ਮਾਹੌਲ ਹੋਇਆ ਗਮਗੀਨ | Parminder Singh
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਨੇੜਲੇ ਪਿੰਡ ਛਾਜਲੀ ਸਮਾਓਂ ਪੱਤੀ ਦੇ ਪਰਮਿੰਦਰ ਸਿੰਘ ਫੌਜੀ ਦਾ ਕਾਰਗਿਲ ਵਿਖੇ ਸ਼ਹੀਦ ਹੋਣ ਕਾਰਨ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਪਰਮਿੰਦਰ ਸਿੰਘ ਛਾਜਲੀ ਦੀ ਮਿ੍ਰਤਕ ਦੇਹ ਦੇਰ ਸ਼ਾਮ ਪਿੰਡ ਛਾਜਲੀ ਵਿਖੇ ਪਹੁੰਚਣ ’ਤੇ ਮਹੌਲ ਗਮਗੀਨ ਬਣ ਗਿਆ। ਇਸ ਮੌਕੇ ਮੌਜ਼ੂਦ ਹਰ ਸਖਸ਼ੀਅਤ ਦੇ ਅੱਖਾਂ ’ਚ ਹੰਝੂ ਸਨ। ਸ਼ਹੀਦ ਦਾ ਅੰਤਿਮ ਸਸਕਾਰ ਕੱਲ੍ਹ (5 ਅਕਤੂਬਰ ਨੂੰ) ਸਵੇਰੇ 10 ਵਜੇ ਪਿੰਡ ਦੇ ਸ਼ਮਸ਼ਾਨਘਾਟ ’ਚ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ।
ਪਿੰਡ ਦੀ ਸਰਪੰਚ ਪਰਮਿੰਦਰ ਕੌਰ ਦੇ ਪਤੀ ਇੰਦਰਜੀਤ ਸਿੰਘ ਧਾਲੀਵਾਲ ਸਾਬਕਾ ਬਲਾਕ ਸੰਮਤੀ ਮੈਂਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਮਿੰਦਰ ਸਿੰਘ (26) ਯੂਨਿਟ 31 ਪੰਜਾਬ ਪੁੱਤਰ ਗੁਰਜੀਤ ਸਿੰਘ ਸਾਬਕਾ ਫੌਜੀ ਵਾਸੀ ਛਾਜਲੀ ਕਾਰਗਿਲ ਵਿਖੇ 3 ਅਕਤੂਬਰ ਨੂੰ ਸ਼ਹੀਦ ਹੋ ਗਿਆ ਹੈ। ਪਰਮਿੰਦਰ ਸਿੰਘ 7 ਸਾਲਾਂ ਤੋਂ ਫੌਜ ਵਿੱਚ ਸੇਵਾ ਨਿਭਾ ਰਿਹਾ ਸੀ।
ਸ਼ਹੀਦ ਪਰਮਿੰਦਰ ਸਿੰਘ ਦਾ ਵਿਆਹ ਪਿਛਲੇ ਸਾਲ 2 ਅਕਤੂਬਰ ਨੂੰ ਹੋਇਆ ਸੀ। ਬੀਤੀ 2 ਅਕਤੂਬਰ ਨੂੰ ਸ਼ਹੀਦ ਪਰਮਿੰਦਰ ਸਿੰਘ ਦੀ ਵਿਆਹ ਦੀ ਵਰੇ੍ਹਗੰਢ ਸੀ ਅਤੇ 3 ਅਕਤੂਬਰ ਨੂੰ ਇਸ ਦੁਖਦਾਈ ਖਬਰ ਨੇ ਖੁਸ਼ੀ ਦੇ ਮਾਹੌਲ ਨੂੰ ਗਮੀ ’ਚ ਬਦਲ ਦਿੱਤਾ। ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਨੂੰ ਛੱਡ ਗਏ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਲਈ ਮਾਣ ਵਾਲੀ ਗੱਲ ਹੈ ਕਿ ਸ਼ਹੀਦ ਪਰਮਿੰਦਰ ਸਿੰਘ ਨੇ ਦੇਸ਼ ਦੀ ਰੱਖਿਆ ਲਈ ਕੁਰਬਾਨੀ ਕੀਤੀ, ਉੱਥੇ ਹੀ ਦੁਖਦਾਈ ਖ਼ਬਰ ਹੈ ਕਿ ਨੌਜਵਾਨ ਮਾਪਿਆਂ ਦਾ ਪੁੱਤ ਅੱਖਾਂ ਤੋਂ ਸਦਾ ਲਈ ਓਹਲੇ ਹੋ ਗਿਆ।
ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਜਵਾਨ ਦੀ ਕਾਰਗਿਲ ’ਚ ਡਿਊਟੀ ਨਿਭਾਉਂਦਿਆਂ ਹੋਈ ਸ਼ਹਾਦਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਛਾਜਲੀ ਨਾਲ ਸਬੰਧਿਤ ਭਾਰਤੀ ਫੌਜ ਦਾ ਜਵਾਨ ਪਰਮਿੰਦਰ ਸਿੰਘ ਕਾਰਗਿਲ ਵਿੱਚ ਸਿਖਲਾਈ ਦੌਰਾਨ ਹਾਦਸੇ ਵਿੱਚ ਸ਼ਹੀਦ ਹੋ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਦੇਸ਼ ਅਤੇ ਪਰਿਵਾਰ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ।
ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਪਰਿਵਾਰ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਪਰਮਿੰਦਰ ਸਿੰਘ ਨੇ ਆਪਣੀ ਡਿਊਟੀ ਬਹਾਦਰੀ ਨਾਲ ਨਿਭਾਉਂਦਿਆਂ ਪੇਸ਼ੇਵਰ ਸਮਰਪਣ ਦਾ ਮੁਜ਼ਾਹਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਦਾ ਬਲੀਦਾਨ ਨੌਜਵਾਨਾਂ ਨੂੰ ਆਪਣੀ ਡਿਊਟੀ ਸਮਰਪਣ ਤੇ ਵਚਨਬੱਧਤਾ ਨਾਲ ਨਿਭਾਉਣ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਨੂੰ ਸੂਬਾ ਸਰਕਾਰ ਦੀ ਨੀਤੀ ਮੁਤਾਬਕ ਵਿੱਤੀ ਸਹਾਇਤਾ ਦਿੱਤੀ ਜਾਵੇਗੀ।