ਅੱਜ ਕਲਯੁੱਗ ਦੇ ਸਮੇਂ ‘ਚ ਵੀ, ਸਮੇਂ ਦੀ ਮਸ਼ਰੂਫ਼ੀਅਤ ਦੇ ਬਾਵਜੂਦ ਜਿੱਥੇ ਅਨੇਕਾਂ ਖੇਤਰਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਦਿਨ-ਰਾਤ ਕੰਮ ਕਰ ਰਹੀਆਂ ਹਨ, ਉੱਥੇ ਨਾ ਸਹਿਣਯੋਗ ਮਹਿੰਗਾਈ ਦੇ ਇਸ ਦੌਰ ਵਿੱਚ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਦਾ ਇੱਕ ਵੱਡਾ ਨੈਤਿਕ ਫਰਜ਼ ਇਹ ਵੀ ਬਣਦਾ ਹੈ ਕਿ ਸ਼ਾਦੀ-ਵਿਆਹ ‘ਤੇ ਮੋਟੀਆਂ ਰਕਮਾਂ ਖਰਚ ਕਰਨ, ਭੋਗ ਆਦਿ ਦੀ ਰਸਮ ‘ਤੇ ਪਹੁੰਚਣ ਵਾਲੇ ਰਿਸ਼ਤੇਦਾਰਾਂ ਤੋਂ ਇਲਾਵਾ ਅਫਸੋਸ ਕਰਨ ਆਏ ਹਰ ਆਮ-ਖਾਸ ਵਿਅਕਤੀ ਨੂੰ ਸਾਦਾ ਖਾਣਾ ਪਰੋਸਣ ਦੀ ਥਾਂ ਫਾਈਵ ਸਟਾਰ ਵਰਗੇ ਖਾਣੇ ਤੇ ਹੋਣ ਵਾਲੀਆਂ ਫਜੂਲ ਖਰਚੀਆਂ ਤੋਂ ਬਚਣ ਲਈ ਮੁਹੱਲਾ ਪੱਧਰ ‘ਤੇ ਛੋਟੇ-ਛੋਟੇ ਸੈਮੀਨਾਰ ਆਦਿ ਕਰਾ ਕੇ ਫਜ਼ੂਲ ਖਰਚੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਭਾਵੇਂ ਕਿ ਕਈ ਸੰਸਥਾਵਾਂ ਵੱਲੋਂ ਅਜਿਹੀਆਂ ਫਜੂਲ ਖਰਚੀਆਂ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਜਿਵੇਂ ਕਿ ਨੁੱਕੜ ਮੀਟਿੰਗਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ, ਫਲੈਕਸ ਬੋਰਡ ਲਾਉਣੇ ਆਦਿ, ਪਰ ਫਿਰ ਵੀ ਅਮਲ ਘੱਟ ਹੀ ਨਜ਼ਰ ਆਉਂਦਾ ਹੈ। (Show off)
ਸਾਡੇ ਭਾਰਤੀ ਤੇ ਖਾਸ ਤੌਰ ‘ਤੇ ਪੰਜਾਬੀ ਸੱਭਿਆਚਾਰ ‘ਚ ਮਿੱਠਾ ਜਾਂ ਮਠਿਆਈ ਖੁਸ਼ੀ ਸਮੇਂ ਸ਼ਗਨ ਦੇ ਤੌਰ ‘ਤੇ ਖੁਆਈ ਜਾਂਦੀ ਹੈ ਪਰ ਕਿੰਨੀ ਗਿਰਾਵਟ ਵਾਲੀ ਗੱਲ ਜਾਪਦੀ ਹੈ ਕਿ ਅੱਜ-ਕੱਲ੍ਹ ਮੌਤ ਉਪਰੰਤ ਹੋਣ ਵਾਲੀਆਂ ਭੋਗ ਦੀਆਂ ਰਸਮਾਂ ਸਮੇਂ ਸਰਦੇ-ਪੁੱਜਦੇ ਪਰਿਵਾਰਾਂ ਵੱਲੋਂ ਮਿੱਠੇ ਦੇ ਕਈ-ਕਈ ਤਰ੍ਹਾਂ ਦੇ ਅਤੇ ਆਮ ਪਰਿਵਾਰਾਂ ਵੱਲੋਂ ਇੱਕ-ਦੋ ਕਿਸਮ ਦੇ ਪਕਵਾਨ ਜਰੂਰ ਹੀ ਬਣਾਏ ਜਾਂਦੇ ਹਨ। ਹਰ ਵਰਗ ‘ਚ ਵਿਅਕਤੀ ਦੀ ਮੌਤ ਉਪਰੰਤ ਕੀਤੀਆਂ ਜਾਣ ਵਾਲੀਆਂ ਰਸਮਾਂ ਨੂੰ ਘੋਖ ਨਾਲ ਦੇਖਦਿਆਂ ਸਾਡੇ ਸਮਾਜ ਦਾ ਇੱਕ ਹੋਰ ਬਹੁਤ ਹੀ ਦੁਖਦਾਈ ਪਹਿਲੂ ਸਾਡੇ ਸਾਹਮਣੇ ਆਉਂਦਾ ਹੈ।
ਵਿਸ਼ੇਸ਼ ਕਰਕੇ ਕਿ ਹਿੰਦੂ ਅਤੇ ਸਿੱਖ ਸਮਾਜ ਦੇ ਲੋਕਾਂ ਵੱਲੋਂ ਰੱਖੇ ਜਾਂਦੇ ਭੋਗ ਸਮਾਗਮਾਂ ਉੱਪਰ ਦੇਖਣ ‘ਚ ਆਉਂਦਾ ਹੈ ਕਿ ਅਫਸੋਸ ਕਰਨ ਵਾਲੇ ਪਰਿਵਾਰ ਨਾਲ ਹਮਦਰਦੀ ਜਤਾਉਣ ਆਏ ਵਿਅਕਤੀ ਅਕਸਰ ਭੋਗ ਖਤਮ ਹੋਣ ਤੋਂ 10/15 ਮਿੰਟ ਪਹਿਲਾਂ ਹੀ ਪਹੁੰਚਦੇ ਹਨ ਤਾਂ ਜੋ ਆਪਣਾ ਚਿਹਰਾ ਦਿਖਾ ਸਕਣ। ਇਹ ਵੀ ਦੇਖਣ ‘ਚ ਆਉਂਦਾ ਹੈ ਕਿ ਪੰਡਾਲ ਵਿੱਚ ਅਫਸੋਸ ਜਤਾਉਣ ਆਏ ਪਰਿਵਾਰਕ ਰਿਸ਼ਤੇਦਾਰ ਤੇ ਦੋਸਤ-ਮਿੱਤਰ ਕਥਾ ਸੁਣਨ ਦੀ ਬਜਾਏ ਗੱਲਾਂ ਵਿੱਚ ਮਸ਼ਰੂਫ ਦੇਖੇ ਜਾਂਦੇ ਹਨ।
ਪੰਡਾਲ ‘ਚ ਬੈਠੇ ਔਰਤਾਂ ਤੇ ਮਰਦ ਚੁੱਪੀ ਨਾ ਧਾਰ ਸਕੇ | Show off
ਇੱਕ ਭੋਗ ‘ਤੇ ਜਾਣ ਦਾ ਮੌਕਾ ਮਿਲਿਆ ਤਾਂ ਕਥਾ ਸੁਣਾਉਣ ਆਏ ਪੰਡਿਤ ਜੀ ਅਤੇ ਸ਼ਰਧਾਂਜਲੀ ਭੇਂਟ ਕਰਨ ਵਾਲੇ ਸੱਜਣਾਂ ਵੱਲੋਂ ਬੈਠੀ ਸੰਗਤ ਨੂੰ ਵਾਰ-ਵਾਰ ਗੱਲਾਂ ਨਾ ਕਰਨ ਦਾ ਕਹਿਣ ਦੇ ਬਾਵਜੂਦ ਪੰਡਾਲ ‘ਚ ਬੈਠੇ ਔਰਤਾਂ ਤੇ ਮਰਦ ਚੁੱਪੀ ਨਾ ਧਾਰ ਸਕੇ। ਅਜਿਹਾ ਕੁਝ ਵਾਪਰਨ ਨਾਲ ਸਾਡਾ ਅਜੋਕਾ ਸਮਾਜ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ-ਦਸੇਰਾ ਨਹੀਂ ਬਣ ਸਕੇਗਾ। ਕੋਈ ਸਮਾਂ ਹੁੰਦਾ ਸੀ ਜਦੋਂ ਕਿਸੇ ਪਰਿਵਾਰ ਵਿੱਚ ਵਾਪਰੀ ਦੁਖਦਾਈ ਘਟਨਾ ‘ਤੇ ਹਰ ਕੋਈ ਬਣਦੀ ਜੰਮੇਵਾਰੀ ਨਿਭਾਉਂਦਾ ਦੇਖਿਆ ਜਾਂਦਾ ਸੀ ਪਰ ਅੱਜ ਸਾਡਾ ਸਮਾਜ ਤੇ ਅਸੀਂ ਖੁਦ ਆਪਣੀਆਂ ਪਰੰਪਰਾਵਾਂ ਨੂੰ ਭੁੱਲ ਤੇ ਬਣਦੀਆਂ ਜਿੰਮੇਵਾਰੀਆਂ ਦਰਕਿਨਾਰ ਕਰ ਸਿਰਫ਼ ਆਪਣੀ ਪੈਠ ਬਣਾਉਣ ਦੀ ਖਾਤਰ ਲੋਕ ਦਿਖਾਵੇ ਦੀ ਭੀੜ ਵਿੱਚ ਰੁਲ ਕੇ ਰਹਿ ਗਏ ਹਾਂ, ਜੋ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਸਮਾਜ ਦੀ ਨਵੀਂ ਪੌਦ ਲਈ ਚੰਗੇ ਸਿੱਟੇ ਨਿੱਕਲਣ ਵਾਲੀ ਗੱਲ ਨਜ਼ਰ ਨਹੀਂ ਆਉਂਦੀ।
ਉਂਜ ਤਾਂ ਅਸੀਂ ਆਪਣੇ ਸਮਾਜ ਦੇ ਗਰੀਬ ਵਰਗ ਦੇ ਪਰਿਵਾਰਾਂ ਦਾ ਸਿਰ ਢੱਕਣ ਲਈ ਮੱਦਦ ਕਰਨ ਵਿੱਚ ਆਪਣੀਆਂ ਮਜ਼ਬੂਰੀਆਂ ਜ਼ਾਹਿਰ ਕਰਦੇ ਹਾਂ ਪਰ ਫੋਕੀ ਸ਼ੋਹਰਤ ਹਾਸਲ ਕਰਨ ਲਈ ਅਨੇਕਾਂ ਰੁਪਏ ਫਜ਼ੂਲ ਖਰਚੀ ‘ਤੇ ਲੁਟਾਉਣ ਵਿੱਚ ਜ਼ਰਾ ਵੀ ਗੁਰੇਜ਼ ਨਹੀਂ ਕਰਦੇ। ਅਜਿਹੇ ਦਿਖਾਵੇ-ਸ਼ੋਹਰਤ ਤੇ ਆਪਣੀ ਨੱਕ ਬਚਾਉਣ ਲਈ ਜਨਮ-ਮਰਨ ਆਦਿ ਲਈ ਨਿਸ਼ਚਿਤ ਕੀਤੀਆਂ ਧਾਰਮਿਕ ਰਸਮਾਂ ‘ਤੇ ਕੀਤੇ ਖਰਚ ਕਿਸੇ ਵੀ ਸੂਰਤ ਵਿੱਚ ਰੱਬ ਨੂੰ ਖੁਸ਼ ਨਹੀਂ ਕਰ ਸਕਦੇ। ਅਕਸਰ ਕਿਸੇ ਵਿਅਕਤੀ ਵੱਲੋਂ ਗਰੀਬ ਲੋੜਵੰਦ ਦਾ ਸਿਰ ਢੱਕਣ ਲਈ ਬੰਦ ਮੁੱਠੀ ਕੀਤਾ ਦਾਨ ਪਰਮਾਤਮਾ ਦੀ ਹਾਜ਼ਰੀ ਵਿੱਚ ਆਪ-ਮੁਹਾਰੇ ਹੋ ਕੇ ਬੋਲੇਗਾ ਪਰ ਅਸੀਂ ਮ੍ਰਿਤਕ ਦੇਹ ‘ਤੇ ਪਾਉਣ ਵਾਲੀ ਚਾਦਰ ‘ਚ ਵੀ ਆਪਣਾ ਨਾਂਅ ਬੋਲਣ ਦੀ ਉਮੀਦ ਕਰਦੇ ਹਾਂ।
ਸਮਾਜ ਦਾ ਹਿੱਤ ਚਾਹੁੰਦੇ ਹਾਂ ਤਾਂ ਆਓ!
ਅੱਜ ਸਾਡੇ ਸਮਾਜ ਵਿੱਚ ਧਨਾਢ ਲੋਕਾਂ ਵੱਲੋਂ ਲੋਕ ਦਿਖਾਵੇ ਦਾ ਜੋ ਰਿਵਾਜ਼ ਅਪਣਾਇਆ ਜਾ ਰਿਹਾ ਹੈ ਉਸ ਨੂੰ ਖਤਮ ਕਰਨ ਲਈ ਨਾ ਸਹੀ ਪਰ ਘਟਾਉਣ ਦੇ ਮੰਤਵ ਨਾਲ ਸਾਰੀਆਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨੂੰ ਇੱਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਹੇਠਲੇ ਅਤੇ ਮੱਧ ਵਰਗੀ ਪਰਿਵਾਰ ਵੀ ਸਮਾਜ ਵਿੱਚ ਆਪਣਾ ਰੁਤਬਾ ਬਰਕਰਾਰ ਰੱਖ ਸਕਣ। ਜੇਕਰ ਅੱਜ ਅਸੀਂ ਸਮਾਜ ਦਾ ਹਿੱਤ ਚਾਹੁੰਦੇ ਹਾਂ ਤਾਂ ਆਓ! ਆਪਾਂ ਸਾਰੇ ਮਿਲ ਕੇ ਆਪਣਾ ਨੈਤਿਕ ਫਰਜ਼ ਤੇ ਜਿੰਮੇਵਾਰੀ ਸਮਝਦਿਆਂ ਮ੍ਰਿਤਕ ਦੇ ਪਰਿਵਾਰਾਂ ਦੇ ਦੁੱਖ ‘ਚ ਸ਼ਰੀਕ ਹੋ ਕੇ ਹਮਦਰਦੀ ਜਤਾਈਏ ਅਤੇ ਵਿਆਹ ਸ਼ਾਦੀਆਂ ਵਿੱਚ ਹੋਣ ਵਾਲੀ ਫਜ਼ੂਲ ਖਰਚੀ ਨੂੰ ਖਤਮ ਕਰਨ ਦਾ ਉਪਰਾਲਾ ਕਰਨ ਲਈ ਜਾਗਰੂਕ ਕਰੀਏ। ਮੌਤ ਸਮੇਂ ਸਾਨੂੰ ਮੁਸਲਿਮ ਸਮੁਦਾਏ ਤੋਂ ਸੇਧ ਲੈਣ ਦੀ ਲੋੜ ਹੈ।
ਇਹ ਵੀ ਪੜ੍ਹੋ : ਡੇਂਗੂ ਨੇ ਡਰਾਏ ਲੋਕ, ਸਰਕਾਰ ਕਹਿੰਦੀ ਅਸੀਂ ਪੂਰੀ ਤਰ੍ਹਾਂ ਤਿਆਰ…
ਜਿਸ ਵਿੱਚ ਮਰਨ ਵਾਲੇ ਵਿਅਕਤੀ ਦੇ ਪਰਿਵਾਰ ਦਾ ਦੁੱਖ ਵੰਡਾਉਣ ਲਈ ਤੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦਾ ਸਾਥ ਦੇਣ ਲਈ ਉਸ ਦੇ ਨੇੜੇ ਦੇ ਰਿਸ਼ਤੇਦਾਰਾਂ ਤੇ ਮੁਹੱਲੇਦਾਰਾਂ ਵੱਲੋਂ ਤਿੰਨ ਦਿਨ ਤੱਕ ਪਰਿਵਾਰ ਲਈ ਰੋਟੀ-ਪਾਣੀ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜੋ ਕਿ ਕਾਫੀ ਹੱਦ ਤੱਕ ਨੈਤਿਕ ਨਿਯਮਾਂ ਅਨੁਸਾਰ ਠੀਕ ਵੀ ਜਾਪਦਾ ਹੈ ਕਿਉਂਕਿ ਮਰਨ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਤਾਂ ਉਸ ਸਮੇਂ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ ਨਾ ਕਿ ਲੋਕਾਂ ਲਈ ਖਾਣੇ-ਪਾਣੀ ਦਾ ਪ੍ਰਬੰਧ ਕਰਨ ਦੀ। ਉਂਜ ਵੀ ਇਹ ਕਿਸ ਤਰ੍ਹਾਂ ਦੀ ਪਰੰਪਰਾ ਹੈ ਕਿ ਇੱਕ ਤਾਂ ਪਰਿਵਾਰ ਦਾ ਜੀਅ ਚਲਾ ਗਿਆ ਤੇ ਦੂਜਾ ਉਸ ਦੀਆਂ ਰਸਮਾਂ ਨੂੰ ਪੂਰਾ ਕਰਨ ਲਈ ਕਰਜਾ ਤੱਕ ਲੈਣਾ ਪਵੇ ਤੇ ਫੋਕੀ ਸ਼ੋਹਰਤ ਲਈ ਇੱਕ ਹੋਰ ਵਿਅਕਤੀ ਕਰਜ਼ਾਈ ਹੋ ਕੇ ਖੁਦਕੁਸ਼ੀ ਵੱਲ ਅੱਗੇ ਵਧੇ। ਇਹ ਕਿਸੇ ਵੀ ਤਰ੍ਹਾਂ ਉੱਚਿਤ ਨਹੀਂ।
ਮੁਹੰਮਦ ਬਸ਼ੀਰ, ਮਾਲੇਰਕੋਟਲਾ (ਸੰਗਰੂਰ)