ਝੋਨੇ ਦੀ ਲਵਾਈ ਦੇ ਭਾਅ ਕਰਕੇ ਕਿਸਾਨਾਂ ਤੇ ਪੇਂਡੂ ਮਜ਼ਦੂਰਾਂ ‘ਚ ਪੈਦਾ ਹੋਣ ਲੱਗਾ ਰੱਫੜ

No Punjab Made Rajasthan, No Change, Paddy Sowing Date

ਪਿੰਡਾਂ ਅੰਦਰ ਭਾਅ ਤੈਅ ਕਰਨ ਲਈ ਰੋਜ਼ਾਨਾ ਹੋ ਰਹੇ ਨੇ ਇਕੱਠ, ਸਿਰੇ ਨਹੀਂ ਚੜ੍ਹ ਰਹੇ ਫੈਸਲੇ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪ੍ਰਵਾਸੀ ਮਜ਼ਦੂਰਾਂ ਦੇ ਪਲਾਇਨ ਤੋਂ ਬਾਅਦ ਪਿੰਡਾਂ ਅੰਦਰ ਝੋਨੇ ਦੀ ਲਵਾਈ ਦੇ ਭਾਅ ਨੂੰ ਲੈ ਕੇ ਕਿਸਾਨਾਂ ਤੇ ਪੇਂਡੂ ਮਜ਼ਦੂਰਾਂ ਵਿਚਾਲੇ ਰੱਫੜ ਵਧਦਾ ਜਾ ਰਿਹਾ ਹੈ। ਪਿੰਡਾਂ ਅੰਦਰ ਝੋਨੇ ਦੇ ਭਾਅ ਨੂੰ ਲੈ ਕੇ ਰੋਜ਼ਾਨਾ ਇਕੱਠ ਹੋ ਰਹੇ ਹਨ, ਪਰ ਫੈਸਲੇ ਸਿਰੇ ਨਹੀਂ ਚੜ੍ਹ ਰਹੇ। ਇੱਧਰ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਦੇ ਭਾਅ ਨੂੰ ਲੈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ, ਜਿਸ ਕਾਰਨ ਦੋਵੇਂ ਧਿਰਾਂ ‘ਚ ਰੋਸ ਵਧਦਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਸੂਬੇ ਅੰਦਰ ਸਰਕਾਰ ਵੱਲੋਂ 10 ਜੂਨ ਤੋਂ ਝੋਨੇ ਦੀ ਲਵਾਈ ਦਾ ਸਮਾਂ ਤੈਅ ਕੀਤਾ ਹੋਇਆ ਹੈ। ਲਾਕਡਾਊਨ ਤੇ ਕੋਰੋਨਾ ਦੇ ਸੰਕਟ ਕਾਰਨ ਪ੍ਰਵਾਸੀ ਮਜ਼ਦੂਰਾਂ ਵੱਲੋਂ ਵੱਡੇ ਪੱਧਰ ‘ਤੇ ਪੰਜਾਬ ‘ਚੋਂ ਆਪਣੇ ਪਿੱਤਰੀ ਰਾਜਾਂ ਵੱਲ ਵਹੀਰਾਂ ਘੱਤ ਕੇ ਤੁਰ ਗਏ ਹਨ। ਹੋਰ ਤਾਂ ਹੋਰ ਝੋਨੇ ਦੀ ਲਵਾਈ ਦੇ ਸੀਜ਼ਨ ਮੌਕੇ ਯੂਪੀ, ਬਿਹਾਰ ਸਮੇਤ ਹੋਰ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ‘ਚ ਮਜ਼ਦੂਰ ਸਿਰਫ਼ ਝੋਨਾ ਲਾਉਣ ਲਈ ਹੀ ਪੰਜਾਬ ਤੇ ਹਰਿਆਣਾ ‘ਚ ਪੁੱਜਦੇ ਸਨ, ਪਰ ਇਸ ਵਾਰ ਕੋਰੋਨਾ ਵਾਇਰਸ ਦੇ ਚੱਲਦਿਆਂ ਉਨ੍ਹਾਂ ਦੇ ਆਉਣ ਦੀ ਕੋਈ ਗੁੰਜਾਇਸ਼ ਨਹੀਂ।

ਦੱਸਣਯੋਗ ਹੈ ਕਿ ਪੰਜਾਬ ਅੰਦਰ ਵੱਡੀ ਗਿਣਤੀ ਪ੍ਰਵਾਸੀ ਮਜ਼ਦੂਰ ਹਫ਼ਤਾ ਪਹਿਲਾਂ ਹੀ ਸਬੰਧਿਤ ਕਿਸਾਨਾਂ ਦੀਆਂ ਮੋਟਰਾਂ ‘ਤੇ ਪੁੱਜ ਜਾਂਦੇ ਸਨ, ਕਿਉਂਕਿ ਉਹ ਕਈ ਸਾਲਾਂ ਤੋਂ ਇਨ੍ਹਾਂ ਕਿਸਾਨਾਂ ਨਾਲ ਜੁੜੇ ਹੋਏ ਸਨ ਪਰ ਇਸ ਵਾਰ ਇਨ੍ਹਾਂ ਮਜ਼ਦੂਰਾਂ ਦੇ ਨਾ ਆਉਣ ਸਮੇਤ ਪਲਾਇਨ ਕਰ ਜਾਣ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਇੱਧਰ ਪੇਂਡੂ ਮਜ਼ਦੂਰਾਂ ਵੱਲੋਂ ਇਸ ਬਿਪਤਾ ਦਾ ਫਾਇਦਾ ਉਠਾਉਂਦਿਆਂ ਮਨ ਮਰਜ਼ੀ ਦੇ ਭਾਅ ਨੂੰ ਲੈ ਕੇ ਪਿੰਡਾਂ ਅੰਦਰ ਤਣਾਅ ਵਧਣ ਲੱਗਾ ਹੈ।

ਪਿੰਡਾਂ ਦੇ ਗੁਰੂ ਘਰਾਂ ‘ਚ ਝੋਨੇ ਦੇ ਰੇਟ ਤੈਅ ਕਰਨ ਲਈ ਇਕੱਠੇ ਹੋਣ ਦੇ ਹੋਕੇ ਵੱਜ ਰਹੇ ਹਨ, ਪਰ ਫੇਰ ਵੀ ਕਿਸਾਨਾਂ ਤੇ ਪੇਂਡੂ ਮਜ਼ਦੂਰਾਂ ਵਿਚਕਾਰ ਸੁਰ ਨਹੀਂ ਮਿਲ ਰਹੀ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਦੇ ਰੇਟ ਨਾਲੋਂ ਕਿੱਲੇ ਪਿੱਛੇ ਚਾਰ-ਪੰਜ ਸੌ ਰੁਪਏ ਵਧਾਉਣ ਦੇ ਹੱਕ ਵਿੱਚ ਹਨ, ਪਰ ਪੇਂਡੂ ਮਜ਼ਦੂਰ ਪੰਜ ਹਜ਼ਾਰ ਰੁਪਏ ਤੱਕ ਅੜ੍ਹ ਰਹੇ ਹਨ ਜੋ ਕਿ ਜਾਇਜ਼ ਨਹੀਂ ਹੈ।

ਕਿਸਾਨ ਹਰਮੇਲ ਸਿੰਘ, ਕਿਸਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਪਿੰਡਾਂ ਅੰਦਰ ਭਾਈਚਾਰਕ ਸਾਂਝ ਬਣੀ ਰਹਿਣ ਲਈ ਸਰਕਾਰ ਤੁਰੰਤ ਇਸ ਮਸਲੇ ‘ਤੇ ਦਖਲ ਦੇਵੇ। ਉਨ੍ਹਾਂ ਕਿਹਾ ਕਿ ਸਰਕਾਰ ਜਿਸ ਤਰ੍ਹਾਂ ਝੋਨੇ ਦੀ ਲਵਾਈ ਦੀ ਤਾਰੀਖ ਤੈਅ ਕਰਦੀ ਹੈ, ਉਸੇ ਤਰ੍ਹਾਂ ਹੀ ਤੁਰੰਤ ਜਾਇਜ਼ ਰੇਟ ਤੈਅ ਕਰੇ ਜਿਸ ਨਾਲ ਮਜ਼ਦੂਰ ਦਾ ਹੱਕ ਵੀ ਮਿਲੇ ਅਤੇ ਕਿਸਾਨਾਂ ਨੂੰ ਵੀ ਰਗੜਾ ਨਾ ਲੱਗੇ।

ਉਨ੍ਹਾਂ ਦੱਸਿਆ ਕਿ ਝੋਨਾ ਲਾਉਣ ‘ਚ ਸਿਰਫ਼ ਕੁਝ ਦਿਨ ਬਾਕੀ ਹਨ, ਪਰ ਪਿੰਡਾਂ ਅੰਦਰ ਭਾਅ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਰਹੀ। ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਅੰਦਰ ਭਾਅ ਨੂੰ ਲੈ ਕੇ ਤਣਾਅ ਦੀਆਂ ਕਨਸੋਆਂ ਹਨ।

ਭਾਈਚਾਰਕ ਸਾਂਝ ਦੀ ਬਹਾਲੀ ਲਈ ਸਰਕਾਰ ਤੁਰੰਤ ਭਾਅ ਬੰਨੇ: ਕੁਲਵਿੰਦਰ ਸਿੰਘ

ਇੱਧਰ ਕਿਸਾਨੀ ਮਸਲਿਆਂ ਨਾਲ ਜੁੜੇ ਕਿਸਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਮਸਲੇ ਵਿੱਚ ਸਭ ਤੋਂ ਵੱਡੀ ਨਲਾਇਕੀ ਪੰਜਾਬ ਸਰਕਾਰ ਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾ ਸਰਕਾਰ ਲੇਬਰ ਦੇ ਸੰਕਟ ਨੂੰ ਦੇਖਦਿਆਂ ਲੇਬਰ ਦਾ ਪ੍ਰਬੰਧ ਕਰੇ, ਕਿਉਂਕਿ ਜੋ ਪ੍ਰਵਾਸੀ ਮਜ਼ਦੂਰ ਝੋਨਾ ਲਾਉਣ ਲਈ ਪੰਜਾਬ ਪੁੱਜਦੇ ਸਨ, ਉਨ੍ਹਾਂ ਨੂੰ ਉੱਥੋਂ ਦੀਆਂ ਸਰਕਾਰਾਂ ਨਾਲ ਗੱਲਬਾਤ ਕਰਕੇ ਪਾਸ ਦੇ ਕੇ ਟ੍ਰੇਨਾਂ ਰਾਹੀਂ ਆਉਣ ਦਾ ਪ੍ਰਬੰਧ ਕਰੇ।

ਦੂਜਾ ਪੰਜਾਬ ਅੰਦਰ ਸਰਕਾਰ ਨੂੰ ਤੁਰੰਤ ਝੋਨੇ ਦੀ ਲਵਾਈ ਦਾ ਭਾਅ ਤੈਅ ਕਰਨਾ ਚਾਹੀਦਾ ਹੈ ਤਾਂ ਜੋ ਪਿੰਡਾਂ ਅੰਦਰ ਆਪਸੀ ਟਕਰਾਅ ਪੈਦਾ ਨਾ ਹੋਵੇ। ਤੀਜਾ ਸਰਕਾਰ ਮਨਰੇਗਾ ਰਾਹੀਂ ਝੋਨੇ ਦੀ ਲਵਾਈ ਦਾ ਫੈਸਲਾ ਲਵੇ ਤਾਂ ਜੋ ਮਜ਼ਦੂਰਾਂ ਨੂੰ ਕੰਮ ਮਿਲ ਸਕੇ ਅਤੇ ਕਿਸਾਨਾਂ ਨੂੰ ਲੇਬਰ ਦੀ ਘਾਟ ਮਹਿਸੂਸ ਨਾ ਆਵੇ। ਉਨ੍ਹਾਂ ਕਿਹਾ ਕਿ ਝੋਨਾ ਲਾਉਣ ‘ਚ ਸਿਰਫ਼ 9 ਦਿਨ ਬਾਕੀ ਹਨ ਜਦਕਿ ਪੰਜਾਬ ਸਰਕਾਰ ਵੱਲੋਂ ਲੇਬਰ ਦੇ ਪ੍ਰਬੰਧ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।