ਲੰਬੀ/ਮਲੋਟ (ਮੇਵਾ ਸਿੰਘ)। ਮਰਹੂਮ ਪਰਕਾਸ਼ ਸਿੰਘ ਬਾਦਲ (Parkash Singh Badal) ਕੁੱਲ 11 ਵਾਰ ਪੰਜਾਬ ਦੇ ਵਿਧਾਇਕ ਅਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। ਜਦੋਂ ਉਹ 43 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਸੰਨ 1970 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਹ ਕਿਸੇ ਭਾਰਤੀ ਸੂਬੇ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਬਣੇ ਸਨ। ਜਦੋਂ ਸੰਨ 2017 ਵਿਚ ਉਨ੍ਹਾਂ ਦਾ ਪੰਜਵਾਂ ਕਾਰਜਕਾਲ ਪੰਜਾਬ ਦੇ ਮੁੱਖ ਮੰਤਰੀ ਵਜੋਂ ਪੂਰਾ ਹੋਇਆ ਤਾਂ ਉਹ ਉਸ ਸਮੇਂ 90 ਸਾਲ ਦੀ ਉਮਰ ਦੇ ਕਿਸੇ ਭਾਰਤੀ ਸੂਬੇ ਦੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਸਨ।
ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ, ਜਿਨ੍ਹਾਂ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਬੀਤੀ ਦੇਰ ਸ਼ਾਮ ਮੰਗਲਵਾਰ ਨੂੰ ਕਰੀਬ 95 ਸਾਲਾਂ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ। ਉਹ ਭਾਰਤੀ ਸਿਆਸਤ ਦੇ ਵੱਡੇ ਕੱਦ ਵਾਲੇ ਖੇਤਰੀ ਆਗੂਆਂ ਵਿੱਚ ਗਿਣੇ ਜਾਂਦੇ ਸਨ।
ਸਰਪੰਚੀ ਤੋਂ ਮੁੱਖ ਮੰਤਰੀ ਤੱਕ ਦਾ ਸਿਆਸੀ ਸਫਰ
ਪਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਉਸ ਸਮੇਂ ਜ਼ਿਲ੍ਹਾ ਬਠਿੰਡਾ ਵਿੱਚ ਪੈਂਦੇ ਪਿੰਡ ਅਬੁੱਲ ਖੁਰਾਣਾ, ਜੋ ਕਿ ਅੱਜ-ਕੱਲ੍ਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੈਂਦਾ ਹੈ, ’ਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਰਘੂਰਾਜ ਸਿੰਘ ਢਿੱਲੋਂ ਅਤੇ ਮਾਤਾ ਦਾ ਨਾਂਅ ਜਸਵੰਤ ਕੌਰ ਜਾਂ ਸੁੰਦਰੀ ਕੌਰ ਸੀ। ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਇੱਕ ਸਥਾਨਕ ਅਧਿਆਪਕ ਤੋਂ ਹਾਸਲ ਕੀਤੀ, ਫਿਰ ਉਹ ਪਿੰਡ ਲੰਬੀ ਦੇ ਸਕੂਲ ਵਿੱਚ ਪੜ੍ਹਨ ਲੱਗੇ, ਜਿਥੇ ਉਹ ਆਪਣੇ ਪਿੰਡ ਬਾਦਲ ਤੋਂ ਲੰਬੀ ਸਕੂਲ ਆਉਣ ਲਈ ਘੋੜੀ ’ਤੇ ਚੜ੍ਹਕੇ ਆਉਂਦੇ-ਜਾਂਦੇ ਸਨ। ਇਸ ਤੋਂ ਬਾਅਦ ਹਾਈ ਸਕੂਲ ਦੀ ਪੜ੍ਹਾਈ ਉਨ੍ਹਾਂ ਨੇ ਫਿਰੋਜ਼ਪੁਰ ਦੇ ਮਨੋਹਰ ਲਾਲ ਮੈਮੋਰੀਅਲ ਹਾਈ ਸਕੂਲ ਤੋਂ ਪੂਰੀ ਕੀਤੀ। ਕਾਲਜ ਦੀ ਪੜ੍ਹਾਈ ਲਈ ਉਨ੍ਹਾਂ ਸਿੱਖ ਕਾਲਜ ਲਾਹੌਰ ਵਿੱਚ ਦਾਖਲਾ ਲਿਆ, ਪਰ ਮਾਈਗਰੇਸ਼ਨ ਲੈਕੇ ਉਹ ਫੋਰਮਨ ਕ੍ਰਿਸ਼ਨੀਅਨ ਕਾਲਜ ਵਿੱਚ ਦਾਖਲ ਹੋ ਗਏ, ਤੇ ਇਥੇ ਹੀ ਉਨ੍ਹਾਂ ਆਪਣੀ ਗਰੇਜੂਏਸ਼ਨ ਦੀ ਡਿਗਰੀ ਹਾਸਲ ਕੀਤੀ।
ਅਫ਼ਸਰ ਬਣਨਾ ਚਾਹੁੰਦੇ ਸਨ Parkash Singh Badal
ਉਹ ਪੀਸੀਐੱਸ ਅਫ਼ਸਰ ਬਣਨਾ ਚਾਹੁੰਦੇ ਸਨ, ਪਰ ਅਕਾਲੀ ਆਗੂ ਗਿਆਨੀ ਕਰਤਾਰ ਸਿੰਘ ਦੇ ਪ੍ਰਭਾਵ ਹੇਠਾਂ ਉਹ ਸਿਆਸਤ ਵਿੱਚ ਆ ਗਏ। ਪਰਕਾਸ਼ ਸਿੰਘ ਬਾਦਲ ਨੇ ਸਾਲ 1947 ਵਿੱਚ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਪੰਜਾਬ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਪਿੰਡ ਬਾਦਲ ਦੇ ਸਰਪੰਚ ਵੀ ਰਹੇ ਤੇ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਰਘੂਰਾਜ ਸਿੰਘ ਵੀ ਪਿੰਡ ਦੇ ਸਰਪੰਚ ਸਨ। ਸਰਪੰਚੀ ਤੋਂ ਬਾਅਦ ਸ. ਬਾਦਲ ਬਲਾਕ ਸੰਮਤੀ ਲੰਬੀ ਦੇ ਚੇਅਰਮੈਨ ਵੀ ਬਣੇ। ਸੰਨ 1956 ਵਿੱਚ ਜਦੋਂ ਪੈਪਸੂ ਸਟੇਟ ਪੰਜਾਬ ਵਿੱਚ ਸ਼ਾਮਲ ਹੋਈ ਤਾਂ ਕਾਂਗਰਸ ਅਤੇ ਅਕਾਲੀ ਦਲ ਨੇ ਮਿਲਕੇ ਚੋਣਾਂ ਲੜੀਆਂ, ਤਾਂ ਉਦੋਂ ਪਰਕਾਸ਼ ਸਿੰਘ ਬਾਦਲ ਵੀ ਦੂਜੇ ਅਕਾਲੀਆਂ ਵਾਂਗ 1957 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਹਲਕਾ ਮਲੋਟ (ਜਨਰਲ) ਤੋਂ ਲੜ ਕੇ ਵਿਧਾਇਕ ਬਣੇ।
Parkash Singh Badal
ਇਸ ਤੋਂ ਬਾਅਦ ਸ. ਬਾਦਲ ਨੇ ਸੰਨ 1969, 1972, 1977,1980, 1985 ਵਿਧਾਨ ਸਭਾ ਹਲਕਾ ਗਿੱਦੜਬਾਹਾ ਅਤੇ ਸੰਨ ਲੰਬੀ 1997, 2002,2007, 2012 ਅਤੇ 2017 ਵਿਚ ਸ੍ਰੋਮਣੀ ਅਕਾਲੀ ਦਲ(ਬ) ਦੀ ਟਿਕਟ ’ਤੇ ਚੋਣਾਂ ਲੜੀਆਂ ਤੇ ਸਾਰੀਆਂ ਹੀ ਜਿੱਤੀਆਂ। ਪਰ ਆਪਣੇ ਸਿਆਸੀ ਜੀਵਨ ਵਿੱਚ ਉਹ ਸੰਨ 1967 ਵਿੱਚ ਵਿਧਾਨ ਸਭਾ ਗਿੱਦੜਬਾਹਾ ਅਤੇ ਸੰਨ 2022 ਦੀ ਆਪਣੀ ਆਖਰੀ ਚੋਣ ਵਿਧਾਨ ਸਭਾ ਹਲਕਾ ਲੰਬੀ ਤੋਂ ਹਾਰ ਗਏ। ਇਸ ਤੋਂ ਇਲਾਵਾ ਉਹ ਸੰਨ 1969 ਵਿੱਚ ਅਕਾਲੀ ਦਲ ਤੇ ਜਨਸੰਘ ਦੀ ਕੁਲੀਸ਼ਨ ਸਰਕਾਰ ਦੀ ਗੁਰਨਾਮ ਸਿੰਘ ਵਜ਼ਾਰਤ ਵਿੱਚ ਮੰਤਰੀ ਰਹੇ, ਤੇ ਸੰਨ 1979-80 ਦੌਰਾਨ ਕੇਂਦਰ ਵਿੱਚ ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਖੇਤੀ ਮੰਤਰੀ ਵੀ ਰਹੇ।
ਉਹ ਸੰਨ 1970-71, 1977-80, 1997-2002, 2007-2012 ਅਤੇ 2012 ਤੋਂ 2017 ਤੱਕ ਪੰਜਾਬ ਦੇ ਮੁੱਖ ਮੰਤਰੀ ਅਤੇ 1972, 1980 ਅਤੇ 2002 ਵਿੱਚ ਵਿਰੋਧੀ ਧਿਰ ਦੇ ਆਗੂ ਰਹੇ। ਉਹ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੇ ਸ਼ਾਸਨ ਦੌਰਾਨ ਸੰਸਦ ਮੈਂਬਰ ਵੀ ਰਹੇ। ਉਹ ਇੱਕ ਸਿੱਖ ਕੇਂਦਰਿਤ ਪੰਜਾਬੀ ਖੇਤਰੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਨ। ਉਹ ਸੰਨ 1995 ਤੋਂ 31 ਜਨਵਰੀ 2008 ਤੱਕ ਪਾਰਟੀ ਦੇ ਪ੍ਰਧਾਨ ਰਹੇ।