ਵੱਖ ਵੱਖ ਵਿਅਕਤੀਆਂ ਨੂੰ ਲਾਇਆ ਲੱਖਾਂ ਦਾ ਚੂਨਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਨੇ ਇੱਕ ਜਾਅਲੀ ਥਾਣੇਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਭੋਲੇ ਭਾਲੇ ਲੋਕਾਂ ਨਾਲ ਪਿਛਲੇ ਕਾਫੀ ਸਮੇਂ ਤੋਂ ਠੱਗੀਆਂ ਮਾਰ ਰਿਹਾ ਸੀ। ਇਸ ਤੋਂ ਇਲਾਵਾ ਉਸ ਕੋਲੋਂ ਇੱਕ ਨਕਲੀ 9 ਐਮਐਮ ਪਿਸਟਲ ਅਤੇ ਇੱਕ ਤੋਲੇ ਦੀ ਚੈਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਾਕਾਰੀ ਦਿੰਦਿਆਂ ਪਟਿਆਲਾ ਸਿਟੀ ਦੇ ਡੀਐਸਪੀ ਹੇਮੰਤ ਸ਼ਰਮਾ ਨੇ ਦੱਸਿਆ ਕਿ ਇੰਸਪੈਕਟਰ ਹਰਮਨਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਕੋਤਵਾਲੀ ਨੇ ਰਵੀ ਬਾਂਸਲ ਪੁੱਤਰ ਮਹਾਵੀਰ ਪ੍ਰਸਾਦ ਵਾਸੀ ਖਨੋਰੀ ਜ਼ਿਲ੍ਹਾ ਸੰਗਰੂਰ ਹਾਲ ਵਾਸੀ ਆਦਰਸ ਕਲੋਨੀ ਨੇੜੇ ਥਾਪਰ ਕਾਲਜ ਪਟਿਆਲਾ ਨੂੰ ਬੂਲਟ ਮੋਟਰਸਾਇਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਰਵੀ ਬਾਂਸਲ ਕਰੀਬ ਇੱਕ ਮਹੀਨੇ ਤੋਂ ਪਟਿਆਲਾ ਸ਼ਹਿਰ ਵਿੱਚ ਭੋਲੇ ਭਾਲੇ ਲੋਕਾਂ ਅਤੇ ਦੁਕਾਨਦਾਰਾਂ ਤੋਂ ਆਪਣੇ-ਆਪ ਨੂੰ ਥਾਣੇਦਾਰ ਲੱਗਿਆ ਦੱਸ ਕੇ ਠੱਗੀਆਂ ਮਾਰ ਰਿਹਾ ਸੀ। ਉਸ ਨੇ ਕਬੂਲ ਕੀਤਾ ਕਿ ਪਿਛਲੇ ਕੁੱਝ ਸੁਨਿਆਰੇ ਪਾਸੋ ਸੋਨੇ ਦੀਆਂ ਚੈਨਾਂ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਦੁਕਾਨਦਾਰਾਂ ਨੂੰ ਫਰਜੀ ਚੈੱਕ ਦੇ ਖਰੀਦ ਕੀਤੀਆਂ ਸਨ। ਇਨ੍ਹਾਂ ਵਿੱਚੋਂ ਚਾਰ ਚੈਨੀਆਂ ਕਰੀਬ ਸਵਾ-ਸਵਾ ਤੋਲਾ, ਇੱਕ ਛਾਪ ਉਸਦੇ ਕਿਰਾਏ ਵਾਲੇ ਪੀਜੀ ਦੇ ਕਮਰੇ ਵਿੱਚ ਲੁਕਾ ਕੇ ਰੱਖੀ ਗਈ ਸੀ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਨੇ ਦੀਵਾਲੀ ਤੋਂ ਪਹਿਲਾ ਸ਼ਰਾਬ ਦੇ ਵੱਖ-ਵੱਖ ਠੇਕੇਦਾਰਾਂ ਤੋਂ ਤਿੰਨ ਲੱਖ 50 ਹਜ਼ਾਰ ਰੁਪਏ ਦੀ ਸ਼ਰਾਬ ਦੀ ਠੱਗੀ ਮਾਰ ਕੇ ਲੈ ਗਿਆ। ਜੋ ਇਸ ਨੇ ਵੱਖ-ਵੱਖ ਵਿਅਕਤੀਆਂ ਨੂੰ ਅੱਧੇ ਰੇਟ ’ਤੇ ਵੇਚ ਦਿੱਤੀ। ਇਸ ਤੋਂ ਇਲਾਵਾ ਰਵੀ ਬਾਂਸਲ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਉਸਨੇ ਪਾਤੜਾਂ ਵਿਖੇ ਰੇਤੇ ਬੱਜਰੀ ਦੀ ਦੁਕਾਨ ਤੋਂ ਹੇਰਾਫੇਰੀ ਨਾਲ ਰੇਤਾਂ ਅਤੇ ਹੋਰ ਸਮਾਨ ਮੰਗਵਾ ਲਿਆ ਸੀ, ਜਿਸ ਸਬੰਧੀ ਉਸਦੇ ਵਿਰੁੱਧ ਥਾਣਾ ਪਾਤੜਾਂ ਵਿਖੇ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਹੋਰ ਪੁੱਛਗਿੱਛ ਜਾਰੀ ਹੈ ਅਤੇ ਕੱਲ ਨੂੰ ਉਸ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ