱਚੋਂ 1 ਨੇ ਮੌਕੇ ‘ਤੇ ਹੀ ਪਲਾਜ਼ਮਾ ਦਾਨ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਦੋਂ ਕਿ ਹੁਣ ਤੱਕ ਸਿਰਫ਼ 5 ਵਿਅਕਤੀਆਂ ਨੇ ਹੀ ਆਪਣਾ ਪਲਾਜ਼ਮਾ ਦਾਨ ਕੀਤਾ ਹੈ, ਜਿਸ ਨਾਲ 10 ਪੈਕੇਟ ਪਲਾਜ਼ਮਾ ਦੇ ਤਿਆਰ ਕੀਤੇ ਗਏ ਸਨ ਅਤੇ ਹੁਣ ਤੱਕ 5 ਗੰਭੀਰ ਕੋਰੋਨਾ ਦੇ ਮਰੀਜ਼ਾਂ ਨੂੰ ਪਲਾਜ਼ਮਾ ਚੜ੍ਹਾਇਆ ਵੀ ਚੁੱਕਾ ਹੈ।

ਇਨ੍ਹਾਂ 5 ਮਰੀਜ਼ਾਂ ਤੋਂ ਇਲਾਵਾ ਕੋਈ ਵੀ ਹੋਰ ਕੋਰੋਨਾ ਨੂੰ ਮਾਤ ਦੇਣ ਵਾਲਾ ਵਿਅਕਤੀ ਆਪਣਾ ਪਲਾਜ਼ਮਾ ਦਾਨ ਕਰਨ ਲਈ ਅੱਗੇ ਨਹੀਂ ਆ ਰਿਹਾ ਹੈ, ਜਿਸ ਕਾਰਨ ਪਲਾਜ਼ਮਾ ਬੈਂਕ ਹੀ ਇਸ ਸਮੇਂ ਪਲਾਜ਼ਮਾ ਤੋਂ ਤਰਸ ਰਿਹਾ ਹੈ।

ਇੱਕ ਕੋਸ਼ਸ਼ ਨਾਲ ਬਚ ਸਕਦੀ ਐ 2 ਦੀ ਜਾਨ

ਕੋਰੋਨਾ ਨੂੰ ਮਾਤ ਦੇਣ ਵਾਲੇ ਵਿਅਕਤੀ ਹੀ ਪਲਾਜ਼ਮਾ ਦਾਨ ਕਰ ਸਕਦੇ ਹਨ ਅਤੇ ਇਹੋ ਜਿਹੇ ਵਿਅਕਤੀ ਇੱਕ ਨਹੀਂ ਸਗੋਂ 2 ਲੋਕਾਂ ਦੀ ਜਾਨ ਬਚਾ ਸਕਦੇ ਹਨ। ਸਿਰਫ਼ ਇੱਕ ਕੋਸ਼ਿਸ਼ ਨਾਲ 2 ਮੌਤਾਂ ਹੋਣ ਤੋਂ ਬਚਾਇਆ ਜਾ ਸਕਦਾ ਹੈ। ਪਲਾਜ਼ਮਾ ਦਾਨ ਕਰਨ ਨਾਲ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਹੈ ਅਤੇ ਨਾ ਹੀ ਕੋਈ ਖ਼ਤਰਾ ਹੁੰਦਾ ਹੈ ਪਰ ਫਿਰ ਵੀ ਆਮ ਲੋਕ ਪਲਾਜ਼ਮਾ ਦਾਨ ਕਰਨ ਤੋਂ ਡਰ ਰਹੇ ਹਨ, ਜਦੋਂ ਕਿ ਡਾਕਟਰ ਰੋਜ਼ਾਨਾ ਅਪੀਲ ਕਰ ਰਹੇ ਹਨ ਕਿ ਪਲਾਜ਼ਮਾ ਦਾਨ ਕਰਦੇ ਹੋਏ 2 ਵਿਅਕਤੀਆਂ ਦੀ ਜਾਨ ਬਚਾਉਣ ਵਰਗਾ ਨੇਕ ਕੰਮ ਕੀਤਾ ਜਾ ਸਕਦਾ ਹੈ।

ਲੱਛਣ ਵਾਲੇ ਮਰੀਜ਼ ਦਾ ਹੀ ਲਿਆ ਜਾ ਸਕਦੈ ਪਲਾਜ਼ਮਾ

ਪਲਾਜ਼ਮਾ ਲੱਛਣ ਵਾਲੇ ਮਰੀਜ਼ ਦਾ ਹੀ ਲਿਆ ਜਾ ਸਕਦਾ ਹੈ, ਕਿਉਂਕਿ ਐਂਟੀਬਾਡੀ ਸਿਰਫ਼ ਉਨ੍ਹਾਂ ਮਰੀਜ਼ਾਂ ਵਿੱਚ ਹੀ ਤਿਆਰ ਹੁੰਦੀ ਹੈ, ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਲੱਛਣ ਆਏ ਹੋਣ। ਜਿਨ੍ਹਾਂ ਮਰੀਜ਼ਾਂ ਨੂੰ ਕੋਈ ਲੱਛਣ ਨਹੀਂ ਆਉਂਦੇ ਹਨ, ਉਨ੍ਹਾਂ ਦੇ ਸਰੀਰ ਵਿੱਚ ਐਂਟੀਬਾਡੀ ਵੀ ਤਿਆਰ ਨਹੀਂ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਦਾ ਪਲਾਜ਼ਮਾ ਕਿਸੇ ਵੀ ਕੰਮ ਦਾ ਨਹੀਂ ਹੈ। ਲੱਛਣ ਵਾਲੇ ਮਰੀਜ਼ 14 ਤੋਂ ਜਿਆਦਾ ਦਿਨ ਹਸਪਤਾਲ ਵਿੱਚ ਰਹਿਣ ਕਾਰਨ ਇਸ ਸਮੇਂ ਪਲਾਜ਼ਮਾ ਦੇਣ ਤੋਂ ਡਰ ਰਹੇ ਹਨ ਕਿ ਉਨ੍ਹਾਂ ਨੂੰ ਕੁਝ ਹੋ ਨਾ ਜਾਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ