ਚੁਣੌਤੀਆਂ ਨਾਲ ਜੂਝ ਰਹੇ ਲੋਕ

ਚੁਣੌਤੀਆਂ ਨਾਲ ਜੂਝ ਰਹੇ ਲੋਕ

15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ। ਆਜ਼ਾਦੀ ਦੇ ਇੰਨੇ ਲੰਮੇ ਅਰਸੇ ਤੋਂ ਬਾਅਦ ਅੱਜ ਵੀ ਅਸੀਂ ਅਨੇਕ ਸਮੱਸਿਆਵਾਂ ਨਾਲ ਜੂਝ ਰਹੇ ਹਾਂ। ਅੱਜ 2020 ਸਾਲ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ। ਕਰੋਨਾ ਵਾਇਰਸ ਨੇ ਭਾਰਤ ਵਿੱਚ ਦਸਤਕ ਦਿੱਤੀ, ਜਿਸ ਕਰਕੇ ਭਾਰਤ ਵਿੱਚ ਤਾਲਾਬੰਦੀ ਲਾ ਦਿੱਤੀ ਗਈ ਸੀ। ਜਿਵੇਂ-ਜਿਵੇਂ ਤਾਲਾਬੰਦੀ ਵਿੱਚ ਛੋਟ ਦਿੱਤੀ ਗਈ, ਮਹਿੰਗਾਈ ਵਧਦੀ ਗਈ।

ਭਾਰਤ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਹੁਣ ਕਰੋਨਾ ਮਹਾਂਮਾਰੀ ਕਰਕੇ ਮਹਿੰਗਾਈ ਸਿਖ਼ਰਾਂ ‘ਤੇ ਪੁੱਜ ਰਹੀ ਹੈ। ਮਾਰਕੀਟ ਵਿੱਚ ਤੁਸੀਂ ਚਲੇ ਜਾਓ! ਕਿਸੇ ਵੀ ਚੀਜ਼ ‘ਤੇ ਹੱਥ ਨਹੀਂ ਟਿਕਦਾ। ਅਸੀਂ ਸਭ ਨੇ ਵੇਖਿਆ ਕਿ ਪਿਆਜ਼ ਦੀ ਕੀਮਤਾਂ ਨੇ  ਅਸਮਾਨ ਛੂਹ ਲਿਆ ਸੀ। ਦਾਲਾਂ ਦੀਆਂ ਕੀਮਤਾਂ ਵੀ ਬਹੁਤ ਹਨ। ਇੰਨੀ ਮਹਿੰਗਾਈ ਵਿੱਚ 300 ਰੁਪਏ ਕਮਾਉਣ ਵਾਲਾ ਕਾਮਾ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰੇਗਾ। ਫਿਰ ਉਸਨੇ ਆਪਣੇ ਬੱਚਿਆਂ ਦੀ ਸਿੱਖਿਆ ਵੀ ਦੇਖਣੀ ਹੈ। ਜੇ ਉਹ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਵਾਏਗਾ ਤਾਂ ਹੀ ਕੱਲ੍ਹ ਨੂੰ ਬੱਚਿਆਂ ਦਾ ਭਵਿੱਖ ਵਧੀਆ ਹੋਵੇਗਾ ।

ਲਾਕ ਡਾਊਨ ਕਰਕੇ ਬੇਰੁਜ਼ਗਾਰੀ ਵਧ ਗਈ। ਬੇਰੁਜ਼ਗਾਰੀ ਦੇ ਮੁੱਖ ਕਾਰਨ ਆਰਥਿਕ ਵਿਕਾਸ ਮੰਦੀ, ਤਕਨੀਕੀ ਤੇ ਹੋਰ ਸਾਧਨਾਂ ਦੀ ਕਮੀ ਹੈ। ਇਹੀ ਕਾਰਨ ਹੈ ਕਿ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ। ਜੇ ਦੁਨੀਆਂ ਦੀ ਗੱਲ ਕਰੀਏ ਤਾਂ ਮੰਦੀ ਦੇ ਦੌਰ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਰਕਾਰੀ ਬੈਂਕਾਂ, ਵਿਭਾਗਾਂ ਆਦਿ ਦਾ ਰਲੇਵਾਂ ਹੋਣਾ ਅਤੇ ਉਨ੍ਹਾਂ ਦਾ ਕੰਪਿਊਟਰੀਕਰਨ ਵੀ ਬੇਰੁਜ਼ਗਾਰੀ ਨੂੰ  ਵਧਾ ਰਿਹਾ ਹੈ।

ਤੇਜ਼ੀ ਨਾਲ ਵਧ ਰਹੀ ਅਬਾਦੀ ਵੀ ਇੱਕ ਗੰਭੀਰ ਸਮੱਸਿਆ ਹੈ। ਜਿਸ ਦੇ ਕਈ ਤਰ੍ਹਾਂ ਦੇ ਮਾੜੇ ਅਸਰ ਸਾਹਮਣੇ ਆ ਰਹੇ ਹਨ। ਵਧਦੀ ਜਨਸੰਖਿਆ ਦੀਆਂ ਖੁਰਾਕੀ ਲੋੜਾਂ ਪੂਰੀਆਂ ਕਰਨ ਲਈ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜ਼ਿਆਦਾ ਖਾਦਾਂ ਦੀ ਵਰਤੋਂ ਕਾਰਨ ਜ਼ਮੀਨ ਵੀ ਬੰਜਰ ਹੋ ਰਹੀ ਹੈ। ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਕੇਂਦਰ ਸਰਕਾਰ ਨੂੰ ਸੂਬਾ ਸਰਕਾਰਾਂ ਤੇ ਮਾਹਿਰਾਂ ਨਾਲ ਮਿਲ ਕੇ ਕੋਈ ਠੋਸ ਨੀਤੀ ਘੜਨੀ ਚਾਹੀਦੀ ਹੈ, ਤਾਂ ਜੋ ਅਬਾਦੀ ‘ਤੇ ਬੇਰੁਜ਼ਗਾਰੀ ਦਾ ਹੱਲ ਹੋ ਸਕੇ ।

ਕਿਸਾਨ ਨੂੰ ਵੀ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਫ਼ਸਲ ਵਧੀਆ ਹੋ ਜਾਵੇ ਤਾਂ ਕਈ ਵਾਰ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਦ, ਜਿਣਸਾਂ ਤੇ ਬੀਜ ਆਦਿ ਵੀ ਬਹੁਤ ਮਹਿੰਗੇ ਹਨ। ਆਪਣੀ ਫਸਲ ਨੂੰ ਪੁੱਤਾਂ ਵਾਂਗ ਪਾਲਦਾ ਹੈ। ਕਿਸਾਨ ਦੀ ਵੀ ਉਮੀਦ ਹੁੰਦੀ ਹੈ ਕਿ ਜੇ ਵਧੀਆ ਫ਼ਸਲ ਹੋਈ ਉਹ ਆਪਣੇ ਧੀ-ਪੁੱਤ ਦਾ ਵਧੀਆ ਕਾਰਜ ਕਰ ਸਕੇਗਾ। ਘਰ ਵਿੱਚ ਆਪਣੇ ਬੱਚਿਆਂ ਦੀਆਂ ਨਿੱਜੀ ਲੋੜਾਂ ਪੂਰੀਆਂ ਕਰੇਗਾ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੀ ਅਸਮਾਨੀ ਛੂਹ ਰਹੀਆਂ ਹਨ। ਆਪਣੀ ਤਰਫੋਂ ਤਾਂ ਕਿਸਾਨ ਕੋਈ ਵੀ ਕਸਰ ਨਹੀਂ ਛੱਡਦਾ। ਜੇ ਮੰਡੀ ਵਿੱਚ ਫਸਲ ਪੁੱਜ ਜਾਂਦੀ ਹੈ ਤਾਂ ਮੀਂਹ ਉਸ ਨੂੰ ਤਬਾਹ ਕਰ ਦਿੰਦਾ ਹੈ। ਸਮੇਂ ਸਿਰ ਬੈਂਕਾਂ ਦਾ ਕਰਜ਼ਾ ਨਾ ਉੱਤਰਨ ਕਰਕੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਜਾਂਦਾ ਹੈ ।ਕਦੇ ਫਾਹਾ ਲੈਂਦਾ ਹੈ। ਕਿਸਾਨੀ ਵੀ ਸੰਕਟ ਵਿੱਚ ਹੈ ।

ਪਿਛਲੇ ਦੋ ਸਾਲਾਂ ਵਿੱਚ ਕਈ ਵੱਡੇ-ਵੱਡੇ ਅਦਾਰਿਆਂ ਵਿੱਚੋਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਹੈ। ਕਿੰਨੀ ਤਦਾਦ ਵਿੱਚ ਨੌਜਵਾਨ ਬੇਰੁਜ਼ਗਾਰ ਹੋਏ ਹਨ। ਬੈਂਕਾਂ ਦਾ ਰਲੇਵਾਂ ਹੋ ਚੁੱਕਾ ਹੈ। ਅਸਾਮੀ ਇੱਕ ਹੁੰਦੀ ਹੈ ਫਾਰਮ ਜਮ੍ਹਾ ਕਰਾਉਣ ਵਾਲੇ ਇੱਕ ਲੱਖ ਹੁੰਦੇ ਹਨ। ਆਮ ਦੇਖਣ ਵਿੱਚ ਆਉਂਦਾ ਹੈ ਕਿ ਜਿੱਥੇ ਚਪੜਾਸੀ ਦੀ ਅਸਾਮੀ ਲਈ ਅਰਜੀ ਮੰਗੀ ਜਾਂਦੀ ਹੈ ਉੱਥੇ ਐਮ ਫਿਲ, ਪੀਐੱਚ ਡੀ ਮੁੰਡੇ ਵੀ ਅਪਲਾਈ ਕਰਦੇ ਹਨ। ਇਸ ਲਈ ਕੌਣ ਜ਼ਿੰਮੇਵਾਰ ਹੈ? ਸਰਕਾਰ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣੇ ਚਾਹੀਦੇ ਹਨ। ਸ਼ਹਿਰਾਂ ਵਿੱਚ ਉਦਯੋਗ ਸਥਾਪਿਤ ਕਰਨੇ ਚਾਹੀਦੇ ਹਨ। ਤਾਂ ਕਿ ਨੌਜਵਾਨਾਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਮੁਤਾਬਕ ਰੁਜ਼ਗਾਰ ਮਿਲ ਸਕੇ ।

ਨਸ਼ੇ ਨੇ ਤਾਂ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਹੈ। ਆਏ ਦਿਨ ਅਖਬਾਰਾਂ ਵਿੱਚ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਫਲਾਣੇ ਜ਼ਿਲ੍ਹੇ ਦੇ ਪਿੰਡ ਵਿੱਚ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਗਿਆ ਹੈ। ਹੁਣ ਤਾਂ ਕੁੜੀਆਂ ਵੀ ਇਸ ਦੀਆਂ ਸ਼ੌਕੀਨ ਹੋ ਚੁੱਕੀਆਂ ਹਨ। ਘਰਾਂ ਦੇ ਚਿਰਾਗ ਬੁਝ ਚੁੱਕੇ ਹਨ। ਪਿੱਛੇ ਜਿਹੇ ਅੰਮ੍ਰਿਤਸਰ ਵਿੱਚ ਕਰੋੜਾਂ ਰੁਪਏ ਦੀ ਸਮੈਕ ਫੜੀ ਗਈ। ਇਹ ਨਸ਼ਾ ਕਿੱਥੋਂ ਆ ਰਿਹਾ ਹੈ? ਸਰਕਾਰ ਨੂੰ ਡੂੰਘੇ ਵਿੱਚ ਜਾ ਕੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੀਦਾ ਹੈ ਪੰਜਾਬ ਸਰਕਾਰ ਨੇ ਨਸ਼ਾ ਮੁਕਤੀ ਕੇਂਦਰ ਖੋਲ੍ਹੇ ਹਨ। ਸਰਕਾਰ ਵਾਅਦੇ ਤਾਂ ਬਹੁਤ ਵੱਡੇ-ਵੱਡੇ ਕਰ ਰਹੀ ਹੈ ਕਿ ਨਸ਼ੇ ਨੂੰ ਖ਼ਤਮ ਕੀਤਾ ਜਾਵੇਗਾ। ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਕੋਈ ਠੋਸ ਨੀਤੀ ਘੜਨੀ ਚਾਹੀਦੀ ਹੈ।

ਆਵਾਰਾ ਕੁੱਤਿਆਂ ਦੀ ਸਮੱਸਿਆ ਇੰਨੀ ਵਧ ਚੁੱਕੀ ਹੈ ਕਿ ਹਰ ਕੋਈ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ। ਜਿੱਥੇ ਵੀ ਚਲੇ ਜਾਓ ਆਵਾਰਾ ਕੁੱਤੇ ਝੁੰਡ ਬਣਾ ਕੇ ਘੁੰਮ ਰਹੇ ਹੁੰਦੇ ਹਨ। ਜੋ ਰਾਹਗੀਰ ਰਾਤ ਨੂੰ ਆਪਣੇ ਘਰਾਂ ਨੂੰ ਆਉਂਦੇ ਹਨ ਇਹ ਕੁੱਤੇ ਝੁੰਡ ਬਣਾ ਕੇ ਉਸ ‘ਤੇ ਹਮਲਾ ਕਰ ਦਿੰਦੇ ਹਨ। ਜਿਸ ਕਾਰਨ ਹਾਦਸਾ ਵਾਪਰ ਜਾਂਦਾ ਹੈ। ਕੁੱਤੇ ਝੁੰਡ ਬਣਾ ਕੇ ਘੁੰਮਦੇ ਹਨ। ਜਿਸ ਕਰਕੇ ਲੋਕਾਂ ਨੇ ਸੈਰ ਕਰਨੀ ਬੰਦ ਕਰ ਦਿੱਤੀ ਹੈ। ਜੋ ਬਹੁਤ ਹੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ, ਹਾਲਾਂਕਿ ਸਰਕਾਰ ਨੇ ਕੁੱਤੇ ਮਾਰਨ ‘ਤੇ ਪਾਬੰਦੀ ਲਾ ਦਿੱਤੀ ਸੀ। ਪਰ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਕੋਈ ਠੋਸ ਨੀਤੀ ਨਹੀਂ ਬਣੀ ਹੈ।

ਆਵਾਰਾ ਪਸ਼ੂਆਂ ਨੇ ਤਾਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਹਨ। ਕਿਸਾਨਾਂ ਦੀਆਂ ਫਸਲਾਂ ਦਾ ਤਾਂ ਇਹ ਅਵਾਰਾ ਪਸ਼ੂ ਉਜਾੜਾ ਕਰ ਹੀ ਰਹੇ ਹਨ, ਨਾਲ ਹੀ ਆਏ ਦਿਨ ਕਿਸੇ ਨਾ ਕਿਸੇ ਹਾਦਸੇ ਦਾ ਵੀ ਕਾਰਨ ਬਣਦੇ ਹਨ ਇਸ ਸਮੱਸਿਆ ਵਿਚ ਲੋਕ ਕੁਝ ਆਪ ਵੀ ਜਿੰਮੇਵਾਰ ਹਨ ਪਹਿਲਾਂ ਤਾਂ ਲੋਕ ਇਨ੍ਹਾਂ ਪਸ਼ੂਆਂ ਦਾ ਦੁੱਧ ਪੀਂਦੇ ਹਨ। ਜਦੋਂ ਇਹ ਪਸ਼ੂ ਦੁੱਧ ਦੇਣੋਂ ਹਟ ਜਾਂਦੇ ਹਨ ਤਾਂ ਲੋਕ ਇਨ੍ਹਾਂ ਨੂੰ ਸ਼ਹਿਰਾਂ ਵੱਲ ਛੱਡ ਦਿੰਦੇ ਹਨ। ਜਿਸ ਕਰਕੇ ਸ਼ਹਿਰਾਂ ਵਿਚ ਹਾਦਸਿਆਂ ਦਾ ਕਾਰਨ ਬਣਦੇ ਹਨ। ਇਸ ਲਈ ਸਰਕਾਰ ਨੂੰ?ਕੋਈ ਪੱਕਾ ਇੰਤਜਾਮ ਕਰਨਾ ਚਾਹੀਦਾ ਹੈ?ਤਾਂ?ਕਿ ਅਵਾਰਾ ਪਸ਼ੂਆਂ ਦੀ ਵੀ ਇੱਕ ਥਾਂ ਰੱਖ ਕੇ ਸਾਂਭ-ਸੰਭਾਲ ਹੋ ਸਕੇ

ਭ੍ਰਿਸ਼ਟਾਚਾਰ ਦਾ ਵੀ ਬਹੁਤ ਜ਼ਿਆਦਾ ਬੋਲਬਾਲਾ ਹੈ। ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਾਉਣ ਲਈ ਚਪੜਾਸੀ ਤੱਕ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ। ਅੱਜ ਦੇਸ਼ ਵਿੱਚ ਕੁਪੋਸ਼ਣ ਦੀ ਸਮੱਸਿਆ ਵੀ ਇੱਕ ਗੰਭੀਰ ਮੁੱਦਾ ਹੈ। ਅਨਾਜ ਇਸੇ ਤਰ੍ਹਾਂ ਖੁੱਲ੍ਹੇ ਗੋਦਾਮਾਂ ਵਿੱਚ ਸੜ ਜਾਂਦਾ ਹੈ, ਗਲ ਜਾਂਦਾ ਹੈ ਪਰ ਉਹ ਜੋ ਜ਼ਰੂਰਤਮੰਦ ਹਨ, ਉਨ੍ਹਾਂ ਤੱਕ ਨਹੀਂ ਪਹੁੰਚਦਾ, ਇਹ ਬਹੁਤ ਹੀ ਗੰਭੀਰ ਵਿਸ਼ਾ ਹੈ। ਜਦੋਂ ਇਨ੍ਹਾਂ ਸਮੱਸਿਆਵਾਂ ਦਾ ਕੋਈ ਨਾ ਕੋਈ ਹੱਲ ਹੋਵੇਗਾ ਤਾਂ ਹੀ ਅਸੀਂ ਦੇਸ਼ ?ਵਿਕਾਸ ਦੀ ਲੀਹ ‘ਤੇ ਲਿਆ ਸਕਾਂਗੇ।
ਸੰਜੀਵ ਸਿੰਘ ਸੈਣੀ, ਮੋਹਾਲੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ