ਵਤਨ ਪਰਤੇ ਮਛੇਰੇ ਗੁਜਰਾਤ ਨਾਲ ਸਬੰਧਿਤ
ਰਾਜਨ ਮਾਨ,ਅੰਮ੍ਰਿਤਸਰ: ਪਾਕਿਸਤਾਨ ਸਥਿਤ ਕਰਾਚੀ ਦੀ ਲਾਂਡੀ ਵਿੱਚੋਂ ਰਿਹਾਅ ਕੀਤੇ ਭਾਰਤੀ ਮੂਲ ਦੇ 78 ਮਛੇਰੇ ਅੱਜ ਵਾਹਗਾ-ਅਟਾਰੀ ਸਰਹੱਦ ਦੇ ਰਸਤੇ ਵਤਨ ਪਰਤੇ। ਵਾਹਗਾ-ਅਟਾਰੀ ਸਰਹੱਦ ਵਿਖੇ ਇਹਨਾਂ ਭਾਰਤੀ ਮਛੇਰਿਆਂ ਨੂੰ ਪਾਕਿਸਤਾਨ ਰੇਂਜਰਜ਼ ਦੇ ਡਿਪਟੀ ਸੁਪਰਡੈਂਟ ਮੁਹੰਮਦ ਫੈਸਲ ਨੇ ਸੀਮਾ ਸੁਰੱਖਿਆ ਬਲ ਦੇ ਕੰਪਨੀ ਕਮਾਂਡਰ ਐਸਪੀ ਯਾਦਵ ਦੇ ਹਵਾਲੇ ਕੀਤਾ ਗਿਆ। ਪਾਕਿਸਤਾਨ ਦੀ ਲਾਂਡੀ ਜ਼ੇਲ੍ਹ ਕਰਾਚੀ ਤੋਂ ਰਿਹਾਅ ਹੋ ਕੇ ਵਤਨ ਪਰਤੇ ਭਾਰਤੀ ਮੂਲ ਦੇ ਮਛੇਰੇ ਗੁਜਰਾਤ ਨਾਲ ਸਬੰਧਿਤ ਹਨ ਜਿਨ੍ਹਾਂ ਨੇ ਕਰਾਚੀ ਸਥਿਤ ਲਾਂਡੀ ਜ਼ੇਲ੍ਹ ਵਿੱਚ 1 ਤੋਂ 9 ਮਹੀਨੇ ਤੱਕ ਕੈਦ ਕੱਟੀ।
ਪਾਕਿਸਤਾਨ ਤੋਂ ਰਿਹਾਅ ਹੋ ਕੇ ਵਤਨ ਪਰਤੇ ਭਾਰਤੀ ਮਛੇਰੇ ਸੰਜੇ ਵਾਸੀ ਗੁਜਰਾਤ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕਰਾਚੀ ਦੀ ਲਾਂਡੀ ਜ਼ੇਲ੍ਹ ਵਿੱਚ ਸਜ਼ਾ ਕੱਟਣ ਪਿੱਛੋਂ ਸਾਥੀਆਂ ਨਾਲ ਵਤਨ ਪਰਤਿਆ ਹੈ। ਉਸਨੇ ਦੱਸਿਆ ਕਿ ਉਹ ਸਾਥੀਆਂ ਨਾਲ ਸਮੁੰਦਰ ਵਿੱਚੋਂ ਕਿਸ਼ਤੀ ਰਾਹੀਂ ਭਾਰਤੀ ਖੇਤਰ ਵਿੱਚ ਮੱਛੀਆਂ ਫੜ ਰਹੇ ਸਨ ਤਾਂ ਉਨ੍ਹਾਂ ਨੂੰ ਜ਼ਬਰਦਸਤੀ ਕਿਸ਼ਤੀ ਸਮੇਤ ਫੜ ਕੇ ਕਰਾਚੀ ਲੈ ਗਏ। ਉਸਨੇ ਦੱਸਿਆ ਕਿ ਸਮੁੰਦਰ ਵਿੱਚ ਮੱਛੀਆਂ ਫੜਦੇ ਸਮੇਂ ਪਾਣੀਆਂ ‘ਚ ਸਰਹੱਦ ਦਾ ਕੋਈ ਨਿਸ਼ਾਨ ਨਾ ਹੋਣ ਕਾਰਨ ਪਤਾ ਨਹੀਂ ਚਲਦਾ।
ਅੱਜ ਜ਼ੇਲ੍ਹ ਤੋਂ ਰਿਹਾਅ ਹੋ ਕੇ ਆਪਣੇ ਭੀਮਾ ਨੇ ਦੱਸਿਆ ਕਿ ਉਹ ਕਰਾਚੀ ਦੀ ਲਾਂਡੀ ਜ਼ੇਲ੍ਹ ਵਿੱਚ 8 ਮਹੀਨੇ ਸਜ਼ਾ ਕੱਟਣ ਪਿੱਛੋਂ ਵਤਨ ਪਰਤਿਆ ਹੈ। ਸਮੁੰਦਰ ਵਿੱਚ ਮੱਛੀਆਂ ਮਾਰਦੇ ਸਮੇਂ ਪਾਣੀਆਂ ਵਿੱਚ ਸਰਹੱਦ ਦਾ ਪਤਾ ਨਹੀਂ ਚਲਦਾ।ਜਿਵੇਂ ਹੀ ਪਾਣੀ ਦੀਆਂ ਲਹਿਰਾਂ ਨਾਲ ਕਿਸ਼ਤੀਆਂ ਏਧਰ ਓਧਰ ਹੋ ਹੁੰਦੀਆਂ ਹਨ ਤਾਂ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਨ੍ਹਾਂ ਨੂੰ ਫੜ ਲਿਆ ਜਾਂਦਾ ਹੈ।
ਪਾਕਿ ਜੇਲ੍ਹਾਂ ‘ਚ ਹੁੰਦੈ ਕੈਦੀਆਂ ਨਾਲ ਬੁਰਾ ਸਲੂਕ
ਮਛੇਰੇ ਰਬਾਬੂ ਲਾਲ, ਹਮੀਦ ਅਤੇ ਦਿਨੇਸ਼ ਨੇ ਦੱਸਿਆ ਕਿ ਪਾਕਿਸਤਾਨ ਦੀ ਲਾਡੀ ਜ਼ੇਲ੍ਹ ਵਿੱਚ ਅਜੇ ਵੀ ਸਿਵਲੀਅਨ ਤੋਂ ਇਲਾਵਾ 298 ਦੇ ਕਰੀਬ ਭਾਰਤੀ ਮੁਛੇਰੇ ਸਜ਼ਾ ਭਗਤ ਰਹੇ ਹਨ। ਉਨ੍ਹਾਂ ਕਿਹਾ ਕਿ ਲਾਂਡੀ ਜ਼ੇਲ੍ਹ ਵਿੱਚ ਜਿੰਨੇ ਵੀ ਭਾਰਤੀ ਮੁਛੇਰੇ ਕੈਦ ਹਨ, ਸਾਰਿਆਂ ਨੂੰ ਪਾਕਿਸਤਾਨ ਦੇ ਜ਼ੇਲ੍ਹ ਅਧਿਕਾਰੀਆਂ ਵੱਲੋਂ ਨਾ ਤਾਂ ਢਿੱਡ ਭਰ ਕੇ ਖਾਣਾ ਦਿੱਤਾ ਜਾਂਦਾ ਹੈ ਨਾ ਹੀ ਸਾਫ਼ ਸੁਥਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੀਮਾਰ ਹੋਣ ਤੇ ਭਾਰਤੀ ਕੈਦੀਆਂ ਨੂੰ ਲੋੜ ਅਨੁਸਾਰ ਦਵਾਈ ਵੀ ਨਹੀਂ ਦਿੱਤੀ ਜਾਂਦੀ ਹੈ ।
ਭਾਰਤ-ਪਾਕਿਸਤਾਨ ਵਿਚਾਲੇ ਸਰਹੱਦਾਂ ਤੇ ਚੱਲ ਰਹੀ ਤਲਖੀ ਦੇ ਬਾਵਜੂਦ ਸਬੰਧਾਂ ਦੀ ਮਜਬੂਤੀ ਲਈ ਦੋਹਾਂ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਰਿਹਾਅ ਕਰਨ ਦੇ ਸਿਲਸਿਲੇ ਨੂੰ ਜਾਰੀ ਰੱਖਿਆ ਗਿਆ ਹੈ। ਰਿਹਾਅ ਕੀਤੇ ਗਏ ਭਾਰਤੀ ਮਛੇਰਿਆਂ ਨੂੰ ਸਮੁੰਦਰ ਵਿੱਚ ਮੱਛੀ ਫੜਨ ਦੌਰਾਨ ਪਾਕਿਸਤਾਨੀ ਸਰਹੱਦ ਵਿੱਚ ਦਾਖਲ ਹੋਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਸਿੰਧ ਇਲਾਕੇ ਦੀਆਂ ਜੇਲ੍ਹਾਂ ਵਿੱਚ ਬੰਦ 298 ਭਾਰਤੀ ਮਛੇਰਿਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਰਿਹਾਅ ਕਰ ਦਿੱਤਾ ਜਾਵੇਗਾ। ਦਰਅਸਲ ਸਮੁੰਦਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਰਹੱਦ ਨਾ ਹੋਣ ਕਰਕੇ ਅਕਸਰ ਮਛੇਰੇ ਇੱਕ-ਦੂਜੇ ਦੇਸ਼ ਦੀਆਂ ਸਰਹੱਦਾਂ ਪਾਰ ਕਰ ਜਾਂਦੇ ਹਨ। ਇਨ੍ਹਾਂ ਨੂੰ ਉੱਥੇ ਤਾਇਨਾਤ ਸੈਨਿਕਾਂ ਵੱਲੋਂ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।