ਮਨੁੱਖ ਦੇ ਨਾਲ-ਨਾਲ ਵਿਚਰਦੇ ਹਨ ਲੋਕ ਕਲਾ ਤੇ ਲੋਕ ਕਿੱਤੇ
ਉਪਜੀਵਕਾ ਅਤੇ ਮਾਨਸਿਕ ਸੰਤੁਸ਼ਟਤਾ ਦੀ ਤ੍ਰਿਪਤੀ ਮਾਨਵ ਦੀਆਂ ਮੂਲ ਬਿਰਤੀਆਂ ਹਨ। ਆਦਿ ਮਾਨਵ ਸਾਹਮਣੇ ਮੁੱਢ ਵਿੱਚ ਸਿਰਫ਼ ਪੇਟ ਦੀ ਭੁੱਖ ਮਿਟਾਉਣਾ ਹੀ ਵੱਡੀ ਜ਼ਰੂਰਤ ਸੀ, ਜਿਸ ਕਰਕੇ ਉਹ ਇੱਕ ਥਾਂ ਤੋਂ ਦੂਜੀ ਥਾਂ ਤੱਕ ਜੰਗਲਾਂ ਵਿੱਚ ਭਟਕਦਾ ਰਹਿੰਦਾ ਪਰ ਹੌਲੀ–ਹੌਲੀ ਮਨੁੱਖ ਦੀ ਚੇਤਨਾ ਨੇ ਵਿਕਾਸ ਕੀਤਾ ਤੇ ਇਹ ਇੱਕ ਲੋੜ ਤੋਂ ਛੁੱਟ ਵਧੇਰੀਆਂ ਜ਼ਰੂਰਤਾਂ ਤੱਕ ਫੈਲਣ ਲੱਗੀ। ਇਹ ਜ਼ਰੂਰਤਾਂ ਨਾ ਸਿਰਫ਼ ਸਮਾਜ ਦੇ ਵਿਕਾਸ ਵਿੱਚ ਹੀ ਸਹਾਇਕ ਹੋਈਆਂ ਬਲਕਿ ਇਨ੍ਹਾਂ ਨਾਲ ਨਵੇਂ ਕੰਮ-ਧੰਦੇ ਤੇ ਨਵਾਂ ਵਸਤੂ ਸੰਸਾਰ ਵੀ ਈਜ਼ਾਦ ਹੋਣ ਲੱਗਾ। ਸੋ ਆਦਿ ਮਾਨਵ ਦੇ ਨਿੱਤ ਦੇ ਕਾਰ-ਵਿਹਾਰ ਨੇ ਜਿੱਥੇ ਕੁਝ ਕੰਮਾਂ-ਕਾਰਾਂ ਨੂੰ ਜਨਮ ਦਿੱਤਾ ਉੱਥੇ ਇਨ੍ਹਾਂ ਵਿੱਚ ਸੁਹਜ਼ ਦੀ ਪ੍ਰਵਿਰਤੀ ਅਧੀਨ ਕਲਾ ਦੇ ਵਿਕਾਸ ਵਿੱਚ ਵੀ ਯੋਗਦਾਨ ਪਾਇਆ। ਇਹੀ ਕਾਰਜ ਸਮੇਂ ਨਾਲ ਪੀੜ੍ਹੀਓ-ਪੀੜ੍ਹੀ ਤੁਰਦੇ ਹੋਏ ਪਰੰਪਰਾ ਦਾ ਅੰਗ ਬਣਦੇ ਹੋਏ ‘ਲੋਕ ਕਲਾ’ ਤੇ ‘ਲੋਕ ਕਿੱਤੇ’ ਦੇ ਦਾਇਰੇ ਵਿੱਚ ਆਉਣ ਲੱਗੇ।
ਲੋਕ ਕਲਾ ਕਿਸੇ ਖਿੱਤੇ ਵਿੱਚ ਵੱਸਦੇ ਜਨ-ਸਮੂਹ ਦਾ ਉਹ ਸਾਂਝਾ ਹੁਨਰ ਹੁੰਦਾ ਹੈ ਜਿਸਨੂੰ ਸਮੇਂ ਦੇ ਵਿਕਾਸ ਨਾਲ ਲੋਕ ਮਾਨਸਿਕਤਾ ਦੀ ਪ੍ਰਵਾਨਗੀ ਪ੍ਰਾਪਤ ਹੋ ਗਈ ਹੋਵੇ। ਲੋਕ ਕਿੱਤੇ ਦਾ ਅਰਥ ਲੋਕਾਂ ਦੁਆਰਾ ਆਪਣੀ ਉਪਜੀਵਕਾ ਕਮਾਉਣ ਲਈ ਅਪਣਾਏ ਜਾਣ ਵਾਲੇ ਸ਼ਿਲਪ ਤੇ ਕਲਾ ਦੇ ਸੁਮੇਲਕ ਕਾਰਜਾਂ ਤੋਂ ਲਿਆ ਜਾਂਦਾ ਹੈ ਜੋ ਲੋਕਾਂ ਦੀ ਆਰਥਿਕਤਾ ਨਾਲ ਸਬੰਧਤ ਹੁੰਦੇ ਹਨ । ਇਹ ਵਿਸ਼ੇਸ਼ ਤੌਰ ‘ਤੇ ਪੇਸ਼ੇਵਰ ਜਾਤੀਆਂ ਦੁਆਰਾ ਕੀਤੇ ਜਾਂਦੇ ਹਨ। ਕਿਸੇ ਇੱਕ ਵਿਅਕਤੀ ਦੁਆਰਾ ਕੀਤੇ ਜਾਣ ‘ਤੇ ਵੀ ਇਹ ਸਮੂਹਿਕ ਸਿਰਜਣਾ ਦੀ ਭਾਵਨਾ ਰੱਖਦੇ ਹਨ । ਲੋਕ ਕਲਾ ਤੇ ਲੋਕ ਕਿੱਤੇ ਭਾਵੇਂ ‘ਉਪਯੋਗਤਾ’ ਤੇ ‘ਮਾਨਸਿਕ ਸੰਤੁਸ਼ਟੀ’ ਪੱਖੋਂ ਸਮਾਨ-ਅਰਥੀ ਲੱਗਦੇ ਪਰ ਇਨ੍ਹਾਂ ਵਿੱਚ ਵਿਸ਼ੇਸ਼ ਗੂੜ੍ਹੀ ਸਾਂਝ ਹੋਣ ਦੇ ਨਾਲ-ਨਾਲ ਵਖਰੇਵੇਂ ਦੇ ਅੰਸ਼ ਵੀ ਮੌਜੂਦ ਹਨ।
ਇਨ੍ਹਾਂ ਵਿੱਚ ਨਿਖੇੜਾ ਕਰਨਾ ਭਾਵੇਂ ਸੌਖਾ ਨਹੀਂ ਪਰ ਇਨ੍ਹਾਂ ਦੇ ਆਪਣੇ ਗੁਣਾਂ–ਲੱਛਣਾਂ ਦੇ ਆਧਾਰ ‘ਤੇ ਇਨ੍ਹਾਂ ਨੂੰ ਵਖਰਿਆਇਆ ਜਾ ਸਕਦਾ ਹੈ। ਲੋਕ ਕਲਾ ਦਾ ਮੂਲ ਮਨੋਰਥ ਜਿੱਥੇ ਮਾਨਵੀ ਅੰਤਰੀਵੀਂ ਭਾਵਨਾਵਾਂ ਨੂੰ ਆਵਾਜ਼ ਦੇਣਾ ਤੇ ਸੁਹਜ ਭੁੱਖ ਦੀ ਤ੍ਰਿਪਤੀ ਕਰਕੇ ਨਿਵੇਕਲੇ ਵਸਤ ਸੰਸਾਰ ਨੂੰ ਜਨਮ ਦੇਣਾ ਹੈ, ਉੱਥੇ ਲੋਕ ਕਿੱਤੇ ਦਾ ਸਬੰਧ ਵਧੇਰੇ ਕਰਕੇ ਉਪਜੀਵਕਾ ਕਮਾਉਣ ਤੇ ਚੰਗੇਰੇ ਜੀਵਨ ਨਿਰਬਾਹ ਲਈ ਵਸਤਾਂ ਦੀ ਪ੍ਰਾਪਤੀ ਦਾ ਵਸੀਲਾ ਕਰਨਾ ਹੈ। ਲੋਕ ਕਿੱਤਿਆਂ ਵਿੱਚ ਪੇਸ਼ੇਵਰ ਜਾਤੀਆਂ ਜੁਲਾਹਾ, ਘੁਮਿਆਰ, ਲੁਹਾਰ, ਸੁਨਿਆਰ, ਮੋਚੀ, ਤਰਖਾਣ, ਬਾਣੀਆ, ਬ੍ਰਾਹਮਣ ਦੀ ਭੂਮਿਕਾ ਪ੍ਰਤੱਖ ਹੁੰਦੀ ਹੈ ਜਦਕਿ ਲੋਕ ਕਲਾ ਕਈ ਵਾਰ ਅਣਗਿਣਤ ਜਾਤੀਆਂ ਨੂੰ ਆਪਣੇ ਵਿੱਚ ਸਮੋ ਕੇ ਵੀ ਇੱਕਸੁਰਤਾ ਬਖ਼ਸ਼ਦੀ ਹੈ।
ਬਣਤਰ ਅਤੇ ਪੇਸ਼ਕਾਰੀ ਦੋਹਾਂ ਦੇ ਖੇਤਰਾਂ ਨੂੰ ਨਿਰਧਾਰਤ ਕਰਦੀ ਹੈ। ਲੋਕ ਕਿੱਤੇ ਕਿਸੇ ਵਸਤ ਦੀ ਸਧਾਰਨ ਬਣਤਰ ਤੱਕ ਸੀਮਤ ਰਹਿੰਦੇ ਹਨ ਪਰ ਜਦ ਸਧਾਰਨ ਬਣਤਰ ਤੋਂ ਛੁੱਟ ਇਨ੍ਹਾਂ ਵਿੱਚ ਸੁੰਦਰਤਾ ਤੇ ਸੁਹਜਤਾ ਦੇ ਅੰਸ਼ ਜ਼ਾਹਿਰ ਕਰਕੇ ਪੇਸ਼ਕਾਰੀ ਕੀਤੀ ਜਾਂਦੀ ਹੈ ਤਾਂ ਇਹ ਲੋਕ ਕਲਾ ਦੇ ਨੇੜੇ ਚਲੇ ਜਾਂਦੇ ਹਨ । ਲੋਕ ਸਾਜ਼ ਬਣਾਉਣ (ਬਣਤਰ) ਅਤੇ ਲੋਕਸਾਜ਼ ਵਜਾਉਣ (ਪੇਸ਼ਕਾਰੀ) ਵਿੱਚ ਅਜਿਹਾ ਵਖਰੇਵਾਂ ਸਪੱਸ਼ਟ ਝਲਕਦਾ ਹੈ।
ਇਵੇਂ ਹੀ ਜੁਲਾਹੇ ਵੱਲੋਂ ਬੁਣੀ ਚਿੱਟੀ ਤਾਣੀ ਜਿੱਥੇ ਲੋਕ ਕਿੱਤੇ ਦੀ ਵੰਨਗੀ ਤੱਕ ਸੀਮਤ ਰਹਿੰਦੀ ਹੈ ਉੱਥੇ ਇਸੇ ਤਾਣੀ ਦੇ ਕੱਪੜੇ ਨੂੰ ਰੰਗ ਕੇ ਵੱਖ–ਵੱਖ ਰੰਗ–ਬਿਰੰਗੇ ਧਾਗਿਆਂ ਨਾਲ ਕੱਢੀ ਲਾਲ ਸੂਹੀ ‘ਫੁਲਕਾਰੀ’ ਲੋਕ ਕਲਾ ਦੀ ਵੰਨਗੀ ਵਿੱਚ ਸ਼ਾਮਲ ਹੋ ਜਾਂਦੀ ਹੈ। ਲੋਕ ਕਿੱਤੇ ਹੌਲੀ–ਹੌਲੀ ਸਮੇਂ ਦੇ ਵਹਾਅ ਰਾਹੀਂ ਕਲਾ ਨੂੰ ਧਾਰਨ ਕਰਦੇ ਹੋਏ ਆਪਣੀ ਮਿਸਾਲ ਆਪ ਬਣਾਉਂਦੇ ਹਨ।
ਪੰਜਾਬ ਦੇ ਲੋਕ ਕਿੱਤਿਆਂ ਵਿੱਚ ਮਰਦ ਦੀ ਭਾਗੀਦਾਰੀ ਵਧੇਰੇ ਰਹੀ ਹੈ ਕਿਉਂਕਿ ਪੰਜਾਬੀ ਜਨਜੀਵਨ ਦਾ ਆਰਥਿਕ ਪੱਖ ਮਰਦ ਨਾਲ ਸਬੰਧਤ ਹੈ ਪਰ ਔਰਤ ਦੀ ਭੂਮਿਕਾ ਵੀ ਨਾਲ ਰਹਿੰਦੀ ਹੈ। ਲੋਕ ਕਲਾ ਨੂੰ ਨਿਖ਼ਾਰਨ ਵਿੱਚ ਪੇਂਡੂ ਸੁਆਣੀ ਦੇ ਕਿਰਦਾਰ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਲੋਕ ਕਲਾ ਦੀਆਂ ਵੱਖ–ਵੱਖ ਵੰਨਗੀਆਂ ਉਸਾਰਨ ਤੇ ਇਸ ਵਿਚ ਸੁਹਜਾਤਮਕ ਰੰਗ ਭਰਨ ਵਿੱਚ ਔਰਤ ਦੀ ਭਰਪੂਰ ਪ੍ਰਤਿਭਾ ਦਾ ਹੀ ਹੱਥ ਹੈ। ਜਿਸਦੀ ਮਿਸਾਲ– ਫੁਲਕਾਰੀ, ਦਰੀਆਂ, ਨਾਲੇ, ਮੰਜੇ, ਪੀੜ੍ਹੀਆਂ, ਗੋਹਲੇ, ਹਾਰੇ, ਓਟੇ, ਬੋਹਟੇ, ਭੜੋਲੇ, ਭੜੋਲੀਆਂ ਆਦਿ ਹਨ। ਲੋਕ ਸਾਹਿਤ ਦੀ ਸਿਰਜਣਾ ਵਿੱਚ ਔਰਤ ਵਧੇਰੇ ਭਾਗੀਦਾਰ ਬਣਦੀ ਹੈ । ਲੋਕ ਕਲਾ ਜਿੱਥੇ ਸੁਹਜ ਤ੍ਰਿਪਤੀ ਦਾ ਮਾਤਰ ਸਾਧਨ ਹੈ, ਉੱਥੇ ਲੋਕ ਕਿੱਤੇ ਮਨੁੱਖੀ ਆਰਥਿਕਤਾ ਦੇ ਸੂਚਕ ਬਣਦੇ ਹਨ।
ਚਿੰਨ੍ਹ ਵਿਗਿਆਨਕ ਨਜ਼ਰੀਏ ਤੋਂ ਲੋਕ ਕਲਾ ਸਾਰਥਿਕਤਾ ਗ੍ਰਹਿਣ ਕਰਦੀ ਹੈ ਭਾਵ ਇਸਦੇ ਦਾਇਰੇ ਵਿੱਚ ਆਉਣ ਵਾਲੀਆਂ ਵੰਨਗੀਆਂ ਆਪਣੇ-ਆਪ ਵਿੱਚ ਕਿਸੇ ਰਹੱਸਮਈ ਚਿੰਨ੍ਹ ਸੰਸਾਰ ਨੂੰ ਸਮੋਈ ਬੈਠੀਆਂ ਹਨ। ਖ਼ਾਸ ਤੌਰ ‘ਤੇ ਲੋਕ ਚਿੱਤਰਕਾਰੀ ਦੇ ਸੰਦਰਭ ਵਿੱਚ ਵੇਖਿਆ ਜਾਵੇ ਤਾਂ ਕੰਧ ਚਿੱਤਰਾਂ ਦੇ ਬਹੁਤੇ ਨਮੂਨੇ ਚੁੱਪ ਰਹਿ ਕੇ ਵੀ ਬਹੁਤ ਸਾਰੇ ਚਿੰਨ੍ਹ ਨਾਲ ਆਪਣੀ ਮੂਕ ਆਵਾਜ਼ ਸੁਣਾ ਜਾਂਦੇ ਹਨ । ਕੰਧ ਤੇ ਬਣਾਇਆ ‘ਸਾਂਝੀ ਮਾਈ’ ਦਾ ਚਿੱਤਰ ਕੇਵਲ ਔਰਤ ਦੀ ਸ਼ਰਧਾ ਭਾਵਨਾ ਦਾ ਹੀ ਪ੍ਰਤੀਕ ਨਹੀਂ ਬਲਕਿ ਇਸਦੇ ਆਲੇ–ਦਆਲੇ ਵਾਪਰਦੇ ਪ੍ਰਾਕ੍ਰਿਤਕ ਵਰਤਾਰੇ ਮਨੁੱਖ ਦੀ ਸਮਾਜਿਕ, ਆਰਥਿਕ , ਧਾਰਮਿਕ ਆਦਿ ਦਸ਼ਾ ਨੂੰ ਵੀ ਉਲੀਕਦੇ ਹਨ। ਲੋਕ ਕਿੱਤੇ ਦਾ ਪੱਖ ਸਧਾਰਨ ਹੁੰਦਾ ਹੈ ਇਨ੍ਹਾਂ ਵਿੱਚ ਰੋਜ਼ੀ-ਰੋਟੀ ਦਾ ਮਸਲਾ ਜੁੜਿਆ ਹੋਣ ਕਾਰਨ ਭਾਵੇਂ ਇਹ ਲੋਕ ਕਲਾ ਵਾਂਗ ਵਧੇਰੇ ਚਿੰਨ੍ਹਾਤਮਕ ਨਹੀਂ ਹੁੰਦੇ ਪਰ ਫਿਰ ਵੀ ਕੁਝ ਹੁਨਰੀ ਕਾਰੀਗਰ ਇਨ੍ਹਾਂ ਜ਼ਰੀਏ ਆਪਣੀਆਂ ਇੱਛਾਵਾਂ, ਭਾਵਨਾਵਾਂ, ਸਧਰਾਂ ਆਦਿ ਨੂੰ ਜ਼ਰੂਰ ਉਲੀਕ ਦਿੰਦੇ ਹਨ ।
ਲੋਕ ਕਲਾ ਸਧਾਰਨ ਜਨਜੀਵਨ ਵਿੱਚ ਵਿਚਰਦਿਆਂ ਇੱਕ ਪੀੜ੍ਹੀ ਦੂਜੀ ਪੀੜ੍ਹੀ ਤੋਂ ਦੇਖਾ-ਦੇਖੀ ਜਲਦੀ ਗ੍ਰਹਿਣ ਕਰ ਲੈਂਦੀ ਹੈ ਕਿਉਂਕਿ ਇਹ ਸਧਾਰਨ ਲੋਕਾਂ ਦੀ ਪੈਦਾਵਾਰ ਹੁੰਦੀ ਹੈ, ਇਸ ਲਈ ਇਨ੍ਹਾਂ ਲਈ ਕਿਸੇ ਖ਼ਾਸ ਉਸਤਾਦੀ ਦੀ ਜ਼ਰੂਰਤ ਨਹੀਂ ਹੁੰਦੀ। ਇਸਦਾ ਸੰਬੰਧ ਤਾਂ ਸਿਰਫ਼ ਮਾਨਸਿਕ ਤ੍ਰਿਪਤੀ ਨਾਲ ਹੈ । ਲੋਕ ਕਿੱਤੇ ਦਾ ਮਸਲਾ ਰੋਜ਼ੀ–ਰੋਟੀ ਨਾਲ ਜੁੜਿਆ ਹੋਣ ਕਰਕੇ ਕਾਰੀਗਰ ਜਿੰਨਾ ਵਧੇਰੇ ਆਪਣੇ ਕਿੱਤੇ ਵਿੱਚ ਮੁਹਾਰਤ ਹਾਸਲ ਹੋਵੇਗਾ ਓਨਾ ਹੀ ਆਪਣੇ ਆਰਥਿਕ ਪੱਖ ਨੂੰ ਮਜ਼ਬੂਤ ਕਰ ਸਕੇਗਾ। ਇਸ ਲਈ ਆਪਣੇ ਕਾਰਜ ਵਿੱਚ ਹੁਨਰਮੰਦ ਹੋਣ ਲਈ ਲੋਕ ਕਿੱਤੇ ਵਿੱਚ ਉਸਤਾਦੀ–ਸ਼ਾਗਿਰਦੀ ਦੀ ਪਰੰਪਰਾ ਪ੍ਰਚੱਲਿਤ ਰਹਿੰਦੀ ਹੈ। ਪਿਉ ਦਾਦੇ ਤੋਂ ਸਿੱਖਣ ਤੋਂ ਇਲਾਵਾ ਤੋਂ ਇਹ ਕਿਸੇ ਨਿਪੁੰਨ ਕਾਰੀਗਰ ਨੂੰ ਉਸਤਾਦ ਧਾਰ ਕੇ ਵੀ ਸਿੱਖਿਆ ਜਾ ਸਕਦਾ ਹੈ।
ਚੰਗੇਰੀ ਸਿਰਜਨਾ ਮਾਨਵ ਨੂੰ ਰੋਜ਼ੀ ਦੇ ਰਾਹ ਵੱਲ ਲੈ ਜਾਂਦੀ ਹੈ। ਇਵੇਂ ਹੀ ਕਦੇ ‘ਲੋਕ ਕਲਾ’ ਨੂੰ ‘ਲੋਕ ਕਿੱਤਾ’ ਬਣਾ ਕੇ ਉਪਜੀਵਕਾ ਦਾ ਸਾਧਨ ਬਣਾ ਲਿਆ ਜਾਂਦਾ ਹੈ। ਲੋਕ ਗਾਇਕ ਅਜਿਹੇ ਅਰਥਾਂ ਦੀ ਮਿਸਾਲ ਹਨ। ਲੋਕਧਾਰਾ ਦਾ ਅਹਿਮ ਅੰਗ ਹੋਣ ਕਰਕੇ ਦੋਨੋਂ ਹੀ ‘ਪਰੰਪਰਾ’ ਵਿੱਚੋਂ ਪ੍ਰਾਪਤ ਵਰਤਾਰੇ ਹਨ। ਕਿਸੇ ਖਿੱਤੇ ਦੇ ਜਨ-ਸਮੂਹ ਦੇ ਸਮਾਜਿਕ ਅਤੇ ਸੱਭਿਆਚਾਰਕ ਵਰਤਾਰਿਆਂ ਦੀ ਦੋਨੋਂ ਹੀ ਪੇਸ਼ਕਾਰੀ ਕਰਦੇ ਹਨ। ਭਾਵ ਇਨ੍ਹਾਂ ਵਿੱਚ ਕਿਸੇ ਸਮਾਜ ਦੀ ਸਮੁੱਚੀ ਜੀਵਨ-ਜਾਂਚ ਰਚੀ ਹੁੰਦੀ ਹੈ। ਲੋਕ ਕਿੱਤਿਆਂ ਰਾਹੀਂ ਲੋਕ ਕਲਾ ਪ੍ਰਦਰਸ਼ਿਤ ਵੀ ਹੁੰਦੀ ਹੈ। ਲੋਕ ਮਾਨਸਿਕਤਾ ਦਾ ਬਿੰਬ ਦੋਨਾਂ ਵਿੱਚੋਂ ਝਲਕਦਾ ਹੈ । ਕਿਸੇ ਸਥਾਨ ਦੀ ਭੂਗੋਲਿਕ ਸਥਿਤੀ ਤੋਂ ਇਹ ਪ੍ਰਭਾਵਿਤ ਹੁੰਦੇ ਹਨ। ਸਿਰਜਣਾ ਦੋਨਾਂ ਵਰਤਾਰਿਆਂ ਦੀ ਵਿਹਾਰਕ ਸੱਚਾਈ ਹੈ ਜਿਹੜੀ ਨਿਵੇਕਲੇ ਵਸਤ ਸੰਸਾਰ ਨੂੰ ਜਨਮ ਦੇਣ ਦੇ ਨਾਲ ਉਪਯੋਗਤਾ ਦੀ ਸੱਚਾਈ ਰੱਖਦੀ ਹੈ। ਬਹੁਤ ਸਾਰੇ ਲੋਕ ਕਿੱਤੇ ਜੋ ਜ਼ਿਆਦਾਤਰ ਲੋਕ ਮਨੋਰੰਜਨ ਨਾਲ ਸਬੰਧਤ ਹਨ, ਲੋਕ ਕਲਾ ਦੇ ਵਧੇਰੇ ਨੇੜੇ ਹੋ ਜਾਂਦੇ ਹਨ ਜਿਵੇਂ –ਬਾਜ਼ੀਗਰ, ਨਟ, ਮਰਾਸੀ ਆਦਿ ਦੇ ਲੋਕ ਕਿੱਤੇ।
ਸੋ ਸਪੱਸ਼ਟ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ‘ਲੋਕ ਕਲਾ’ ਤੇ ‘ਲੋਕ ਕਿੱਤੇ’ ਦਾ ਵਖਰੇਵਾਂ ਸਮਝਣਾ ਮੁਸ਼ਕਲ ਹੈ ਪਰ ਇਨ੍ਹਾਂ ਵਿੱਚ ‘ਦਿਲ’ ਤੇ ‘ਦਿਮਾਗ’ ਦੀ ਵਿਚਾਰਧਾਰਾ ਵਾਲਾ ਸੰਕਲਪ ਛੁਪਿਆ ਹੋਇਆ ਹੈ। ਲੋਕ ਕਲਾ ਜਿੱਥੇ ਮਨੁੱਖੀ ਭਾਵ-ਤਰੰਗਾਂ ਦਾ ਖੁੱਲ੍ਹਾ ਪ੍ਰਗਟਾਵਾ ਹੈ, ਉੱਥੇ ‘ਲੋਕ ਕਿੱਤਾ’ ਸਿਰਫ਼ ਬਣਤਰ ਸਮੱਗਰੀ ਤੱਕ ਸੀਮਤ ਹੈ। ਲੋਕ ਕਲਾ ਦੀ ਕੋਈ ਵਿਸ਼ੇਸ਼ ਬਣਤਰ ਤੇ ਅੰਤ ਨਹੀਂ ਹਾਲਾਂਕਿ ਲੋਕ ਕਿੱਤੇ ਵਿੱਚ ਸਮੁੱਚੀ ਬਣਤਰ ਉੱਤੇ ਪੂਰਾ ਜ਼ੋਰ ਦਿੱਤਾ ਜਾਂਦਾ ਹੈ। ਭਾਵ ਨਿਸ਼ਚਿਤ ਹੀ ਵਿਖਾਈ ਜਾਣ ਵਾਲੀ ਕੋਈ ਬਣਤਰ ਬਣਦੀ ਹੈ, ਜਿਸਨੂੰ ਨਾਪਿਆ-ਤੋਲਿਆ ਜਾ ਸਕਦਾ ਹੈ।
ਲੋਕ ਕਿੱਤੇ ਵਿੱਚ ਕਿਸੇ ਵੰਨਗੀ ਦੀ ਦਿਮਾਗੀ ਸੂਝ–ਬੂਝ ਨਾਲ ਫਿਰ ਤੋਂ ਕਿਸੇ ਬਨਾਵਟੀ ਕਿਰਤ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਲੋਕ ਕਲਾ ਵਾਂਗ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਨਾਲ–ਨਾਲ ਇਹ ਲੋਕ ਮਨ ਵਿੱਚ ਨਵੇਂ ਭਾਵਾਂ ਨੂੰ ਪੈਦਾ ਕਰਦਾ ਹੈ। ਲੋਕ ਕਿੱਤਾ ਨਿਰੰਤਰ ਅਭਿਆਸ ਅਤੇ ਧਿਆਨ ਦੀ ਮੰਗ ਨਾਲ ਸਿਖ਼ਰਾਂ ਛੂੰਹ ਸਕਦਾ ਹੈ। ਲੋਕ ਕਲਾ ‘ਦਿਲ ਅਤੇ ਆਤਮਾ’ ਦੀ ਤਸਵੀਰ ਹੈ ਜੋ ਸੁਹਜ ਭਰਪੂਰ ਹੋਣ ਕਾਰਨ ਮਾਨਵੀ ਇੱਛਾਵਾਂ, ਰੀਝਾਂ, ਭਾਵਾਂ ਆਦਿ ਨੂੰ ਆਪਣੇ ਵਿੱਚ ਜ਼ਜ਼ਬ ਕਰਕੇ ਪ੍ਰਤੀਕਮਈ ਹੋ ਨਿੱਬੜਦੀ ਹੈ
ਜੂਨੀਅਰ ਰਿਸਰਚ ਫੈਲੋ.,
ਪੰਜਾਬੀ ‘ਵਰਸਿਟੀ ਪਟਿਆਲਾ
ਮੋ. 98888-70822
ਜਸਵੰਤ ਕੌਰ ਮਣੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ