ਪੁੱਤਾਂ ਵਾਂਗ ਬੋਹੜਾਂ ਅਤੇ ਪਿੱਪਲਾਂ ਨੂੰ ਪਾਲ ਰਿਹਾ ਹੈ ਪਾਲਾ ਰਾਮ

Palla Ram, Rearing, Bohar, Pipal, Like Sons

ਪੁੱਤਾਂ ਵਾਂਗ ਬੋਹੜਾਂ ਅਤੇ ਪਿੱਪਲਾਂ ਨੂੰ ਪਾਲ ਰਿਹਾ ਹੈ ਪਾਲਾ ਰਾਮ

ਪਿੰਡ ਛੀਨਾ ਰੇਲ ਵਾਲਾ ਦੇ ਪਾਲਾ ਰਾਮ ਨੇ 300 ਤੋਂ ਵੱਧ ਬੋਹੜ ਅਤੇ ਪਿੱਪਲ ਲਗਾ ਕੇ ਪਾਲੇ

ਰਾਜਨ ਮਾਨ, ਬਟਾਲਾ।  ਮਨੁੱਖਤਾ ਦੀ ਸਹੀ ਸੇਵਾ ‘ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਸੁਥਰਾ ਵਾਤਾਵਰਣ ਪ੍ਰਦਾਨ ਕਰਨ ਦੇ ਮੰਤਵ ਨਾਲ ਪਿੰਡ ਛੀਨਾ ਰੇਲ ਵਾਲਾ ਦੇ 65 ਸਾਲਾ ਬਜ਼ੁਰਗ ਪਾਲਾ ਰਾਮ ਵਲੋਂ ਸੜਕਾਂ ‘ਤੇ ਹੋਰ ਥਾਵਾਂ ਪਿੱਪਲ, ਬੋਹੜ ਅਤੇ ਹੋਰ ਰੁੱਖ ਲਗਾ ਕੇ ਗੁਰੂਆਂ ਦੇ ਸਿਧਾਂਤ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ’ ਦਾ ਸੁਨੇਹਾਂ ਦਿੱਤਾ ਜਾ ਰਿਹਾ ਹੈ। ਪਾਲਾ ਰਾਮ ਜੋ ਲੰਮਾ ਸਮਾਂ ਰੇਲਵੇ ਵਿਚ ਖਲਾਸੀ (ਮਜ਼ਦੂਰ) ਵਜੋਂ ਕੰਮ ਕਰਕੇ ਆਪਣਾ ਜੀਵਨ ਨਿਰਬਾਹ ਕਰਦਾ ਰਿਹਾ ਹੈ, ਇਸ ਸਮੇਂ ਸੇਵਾ ਮੁਕਤ ਹੈ।

ਪਾਲਾ ਰਾਮ ਪਿਛਲੇ ਦਸ ਸਾਲ ਤੋਂ ਇਲਾਕੇ ਭਰ ਵਿੱਚ 300 ਤੋਂ ਵੱਧ ਬੋਹੜ, ਪਿੱਪਲ ਅਤੇ ਪਲਾਹ ਦੇ ਪੌਦੇ ਲਗਾ ਚੁੱਕਾ ਹੈ ਅਤੇ ਉਸਦੇ ਲਗਾਏ ਇਹ ਪੌਦੇ ਹੁਣ ਦਰਖਤ ਬਣ ਕੇ ਮਨੁੱਖਾਂ, ਜੀਵ ਜੰਤੂਆਂ ਅਤੇ ਪੰਛੀਆਂ ਨੂੰ ਛਾਂ ਅਤੇ ਆਸਰਾ ਦੇਣ ਲੱਗ ਪਏ ਹਨ। ਪੂਰੀ ਤਰਾਂ ਨਿਰਸਵਾਰਥ ਭਾਵਨਾ ਨਾਲ ਪ੍ਰਕਿ੍ਰਤੀ ਦੀ ਸੇਵਾ ਕਰ ਰਹੇ ਪਾਲਾ ਰਾਮ ਗੁਰੂ ਸਾਹਿਬ ਦੇ ਸਿਧਾਂਤ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ’ ਉੱਪਰ ਚੱਲ ਰਹੇ ਹਨ। ਪਾਲਾ ਰਾਮ ਨੂੰ ਪਿੱਪਲ, ਬੋਹੜ ਅਤੇ ਪਲਾਹ ਲਗਾਉਣ ਦੀ ਮੁਹਿੰਮ ਵਿੱਚ ਪਿੰਡ ਛੀਨਾ ਦੇ ਮਾਸਟਰ ਰਣਜੀਤ ਸਿੰਘ ਵਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ।

Palla Ram, Rearing, Bohar, Pipal, Like Sons

ਲਗਾਉਂਦੇ ਹੀ ਨਹੀਂ ਉਨਾਂ ਨੂੰ ਪਾਲਦੇ ਵੀ ਹੈ

ਪਾਲਾ ਰਾਮ ਦਾ ਬੋਹੜ ਅਤੇ ਪਿੱਪਲ ਲਗਾਉਣ ਦਾ ਅੰਦਾਜ਼ ਵੀ ਆਪਣੇ ਆਪ ਵਿੱਚ ਨਿਰਾਲਾ ਹੈ। ਉਹ ਆਪਣੇ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਘੁੰਮਦੇ ਇਹ ਦੇਖਦੇ ਰਹਿੰਦੇ ਹਨ ਕਿ ਕਿਸੇ ਦੇ ਕੋਠੇ ਜਾਂ ਕੰਧ ਉੱਪਰ ਕੋਈ ਪਿੱਪਲ ਜਾਂ ਬੋਹੜ ਤਾਂ ਨਹੀਂ ਉੱਗਿਆ। ਜਦੋਂ ਕਿਸੇ ਦੇ ਘਰ ਦੀ ਕੰਧ ਉੱਪਰ ਉਨਾਂ ਨੂੰ ਬੋਹੜ ਜਾਂ ਪਿੱਪਲ ਉੱਗਿਆ ਦਿਖਦਾ ਹੈ ਤਾਂ ਉਹ ਝੋਲੀ ਅੱਡ ਕੇ ਉਸ ਘਰ ਤੋਂ ਉਸ ਬੋਹੜ ਜਾਂ ਪਿੱਪਲ ਦੇ ਬੂਟੇ ਦਾ ਦਾਨ ਮੰਗਦੇ ਹਨ। ਘਰ ਵਾਲੇ ਵੀ ਖੁਸ਼ੀ-ਖੁਸ਼ੀ ਉਸ ਬੂਟੇ ਦਾ ਦਾਨ ਪਾਲਾ ਰਾਮ ਨੂੰ ਦੇ ਦਿੰਦੇ ਹਨ। ਪਾਲਾ ਰਾਮ ਇਕੱਲਾ ਹੀ ਜਾਂ ਆਪਣੇ ਸਾਥੀ ਰਣਜੀਤ ਸਿੰਘ ਦੀ ਮਦਦ ਨਾਲ ਉਸ ਪਿੱਪਲ ਜਾਂ ਬੋਹੜ ਦੇ ਦਰੱਖਤ ਨੂੰ ਕੰਧ ਵਿਚੋਂ ਪੁੱਟਦੇ ਹਨ ਅਤੇ ਫਿਰ ਉਸ ਨੂੰ ਪਿੰਡ ਦੀ ਕਿਸੇ ਸਾਂਝੀ ਥਾਂ, ਗੁਰਦੁਆਰੇ, ਸ਼ਮਸ਼ਾਨਘਾਟ, ਕਬਰਸਤਾਨ, ਕਿਸੇ ਚੌਰਾਹੇ, ਰੇਲਵੇ ਫਾਟਕ ਆਦਿ ਸਾਂਝੀ ਥਾਂ ’ਤੇ ਲਗਾ ਦਿੰਦੇ ਹਨ। ਪਾਲਾ ਰਾਮ ਕੇਵਲ ਪਿੱਪਲ ਅਤੇ ਬੋਹੜ ਲਗਾਉਂਦੇ ਹੀ ਨਹੀਂ ਸਗੋਂ ਉਨਾਂ ਨੂੰ ਪਾਲਦੇ ਵੀ ਹਨ।

ਕਈ ਸਦੀਆਂ ਤੱਕ ਕਾਇਮ ਰਹਿੰਦੇ ਹਨ ਬੋਹੜ, ਪਿੱਪਲ ਤੇ ਪਲਾਹ

ਬਹੁਤ ਹੀ ਸਾਦਾ ਜੀਵਨ ਬਸਰ ਕਰ ਰਹੇ ਪਾਲਾ ਰਾਮ ਕਿਸੇ ਦਰਵੇਸ਼ ਨਾਲੋਂ ਘੱਟ ਨਹੀਂ ਹਨ। ਪਾਲਾ ਰਾਮ ਦਾ ਕਹਿਣਾ ਹੈ ਕਿ ਬੋਹੜ, ਪਿੱਪਲ ਅਤੇ ਪਲਾਹ ਦੇ ਰੁੱਖ ਪ੍ਰਕਿ੍ਰਤੀ ਲਈ ਬਹੁਤ ਵਰਦਾਨ ਹਨ। ਉਸ ਅਨੁਸਾਰ ਇਹ ਪੌਦੇ ਪਸ਼ੂ ਵੀ ਨਹੀਂ ਖਾਂਦੇ ਅਤੇ ਔੜ ਵਿੱਚ ਵੀ ਇਹ ਸਹਿਜੇ ਹੀ ਪਲ ਜਾਂਦੇ ਹਨ। ਪਾਲਾ ਰਾਮ ਕਹਿੰਦਾ ਹੈ ਕਿ ਬੋਹੜ, ਪਿੱਪਲ ਅਤੇ ਪਲਾਹ ਦੇ ਦਰੱਖਤ ਕਈ ਸਦੀਆਂ ਤੱਕ ਕਾਇਮ ਰਹਿੰਦੇ ਹਨ ਅਤੇ ਇਨਾਂ ਦਰੱਖਤਾਂ ਦੀ ਲੱਕੜ ਕੰਮ ਨਾ ਆਉਣ ਕਾਰਨ ਇਨਾਂ ਨੂੰ ਵੱਡਿਆ ਵੀ ਘੱਟ ਜਾਂਦਾ ਹੈ। ਉਹ ਕਹਿੰਦਾ ਹੈ ਕਿ ਬੋਹੜ ਅਤੇ ਪਿੱਪਲ ਦੂਸਰੇ ਰੁੱਖਾਂ ਦੇ ਮੁਕਾਬਲੇ ਅਕਾਸੀਜਨ ਵੀ ਜਿਆਦਾ ਦਿੰਦੇ ਹਨ ਅਤੇ ਮਨੁੱਖਾਂ ਨੂੰ ਠੰਡੀ ਛਾਂ ਦੇਣ ਦੇ ਨਾਲ ਇਹ ਪੰਛੀਆਂ ਦੇ ਆਲਣੇ ਪਾਉਣ ਲਈ ਬਹੁਤ ਸਹਾਈ ਹੁੰਦੇ ਹਨ।

ਇਸ ਕਾਰਜ ਨੂੰ ਇੱਕ ਮਿਸ਼ਨ ਵਜੋਂ ਲੈ ਕੇ ਚੱਲ ਰਿਹਾ ਪਾਲਾ ਰਾਮ

ਪਾਲਾ ਰਾਮ ਬੋਹੜ, ਪਿੱਪਲ ਅਤੇ ਪਲਾਹ ਲਗਾਉਣ ਦੇ ਕਾਰਜ ਨੂੰ ਇੱਕ ਮਿਸ਼ਨ ਵਜੋਂ ਲੈ ਕੇ ਚੱਲ ਰਿਹਾ ਹੈ। ਉਹ ਕਹਿੰਦਾ ਹੈ ਕਿ ਅਜਿਹਾ ਕਰਕੇ ਉਸਨੂੰ ਦਿਲੀ ਸਕੂਨ ਮਿਲਦਾ ਹੈ। ਪਾਲਾ ਰਾਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਜੇਕਰ ਹੋ ਸਕੇ ਤਾਂ ਸਾਂਝੀਆਂ ਥਾਵਾਂ ’ਤੇ ਬੋਹੜ, ਪਿੱਪਲ ਅਤੇ ਪਲਾਹ ਵੀ ਲਗਾਏ ਜਾਣ। ਬਹੁਤ ਹੀ ਸਾਦ-ਮੁਰਾਦਾ ਜੀਵਨ ਬਸਰ ਕਰ ਰਹੇ ਪਾਲਾ ਰਾਮ ਪ੍ਰਕਿ੍ਰਤੀ ਦੀ ਜੋ ਨਿਰਸਵਾਰਥ ਸੇਵਾ ਕਰ ਰਹੇ ਹਨ ਉਹ ਦੂਸਰੇ ਲੋਕਾਂ ਲਈ ਮਿਸਾਲ ਬਣ ਕੇ ਸਾਹਮਣੇ ਆਈ ਹੈ। ਪਾਲਾ ਰਾਮ ਨੇ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਦੀ ਇਹ ਕੋਸ਼ਿਸ਼ ਸੂਬੇ ਦੇ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ ਅਹਿਮ ਯੋਗਦਾਨ ਪਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।