ਸ਼ਰਾਬ ‘ਤੇ ਪਾਬੰਦੀ ਬਾਰੇ ਪਾਰਟੀਆਂ ਚੁੱਪ
ਪੰਜਾਬ ‘ਚ ਸ਼ਰਾਬ ਦੇ ਕਹਿਰ ਨਾਲ 60 ਤੋਂ ਵੱਧ ਮੌਤਾਂ ਹੋ ਗਈਆਂ ਹਨ ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਨੇ ਵੀ ਆਪਣੇ-ਆਪਣੇ ਪੱਤੇ ਖੇਡਣੇ ਸ਼ੁਰੂ ਕਰ ਦਿੱਤੇ ਹਨ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਆਨ ਆਉਣੇ ਸ਼ੁਰੂ ਹੋ ਗਏ ਅਕਾਲੀ ਦਲ ਦੇ ਪ੍ਰਧਾਨ ਨੇ ਤਾਂ ਇਲਾਕੇ ਦਾ ਦੌਰਾ ਸ਼ੁਰੂ ਕਰ ਦਿੱਤਾ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇੱਕ ਵੀ ਪਾਰਟੀ ਸ਼ਰਾਬ ‘ਤੇ ਪਾਬੰਦੀ ਦੀ ਮੰਗ ਨਹੀਂ ਕਰ ਰਹੀ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਵਿਰੋਧੀ ਪਾਰਟੀਆਂ ਵੱਲੋਂ ਸਿਰਫ਼ ਇਹੀ ਮੁੱਦਾ ਉਠਾਇਆ ਜਾ ਰਿਹਾ ਸੀ ਕਿ ਸਰਕਾਰ ਦੇ ਕੁਝ ਮੰਤਰੀਆਂ ਨੇ ਘਪਲੇਬਾਜ਼ੀ ਕੀਤੀ ਹੈ
ਜਿਸ ਨਾਲ ਸ਼ਰਾਬ ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਨੂੰ ਰਗੜਾ ਲੱਗਾ ਹੈ ਸਾਰੇ ਵਿਰੋਧੀਆਂ ਦੀ ਸੁਰ ਇੱਕੋ ਹੀ ਸੀ ਕਿ ਪੰਜਾਬ ਨੂੰ ਸ਼ਰਾਬ ਤੋਂ ਭਾਰੀ ਕਮਾਈ ਹੋ ਸਕਦੀ ਸੀ ਜੇਕਰ ਭ੍ਰਿਸ਼ਟਾਚਾਰ ਨਾ ਹੋਵੇ ਕਈ ਸਿਆਸੀ ਆਗੂ ਤਾਂ ਸ਼ਰਾਬ ਦੀ ਕਮਾਈ ਲਈ ਤਾਮਿਲਨਾਡੂ ਵਰਗੇ ਸੂਬਿਆਂ ਦਾ ਪੈਟਰਨ ਅਪਣਾਉਣ ਦੀ ਹਮਾਇਤ ਕਰ ਰਹੇ ਸਨ ਜਿਹੜੇ ਸੂਬੇ ‘ਚ ਸ਼ਰਾਬ ਨੂੰ ਕਮਾਈ ਦਾ ਇੰਨਾ ਵੱਡਾ ਸਾਧਨ ਸਮਝ ਲਿਆ ਜਾਵੇ ਉੱਥੇ ਤਬਾਹੀ ਤਾਂ ਫ਼ਿਰ ਹੋਣੀ ਹੀ ਹੁੰਦੀ ਹੈ
ਭਾਵੇਂ ਇਹ ਸਰਕਾਰ ਦੀ ਮਨਜ਼ੂਰੀ ਨਾਲ ਵਿਕ ਰਹੀ ਸ਼ਰਾਬ ਨਾਲ ਹੋਵੇ ਜਾਂ ਮਨਜ਼ੂਰੀ ਤੋਂ ਬਿਨਾ ਤਬਾਹੀ ਠੇਕਿਆਂ ‘ਤੇ ਵਿਕਣ ਵਾਲੀ ਸ਼ਰਾਬ ਵੀ ਕਰ ਰਹੀ ਹੈ ਤਕਨੀਕੀ ਸ਼ਬਦ ‘ਚ ਨਕਲੀ ਸ਼ਰਾਬ ਕਹੀ ਜਾਣ ਵਾਲੀ ਸ਼ਰਾਬ ਇੱਕ ਦਿਨ ‘ਚ ਕਹਿਰ ਵਰਤਾਅ ਦੇਂਦੀ ਹੈ ਤੇ ਠੇਕਿਆਂ ‘ਤੇ ਵਿਕਣ ਵਾਲੀ ਸ਼ਰਾਬ ਹੌਲੀ-ਹੌਲੀ ਮਾਰਦੀ ਹੈ ਕਿਸੇ ਵੀ ਪਾਰਟੀ ਨੇ ਕਦੇ ਇਹ ਨਹੀਂ ਸੋਚਿਆ ਕਿ ਪੰਜਾਬੀਆਂ ਨੂੰ ਸ਼ਰਾਬ ਦੀ ਆਦਤ ਤੋਂ ਛੁਟਕਾਰਾ ਦਿਵਾਇਆ ਜਾਵੇ ਇਹ ਵੀ ਤਾਂ ਵਿਚਾਰਨ ਵਾਲਾ ਮਸਲਾ ਹੈ ਕਿ ਇੱਕ ਹੀ ਸਰਕਾਰ ਦਾ ਸਿਹਤ ਵਿਭਾਗ ਸ਼ਰਾਬ ਨੂੰ ਖ਼ਤਰਾ ਮੰਨਦਾ ਹੈ ਤੇ ਦੂਜਾ ਵਿਭਾਗ (ਆਬਕਾਰੀ) ਸ਼ਰਾਬ ਦੀ ਵਿੱਕਰੀ ਨਾਲ ਹੋ ਰਹੀ ਕਮਾਈ ਨੂੰ ਸਰਕਾਰ ਦੀ ਉਪਲੱਬਧੀ ਦੱਸਦਾ ਹੈ
ਇੱਕ ਸਰਕਾਰ ਦੀਆਂ ਸ਼ਰਾਬ ਬਾਰੇ ਦੋ ਨੀਤੀਆਂ ਸਰਕਾਰ ਦੇ ਸਿਹਤ ਸਬੰਧੀ ਦਾਅਵੇ ਦੀ ਪੋਲ ਖੋਲ੍ਹਦੀਆਂ ਹਨ ਤਾਜ਼ਾ ਵਾਪਰੀ ਘਟਨਾ ਦੇ ਮਾਮਲੇ ‘ਚ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਪਰ ਲੋਕਾਂ ਨੂੰ ਸ਼ਰਾਬ ਦੀ ਲਤ ‘ਚ ਲਾਈ ਰੱਖਣ ਲਈ ਕਿਸ ਦੀ ਜ਼ਿੰਮੇਵਾਰੀ ਹੈ ਇਸ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਜਿਹੜੀ ਚੀਜ ਸਿਹਤ ਲਈ ਖ਼ਤਰਨਾਕ ਹੈ ਉਸ ਨੂੰ ਵੇਚਣ ਲਈ ਇਹ ਤਰਕ ਦੇਣਾ ਕਿ ਸ਼ਰਾਬ ਪੀਣੀ ਕਿਸੇ ਦੀ ਮਰਜ਼ੀ ‘ਤੇ ਨਿਰਭਰ ਕਰਦਾ ਹੈ
ਹਜ਼ਮ ਨਹੀਂ ਹੁੰਦਾ ਸਾਰੀਆਂ ਪਾਰਟੀਆਂ ਨੂੰ ਇਹ ਤਾਂ ਦੱਸਣ ਦੀ ਖੇਚਲ ਕਰਨੀ ਚਾਹੀਦੀ ਹੈ ਕਿ ਆਖ਼ਰ ਪੰਜਾਬ ‘ਚ ਸ਼ਰਾਬ ਦੀ ਵਿੱਕਰੀ ਕਿਉਂ ਜ਼ਰੂਰੀ ਹੈ ਸਿਹਤ ਲੋਕਾਂ ਦਾ ਬੁਨਿਆਦੀ ਮੁੱਦਾ ਹੈ ਤੇ ਇਸ ਸਬੰਧੀ ਸਰਕਾਰ ਤਕਨੀਕੀ ਸ਼ਬਦਾਂ ਦੇ ਹੇਰਫੇਰ ਨਾਲ ਬਚ ਨਹੀਂ ਸਕਦੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ