-ਪੰਜ ਸਾਲ ਦੀ ਸੀਬੀਆਈ ਜਾਂਚ ਅਤੇ ਪੰਜਾਬ ਪੁਲਿਸ ਦੀ ਜਾਂਚ ‘ਚ ਕਿੱਧਰੇ ਨਹੀਂ ਆਇਆ ਸੀ ਗੁਰੂ ਜੀ ਦਾ ਨਾਮ
-ਪੁਲਿਸ ਨੇ ਬੇਕਸੂਰ ਸ਼ਰਧਾਲੂਆਂ ‘ਤੇ ਥਰਡ ਡਿਗਰੀ ਦੇ ਜ਼ੁਲਮ ਨੂੰ ਵੀ ਪਾਈ ਮਾਤ
ਚੰਡੀਗੜ੍ਹ, 13 ਜੁਲਾਈ। ਪੰਜਾਬ ‘ਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ‘ਚ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਜਾਂਚ ਕਰ ਰਹੀ ਹੈ ਅਤੇ ਏਜੰਸੀ ਡੇਰਾ ਸ਼ਰਧਾਲੂਆਂ ਦੇ ਬੇਗੁਨਾਹ ਹੋਣ ਸਬੰਧੀ ਆਪਣੀ ਰਿਪੋਰਟ ਮਾਣਯੋਗ ਸੀਬੀਆਈ ਅਦਾਲਤ ਮੋਹਾਲੀ ‘ਚ ਪੇਸ਼ ਕਰ ਚੁੱਕੀ ਹੈ। ਇਸ ਮਾਮਲੇ ‘ਚ ਪੰਜਾਬ ਪੁਲਿਸ ਦੀ ਸਪੈਸ਼ਲ ਜਾਂਚ ਟੀਮ (ਸਿੱਟ) ਵੱਲੋਂ ਮਾਮਲੇ ਦੀ ਵੱਖਰੀ ਜਾਂਚ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਡੇਰਾ ਸ਼ਰਧਾਲੂਆਂ ਦੇ ਐਡਵੋਕੇਟ ਵਿਵੇਕ ਕੁਮਾਰ, ਐਡਵੋਕੇਟ ਕੇਵਲ ਬਰਾੜ ਤੇ ਪੰਜਾਬ ਸਟੇਟ ਕਮੇਟੀ ਮੈਂਬਰ ਹਰਚਰਨ ਸਿੰਘ ਨੇ ਅੱਜ ਇੱਥੇ ਪ੍ਰੈੱਸ ਕਲੱਬ (Dera Sacha Sauda Press Conference) ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਐਡਵੋਕੇਟ ਵਿਵੇਕ ਕੁਮਾਰ ਨੇ ਆਖਿਆ ਕਿ ਸੀਬੀਆਈ ਪਿਛਲੇ ਪੰਜ ਸਾਲਾਂ ਤੋਂ 2015 ‘ਚ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਬਰਗਾੜੀ ਇਲਾਕੇ ‘ਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦੀ ਚੋਰੀ, ਬਰਗਾੜੀ ‘ਚ ਬੇਅਦਬੀ ਦੇ ਪੋਸਟਰ ਲੱਗਣੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰਨ ਸਮੇਤ ਤਿੰਨਾਂ ਮਾਮਲਿਆਂ ਦੀ ਜਾਂਚ ਕਰ ਰਹੀ ਸੀ। ਐਡਵੋਕੇਟ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਮਹਿੰਦਰਪਾਲ ਬਿੱਟੂ, ਸ਼ਕਤੀ ਸਿੰਘ, ਸੁਖਜਿੰਦਰ ਸਿੰਘ ਸੰਨੀ ਨੂੰ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ‘ਚ ਕਦੇ ਗ੍ਰਿਫ਼ਤਾਰ ਕੀਤਾ ਹੀ ਨਹੀਂ ਸੀ।
ਪੁਲਿਸ ਨੇ 2018 ‘ਚ ਇਨ੍ਹਾਂ ਵਿਅਕਤੀਆਂ ਨੂੰ ਮੋਗਾ ਅਤੇ ਸਮਾਲਸਰ ਥਾਣੇ ‘ਚ ਦਰਜ ਬੱਸਾਂ ਸਾੜਨ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰਕੇ ਇਨ੍ਹਾਂ ‘ਤੇ ਥਰਡ ਡਿਗਰੀ ਤੋਂ ਵੀ ਵੱਧ ਤਸ਼ੱਦਦ ਢਾਹਿਆ। ਬੱਸਾਂ ਸਾੜਨ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਮਹਿੰਦਰਪਾਲ ਬਿੱਟੂ ਤੋਂ ਧੱਕੇ ਨਾਲ ਬੇਅਦਬੀ ਮਾਮਲਿਆਂ ‘ਚ 164 ਦੇ ਤਹਿਤ ਬਿਆਨ ਲਿਖਵਾ ਲਏ। ਇਸ ਤੋਂ ਸਪੱਸ਼ਟ ਹੈ ਕਿ ਪੁਲਿਸ ਕਿਸੇ ਸਾਜਿਸ਼ ਦੇ ਤਹਿਤ ਬੱਸਾਂ ਦੇ ਮਾਮਲੇ ਦੇ ਬਹਾਨੇ ਗ੍ਰਿਫ਼ਤਾਰੀਆਂ ਕਰਕੇ ਬੇਅਦਬੀ ਦੇ ਮਾਮਲੇ ਦੀ ਮਨਘੜ੍ਹਤ ਕਹਾਣੀ ਘੜਨ ‘ਚ ਜੁਟੀ ਹੋਈ ਸੀ।
ਸੀਬੀਆਈ ਨੇ 2019 ‘ਚ ਡੇਰਾ ਸ਼ਰਧਾਲੂਆਂ ਦੀ ਬੇਗੁਨਾਹੀ ‘ਤੇ ਮੋਹਰ ਲਾਈ
ਓਧਰ ਸੀਬੀਆਈ ਨੇ ਮਹਿੰਦਰਪਾਲ ਬਿੱਟੂ, ਸ਼ਕਤੀ ਸਿੰਘ ਤੇ ਸੁਖਜਿੰਦਰ ਸਿੰਘ ਸੰਨੀ ਨੂੰ ਪੰਜਾਬ ਪੁਲਿਸ ਦੀ ਹਿਰਾਸਤ ‘ਚੋਂ ਪ੍ਰੋਡਕਸ਼ਨ ਵਰੰਟ ‘ਤੇ ਲੈ ਕੇ ਇਸ ਮਾਮਲੇ ‘ਚ ਲੰਮੀ-ਚੌੜੀ ਜਾਂਚ ਕੀਤੀ ਅਤੇ ਮਾਮਲੇ ਦੇ ਹਰ ਪਹਿਲੂ ਨੂੰ ਬੜੀ ਬਾਰੀਕੀ ਨਾਲ ਪਰਖਿਆ। ਏਜੰਸੀ ਨੇ ਇਲਾਕੇ ਦੀਆਂ ਪੰਚਾਇਤਾਂ ਦੇ ਬਿਆਨ ਦਰਜ ਕਰਨ ਦੇ ਨਾਲ-ਨਾਲ ਮਹਿੰਦਰ ਪਾਲ ਬਿੱਟੂ ਸਮੇਤ ਕਈ ਡੇਰਾ ਸ਼ਰਧਾਲੂਆਂ ਦੇ ਫਿੰਗਰ ਪ੍ਰਿੰਟ, ਪੋਲੀਗ੍ਰਾਫ਼ ਟੈਸਟ, ਲਾਈਡਿਟੈਕਟਰ ਟੈਸਟ ਅਤੇ ਬਰੇਨ ਮੈਪਿੰਗ ਸਮੇਤ ਹਰ ਤਰ੍ਹਾਂ ਦੀ ਵਿਗਿਆਨਕ ਜਾਂਚ ਕੀਤੀ। ਇਸ ਤੋਂ ਇਲਾਵਾ ਦੂਜੀਆਂ ਸ਼ਿਕਾਇਤਕਰਤਾ ਧਿਰ ਦੇ ਵਿਅਕਤੀਆਂ ਦੀ ਵੀ ਇਹੀ ਜਾਂਚ ਕੀਤੀ। ਸੀਬੀਆਈ ਦੋਵਾਂ ਧਿਰਾਂ ਦੀ ਜਾਂਚ ਕਰਕੇ ਇਸ ਨਤੀਜੇ ‘ਤੇ ਪਹੁੰਚੀ ਕਿ ਡੇਰਾ ਸ਼ਰਧਾਲੂਆਂ ਦਾ ਇਨ੍ਹਾਂ ਮਾਮਲਿਆਂ ‘ਚ ਕੋਈ ਹੱਥ ਨਹੀਂ ਹੈ। ਅਖੀਰ ਸੀਬੀਆਈ ਨੇ 2019 ‘ਚ ਮਾਣਯੋਗ ਸੀਬੀਆਈ ਅਦਾਲਤ ਮੋਹਾਲੀ ‘ਚ ਕਲੋਜਰ ਰਿਪੋਰਟ ਪੇਸ਼ ਕਰਕੇ ਡੇਰਾ ਸ਼ਰਧਾਲੂਆਂ ਦੀ ਬੇਗੁਨਾਹੀ ‘ਤੇ ਮੋਹਰ ਲਾਈ।
ਕੋਈ ਵੀ ਹੋਰ ਏਜੰਸੀ ਬਰਾਬਰ ਕਿਸੇ ਵੀ ਮਾਮਲੇ ਦੀ ਜਾਂਚ ਨਹੀਂ ਕਰ ਸਕਦੀ : ਐਡਵੋਕੇਟ ਬਰਾੜ
ਐਡਵੋਕੇਟ ਕੇਵਲ ਬਰਾੜ ਨੇ ਆਖਿਆ ਕਿ ਜਦੋਂ ਤੱਕ ਸੀਬੀਆਈ ਜਾਂਚ ਕਰ ਰਹੀ ਹੈ ਉਦੋਂ ਤੱਕ ਕੋਈ ਵੀ ਹੋਰ ਏਜੰਸੀ ਬਰਾਬਰ ਕਿਸੇ ਵੀ ਮਾਮਲੇ ਦੀ ਜਾਂਚ ਨਹੀਂ ਕਰ ਸਕਦੀ। ਦੇਸ਼ ਦੇ ਕਾਨੂੰਨ ਮੁਤਾਬਿਕ ਦੋ ਜਾਂਚ ਏਜੰਸੀਆਂ ਦੀ ਇਕੱਠੀ ਜਾਂਚ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਨੀਅਤ ਉਸ ਵੇਲੇ ਸ਼ੱਕੀ ਬਣ ਜਾਂਦੀ ਹੈ ਜਦੋਂ ਬੇਅਦਬੀ ਵਰਗੇ ਇੱਕ ਵੱਡੇ ਮਾਮਲੇ ਦੀ ਜਾਂਚ ਸਿਰਫ਼ ਦੋ ਦਿਨਾਂ ‘ਚ ਨਿਪਟਾ ਕੇ ਚਲਾਨ ਵੀ ਪੇਸ਼ ਕਰ ਦਿੰਦੀ ਹੈ। ਪੰਜ ਸਾਲਾਂ ਦੀ ਜਾਂਚ ‘ਚ ਪੂਜਨੀਕ ਗੁਰੂ ਜੀ ਦਾ ਨਾਮ ਕਿੱਧਰੇ ਵੀ ਨਹੀਂ ਆਇਆ ਪਰ ਪੰਜਾਬ ਪੁਲਿਸ ਦੋ ਦਿਨਾਂ ‘ਚ ਗੁਰੂ ਜੀ ਦਾ ਨਾਮ ਵੀ ਜੋੜ ਦਿੰਦੀ ਹੈ।
ਇਹ ਸਾਰਾ ਕੁਝ ਮਾੜੀ ਨੀਅਤ ਨਾਲ ਹੀ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੀਬੀਆਈ ਵੱਲੋਂ ਪੇਸ਼ ਕੀਤੀ ਗਈ ਕਲੋਜਰ ਰਿਪੋਰਟ ‘ਤੇ ਮੋਹਾਲੀ ਕੋਰਟ ਦਾ ਅਜੇ ਫੈਸਲਾ ਹੀ ਨਹੀਂ ਆਇਆ। ਇਸ ਲਈ ਸੀਬੀਆਈ ਦੀ ਜਾਂਚ ਵਾਪਸ ਲੈਣ ਦਾ ਸਿੱਟ ਕੋਲ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਇਹ ਵੀ ਆਖਿਆ ਕਿ ਸੀਬੀਆਈ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਉਸ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਹੋਈ ਹੈ, ਜਿਸ ‘ਚ ਹਾਈਕੋਰਟ ਨੇ ਮਾਮਲੇ ਦੀ ਜਾਂਚ ਸਿੱਟ ਨੂੰ ਸੌਂਪਣ ਲਈ ਕਿਹਾ ਹੈ ਪਰ ਸੁਪਰੀਮ ਕੋਰਟ ‘ਚ ਇਹ ਮਾਮਲਾ ਅਜੇ ਵਿਚਾਰ ਅਧੀਨ ਹੈ।
ਅਦਾਲਤ ਦੀ ਆਗਿਆ ਦੇ ਮਾਮਲਿਆਂ ਦੀ ਜਾਂਚ ਕਰਨਾ ਕਈ ਸਵਾਲ ਖੜੇ ਕਰਦਾ ਹੈ
ਪੰਜਾਬ ਸਟੇਟ ਕਮੇਟੀ ਮੈਂਬਰ ਹਰਚਰਨ ਸਿੰਘ ਨੇ ਆਖਿਆ ਕਿ ਸਿੱਟ ਵੱਲੋਂ ਬਿਨਾ ਅਦਾਲਤ ਦੀ ਆਗਿਆ ਦੇ ਅਚਾਨਕ ਬੇਅਦਬੀ ਮਾਮਲਿਆਂ ਦੀ ਜਾਂਚ ਕਰਨਾ, ਪਹਿਲਾਂ ਹੀ ਜ਼ਮਾਨਤ ਲੈ ਚੁੱਕੇ ਦੋ ਡੇਰਾ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕਰਨਾ ਅਤੇ 5 ਸਾਲਾਂ ਬਾਅਦ ਅਚਾਨਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਨਾਮ ਮਾਮਲੇ ‘ਚ ਜੋੜਨਾ ਕਈ ਸਵਾਲ ਖੜੇ ਕਰਦਾ ਹੈ।
ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ, ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਪੂਜਨੀਕ ਗੁਰੂ ਜੀ ਸਾਧ-ਸੰਗਤ ਨੂੰ ਹਮੇਸ਼ਾ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਉਦੇਸ਼ ਮਾਨਵਤਾ ਭਲਾਈ ਦੇ ਕੰਮ ਕਰਨਾ ਹੈ। ਅੱਜ ਵੀ ਸਾਧ-ਸੰਗਤ ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਭਰ ‘ਚ ਵੱਡੇ ਪੱਧਰ ‘ਤੇ ਖੂਨਦਾਨ ਤੇ ਹੋਰ ਰਾਹਤ ਕਾਰਜ ਕਰ ਰਹੀ ਹੈ। ਡੇਰਾ ਸ਼ਰਧਾਲੂਆਂ ‘ਤੇ ਲੱਗੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਸਾਨੂੰ ਮਾਣਯੋਗ ਅਦਾਲਤ ‘ਤੇ ਭਰੋਸਾ ਹੈ ਅਤੇ ਸੱਚ ਦੀ ਇੱਕ ਦਿਨ ਜਿੱਤ ਜ਼ਰੂਰ ਹੋਵੇਗੀ।
ਸੀਬੀਆਈ ਤੇ ਐਸਆਈਟੀ ਦੀ ਜਾਂਚ ‘ਚ ਵੱਡੇ ਅੰਤਰ
ਬੇਅਦਬੀ ਮਾਮਲੇ ਦੇ ਇਕਬਾਲੀਆ ਬਿਆਨਾਂ, ਚੋਰੀ ‘ਚ ਵਰਤੀਆਂ ਗਈਆਂ ਗੱਡੀਆਂ ਦੇ ਤੱਥਾਂ ‘ਤੇ ਸੀਬੀਆਈ ਤੇ ਐਸਆਈਟੀ ਦੀ ਜਾਂਚ ‘ਚ ਵੱਡਾ ਅੰਤਰ ਹੈ ਸੀਬੀਆਈ ਨੇ ਜਿੱਥੇ ਗੱਡੀ ਦੀ ਖਰੀਦ ਸਬੰਧੀ ਸਾਰੇ ਪਹਿਲੂਆਂ ‘ਤੇ ਜਾਂਚ ਕੀਤੀ ਉੱਥੇ ਐਸਆਈਟੀ ਨੇ ਸਿਰਫ਼ ਗੱਡੀ ਕਬਜ਼ੇ ‘ਚ ਲੈ ਲਈ ਤੇ ਉਸ ਦੀ ਜਾਂਚ ਨਹੀਂ ਕੀਤੀ ਜਦੋਂਕਿ ਜਿਸ ਆਲਟੋ ਕਾਰ ਦਾ ਜਿਕਰ ਮਾਮਲੇ ‘ਚ ਹੋਇਆ ਉਹ ਮੁਲਜ਼ਮ ਸ਼ਕਤੀ ਸਿੰਘ ਨੇ 28-8-2016 ਨੂੰ ਖਰੀਦੀ, ਜਦੋਂਕਿ ਬੇਅਦਬੀ ਦਾ ਮਾਮਲਾ ਹੀ ਸਾਲ 2015 ਦਾ ਹੈ ਉੱਥੇ ਇੱਕ ਇੰਡੀਗੋ ਗੱਡੀ ਜਿਸ ਦਾ ਇਸ ਮਾਮਲੇ ‘ਚ ਜ਼ਿਕਰ ਹੈ ਉਸ ਦੀ ਵੀ ਜਾਂਚ ਸੀਬੀਆਈ ਨੇ ਕੀਤੀ ਤੇ ਜਾਂਚ ‘ਚ ਪਾਇਆ ਗਿਆ ਕਿ ਇਹ ਗੱਡੀ 2017 ‘ਚ ਖਰੀਦੀ ਗਈ
ਜਦੋਂਕਿ ਐਸਆਈਟੀ ਨੇ ਇਸ ਮਾਮਲੇ ‘ਚ ਕੋਈ ਜਾਂਚ ਨਹੀਂ ਕੀਤੀ, ਸਿਰਫ਼ ਗੱਡੀ ਕਬਜ਼ੇ ‘ਚ ਲੈ ਲਈ ਸੀਬੀਆਈ ਦੀ ਜਾਂਚ ‘ਚ ਸਾਫ਼ ਹੈ ਕਿ ਦੋਵੇਂ ਗੱਡੀਆਂ 2015 ਦੇ ਬੇਅਦਬੀ ਕਾਂਡ ਤੋਂ ਬਾਅਦ ਖਰੀਦੀਆਂ ਗਈਆਂ ਇਸੇ ਤਰ੍ਹਾਂ ਇਸ ਮਾਮਲੇ ‘ਚ ਮੁਲਜ਼ਮ ਸੰਨੀ ‘ਤੇ ਪੋਸਟਰ ਲਿਖਣ ਦਾ ਦੋਸ਼ ਲਾਇਆ ਗਿਆ ਸੀਬੀਆਈ ਨੇ ਇਸ ਪਹਿਲੂ ‘ਤੇ ਜਾਂਚ ਕੀਤੀ ਤੇ ਪਾਇਆ ਕਿ ਪੋਸਟਰ ਦੀ ਲਿਖਾਈ ਤੇ ਸੰਨੀ ਦੀ ਲਿਖਾਈ ‘ਚ ਕੋਈ ਮਿਲਾਨ ਨਹੀਂ ਹੈ ਐਸਆਈਟੀ ਨੇ ਇੱਥੇ ਵੀ ਗੜਬੜੀ ਕੀਤੀ ਤੇ ਲਿਖਾਈ ਦੀ ਜਾਂਚ ਹੀ ਨਹੀਂ ਕੀਤੀ
ਇਸੇ ਤਰ੍ਹਾਂ ਪੋਸਟਰ ਚਿਪਕਾਉਣ ਦਾ ਦੋਸ਼ ਵੀ ਸੰਨੀ ਤੇ ਭੋਲਾ ‘ਤੇ ਲਾਇਆ ਗਿਆ ਜਦੋਂਕਿ ਸੀਬੀਆਈ ਨੇ ਜਾਂਚ ‘ਚ ਪਾਇਆ ਪੋਸਟਰ ‘ਤੇ ਲੱਗੇ ਫਿੰਗਰ ਪ੍ਰਿੰਟਸ ਤੇ ਸੰਨੀ ਤੇ ਭੋਲਾ ਦੇ ਫਿੰਗਰ ਪ੍ਰਿੰਟਸ ‘ਚ ਕੋਈ ਮੈਚ ਨਹੀਂ ਹੈ ਦੋਵੇਂ ਵੱਖ-ਵੱਖ ਹਨ ਜਦੋਂਕਿ ਐਸਆਈਟੀ ਨੇ ਪੋਸਟਰ ਦੇ ਫਿੰਗਰ ਪ੍ਰਿੰਟਸ ਤਾਂ ਲਏ ਪਰੰਤੂ ਸੰਨੀ ਤੇ ਭੋਲਾ ਦੇ ਫਿੰਗਰ ਪ੍ਰਿੰਟਸ ਮੈਚ ਹੀ ਨਹੀਂ ਕਰਵਾਏ ਇਸ ਮਾਮਲੇ ‘ਚ ਸਭ ਤੋਂ ਵੱਡੀ ਗੱਲ ਇਹ ਵੀ ਰਹੀ ਸੀਬੀਆਈ ਨੇ ਸਾਰੇ ਮੁਲਜ਼ਮਾਂ ਦੇ ਲਾਈ ਡਿਟੈਕਟਰ ਟੈਸਟ, ਫਿੰਗਰ ਪ੍ਰਿੰਟ, ਬ੍ਰੇਨ ਮੈਪਿੰਗ ਕਰਵਾਏ, ਜਿਸ ‘ਚ ਸਾਰੇ ਮੁਲਜ਼ਮ ਬੇਕਸੂਰ ਪਾਏ ਗਏ ਤੇ ਸੀਬੀਆਈ ਨੇ ਸਾਫ਼ ਕੀਤਾ ਕਿ ਇਸ ਮਾਮਲੇ ‘ਚ ਡੇਰਾ ਸ਼ਰਧਾਲੂਆਂ ਦਾ ਕੋਈ ਲੈਣਾ-ਦੇਣਾ ਨਹੀਂ ਹੈ
ਜਦੋਂਕਿ ਪੰਜਾਬ ਪੁਲਿਸ ਦੀ ਐਸਆਈਟੀ ਨੇ ਲਾਈ ਡਿਟੈਕਟਰ ਵਰਗੀ ਅਜਿਹੀ ਕੋਈ ਵੀ ਵਿਗਿਆਨਕ ਜਾਂਚ ਨਹੀਂ ਕੀਤੀ ਇਸ ਦੇ ਨਾਲ ਹੀ ਮੋਬਾਇਲ ਫੋਨ ਰਿਕਾਰਡ ਦਾ ਪੂਰਾ ਡੰਪ ਸੀਬੀਆਈ ਨੇ ਫਰੋਲਿਆ ਤੇ ਡੇਰਾ ਸ਼ਰਧਾਲੂਆਂ ਦਾ ਕੋਈ ਰੋਲ ਇਸ ਮਾਮਲੇ ‘ਚ ਨਹੀਂ ਮਿਲਿਆ ਜਦੋਂਕਿ ਪੰਜਾਬ ਪੁਲਿਸ ਵੀ ਇਹ ਨਹੀਂ ਕਹਿੰਦੀ ਕਿ ਸ਼ਕਤੀ ਸਿੰਘ ਤੇ ਹੋਰਨਾਂ ਦੇ ਮੋਬਾਇਲ ਟਾਵਰਾਂ ਦੀ ਰੇਂਜ ‘ਚ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ