ਮਾਤਾ-ਪਿਤਾ ਬੱਚਿਆਂ ਦੀ ਨੰਬਰ ਪ੍ਰਾਪਤ ਕਰਨ ਦੀ ਸੀਮਾ ਨਿਸ਼ਚਿਤ ਕਰ ਦਿੰਦੇ ਹਨ
ਹੁਣ ਦੀ ਪੜ੍ਹਾਈ ਤੇ ਅੱਜ ਤੋਂ 5-6 ਦਹਾਕੇ ਪਹਿਲਾਂ ਦੀ ਪੜ੍ਹਾਈ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਅੱਜ-ਕੱਲ੍ਹ ਤਾਂ ਬੱਚੇ ਚਮਤਕਾਰ ਕਰ ਰਹੇ ਹਨ। 10ਵੀਂ ਜਾਂ 12ਵੀਂ ਜਮਾਤ ਵਿੱਚੋਂ 99 ਫ਼ੀਸਦੀ ਤੱਕ ਅੰਕ ਪ੍ਰਾਪਤ ਕਰ ਰਹੇ ਹਨ। ਪਹਿਲਾਂ ਏਨੇ ਅੰਕ ਲੈਣ ਦਾ ਕਿਸੇ ਨੂੰ ਸੁਫ਼ਨਾ ਵੀ ਨਹੀਂ ਸੀ ਆਉਂਦਾ। ਇਸ ਵਾਰ ਤਾਂ ਦਸਵੀਂ ਜਮਾਤ ਦੀ ਇਕ ਬੱਚੀ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਭ ਨੂੰ ਮੂੰਹ ਵਿਚ ਉਂਗਲਾਂ ਪਾਉਣ ਲਈ ਮਜ਼ਬੂਰ ਕਰ ਦਿਤਾ।
ਕੋਈ ਬੱਚਾ ਏਨਾ ਵਧੀਆ ਕਿਵੇਂ ਸਿੱਖ ਲੈਂਦਾ ਹੈ ਕਿ ਕਿਤੋਂ ਇੱਕ ਵੀ ਅੰਕ ਕੱਟਣ ਦੀ ਗੁੰਜਾਇਸ਼ ਨਹੀਂ ਰਹਿੰਦੀ। ਸਕੂਲ ਸਿੱਖਿਆ ਬੋਰਡ ਨੂੰ ਚਾਹੀਦਾ ਹੈ ਕਿ ਅਜਿਹੇ ਅਦਭੁੱਤ ਬੱਚੇ ਦੇ ਪੇਪਰਾਂ ਦੀ ਇੱਕ-ਇੱਕ ਕਾਪੀ ਹਰ ਇੱਕ ਸਕੂਲ ਵਿਚ ਭੇਜੀ ਜਾਵੇ ਤਾਂ ਕਿ ਬਾਕੀ ਬੱਚਿਆਂ ਦਾ ਵੀ ਮਾਰਗ-ਦਰਸ਼ਨ ਹੋ ਸਕੇ ਅਤੇ ਸੇਧ ਮਿਲ ਸਕੇ। ਅਜੋਕੇ ਸਮੇਂ ਵਿਚ ਬੱਚਾ ਅੱਜ ਦੋ-ਢਾਈ ਸਾਲ ਦਾ ਮਸਾਂ ਹੀ ਹੋਇਆ ਹੁੰਦਾ ਹੈ ਕਿ ਮਾਤਾ-ਪਿਤਾ ਨੂੰ ਆਪਣੇ ਬੱਚੇ ਦੀ ਪੜ੍ਹਾਈ ਦੀ ਚਿੰਤਾ ਵੱਢ-ਵੱਢ ਖਾਣ ਲੱਗ ਪੈਂਦੀ ਹੈ। ਉਹ ਉਸ ਲਈ ਵਧੀਆ ਤੋਂ ਵਧੀਆ ਅਤੇ ਮਹਿੰਗੇ ਸਕੂਲ ਦੀ ਭਾਲ ਵਿਚ ਨਿੱਕਲ ਪੈਂਦੇ ਹਨ। ਜਿਹੜਾ ਸਮਾਂ ਬੱਚਿਆਂ ਦੇ ਖੇਡਣ-ਖਾਣ ਦਾ ਹੁੰਦਾ ਹੈ, ਉਹ ਉਸ ਸਮੇਂ ਉਨ੍ਹਾਂ ਦੇ ਗਲਾਂ ਵਿਚ ਬਸਤੇ ਲਟਕਾ ਦਿੰਦੇ ਹਨ।
ਪੁਰਾਣੇ ਸਮੇਂ ਵਿਚ ਬੱਚੇ 6¸7 ਸਾਲ ਦੀ ਉਮਰ ਵਿਚ ਸਕੂਲ ਜਾਣਾ ਸ਼ੁਰੂ ਕਰਦੇ ਸਨ। ਉਨ੍ਹਾਂ ਦਿਨਾਂ ਵਿਚ ਅੱਜ-ਕੱਲ੍ਹ ਦੇ ਬੱਚਿਆਂ ਦੀ ਤਰ੍ਹਾਂ ਜ਼ਿਆਦਾ ਤੋਂ ਜ਼ਿਆਦਾ ਅੰਕ ਲੈਣ ਲਈ ਦੌੜ ਨਹੀਂ ਸੀ ਲੱਗਦੀ। ਪਹਿਲੇ ਦਰਜੇ ਵਿਚ ਤਾਂ ਇੱਕ-ਦੋ ਬੱਚਿਆਂ ਨੇ ਹੀ ਆਉਣਾ ਹੁੰਦੈ। ਇੱਕੋ ਰਿਸ਼ਤੇ ਵਿਚੋਂ 8-9 ਬੱਚੇ ਇੱਕੋ ਸਕੂਲ ਵਿਚ ਤੇ ਇੱਕੋ ਕਲਾਸ ਵਿਚ ਪੜ੍ਹਦੇ ਹੁੰਦੇ ਸੀ। 10ਵੀਂ ਵਿਚੋਂ ਕਿਸੇ ਇਕੱਲੇ ਦੇ 45 ਫ਼ੀਸਦੀ ਨੰਬਰ ਆਏ ਸੀ। ਘਰਦਿਆਂ ਦੇ ਖ਼ੁਸ਼ੀ ਦੇ ਮਾਰੇ ਜ਼ਮੀਨ ’ਤੇ ਪੈਰ ਨਹੀਂ ਸੀ ਲੱਗਦੇ ਕਿ ਬੱਚੇ ਨੇ ਇਤਿਹਾਸ ਰਚ ਦਿਤਾ ਸੀ। ਉਸ ਦੀ ਮਾਂ ਨੇ ਸਾਰੇ ਵਿਹੜੇ ਵਿਚ ਗੁੜ ਵੰਡਿਆ। ਵਧਾਈ ਦੇਣ ਵਾਲਿਆਂ ਦੇ ਤਾਂਤੇ ਲੱਗ ਗਏ। ਦਾਦੀ ਜੀ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਜਦੋਂ ਤੱਕ ਇਸ ਦੀ ਪੜ੍ਹਾਈ ਚੱਲੇਗੀ, ਘਰ ਵਿਚ ਦੇਸੀ ਘਿਓ ਦੀ ਅਖੰਡ ਜੋਤ ਜਗੇਗੀ।
ਅਜੋਕੇ ਸਮੇਂ ਜੇਕਰ ਬੱਚਿਆਂ ਦੇ ਜ਼ਰਾ ਕੁ ਨੰਬਰ ਘੱਟ ਆ ਜਾਣ ਤਾਂ ਘਰ ਵਿਚ ਤੂਫ਼ਾਨ ਆ ਜਾਂਦਾ ਹੈ। ਘਰ ਦੇ ਸਾਰੇ ਮੈਂਬਰ ਬੱਚੇ ਨੂੰ ਇਸ ਤਰ੍ਹਾਂ ਵੇਖਦੇ ਹਨ, ਜਿਵੇਂ ਉਸ ਨੇ ਕੋਈ ਗੁਨਾਹ ਕੀਤਾ ਹੋਵੇ। ਦਰਅਸਲ ਮਾਂ-ਬਾਪ ਅੱਜ-ਕੱਲ੍ਹ ਆਪਣੇ ਲਾਡਲੇ ਤੋਂ ਬਹੁਤ ਜ਼ਿਆਦਾ ਹੀ ਉਮੀਦਾਂ ਲਾ ਬੈਠਦੇ ਹਨ। ਬੱਚਿਆਂ ਦੀ ਨੰਬਰ ਪ੍ਰਾਪਤ ਕਰਨ ਦੀ ਸੀਮਾ ਨਿਸ਼ਚਿਤ ਕਰ ਦਿੰਦੇ ਹਨ। ਜਦੋਂ ਉਹ ਉਨ੍ਹਾਂ ਦੀਆਂ ਉਮੀਦਾਂ ’ਤੇ ਖ਼ਰਾ ਨਹੀਂ ਉੱਤਰਦਾ ਤਾਂ ਉਸ ਦੀ ਝਾੜ-ਝੰਬ ਕੀਤੀ ਜਾਂਦੀ ਹੈ। ਕਈ ਵਾਰ ਬੱਚਾ ਏਨਾ ਦੁਖੀ ਤੇ ਹਤਾਸ਼ ਹੋ ਜਾਂਦਾ ਹੈ ਕਿ ਖ਼ੁਦਕੁਸ਼ੀ ਜਿਹਾ ਸੰਗੀਨ ਜ਼ੁਰਮ ਕਰਨ ਲਈ ਉਤਾਰੂ ਹੋ ਜਾਂਦਾ ਹੈ।
ਹੁਣ ਦੇ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਹਾਸਲ ਹਨ ਜਿਵੇਂ ਕਿ ਸੋਹਣੇ ਕੱਪੜੇ, ਮਹਿੰਗੇ ਸਕੂਲ, ਮੰਨੇ-ਪ੍ਰਮੰਨੇ ਕੋਚਿੰਗ ਸੈਂਟਰਾਂ ਵਿਚ ਉਨ੍ਹਾਂ ਦੀ ਟਿਊਸ਼ਨ ਤੇ ਆਉਣ-ਜਾਣ ਲਈ ਸਕੂਟਰ, ਸਕੂਟਰੀ ਜਾਂ ਕਾਰ ਜਿਹੀਆਂ ਸਹੂਲਤਾਂ ਹਨ। ਪੁਰਾਣੇ ਸਮੇਂ ਵਿਚ ਇਹ ਸਭ ਨਹੀਂ ਸੀ ਹੁੰਦਾ। ਇੱਕ-ਦੋ ਕੱਪੜਿਆਂ ਵਿਚ ਅਸੀਂ ਸਾਰਾ ਸਾਲ ਲੰਘਾ ਦਿੰਦੇ ਸੀ। ਟਿਊਸ਼ਨ ਪੜ੍ਹਨਾ ਤਾਂ ਉਨ੍ਹਾਂ ਦਿਨਾਂ ਵਿਚ ਬਹੁਤ ਸ਼ਰਮਨਾਕ ਸਮਝਿਆ ਜਾਂਦਾ ਸੀ।
ਮਾਂ-ਬਾਪ ਬੜੀ ਸ਼ਰਮਿੰਦਗੀ ਮਹਿਸੂਸ ਕਰਦੇ ਸੀ ਕਿਉਂਕਿ ਇਸ ਦਾ ਸਿੱਧਾ ਤੇ ਸਪੱਸ਼ਟ ਮਤਲਬ ਸੀ ਕਿ ਤੁਹਾਡਾ ਬੱਚਾ ਨਾਲਾਇਕ ਹੈ। ਹੁਣ ਟਿਊਸ਼ਨ ਰੱਖਣਾ ਇੱਕ ਸਟੇਟਸ ਸਿੰਬਲ ਹੈ। ਸਰਕਾਰੀ ਸਕੂਲਾਂ ਵਿਚ ਅਧਿਆਪਕ ਵਧੀਆ ਪੜ੍ਹਾਉਂਦੇ ਸਨ। ਟਿਊਸ਼ਨ ਪੜ੍ਹਨਾ ਉਨ੍ਹਾਂ ਦੀ ਨਜ਼ਰ ਵਿਚ ਵਿੱਦਿਆ ਵੇਚਣ ਬਰਾਬਰ ਹੁੰਦਾ ਸੀ, ਇਸ ਕਰਕੇ ਮਾਸਟਰ ਸਕੂਲ ਸਮੇਂ ਤੋਂ ਬਾਅਦ ਵਾਧੂ ਕਲਾਸਾਂ ਲਾਉਂਦੇ ਹੁੰਦੇ ਸਨ।
ਮਾਸਟਰ ਦਾ ਸਕੂਲ ਵਿਚ ਅਤੇ ਸਮਾਜ ਵਿਚ ਪੂਰਾ ਸਤਿਕਾਰ ਕੀਤਾ ਜਾਂਦਾ ਸੀ। ਸਾਨੂੰ ਥੱਪੜ ਅਤੇ ਡੰਡੇ ਤਾਂ ਅਕਸਰ ਪੈਂਦੇ ਹੀ ਰਹਿੰਦੇ ਸਨ, ਪਰ ਅਸੀਂ ਕਦੇ ਆ ਕੇ ਘਰ ਨਹੀਂ ਸੀ ਦੱਸਿਆ।
ਅੱਜ-ਕੱਲ੍ਹ ਜੇਕਰ ਅਧਿਆਪਕ ਬੱਚੇ ਨੂੰ ਜ਼ਰਾ ਕੁੱਝ ਕਹਿ ਦੇਵੇ ਤਾਂ ਬੱਚੇ ਅਪਣੇ ਮਾਂ-ਬਾਪ ਨੂੰ ਬੁਲਾ ਕੇ ਉਸ ਦਾ ਪੂਰਾ ਜਲੂਸ ਕੱਢ ਦਿੰਦੇ ਹਨ। ਉਹ ਵਿਚਾਰਾ ਕਿਸੇ ਨੂੰ ਮੂੰਹ ਵਿਖਾਉਣ ਦੇ ਕਾਬਲ ਨਹੀਂ ਰਹਿੰਦਾ। ਉਨ੍ਹਾਂ ਦਿਨਾਂ ਵਿਚ ਸ਼ਰਾਰਤ ਕਰਨ ’ਤੇ ਜਾਂ ਕਿਸੇ ਸਵਾਲ ਦਾ ਉੱਤਰ ਨਾ ਆਉਣ ’ਤੇ ਮੁਰਗਾ ਬਣਾ ਦਿੰਦੇ ਸਨ ਜਾਂ ਬੈਂਚ ਉੁਤੇ ਖੜ੍ਹਾ ਕਰ ਦਿੰਦੇ ਸਨ। ਕਈ ਵਾਰ ਬੋਲ ਕੇ ਵੀ ਬੇਇੱਜ਼ਤੀ ਕਰ ਦਿੰਦੇ ਸਨ, ਪਰ ਕੋਈ ਬੱਚਾ ਗੁੱਸਾ ਨਹੀਂ ਸੀ ਕਰਦਾ। ਜੇ ਕੋਈ ਅੱਜ-ਕੱਲ੍ਹ ਦੀ ਪੀੜ੍ਹੀ ਦਾ ਬੱਚਾ ਹੁੰਦਾ ਤਾਂ ਉਸ ਨੇ ਇਹ ਕੁਝ ਸਹਿਣ ਨਹੀਂ ਕਰ ਸਕਣਾ ਸੀ
ਮਾਂ-ਬਾਪ ਤੋਂ ਬਾਅਦ ਇੱਕ ਅਧਿਆਪਕ ਹੀ ਸਾਡਾ ਭਵਿੱਖ ਨਿਰਮਾਤਾ ਹੁੰਦਾ ਹੈ, ਉਸ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ। ਉਸ ਪ੍ਰਤੀ ਕਦੇ ਵੀ ਮਨ ਵਿਚ ਗੁੱਸਾ ਨਹੀਂ ਰੱਖਣਾ ਚਾਹੀਦਾ। ਮੇਰੇ ਮੁਤਾਬਕ ਅੱਜ ਦੀ ਸਿੱਖਿਆ ਨੰਬਰਾਂ ਦੀ ਸਿੱਖਿਆ ਰਹਿ ਗਈ ਹੈ। ਪੜੇ੍ਹ-ਲਿਖੇ ਅਨਪੜ੍ਹ ਹਨ। ਸਿੱਖਿਆ ਵਿੱਚ ਬਹੁਤ ਸੁਧਾਰ ਦੀ ਲੋੜ ਹੈ ਮੁੱਖ ਮੰਤਰੀ, ਸਿੱਖਿਆ ਮੰਤਰੀ ਆਦਿ ਜਿੰਮੇਵਾਰਾਂ ਸਿੱਖਿਆ ਸਬੰਧੀ ਮਾਹਿਰਾਂ ਦੇ ਸੁਝਾਅ ਲੈ ਕੇ ਯੋਗ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਪੰਜਾਬ ਦੀ ਸਿੱਖਿਆ ਨੂੰ ਬਚਾਇਆ ਜਾ ਸਕੇ।
ਮਾਂ-ਬਾਪ ਤੋਂ ਬਾਅਦ ਇੱਕ ਅਧਿਆਪਕ ਹੀ ਸਾਡਾ ਭਵਿੱਖ ਨਿਰਮਾਤਾ ਹੁੰਦਾ ਹੈ, ਉਸ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ। ਉਸ ਪ੍ਰਤੀ ਕਦੇ ਵੀ ਮਨ ਵਿਚ ਗੁੱਸਾ ਨਹੀਂ ਰੱਖਣਾ ਚਾਹੀਦਾ। ਮੇਰੇ ਮੁਤਾਬਕ ਅੱਜ ਦੀ ਸਿੱਖਿਆ ਨੰਬਰਾਂ ਦੀ ਸਿੱਖਿਆ ਰਹਿ ਗਈ ਹੈ। ਪੜੇ੍ਹ-ਲਿਖੇ ਅਨਪੜ੍ਹ ਹਨ। ਸਿੱਖਿਆ ਵਿੱਚ ਬਹੁਤ ਸੁਧਾਰ ਦੀ ਲੋੜ ਹੈ ਮੁੱਖ ਮੰਤਰੀ, ਸਿੱਖਿਆ ਮੰਤਰੀ ਆਦਿ ਜਿੰਮੇਵਾਰਾਂ ਸਿੱਖਿਆ ਸਬੰਧੀ ਮਾਹਿਰਾਂ ਦੇ ਸੁਝਾਅ ਲੈ ਕੇ ਯੋਗ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਪੰਜਾਬ ਦੀ ਸਿੱਖਿਆ ਨੂੰ ਬਚਾਇਆ ਜਾ ਸਕੇ।
ਸਰਕਾਰੀ ਜਗਸੀਰ ਸੈਕੰਡਰੀ ਸਕੂਲ,
ਬੋਹਾ, ਬੁਢਲਾਡਾ
ਮੋ. 84278-77224
ਡਾ. ਵਨੀਤ ਕੁਮਾਰ ਸਿੰਗਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ